ਸਕਾਲਰਾਂ ਲਈ ਬਣਿਆ ਖਿੱਚ ਦਾ ਕੇਂਦਰ ਪਟਿਆਲਾ ਦਾ ਪੁਰਾਲੇਖ ਵਿਭਾਗ

ਪਟਿਆਲਾ, 22 ਸਤੰਬਰ – ਪਟਿਆਲਾ ਰਿਆਸਤ ਦਾ ਪੁਰਾਲੇਖ ਵਿਭਾਗ ਪੁਰਾਣੇ ਮੁਨਸ਼ੀ ਖਾਨੇ ਦੇ ਨਾਲ ਖੋਲ੍ਹਿਆ ਗਿਆ ਸੀ। ਉਸ ਸਮੇਂ ਇਸ ’ਚ ਵਿਦੇਸ਼ੀ ਅਤੇ ਰਾਜਨੀਤਕ ਵਿਭਾਗ ਦੇ ਪੱਤਰ, ਸਨਦ, ਪਟੇ, ਸੰਧੀਆਂ ਦੇ ਕਾਗ਼ਜ਼ ਆਦਿ ਸੰਭਾਲੇ ਹੋਏ ਹਨ। ਪੁਰਾਣੇ ਸਮੇਂ ਵਿੱਚ ਰਿਆਸਤਾਂ ਦੇ ਅਲੱਗ ਤੋਂ ਕੋਈ ਸੰਗਠਿਤ ਰਿਕਾਰਡ ਦਫਤਰ ਨਹੀਂ ਸਨ। ਪ੍ਰਸ਼ਾਸਨ ਦੀਆਂ ਵੱਖ-ਵੱਖ ਸ਼ਾਖਾਵਾਂ ਦੇ ਦੀਵਾਨਾਂ ਅਤੇ ਮੁਨਸ਼ੀਆਂ ਨੇ ਆਪੋ-ਆਪਣੇ ਘਰਾਂ ਵਿੱਚ ਰਿਕਾਰਡ ਨੂੰ ਸੰਭਾਲ ਕੇ ਰੱਖਿਆ ਹੋਇਆ ਸੀ। ਇਹ ਪ੍ਰਥਾ ਮੁਗਲਾਂ ਦੇ ਸਮੇਂ ਤੋਂ ਚਲਦੀ ਆ ਰਹੀ ਸੀ। ਮਹਾਰਾਜਾ ਭੁਪਿੰਦਰ ਸਿੰਘ (1900-1938) ਦੇ ਕਾਰਜ-ਕਾਲ ਸਮੇਂ ਵਿੱਚ ਵਿਦੇਸ਼ੀ ਸਕਾਲਰ ਅਤੇ ਅਫਸਰ ਜਿਵੇਂ ਕਿ ਪ੍ਰੋ: ਰਸ਼ਬਰੂਕ ਵਿਲਿਅਮ, ਸਰ ਫਰੈਡਰਿਕ ਗਾਊਂਟਲੈਟ, ਮਿਰ ਮਕਬੂਲ ਮੁਹੰਮਦ, ਸਰਦਾਰ ਕੇ.ਐਮ.ਪਾਨੀਕਰ ਅਤੇ ਸਰਦਾਰ ਡੀ.ਕੇ.ਸੇਨ ਦੀਆਂ ਸੇਵਾਵਾਂ ਲੈਈਆਂ ਗਈਆਂ ਅਤੇ ਰਿਕਾਰਡ ਦੀ ਸੁਚੱਜੇ ਢੰਗ ਨਾਲ ਸਾਂਭ-ਸੰਭਲ ਕਰਨੀ ਸ਼ੁਰੂ ਕੀਤੀ ਗਈ।

