ਲਾਲਚ ਬੁਰੀ ਬਲਾ/ਪ੍ਰਗਟ ਢਿੱਲੋਂ

ਧੀਰੂ ਹਰ ਸਾਲ ਹੀ ਪੰਜਾਬ ਦੇ ਇੱਕ ਪਿੰਡ ਵਿੱਚ ਝੋਨਾ ਲਾਉਣ ਮੌਕੇ ਆਉਂਦਾ ਸੀ। ਉਹ ਜਿਸ ਪਿੰਡ ਆ ਕੇ ਰਹਿੰਦਾ ਸੀ ਉਸ ਦੇ ਕੋਲ ਦੀ ਇੱਕ ਨਹਿਰ ਲੰਘਦੀ ਸੀ। ਇਸ ਕਰਕੇ ਉਹ ਤੀਜੇ ਚੌਥੇ ਦਿਨ ਮੱਛੀਆਂ ਫੜਨ ਲਈ ਜਾਲ ਲਾਉਣ ਲੱਗ ਗਿਆ। ਉਸ ਨੂੰ ਵੇਖ ਕੇ ਉਸ ਦੇ ਦੋ ਹੋਰ ਸਾਥੀ ਸਲੀਮ ਤੇ ਮੁਨੀਸ਼ ਵੀ ਮੱਛੀਆਂ ਫੜਨ ਲੱਗ ਗਏ। ਧੀਰੂ ਸ਼ਰੀਫ਼ ਇਨਸਾਨ ਸੀ। ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਕਰਦਾ ਸੀ। ਉਸ ਦੇ ਸਾਥੀ ਜ਼ਰੂਰ ਉਸ ਨਾਲ ਮੱਛੀਆਂ ਪਿੱਛੇ ਲੜਾਈ ਝਗੜਾ ਕਰਦੇ ਰਹਿੰਦੇ ਸਨ। ਕਈ ਵਾਰ ਉਸ ਤੋਂ ਮੱਛੀਆਂ ਵੀ ਖੋਹ ਕੇ ਲੈ ਜਾਂਦੇ ਸਨ। ਇਸ ਕਰਕੇ ਹੀ ਉਹ ਉਨ੍ਹਾਂ ਨਾਲੋਂ ਥੋੜ੍ਹੀ ਦੂਰ ਜਾ ਕੇ ਜਾਲ ਲਾਉਣ ਲੱਗ ਪਿਆ ਸੀ।

ਜਦੋਂ ਅੱਜ ਧੀਰੂ ਨੇ ਮੱਛੀਆਂ ਫੜਨ ਲਈ ਜਾਲ ਲਾਇਆ ਤਾਂ ਥੋੜ੍ਹੇ ਸਮੇਂ ਬਾਅਦ ਹੀ ਜਾਲ ਕੁਝ ਹਿੱਲਿਆ ਤਾਂ ਉਸ ਨੇ ਅੰਦਾਜ਼ਾ ਲਾਇਆ ਕਿ ਜਾਲ ਵਿੱਚ ਕੋਈ ਮੱਛੀ ਫਸ ਗਈ ਹੈ। ਉਹ ਜਾਲ ਬਾਹਰ ਕੱਢਣ ਲੱਗਿਆ ਤਾਂ ਜਾਲ ਪਾਣੀ ਵਿੱਚੋਂ ਬਾਹਰ ਨਹੀਂ ਨਿਕਲ ਰਿਹਾ ਸੀ। ਉਸ ਨੇ ਸੋਚਿਆ ਕਿ ਜ਼ਰੂਰ ਕੋਈ ਵੱਡੀ ਮੱਛੀ ਫਸ ਗਈ ਹੋਵੇਗੀ ਜਿਸ ਕਰਕੇ ਜਾਲ ਬਾਹਰ ਕੱਢਣ ਵਿੱਚ ਦਿੱਕਤ ਆ ਰਹੀ ਹੈ। ਅਖੀਰ ਧੀਰੂ ਨੇ ਜਾਲ ਨੂੰ ਬੜੀ ਸਖ਼ਤ ਮਿਹਨਤ ਨਾਲ ਬਾਹਰ ਕੱਢਿਆ। ਉਸ ਨੇ ਵੇਖਿਆ ਕਿ ਜਾਲ ਵਿੱਚ ਇੱਕ ਬਕਸਾ ਫਸਿਆ ਹੋਇਆ ਹੈ। ਹੁਣ ਧੀਰੂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਸੀ। ਉਧਰ ਸਲੀਮ ਤੇ ਮੁਨੀਸ਼ ਨੂੰ ਵੀ ਪਤਾ ਲੱਗ ਗਿਆ ਕਿ ਅੱਜ ਜ਼ਰੂਰ ਕੋਈ ਖ਼ਜ਼ਾਨਾ ਧੀਰੂ ਦੇ ਹੱਥ ਲੱਗ ਗਿਆ ਹੈ। ਉਹ ਭੱਜ ਕੇ ਉਸ ਵੱਲ ਆਏ। ਸਲੀਮ ਤੇ ਮੁਨੀਸ਼ ਨੇ ਧੌਂਸ ਦਿੰਦਿਆਂ ਧੀਰੂ ਤੋਂ ਬਕਸਾ ਖੋਹ ਲਿਆ। ਉਸ ਨੇ ਬਕਸਾ ਲੈਣ ਲਈ ਉਨ੍ਹਾਂ ਦੇ ਬੜੇ ਹਾੜੇ ਕੱਢੇ, ਪਰ ਉਨ੍ਹਾਂ ਨੇ ਉਸ ਨੂੰ ਉਹ ਬਕਸਾ ਨਾ ਦਿੱਤਾ। ਧੀਰੂ ਨੇ ਰੋ ਧੋ ਕੇ ਉੱਥੇ ਹੀ ਸਬਰ ਕਰ ਲਿਆ ਤੇ ਹੋਰ ਕਿਸੇ ਮੱਛੀ ਦੀ ਭਾਲ ਵਿੱਚ ਫਿਰ ਜਾਲ ਲਾਉਣ ਲੱਗ ਗਿਆ।

