ਲਿਬਨਾਨ ’ਚ ਹੋਏ ਪੇਜਰ, ਰੇਡੀਓ ਸੈੱਟ/ਵਾਕੀ-ਟਾਕੀ ਧਮਾਕਿਆਂ ਕਾਰਨ ਪੂਰਾ ਆਲਮ ਖ਼ੌਫ਼ਜ਼ਦਾ ਹੈ। ਇਲੈਕਟ੍ਰਾਨਿਕ ਉਪਕਰਨਾਂ ਦੇ ਵਰਤੋਂਕਾਰਾਂ ਨੇ ਕਦੇ ਤਸੱਵਰ ਹੀ ਨਹੀਂ ਸੀ ਕੀਤਾ ਕਿ ਮੋਬਾਈਲ, ਪੇਜਰ ਤੇ ਵਾਕੀ-ਟਾਕੀ ਆਦਿ ਨੂੰ ਵੀ ਬੰਬ ਵਾਂਗ ਵਰਤਿਆ ਜਾ ਸਕਦਾ ਹੈ। ਅਠਾਰਾਂ ਸਤੰਬਰ ਨੂੰ ਜਦੋਂ ਲਿਬਨਾਨ ’ਚ ਇਕ ਤੋਂ ਬਾਅਦ ਇਕ ਪੇਜਰ ਧਮਾਕੇ ਹੋਏ ਤਾਂ ਕਿਸੇ ਨੂੰ ਸਮਝ ਹੀ ਨਾ ਆਈ ਕਿ ਇਹ ਭਾਣਾ ਕਿਵੇਂ ਵਾਪਰ ਗਿਆ। ਇਨ੍ਹਾਂ ਧਮਾਕਿਆਂ ’ਚ ਘੱਟੋ-ਘੱਟ 12 ਲੋਕ ਮਾਰੇ ਗਏ ਤੇ ਈਰਾਨ ਦੇ ਰਾਜਦੂਤ ਮੁਜਤਬਾ ਅਮਾਨੀ ਸਣੇ 2750 ਲੋਕ ਜ਼ਖ਼ਮੀ ਹੋ ਗਏ। ਲਿਬਨਾਨ ਅਜੇ ਇਸ ਸਦਮੇ ’ਚੋਂ ਗੁਜ਼ਰ ਹੀ ਰਿਹਾ ਸੀ ਕਿ ਚੌਵੀ ਘੰਟਿਆਂ ਪਿੱਛੋਂ ਹਿਜ਼ਬੁੱਲਾ ਲੜਾਕਿਆਂ ਦੇ ਰੇਡੀਓ ਸੈੱਟਾਂ ’ਚ ਵਿਸਫੋਟ ਹੋਣੇ ਸ਼ੁਰੂ ਹੋ ਗਏ। ਇਨ੍ਹਾਂ ਧਮਾਕਿਆਂ ’ਚ 14 ਲੋਕ ਮਾਰੇ ਗਏ ਤੇ 450 ਜ਼ਖ਼ਮੀ ਹੋ ਗਏ। ਇਜ਼ਰਾਈਲ ਨਾਲ ਗਹਿਗੱਚ ਜੰਗ ’ਚ ਰੁੱਝੇ ਹੋਏ ਹਿਜ਼ਬੁੱਲਾ, ਹਮਾਸ ਤੇ ਹੋਰ ਜੰਗਜੂ ਤਨਜ਼ੀਮਾਂ ਦੇ ਅੱਤਵਾਦੀ ਇਨ੍ਹਾਂ ਇਲੈਕਟ੍ਰਾਨਿਕ ਉਪਕਰਨਾਂ ਨੂੰ ਗੁਪਤ ਸੁਨੇਹੇ ਭੇਜਣ ਲਈ ਵਰਤ ਰਹੇ ਸਨ।