ਇਸ ਦੇ ਨਾਲ ਹੀ ਬ੍ਰਿਟਿਸ਼ ਸਰਕਾਰ ਵੱਲੋਂ 1925 ਵਿੱਚ ਅਨਾਰਕਲੀ ਟੂੰਬ ਲਾਹੌਰ ਵਿਖੇ ਪੁਰਾਲੇਖ ਵਿਭਾਗ ਪੰਜਾਬ ਜਿਸ ਨੂੰ ਆਜ਼ਾਦੀ ਤੋਂ ਪਹਿਲਾਂ ਰਿਕਾਰਡ ਆਫਿਸ ਕਿਹਾ ਜਾਂਦਾ ਸੀ, ਹੋਂਦ ਵਿੱਚ ਲਿਆਂਦਾ ਗਿਆ। ਭਾਰਤ ਅਤੇ ਪਾਕਿਸਤਾਨ ਦੀ ਵੰਡ ਉਪਰੰਤ ਪੰਜਾਬ ਈਸਟ ਅਤੇ ਪੰਜਾਬ ਵੈਸਟ ਵਿੱਚ ਵੰਡਿਆ ਗਿਆ। ਇਸ ਉਪਰੰਤ ਦਫਤਰ ਦਾ ਕਾਫ਼ੀ ਰਿਕਾਰਡ ਜਾਂ ਤਾਂ ਖ਼ਤਮ ਹੋ ਗਿਆ ਅਤੇ ਜਾਂ ਫਿਰ ਗੁੰਮ ਹੋ ਗਿਆ। ਬਾਅਦ ਵਿੱਚ ਪੰਜਾਬ ਰਿਕਾਰਡ ਆਫਿਸ ਦੀ ਸਥਾਪਨਾ ਸ਼ਿਮਲੇ ਵਿਖੇ 1948 ਵਿੱਚ ਹੋਈ। ਵਿਭਾਗ ਕੋਲ ਉਸ ਸਮੇਂ ਖ਼ਾਲਸਾ ਰਾਜ ਨਾਲ ਸਬੰਧਤ ਇਤਿਹਾਸਕ ਫਾਇਲਾਂ ਸਨ। ਉਸਦੇ ਪਹਿਲੇ ਕੀਪਰ ਆਫ ਰਿਕਾਰਡਜ਼ ਡਾ. ਜੀ. ਐਲ. ਚੋਪੜਾ ਸਨ। ਇਸ ਦੇ ਨਾਲ ਹੀ ਪਟਿਆਲਾ ਰਿਆਸਤ ਦੇ ਪੁਰਾਲੇਖ ਵਿਭਾਗ (ਸਟੇਟ ਆਰਕਾਈਵਜ਼ ਪਟਿਆਲਾ) ਦਾ ਮੁੜ 1948 ਵਿੱਚ ਬ੍ਰਿਟਿਸ਼ ਇੰਡਿਅਨ ਪ੍ਰੋਵਿਨਸ਼ੀਅਲ ਆਰਕਾਈਵਜ਼ ਦੀ ਤਰਜ ’ਤੇ ਪੁਨਰਗਠਨ ਕੀਤਾ ਗਿਆ ਅਤੇ ਪ੍ਰੋਫੈਸਰ ਐੱਸ.ਐੱਨ. ਬੈਨਰਜੀ ਨੂੰ ਇਸ ਦੇ ਪਹਿਲੇ ਡਾਇਰੈਕਟਰ ਹੋਣ ਦਾ ਮਾਣ ਪ੍ਰਾਪਤ ਹੋਇਆ।

ਇਸ ਨੂੰ ਪੈਪਸੂ ਆਰਕਾਈਵਜ਼ ਵੀ ਕਿਹਾ ਜਾਣ ਲੱਗਾ। 1950 ਵਿੱਚ ਪ੍ਰਸਿੱਧ ਲੇਖਕ ਅਤੇ ਇਤਿਹਾਸਕਾਰ ਡਾ. ਗੰਡਾ ਸਿੰਘ ਇਸ ਵਿਭਾਗ ਦੇ ਡਾਇਰੈਕਟਰ ਰਹੇ। 