ਸਲੀਮ ਤੇ ਮੁਨੀਸ਼ ਨੇ ਸੋਚਿਆ ਕਿ ਅੱਜ ਮਾਲ ਚੰਗਾ ਹੱਥ ਲੱਗਿਆ, ਚੱਲੋ ਘਰ ਜਾ ਕੇ ਹੀ ਵੇਖਦੇ ਹਾਂ ਕਿ ਇਸ ਵਿੱਚ ਕਿੰਨਾ ਕੁ ਸੋਨਾ ਚਾਂਦੀ ਹੈ ਕਿਉਂਕਿ ਨਹਿਰ ’ਤੇ ਬਕਸਾ ਖੋਲ੍ਹਿਆ ਤਾਂ ਲੋਕਾਂ ਨੂੰ ਪਤਾ ਲੱਗ ਜਾਵੇਗਾ ਜਿਸ ਕਰਕੇ ਸਾਡੇ ਹੱਥ ਪੱਲੇ ਕੁਝ ਨਹੀਂ ਪੈਣਾ। ਉਹ ਨਹਿਰ ਦੀ ਪਟੜੀ ਪਟੜੀ ਆਪਣੇ ਘਰ ਵੱਲ ਬਕਸੇ ਨੂੰ ਦੋਹਾਂ ਪਾਸਿਆਂ ਤੋਂ ਫੜ ਕੇ ਲਿਜਾਣ ਲੱਗੇ। ਅਜੇ ਉਹ ਥੋੜ੍ਹੀ ਦੂਰ ਹੀ ਗਏ ਸਨ ਕਿ ਰਸਤੇ ਵਿੱਚ ਹੀ ਉਨ੍ਹਾਂ ਨੂੰ ਪੁਲੀਸ ਮਿਲ ਗਈ ਕਿਉਂਕਿ ਪੁਲੀਸ ਨਾਲ ਦੇ ਪਿੰਡੋਂ ਗੁੰਮ ਹੋਏ ਮੁੰਡੇ ਦੀ ਤਲਾਸ਼ ਵਿੱਚ ਨਹਿਰ ਦੀ ਪਟੜੀ ’ਤੇ ਗੇੜਾ ਮਾਰ ਰਹੀ ਸੀ। ਗੁੰਮ ਹੋਇਆ ਮੁੰਡਾ ਵੀ ਕਿਸੇ ਤਕੜੇ ਘਰ ਦਾ ਸੀ। ਇਸ ਕਰਕੇ ਐੱਸ.ਪੀ. ਸਾਹਿਬ ਨੇ ਆਪਣੇ ਇਲਾਕੇ ਦੀ ਪੁਲੀਸ ਨੂੰ ਸਖ਼ਤ ਹਦਾਇਤ ਕਰ ਦਿੱਤੀ ਸੀ। ਜਦੋਂ ਪੁਲੀਸ ਦੀ ਜਿਪਸੀ ਸਲੀਮ ਤੇ ਮੁਨੀਸ਼ ਕੋਲ ਆ ਕੇ ਰੁਕੀ ਤਾਂ ਥਾਣੇਦਾਰ ਨੇ ਫੁਰਤੀ ਨਾਲ ਉਤਰਦਿਆਂ ਥਾਣੇਦਾਰੀ ਲਹਿਜੇ ਵਿੱਚ ਕਿਹਾ, ‘‘ਦੱਸੋ ਇਹਦੇ ਵਿੱਚ ਕੀ ਐ? ਕਿਸ ਦਾ ਸਾਮਾਨ ਚੋਰੀ ਕਰਕੇ ਲਿਆਂਦੈ।’’ ਅੱਗੋਂ ਸਲੀਮ ਤੇ ਮੁਨੀਸ਼ ਨੇ ਕਿਹਾ, ‘‘ਨਹੀਂ ਜੀ, ਹਮਨੇ ਕੋਈ ਚੋਰੀ ਨੀਂ ਕੀ, ਹਮ ਕੋ ਤੋ ਮਾਲੂਮ ਨਹੀਂ ਇਸ ਬਕਸੇ ਮੇਂ ਕਿਆ ਹੈ।

’’ ਥਾਣੇਦਾਰ ਨੇ ਆਪਣੇ ਨਾਲ ਦੇ ਸਿਪਾਹੀਆਂ ਨੂੰ ਕਿਹਾ, ‘‘ਇਉਂ ਨਹੀਂ ਇਨ੍ਹਾਂ ਨੇ ਮੰਨਣਾ ਇਨ੍ਹਾਂ ਦੀ ਡੰਡਾ ਪਰੇਡ ਕਰੋ।’’ ਫਿਰ ਦੋ ਸਿਪਾਹੀ ਉਨ੍ਹਾਂ ਦੇ ਉੱਤੇ ਬੈਠ ਗਏ ਤੇ ਦੂਜੇ ਦੋ ਸਿਪਾਹੀਆਂ ਨੇ ਉਨ੍ਹਾਂ ਦੇ ਪੈਰਾਂ ਦੀਆਂ ਤਲੀਆਂ ’ਤੇ ਡੰਡਿਆਂ ਦਾ ਮੀਂਹ ਵਰ੍ਹਾ ਦਿੱਤਾ। ਸਲੀਮ ਤੇ ਮੁਨੀਸ਼ ਦਾ ਅਡਾਟ ਪੈ ਰਿਹਾ ਸੀ। ਹੁਣ ਨਾਲ ਖੜ੍ਹੇ ਹੌਲਦਾਰ ਨੂੰ ਥਾਣੇਦਾਰ ਨੇ ਬਕਸੇ ਦਾ ਜਿੰਦਰਾ ਤੋੜਨ ਨੂੰ ਕਿਹਾ ਤਾਂ ਹੌਲਦਾਰ ਨੇ ਇੱਕ ਇੱਟ ਤੇ ਪੱਥਰ ਦੇ ਸਹਾਰੇ ਨਾਲ ਦੋ ਤਿੰਨ ਸੱਟਾਂ ਵਿੱਚ ਜਿੰਦਰਾ ਤੋੜ ਦਿੱਤਾ। ਜਦੋਂ ਬਕਸੇ ਦਾ ਢੱਕਣ ਉੱਪਰ ਚੁੱਕਿਆ ਤਾਂ ਹੌਲਦਾਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਹ ਥਾਣੇਦਾਰ ਨੂੰ ਕਹਿਣ ਲੱਗਾ, ‘‘ਜਨਾਬ ਲਾਸ਼ ਤਾਂ ਮਿਲ ਗਈ ਮੁੰਡੇ ਦੀ।’’ ਹੁਣ ਥਾਣੇਦਾਰ ਨੇ ਨੱਕ ਉੱਪਰ ਰੁਮਾਲ ਰੱਖਦਿਆਂ ਲਾਸ਼ ਨੂੰ ਵੇਖਦਿਆਂ ਕਿਹਾ, ‘‘ਇਨ੍ਹਾਂ … ਨੂੰ ਥਾਣੇ ਲੈ ਕੇ ਜਾਓ ਤੇ ਲਾਸ਼ ਪੋਸਟਮਾਰਟਮ ਕਰਨ ਲਈ ਭੇਜ ਦਿਓ।’’ ਪੁਲੀਸ ਨੇ ਸਲੀਮ ਤੇ ਮੁਨੀਸ਼ ’ਤੇ ਦੋ ਤਿੰਨ ਦਿਨ ਚੰਗੀ ਤੌਣੀ ਲਾਈ ਤੇ ਫਿਰ 302 ਦਾ ਪਰਚਾ ਪਾ ਕੇ ਦੋਹਾਂ ਨੂੰ ਜੇਲ੍ਹ ਭੇਜ ਦਿੱਤਾ। ਸਲੀਮ ਅਤੇ ਮੁਨੀਸ਼ ’ਤੇ ਇਹ ਕਤਲ ਕੇਸ ਦੋ ਤਿੰਨ ਸਾਲ ਚੱਲਿਆ ਤੇ ਅਖੀਰ ਵਿੱਚ ਦੋਹਾਂ ਨੂੰ ਵੀਹ ਵੀਹ ਸਾਲ ਦੀ ਸਜ਼ਾ ਹੋ ਗਈ। ਸਲੀਮ ਤੇ ਮੁਨੀਸ਼ ਸਜ਼ਾ ਭੋਗਦੇ ਭੋਗਦੇ ਅੱਜ ਵੀ ਸੋਚ ਰਹੇ ਸਨ ਕਿ ਅਸੀਂ ਉਸ ਸਮੇਂ ਬਕਸੇ ਦੇ ਲਾਲਚ ਵਿੱਚ ਨਾ ਆਉਂਦੇ ਤਾਂ ਆਪਣੇ ਪਰਿਵਾਰ ਵਿੱਚ ਮੌਜਾਂ ਮਾਣ ਰਹੇ ਹੁੰਦੇ।

ਸੰਪਰਕ: 98553-63234

ਤਰਸੇਵਾਂ

ਗੁਰਮੀਤ ਸਿੰਘ ਮਰਾੜ੍ਹ

ਸਾਡੀ ਨਵੀਂ ਬਣੀ ਕਲੋਨੀ ਵਿੱਚ ਸਮੇਂ ਅਨੁਸਾਰ ਸਾਰੀਆਂ ਸਹੂਲਤਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਸੀ। ਚੌੜੀਆਂ ਸੜਕਾਂ ਤੇ ਲੋੜ ਅਨੁਸਾਰ ਪਾਰਕ, ਪਾਰਕਾਂ ਵਿੱਚ ਫੁੱਲ ਬੂਟੇ ਤੇ ਛਾਂਦਾਰ ਦਰੱਖਤ। ਸਵੇਰੇ ਸ਼ਾਮ ਸੈਰ ਕਰਨ ਨੂੰ ਆਪਣੇ ਆਪ ਮਨ ਕਰਦਾ। ਬੱਚੇ ਬਿਨਾਂ ਕਿਸੇ ਡਰ ਭੈਅ ਦੇ ਖੇਡਦੇ ਰਹਿੰਦੇ ਤੇ ਬਜ਼ੁਰਗ ਬਣੀਆਂ ਝੌਂਪੜੀਆਂ ਵਿੱਚ ਤਾਸ਼ ਖੇਡਦੇ ਜਾਂ ਫਿਰ ਗੱਲਾਂ ਬਾਤਾਂ ਕਰ ਆਪਣਾ ਸਮਾਂ ਸੋਹਣਾ ਲੰਘਾ ਲੈਂਦੇ।

ਕੁਝ ਸਮੇਂ ਤੋਂ ਇੱਕ ਨਵੀਂ ਸਮੱਸਿਆ ਆ ਰਹੀ ਸੀ ਕਿ ਆਸੇ ਪਾਸੇ ਤੋਂ ਕਲੋਨੀਆਂ ਦੇ ਲੋਕ ਵੀ ਸੈਰ ਲਈ ਸਵੇਰੇ ਸ਼ਾਮ ਆਉਣ ਲੱਗੇ। ਜਿੱਥੇ ਕਲੋਨੀ ਦੀ ਨਿੱਜਤਾ ਖ਼ਤਮ ਹੋ ਰਹੀ ਸੀ ਉੱਥੇ ਨਾਲ ਹੀ ਸੁਰੱਖਿਆ ਪੱਖੋਂ ਡਰ ਵੀ ਬਣ ਗਿਆ ਸੀ। ਕਲੋਨੀ ਦੀ ਮੀਟਿੰਗ ਸੱਦ ਕੇ ਬਾਹਰੋਂ ਸੈਰ ਲਈ ਆਉਣ ਵਾਲੇ ਲੋਕਾਂ ਨੂੰ ਰੋਕਣ ਦਾ ਫ਼ੈਸਲਾ ਕੀਤਾ ਗਿਆ। ਮੁੱਖ ਦੁਆਰ ’ਤੇ ‘ਕਲੋਨੀ ਤੋਂ ਬਾਹਰਲੇ ਲੋਕਾਂ ਦਾ ਸੈਰ ਲਈ ਆਉਣਾ ਮਨ੍ਹਾ ਹੈ’ ਲਿਖ ਕੇ ਲਗਾ ਦਿੱਤਾ ਗਿਆ। ਇਸ ਤੋਂ ਬਾਅਦ ਲਗਭਗ ਸਾਰੇ ਲੋਕਾਂ ਨੇ ਆਉਣਾ ਬੰਦ ਕਰ ਦਿੱਤਾ ਪਰ ਇੱਕ ਬਜ਼ੁਰਗ ਲਗਾਤਾਰ ਆ ਰਿਹਾ ਸੀ। ਸੋਚਿਆ ਕਿ ਬਜ਼ੁਰਗ ਅਨਪੜ੍ਹ ਹੋਣ ਕਰਕੇ ਸ਼ਾਇਦ ਪੜ੍ਹ ਨਹੀਂ ਸਕਿਆ। ਇੱਕ ਦਿਨ ਅਸੀਂ ਉਸ ਨੂੰ ਬੜੇ ਆਦਰ ਨਾਲ ਕਿਹਾ ਕਿ ਬਾਬਾ ਜੀ, ਕਲੋਨੀ ਅੰਦਰ ਬਾਹਰਲੇ ਲੋਕਾਂ ਦਾ ਸੈਰ ਲਈ ਆਉਣਾ ਮਨ੍ਹਾਂ ਕੀਤਾ ਹੋਇਆ ਹੈ।

ਬਜ਼ੁਰਗ ਅੱਖਾਂ ਭਰ ਆਇਆ ਤੇ ਘੱਗੀ ਜਿਹੀ ਆਵਾਜ਼ ਵਿੱਚ ਬੋਲਿਆ,”ਹਾਂ ਪੁੱਤ, ਮੈਨੂੰ ਪਤਾ ਲੱਗ ਗਿਆ ਸੀ ਪਰ ਕੀ ਕਰਾਂ, ਮਨ ਵਿਚਲਾ ਤਰਸੇਵਾਂ ਫਿਰ ਖਿੱਚ ਲਿਆਉਂਦਾ ਹੈ।’’ ਬਾਬੇ ਦੇ ਤਰਸੇਵਾਂ ਸ਼ਬਦ ਨੇ ਸਭ ਨੂੰ ਹੈਰਾਨ ਕਰ ਦਿੱਤਾ। ਸਾਡੀ ਚੁੱਪ ਵੇਖ ਬਾਬੇ ਨੇ ਆਪ ਹੀ ਗੱਲ ਤੋਰੀ, ‘‘ਪੁੱਤ, ਗ਼ਲਤ ਨਾ ਸਮਝ ਲੈਣਾ, ਇਹ ਹਰੇ ਭਰੇ ਦਰੱਖ਼ਤ ਵੇਖਣ ਨੂੰ ਮਨ ਤਰਸਿਆ ਪਿਆ ਏ। ਪਿੰਡੋਂ ਸ਼ਹਿਰ ਆ ਕੋਠੀਆਂ ਵਿੱਚ ਬੰਦ ਹੋ ਗਏ, ਚਾਰ ਚੁਫ਼ੇਰੇ ਇਮਾਰਤਾਂ ਹੀ ਇਮਾਰਤਾਂ ਦਿਸਦੀਆਂ ਨੇ। ਕਿਤੇ ਵੀ ਅੱਖਾਂ ਨੂੰ ਸਕੂਨ ਦੇਣ ਵਾਲੀ ਹਰਿਆਵਲ ਨਹੀਂ। ਦੂਜਾ ਆਪਣੇ ਹਾਣੀ ਬਜ਼ੁਰਗ ਵੇਖ ਮਨ ਨੂੰ ਢਾਰਸ ਮਿਲਦਾ ਹੈ, ਨਹੀਂ ਤਾਂ ਕਮਰਿਆਂ ਅੰਦਰ ਵੜ ਸਭ ਆਪਣੀ ਮਸਤੀ ਵਿੱਚ ਮਸਤ ਨੇ। ਬਸ ਇਸੇ ਕਰਕੇ…। ਜੇ ਤੁਹਾਨੂੰ ਬੁਰਾ ਲੱਗਦਾ ਏ ਤਾਂ ਅੱਗੇ ਤੋਂ ਨਹੀਂ ਆਉਂਦਾ।’’ ਬਜ਼ੁਰਗ ਨੇ ਅਜੇ ਆਪਣੀ ਗੱਲ ਪੂਰੀ ਵੀ ਨਹੀਂ ਸੀ ਕੀਤੀ ਕਿ ਮੇਰੇ ਮੂੰਹੋਂ ਅਚਾਨਕ ਨਿਕਲਿਆ, ‘‘ਨਾ ਬਾਪੂ ਜੀ, ਤੁਸੀਂ ਸਾਡੇ ਲਈ ਸਤਿਕਾਰਯੋਗ ਹੋ, ਜੀ ਸਦਕੇ ਆਓ।’’ ਸਾਡੇ ਮਨ੍ਹਾਂ ਕਰਨ ਦੀ ਹਿੰਮਤ ਜਵਾਬ ਦੇ ਗਈ ਸੀ।