ਹਿਜ਼ਬੁੱਲਾ ਨੇ ਆਪਣੇ ਉੱਚ ਕੋਟੀ ਦੇ ਕਮਾਂਡਰਾਂ ਦੀ ਡ੍ਰੋਨ ਹਮਲਿਆਂ ’ਚ ਹੋਈ ਮੌਤ ਪਿੱਛੋਂ ਅਡਵਾਇਜ਼ਰੀ ਜਾਰੀ ਕੀਤੀ ਸੀ ਕਿ ਉਹ ਮੋਬਾਈਲਾਂ ਦੀ ਬਿਲਕੁਲ ਵਰਤੋਂ ਨਾ ਕਰਨ। ਮੋਬਾਈਲ ਫੋਨਾਂ ਰਾਹੀਂ ਵਰਤੋਂਕਾਰ ਦੀ ਲੋਕੇਸ਼ਨ ਦਾ ਪਤਾ ਚੱਲ ਜਾਂਦਾ ਹੈ ਜਿਸ ਕਾਰਨ ਉਨ੍ਹਾਂ ਨੂੰ ਸਹਿਜੇ ਹੀ ਡ੍ਰੋਨਾਂ ਰਾਹੀਂ ਫੁੰਡਿਆ ਜਾ ਸਕਦਾ ਹੈ। ਲੋਕੇਸ਼ਨ ਟ੍ਰੈਕਿੰਗ ਸਿਸਟਮ ਨੂੰ ਤਿਆਗ ਕੇ ਪੇਜਰ ਵਰਤਣ ਦੀ ਸਲਾਹ ਦਿੱਤੀ ਗਈ ਸੀ। ਹਿਜ਼ਬੁੱਲਾ ਨੇ ਇਸ ਨੂੰ ਜੰਗ ਦਾ ਨਵਾਂ ਦੌਰ ਗਰਦਾਨਿਆ ਹੈ। ਇਨ੍ਹਾਂ ਵਿਸਫੋਟਾਂ ਤੋਂ ਬਾਅਦ ਹਰ ਕੋਈ ਦਹਿਸ਼ਤ ’ਚ ਹੈ ਕਿ ਧਮਾਕਾ ਉਨ੍ਹਾਂ ਦੇ ਟੀਵੀ ਸੈੱਟ, ਫਰਿੱਜ, ਗੈਸ ਜਾਂ ਟੋਸਟਰ ’ਚ ਵੀ ਹੋ ਸਕਦਾ ਹੈ। ਲਿਬਨਾਨ ’ਚ ਹੋਏ ਵਿਸਫੋਟਾਂ ਮਗਰੋਂ ਅਨੇਕਾਂ ਇਲੈਕਟ੍ਰਾਨਿਕ ਉਪਕਰਨਾਂ ਦੇ ਵਰਤੋਂਕਾਰਾਂ ਨੇ ਆਪਣੇ ਮੋਬਾਈਲ ਆਦਿ ਘਰਾਂ ’ਚੋਂ ਬਾਹਰ ਸੁੱਟ ਦਿੱਤੇ। ਇਜ਼ਰਾਈਲ ਦੀ ਖ਼ੁਫ਼ੀਆ ਏਜੰਸੀ ਮੋਸਾਦ ’ਤੇ ਸ਼ੱਕ ਹੈ ਕਿ ਪੇਜਰਾਂ/ਰੇਡੀਓ ਸੈੱਟਾਂ ’ਚ ਧਮਾਕੇ ਇਸੇ ਨੇ ਕਰਵਾਏ ਹਨ। ਹਿਜ਼ਬੁੱਲਾ ਦੇ ਮੋਬਾਈਲ ਫੋਨਾਂ ਦੀ ਵਰਤੋਂ ਨਾ ਕਰਨ ਦੇ ਮਸ਼ਵਰੇ ਤੋਂ ਬਾਅਦ ਤਾਇਵਾਨ ਦੀ ‘ਗੋਲਡ ਅਪੋਲੋ’ ਨਾਂ ਦੀ ਕੰਪਨੀ ਨੂੰ ਪੰਜ ਹਜ਼ਾਰ ਪੇਜਰ ਬਣਾਉਣ ਦਾ ਆਰਡਰ ਦਿੱਤਾ ਗਿਆ ਸੀ। ਤਾਇਵਾਨੀ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਕਤ ਪੇਜਰ ਉਸ ਨੇ ਹੰਗਰੀ ਦੀ ਕੰਪਨੀ ਕੋਲੋਂ ਬਣਵਾਏ ਸਨ।
ਪੇਜਰਾਂ ਦੇ ਨਿਰਮਾਣ ਵੇਲੇ ਮੋਸਾਦ ਨੇ ਕੰਪਨੀ ’ਚ ਆਪਣੇ ਬੰਦੇ ਫਿੱਟ ਕਰ ਦਿੱਤੇ ਜਿਨ੍ਹਾਂ ਨੇ ਬੈਟਰੀ ਦੇ ਨਾਲ ਚੁਟਕੀ ਤੋਂ ਵੀ ਘੱਟ ਖ਼ਤਰਨਾਕ ਪੀਈਟੀਐੱਨ ਬਾਰੂਦ ਚਿਪਕਾ ਦਿੱਤਾ। ਇੱਕੋ ਸਮੇਂ ਵਿਸ਼ੇਸ਼ ਸੰਦੇਸ਼ ਭੇਜਣ ਤੋਂ ਬਾਅਦ ਪੇਜਰ ਬੀਪ ਕਰਨ ਲੱਗੇ। ਵਰਤੋਂਕਾਰਾਂ ਨੇ ਪੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਉਹ ਹੱਥਾਂ ’ਚ ਹੀ ਫਟ ਗਏ। ਅਣਗਿਣਤ ਲੋਕਾਂ ਦੀਆਂ ਅੱਖਾਂ ਦੀ ਜੋਤ ਗੁਆਚ ਗਈ। ਕਈਆਂ ਦੇ ਜਬਾੜੇ, ਫੇਫੜੇ ਤੇ ਕਈ ਹੋਰ ਅੰਗ ਉੱਡ ਗਏ। ਫਲਸਤੀਨੀਆਂ ਤੇ ਉਨ੍ਹਾਂ ਦੇ ਸਮਰਥਕਾਂ ਦਰਮਿਆਨ ਸੰਚਾਰ ਦਾ ਨੈੱਟਵਰਕ ਤਹਿਸ-ਨਹਿਸ ਹੋ ਗਿਆ। ਹਿਜ਼ਬੁੱਲਾ ਦੇ ਕਈ ਕਮਾਂਡਰ ਪਹਿਲਾਂ ਹੀ ਅੱਲਾਹ ਨੂੰ ਪਿਆਰੇ ਹੋ ਚੁੱਕੇ ਹਨ। ਇਜ਼ਰਾਈਲ ਸਮਰਥਕ ਟੀਵੀ ਐਂਕਰ ਮੋਸਾਦ ਦੀ ਵਾਹ-ਵਾਹ ’ਚ ਜੁਟੇ ਹੋਏ ਹਨ।
ਉਹ ਪੱਤਰਕਾਰੀ ਦੀ ਮਰਿਆਦਾ ਨੂੰ ਤਿਲਾਂਜਲੀ ਦੇ ਕੇ ਮਨੁੱਖਤਾ ਦੇ ਘਾਣ ਦੇ ਸੋਹਲੇ ਗਾ ਰਹੇ ਹਨ। ਉਨ੍ਹਾਂ ਨੂੰ ਇਹ ਇਲਮ ਨਹੀਂ ਕਿ ਲਿਬਨਾਨ ’ਚ ਲੱਗੀ ਅੱਗ ਦਾ ਸੇਕ ਸਾਡੇ ਘਰ ਵੀ ਪੁੱਜ ਸਕਦਾ ਹੈ। ਚੀਨ ਅਜਿਹੀ ਖੁਰਾਫ਼ਾਤ ਲਈ ਦੁਨੀਆ ਭਰ ’ਚ ਬਦਨਾਮ ਹੈ। ਭਾਰਤ ’ਚ ਚੀਨ ਨੇ ਇਲੈਕਟ੍ਰਾਨਿਕ ਸਾਮਾਨ ਬਣਾਉਣ ਦੇ ਅਣਗਿਣਤ ਕਾਰਖਾਨੇ ਲਗਾਏ ਹੋਏ ਹਨ। ਚੀਨ ਆਪਣੇ ਇੰਜੀਨੀਅਰਾਂ ਰਾਹੀਂ ਲਿਬਨਾਨ ਵਰਗੀ ਘਟਨਾ ਨੂੰ ਅੰਜਾਮ ਦੇਣ ਦੇ ਸਮਰੱਥ ਹੈ। ਚੀਨ ਦੇ ਬਣੇ ਇਲੈਕਟ੍ਰਾਨਿਕ ਉਪਕਰਨ ਭਾਰਤ ਦੀ ਸੁਰੱਖਿਆ ਨੂੰ ਕਦੇ ਵੀ ਖ਼ਤਰੇ ’ਚ ਪਾ ਸਕਦੇ ਹਨ। ਵਿਕਸਤ ਦੇਸ਼ਾਂ ਦੇ ਉਪਗ੍ਰਹਿ ਹਰ ਦੇਸ਼ ’ਤੇ ਬਾਜ਼ ਅੱਖ ਰੱਖ ਰਹੇ ਹਨ।
ਚੀਨ ਆਪਣੀ ਇਲੈਕਟ੍ਰਾਨਿਕ ਦੁਨੀਆ ’ਚ ਕਿਸੇ ਨੂੰ ਘੁਸਪੈਠ ਨਹੀਂ ਕਰਨ ਦਿੰਦਾ। ਖ਼ੁਦ ਨੂੰ ਬਚਾਉਣ ਲਈ ਚੀਨੀ ਫ਼ੌਲਾਦੀ ਪਰਦੇ ਤਾਣ ਲੈਂਦੇ ਹਨ। ਇਹ ਉਨ੍ਹਾਂ ਦੇ ਸੁਭਾਅ ਦਾ ਹਿੱਸਾ ਹੈ। ਸਦੀਆਂ ਪੁਰਾਣੀ ‘ਗ੍ਰੇਟ ਵਾਲ ਆਫ ਚਾਈਨਾ’ ਇਸ ਦੀ ਪੁਖਤਾ ਮਿਸਾਲ ਹੈ। ਚੀਨੀ ਉਨ੍ਹਾਂ ਦੀਵਾਰਾਂ ਦੀ ਓਟ ਲੈਂਦੇ ਹਨ ਜਿਨ੍ਹਾਂ ’ਚ ਸੰਨ੍ਹ ਲਾਉਣਾ ਮੁਸ਼ਕਲ ਹੈ। ਗੂਗਲ ਆਦਿ ਦੇ ਮੁਕਾਬਲੇ ਚੀਨ ਨੇ ਆਪਣੇ ਹੀ ਸਰਚ ਇੰਜਣ ਤੇ ਸਾਫਟਵੇਅਰ ਬਣਾਏ ਹਨ। ਦੂਜਿਆਂ ਦੇ ਘਰਾਂ ’ਚ ਉਹ ਆਸਾਨੀ ਨਾਲ ਝਾਕ ਲੈਂਦਾ ਹੈ। ਚੀਨ ਦੇ ਬਣੇ ਇਲੈਕਟ੍ਰਾਨਿਕ ਡਿਵਾਈਸ ਦੁਨੀਆ ਦੇ ਕੋਨੇ-ਕੋਨੇ ’ਚ ਉਪਲਬਧ ਹਨ। ਇਨ੍ਹਾਂ ਜ਼ਰੀਏ ਚੀਨ ਪੇਜਰ ਵਿਸਫੋਟਾਂ ਵਰਗੇ ਮਨਸੂਬਿਆਂ ਨੂੰ ਸਹਿਜੇ ਹੀ ਕਰ ਸਕਦਾ ਹੈ।