ਸੰਪਰਕ: 95014-00397

ਕ੍ਰਿਸ਼ਨ ਮੰਦਰ ਦੀਆਂ ਪੌੜੀਆਂ

ਡਾ. ਪ੍ਰਦੀਪ ਕੌੜਾ

‘ਬੱਸ ਏਥੇ ਹੀ ਮਾਰ ਖਾ ਗਏ ਕੌਰਵ…, ਸਾਹਮਣੇ ਪ੍ਰਤੱਖ ਭਗਵਾਨ ਖੜ੍ਹੇ ਕਹਿ ਰਹੇ ਹੋਣ ਕਿ ਇੱਕ ਪਾਸੇ ਮੈਂ ਹਾਂ ਅਤੇ ਦੂਜੇ ਪਾਸੇ ਮੇਰੀ ਨਰਾਇਣੀ ਸੈਨਾ, ਜੋ ਮਰਜ਼ੀ ਮੰਗ ਲਵੋ। ਹੂੰ! ਕਮਲਿਆਂ ਨੇ ਭਗਵਾਨ ਨੂੰ ਛੱਡ ਕੇ ਨਰਾਇਣੀ ਸੈਨਾ ਮੰਗ ਲਈ।’ ਕੌਰਵਾਂ ਦੀ ਨਾਦਾਨੀ ’ਤੇ ਮਨੋ-ਮਨ ਸੋਚਦੇ ਕੇਦਾਰ ਚੰਦ ਨੂੰ ਪਤਾ ਹੀ ਨਹੀਂ ਲੱਗਾ ਕਿ ਉਹ ਕਦੋਂ ਕ੍ਰਿਸ਼ਨ ਭਗਵਾਨ ਦੇ ਮੰਦਰ ਦੀਆਂ ਸਫੈਦ ਸੰਗਮਰਮਰ ਦੀਆਂ ਪੌੜੀਆਂ ਚੜ੍ਹਦਾ-ਚੜ੍ਹਦਾ, ਮੰਦਰ ਦੀ ਦਹਿਲੀਜ਼ ਤੱਕ ਆ ਪੁੱਜਾ।

ਝੁਕ ਕੇ ਮੰਦਰ ਦੀ ਦਹਿਲੀਜ਼ ’ਤੇ ਦੋਵੇਂ ਹੱਥ ਲਾ ਕੇ ਜੋੜੇ ਅਤੇ ਫਿਰ ਕੰਨਾਂ ਨੂੰ ਲਾਏ। ਸਾਹਮਣੇ ਰੰਗ-ਬਰੰਗੀ ਪੁਸ਼ਾਕ ਵਿੱਚ ਸਜੇ ਰਾਧਾ ਜੀ ਅਤੇ ਸ੍ਰੀ ਕ੍ਰਿਸ਼ਨ ਜੀ ਦੀ, ਮਨਮੋਹਕ ਮੁਸਕਰਾਉਂਦੀ ਹੋਈ ਮੂਰਤੀ ਨੂੰ ਨੀਝ ਨਾਲ ਤੱਕਿਆ। ਮੰਦਰ ਦੇ ਅੰਦਰ ਵੜਦਿਆਂ ਹੀ ਦੋਵੇਂ ਅੱਖਾਂ ਬੰਦ ਕਰ ਲਈਆਂ ਅਤੇ ਦੋਵੇਂ ਗੋਡੇ ਟੇਕ ਕੇ ਫਰਸ਼ ’ਤੇ ਸਿਰ ਇੰਜ ਟਕਾ ਦਿੱਤਾ ਜਿਵੇਂ ਸਾਕਸ਼ਾਤ ਪ੍ਰਭੂ ਦੇ ਚਰਨਾਂ ਵਿੱਚ ਸਮਰਪਣ ਕਰ ਦਿੱਤਾ ਹੋਵੇ। ਕੁਝ ਦੇਰ ਉਸੇ ਅਵਸਥਾ ਵਿੱਚ ਮੱਥਾ ਟੇਕਣ ਤੋਂ ਬਾਅਦ, ਬਿਨਾਂ ਅੱਖਾਂ ਖੋਲ੍ਹਿਆਂ, ਗੋਡਿਆਂ ਭਾਰ ਨੀਵੀਂ ਪਾ ਕੇ ਬੈਠਦੇ ਨੇ, ਦੋਂਵੇ ਹੱਥ ਖੋਲ੍ਹਦਿਆਂ ਬੁੜਬੁੜਾਉਣਾ ਸ਼ੁਰੂ ਕੀਤਾ, ‘‘ਪ੍ਰਭੂ! ਅੱਜ ਵਾਲੇ ਠੇਕੇ ਦਾ ਟੈਂਡਰ ਮੈਨੂੰ ਮਿਲ ਜਾਵੇ, ਬੇਟੇ ਦਾ ਨੀਟ ਵਿੱਚੋਂ ਚੰਗਾ ਰੈਂਕ ਦੇ ਦੇਣਾ, ਬੇਟੀ ਦੀ ਇੰਟਰਵਿਊ ਵਿੱਚ ਸਹਾਈ ਹੋਣਾ, ਮਾਤਾ ਦਾ ਉਪਰੇਸ਼ਨ ਸੁੱਖੀ-ਸਾਂਦੀ ਹੋ ਜਾਵੇ… ਹਾਂ, ਪ੍ਰਭੂ ਜੀ, ਇਸ ਵਾਰ ਪ੍ਰਭਾ ਦੀ ਅਰਜ਼ ਜ਼ਰੂਰ ਸਵੀਕਾਰ ਕਰਿਓ, ਉਮਰ ਬੀਤ ਗਈ 70 ਕਿਲੋਮੀਟਰ ਰੋਜ਼ ਬੱਸਾਂ ਵਿੱਚ ਧੱਕੇ ਖਾਂਦੀ ਦੀ, ਐਤਕੀ ਉਸ ਦੀ ਬਦਲੀ… ਸੋਚਦਿਆਂ ਹੀ ਉਸ ਨੂੰ ਚੇਤਾ ਆਇਆ ਕਿ ਕਾਹਲੀ ਵਿੱਚ ਕਾਰ ਤਾਂ ਉਹ ਸੜਕ ਦੇ ਵਿਚਾਲੇ ਹੀ ਖੜ੍ਹੀ ਕਰ ਆਇਆ ਸੀ… ਕਿਤੇ ਜਾਂਦਿਆਂ ਨੂੰ ਕੋਈ ਪੁਲੀਸ ਵਾਲਾ ਚਾਲਾਨ ਹੀ ਨਾ ਕੱਟੀ ਬੈਠਾ ਹੋਵੇ…। ਬੁੜ-ਬੁੜਾਉਂਦਾ ਉਹ ਖੜ੍ਹਾ ਹੋਇਆ, ਫਿਰ ਥੋੜ੍ਹਾ ਜਿਹਾ ਝੁਕਿਆ ਅਤੇ ਕਾਹਲੀ ਨਾਲ ਮੰਦਰ ਤੋਂ ਬਾਹਰ ਆ ਕੇ ਪੌੜੀਆਂ ਉਤਰਨ ਲੱਗਾ।