ਇਹੀ ਕਾਰਨ ਹੈ ਕਿ ਲਿਬਨਾਨ ’ਚ ਹੋਏ ਪੇਜਰ/ਰੇਡੀਓ ਸੈੱਟ ਵਿਸਫੋਟਾਂ ਕਾਰਨ ਸਮਝਦਾਰ ਲੋਕ ਦਹਿਸ਼ਤ ’ਚ ਹਨ। ਇਜ਼ਰਾਈਲ ਦੀ ਗੱਲ ਕਰੀਏ ਤਾਂ ਇਸ ਨੂੰ ਅਮਰੀਕਾ ਤੇ ਕਈ ਹੋਰ ਪੱਛਮੀ ਦੇਸ਼ਾਂ ਦੀ ਸ਼ਹਿ ਹੈ। ਇਸ ਨੇ ਬੈਰੂਨੀ ਹਮਲਿਆਂ ਤੋਂ ਬਚਣ ਲਈ ਆਇਰਨ ਡੋਮ ‘ਏਅਰ ਡਿਫੈਂਸ ਸਿਸਟਮ’ ਬਣਾਇਆ ਹੋਇਆ ਹੈ ਜਿਸ ਕਰਕੇ ਇਸ ਦੀ ਸੁਰੱਖਿਆ ’ਚ ਸੰਨ੍ਹਮਾਰੀ ਕਰਨੀ ਬੇਹੱਦ ਮੁਸ਼ਕਲ ਹੈ। ਇਜ਼ਰਾਈਲ ਭਾਵੇਂ ਦੁਸ਼ਮਣ ਦੇਸ਼ਾਂ ਵਿਚਾਲੇ ਬੁਰੀ ਤਰ੍ਹਾਂ ਘਿਰਿਆ ਹੋਇਆ ਹੈ ਫਿਰ ਵੀ ਇਸ ਨੇ ਪੜੋਸੀ ਮੁਸਲਿਮ ਦੇਸ਼ਾਂ ਦੇ ਨੱਕ ’ਚ ਦਮ ਕੀਤਾ ਹੋਇਆ ਹੈ। ਗਾਜ਼ਾ ਪੱਟੀ ’ਚ ਇਸ ਨੇ ਖ਼ੂਨ ਦੀਆਂ ਨਦੀਆਂ ਵਹਾ ਦਿੱਤੀਆਂ। ਹਿਜ਼ਬੁੱਲਾ ਤੇ ਇਜ਼ਰਾਈਲ ਵਿਚਾਲੇ ਅੱਠ ਅਕਤੂਬਰ 2023 ਤੋਂ ਗਹਿਗੱਚ ਜੰਗ ਹੋ ਰਹੀ ਹੈ। ਇਸ ਦੀ ਸ਼ੁਰੂਆਤ ਹਿਜ਼ਬੁੱਲਾ ਨੇ ਕੀਤੀ ਸੀ।
ਕਹਿੰਦੇ ਨੇ ਕਿ ਕੁਚੱਕਰ ਦਾ ਅੰਤ ਜ਼ਰੂਰ ਹੁੰਦਾ ਹੈ, ਅੰਤ ਕਦੋਂ ਤੇ ਕਿੱਥੇ ਹੋਵੇਗਾ, ਇਸ ਦਾ ਇਲਮ ਰੱਬ ਨੂੰ ਵੀ ਨਹੀਂ ਹੁੰਦਾ। ਸਤੰਬਰ ਮਹੀਨੇ ਹੋਏ ਪੇਜਰ/ਵਾਕੀ-ਟਾਕੀ ਧਮਾਕਿਆਂ ਨੇ ਬਵੰਜਾ ਸਾਲ ਪੁਰਾਣੀ ਫਲਸਤੀਨ ਲਿਬਰੇਸ਼ਨ ਆਰਗੇਨਾਈਜ਼ੇਸ਼ਨ (ਪੀਐੱਲਓ) ਦੀ ਮੁਜਾਹਿਦੀਨ ਤਨਜ਼ੀਮ ‘ਬਲੈਕ ਸਤੰਬਰ’ ਦੀ ਯਾਦ ਤਾਜ਼ਾ ਕਰਵਾ ਦਿੱਤੀ। ‘ਬਲੈਕ ਸਤੰਬਰ’ ਦੇ ਅੱਤਵਾਦੀਆਂ ਨੇ ਜਰਮਨੀ ਦੇ ਮਿਊਨਿਖ ਓਲੰਪਿਕਸ (26 ਅਗਸਤ ਤੋਂ 11 ਸਤੰਬਰ) ਵਿਚ ਇਜ਼ਰਾਈਲ ਦੇ ਐਥਲੀਟਾਂ ਨੂੰ ਅਗਵਾ ਕਰ ਕੇ ਮਾਰਿਆ ਸੀ। ‘ਬਲੈਕ ਸਤੰਬਰ’ ਅੱਤਵਾਦੀ ਓਲੰਪਿਕ ਪਿੰਡ ’ਚ ਖਿਡਾਰੀਆਂ ਦੇ ਭੇਸ ’ਚ ਘੁਸਪੈਠ ਕਰ ਗਏ ਸਨ। ਪੰਜ ਸਤੰਬਰ ਨੂੰ ਤੜਕੇ ਸਾਢੇ ਚਾਰ ਵਜੇ ਉਨ੍ਹਾਂ ਨੇ ਦੋ ਇਜ਼ਰਾਈਲੀ ਖਿਡਾਰੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਕਈਆਂ ਨੂੰ ਬੰਧਕ ਬਣਾ ਲਿਆ।
ਉਨ੍ਹਾਂ ਦੀ ਮੰਗ ਸੀ ਕਿ ਫੜੇ ਗਏ 200 ਫਲਸਤੀਨੀ ਅੱਤਵਾਦੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਇਜ਼ਰਾਈਲ ਦੀ ਮਹਿਲਾ ਪ੍ਰਧਾਨ ਮੰਤਰੀ ਗੋਲਡਾ ਮੇਅ ਨੇ ਝੁਕਣ ਤੋਂ ਇਨਕਾਰ ਕੀਤਾ ਤਾਂ ਬੰਧਕ ਬਣਾਏ ਦਸ ਹੋਰ ਕੋਚਾਂ ਤੇ ਐਥਲੀਟਾਂ ਨੂੰ ਮਾਰ ਦਿੱਤਾ ਗਿਆ। ਇਸ ਦੌਰਾਨ ਜਰਮਨ ਸੁਰੱਖਿਆ ਦਸਤਿਆਂ ਵੱਲੋਂ ਚਲਾਈਆਂ ਗਈਆਂ ਗੋਲ਼ੀਆਂ ਕਾਰਨ ਪੰਜ ਅਗਵਾਕਾਰ ਵੀ ਮਾਰੇ ਗਏ ਸਨ। ਮੋਸਾਦ ਨੇ ਵੀਹ ਸਾਲ ਚੱਲੇ ਆਪ੍ਰੇਸ਼ਨ ’ਚ ਮਿਊਨਿਖ ਕਾਂਡ ਦੇ ਦੋਸ਼ੀਆਂ ਨੂੰ ਚੁਣ-ਚੁਣ ਕੇ ਮਾਰਿਆ ਸੀ। ਇਜ਼ਰਾਈਲ ਨੇ ਮੋਸਾਦ ਦੇ ਮਾਈਕਲ ਹਰਾਰੀ ਦੀ ਅਗਵਾਈ ’ਚ ਖ਼ੁਫ਼ੀਆ ਕਮੇਟੀ ਦਾ ਗਠਨ ਕੀਤਾ ਜੋ ਸਿੱਧਾ ਪ੍ਰਧਾਨ ਮੰਤਰੀ ਤੋਂ ਇਲਾਵਾ ਕਿਸੇ ਹੋਰ ਨੂੰ ਰਿਪੋਰਟ ਨਹੀਂ ਸੀ ਕਰਦਾ। ਇਸ ਆਪ੍ਰੇਸ਼ਨ ਦਾ ਨਾਂ ‘ਰੈਥ ਆਫ ਗਾਡ’ (ਰੱਬ ਦਾ ਗੁੱਸਾ) ਰੱਖਿਆ ਗਿਆ। ਵੱਖ-ਵੱਖ ਦੇਸ਼ਾਂ ’ਚ ਛੁਪੇ ਹੋਏ ਦੋਸ਼ੀਆਂ ਨੂੰ ਮੋਸਾਦ ਨੇ ਲੱਭ-ਲੱਭ ਕੇ ਮਾਰਿਆ। ਮੋਸਾਦ ਦੇ ਏਜੰਟ ਦੋਸ਼ੀਆਂ ਦੇ ਘਰ ਗੁਲਦਸਤਾ ਭੇਜਦੇ ਜਿਸ ਨਾਲ ਇਕ ਚਿੱਟ ਚਿਪਕੀ ਹੁੰਦੀ।
ਇਸ ਦੀ ਇਬਾਰਤ ‘ਨਾ ਭੁੱਲਦੇ ਹਾਂ ਤੇ ਨਾ ਬਖ਼ਸ਼ਦੇ ਹਾਂ’ ਮਿਸ਼ਨ ਬਾਰੇ ਦੱਸ ਦਿੰਦੀ। ਕੁਝ ਹੀ ਦਿਨਾਂ ਬਾਅਦ ਉਸ ਥਾਂ ਛੁਪਿਆ ਦੋਸ਼ੀ ਮਾਰਿਆ ਜਾਂਦਾ। ਫਰਾਂਸ ’ਚ ਛੁਪੇ ਹੋਏ ਇਕ ਦੋਸ਼ੀ ਮਹਿਮੂਦ ਹਮਸ਼ਾਰੀ ਨੂੰ ਮੋਸਾਦ ਦੇ ਇਕ ਏਜੰਟ ਨੇ ਪੱਤਰਕਾਰ ਦੇ ਭੇਸ ’ਚ ਬਾਹਰ ਬੁਲਾਇਆ। ਇਸੇ ਦੌਰਾਨ ਮੋਸਾਦ ਦੇ ਦੂਜੇ ਕਮਾਂਡੋਆਂ ਨੇ ਮਹਿਮੂਦ ਦੇ ਫਲੈਟ ’ਚ ਜਾ ਕੇ ਉਸ ਦੇ ਲੈਂਡਲਾਈਨ ਫੋਨ ’ਚ ਬੰਬ ਫਿੱਟ ਕਰ ਦਿੱਤਾ। ਮਹਿਮੂਦ ਦੇ ਫੋਨ ਦੀ ਘੰਟੀ ਵੱਜੀ। ਉਸ ਨੇ ਰਿਸੀਵਰ ਚੁੱਕਿਆ ਤਾਂ ਜ਼ੋਰਦਾਰ ਧਮਾਕਾ ਹੋਇਆ। ਮਹਿਮੂਦ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਜ਼ਖ਼ਮਾਂ ਦੀ ਤਾਬ ਨਾ ਸਹਿੰਦਾ ਹੋਇਆ ਉਹ ਹਸਪਤਾਲ ’ਚ ਅੱਲਾਹ ਨੂੰ ਪਿਆਰਾ ਹੋ ਗਿਆ। ਭਾਵ, ਬਵੰਜਾ ਸਾਲ ਪਹਿਲਾਂ ਜਦੋਂ ਪੇਜਰ/ਮੋਬਾਈਲ ਨਹੀਂ ਸਨ ਤਾਂ ਮੋਸਾਦ ਨੇ ਲੈਂਡਲਾਈਨ ਫੋਨ ਨੂੰ ਹੀ ਬੰਬ ਬਣਾ ਲਿਆ ਸੀ। ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਅਜਿਹੇ ਹਮਲਿਆਂ ਦਾ ਖ਼ਤਰਾ ਕਈ ਗੁਣਾ ਵਧਾ ਦਿੱਤਾ ਹੈ।