ਕ੍ਰਿਸ਼ਨ ਭਗਵਾਨ ਦੀ ਮੂਰਤੀ ਅਜੇ ਵੀ ਉਸੇ ਤਰ੍ਹਾਂ ਮੁਸਕਰਾ ਰਹੀ ਸੀ।

ਸੰਪਰਕ: 98156-64444

ਜੱਟ ਮੌਜਾਂ ਕਰਦਾ ਏ…

ਮੇਘ ਰਾਜ ਜੋਸ਼ੀ

ਸਵੇਰੇ ਹੀ ਪਾਠਕਾਂ ਦੇ ਘਰ ਅਖ਼ਬਾਰ ਪਹੁੰਚਾਉਣ ਤੋਂ ਬਾਅਦ ਜਦ ਮੈਂ ਆਪਣੇ ਘਰ ਨੂੰ ਆ ਰਿਹਾ ਸੀ, ਖੇਤ ਵਿੱਚ ਝੋਨੇ ਦੀ ਲੁਆਈ ਲਈ ਵਾਹੀ ਕਰਦੇ ਟਰੈਕਟਰ ਤੇ ਉੱਚੀ-ਉੱਚੀ ਵੱਜਦੇ ਗੀਤ ਨਾਲ ਹੇਕਾਂ ਲਾ ਕੇ ਗਾਉਂਦੇ ਧਨਵਾਨ ਸਿੰਘ ਦੀ ਆਵਾਜ਼ ਮੇਰੇ ਕੰਨੀਂ ਪਈ। ਮੈਂ ਮੋਟਰਸਾਈਕਲ ਰੋਕ ਕੇ ਉਨ੍ਹਾਂ ਖ਼ਿਆਲਾਂ ਵਿੱਚ ਖੋ ਗਿਆ ਜਦ ਉਸ ਨੇ ਪਿਛਲੇ ਸਾਲ ਆਪਣਾ 20 ਕਿੱਲਿਆਂ ਦਾ ਟੱਕ ਚੰਡੀਗੜ੍ਹ ਦੀ ਕਿਸੇ ਪਾਰਟੀ ਨੂੰ ਵੇਚ ਦਿੱਤਾ ਸੀ ਅਤੇ ਉਹੀ ਜ਼ਮੀਨ ਹੁਣ ਆਪ ਠੇਕੇ ’ਤੇ ਵਾਹ ਰਿਹਾ ਹੈ ਜਿਸ ਵਿੱਚ ਇੱਕ ਪਰਵਾਸੀ ਮਜ਼ਦੂਰ ਵੀ ਕੰਮ ਕਰਦਾ ਹੈ ਪਰ ਉਸ ਦਾ ਆਪਣਾ ਬਾਰਵੀਂ ਫੇਲ੍ਹ ਪੁੱਤਰ ਬੁਲਟ ਮੋਟਰਸਾਈਕਲ ’ਤੇ ਜਿਮ ਜਾਣ ਤੋਂ ਬਿਨਾਂ ਡੱਕਾ ਤੋੜ ਕੇ ਦੂਹਰਾ ਨਹੀਂ ਕਰਦਾ। ਮੇਰੇ ਫੋਨ ਦੀ ਘੰਟੀ ਵੱਜਣ ਨਾਲ ਮੇਰੇ ਖਿਆਲਾਂ ਦੀ ਲੜੀ ਟੁੱਟੀ ਤੇ ਗੀਤ ਦੇ ਬੋਲ ਮੇਰੇ ਕੰਨਾਂ ਨੂੰ ਸੁਣਾਈ ਦਿੱਤੇ:

‘‘ਜੱਟ ਮੌਜਾਂ ਕਰਦਾ ਏ,

ਰੱਬ ਨੇ ਤੋਟ ਕੋਈ ਨਾ ਛੱਡੀ…’’

ਆਪਣੇ ਪੁਰਖਿਆਂ ਦੀ ਜ਼ਮੀਨ ਵੇਚ ਕੇ ਖ਼ੁਸ਼ੀ ਵਿੱਚ ਝੂਮਦੇ ਧਨਵਾਨ ਸਿੰਘ ਬਾਰੇ ਸੋਚਦਾ ਮੈਂ ਮੋਟਰਸਾਈਕਲ ’ਤੇ ਬੈਠ ਕੇ ਆਪਣੇ ਘਰ ਵੱਲ ਚੱਲ ਪਿਆ।

ਸਾਂਝਾ ਕਰੋ

ਪੜ੍ਹੋ