1950 ਵਿੱਚ ਰਾਜਾਂ ਦੇ ਪੁਨਰਗਠਨ ਤੋਂ ਬਾਅਦ ਪੰਜਾਬ ਰਿਕਾਰਡ ਆਫਿਸ ਅਤੇ ਸਟੇਟ ਆਰਕਾਈਵਜ਼ ਪਟਿਆਲਾ ਨੂੰ ਪਟਿਆਲਾ ਵਿਖੇ ਇੱਕਠਾ ਕਰਕੇ ਪੁਰਾਲੇਖ ਅਤੇ ਅਜਾਇਬਘਰ ਵਿਭਾਗ ਪੰਜਾਬ ਬਣਾ ਦਿੱਤਾ ਗਿਆ। 1962 ਵਿੱਚ ਅਜਾਇਬ ਘਰ ਅਤੇ ਪੁਰਾਤੱਤਵ ਵਿਭਾਗ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਸੁਤੰਤਰ ਵਿਭਾਗ ਬਣਾ ਦਿੱਤਾ ਗਿਆ। ਪੁਰਾਲੇਖ ਵਿਭਾਗ ਪੰਜਾਬ ਦੀਆਂ ਕੋਸ਼ਿਸ਼ਾਂ ਸਦਕਾ ਅਣਵੰਡੇ ਰਿਕਾਰਡ ਨੂੰ ਤਬਦੀਲ ਕਰਵਾ ਕੇ ਪੁਰਾਲੇਖ ਵਿਖੇ ਲਿਆਂਦਾ ਗਿਆ। ਅੱਜ ਇਹ ਵਿਭਾਗ ਪੰਜਾਬ ਦਾ ਮਹੱਤਵਪੂਰਨ ਵਿਭਾਗ ਬਣ ਚੁੱਕਾ ਹੈ, ਜਿੱਥੇ ਭਾਰਤ ਅਤੇ ਪੰਜਾਬ ਸਰਕਾਰ ਦੇ ਗਜਟ, ਡੀ.ਸੀ. ਜਲੰਧਰ ਅਤੇ ਹੁਸ਼ਿਆਰਪੁਰ, ਸਿਵਲ ਸਕੱਤਰੇਤ ਦੇ ਰਿਕਰਾਡ ਦੇ ਨਾਲ-ਨਾਲ ਮਹਾਰਾਜਾ ਰਣਜੀਤ ਸਿੰਘ ਦਾ ਖ਼ਾਲਸਾ ਦਰਬਾਰ ਰਿਕਾਰਡ ਵੀ ਸੰਭਾਲ ਕੇ ਰੱਖਿਆ ਗਿਆ ਹੈ।

ਪੁਰਾਲੇਖ ਵਿਭਾਗ ਵਿੱਚ ਦੇਸ਼-ਵਿਦੇਸ਼ ਦੀਆਂ ਉੱਘੀਆਂ ਯੂਨੀਵਰਸਟੀਆਂ ਜਿਵੇਂ ਕੇ ਗੁਰੂ ਨਾਨਕ ਦੇਵ ਯੂਨੀਵਰਸਟੀ ਅੰਮ੍ਰਿਤਸਰ, ਪੰਜਾਬ ਯੂਨੀਵਰਸਟੀ ਚੰਡੀਗੜ੍ਹ, ਐੱਮ.ਆਈ.ਟੀ. ਅਮਰੀਕਾ ਆਦਿ ਤੋਂ ਸਕਾਲਰ ਆਉਂਦੇ ਰਹਿੰਦੇ ਹਨ। ਜ਼ਿਆਦਾਤਰ ਇੱਥੇ ਸਕਾਲਰ ਪੀ.ਐੱਚ.ਡੀ. ਨਾਲ ਸਬੰਧਤ ਵਿਦਿਆਰਥੀ ਇਤਿਹਾਸਕ ਰਿਕਾਰਡ ਦੀ ਖੋਜ ਕਰਨ ਆਉਂਦੇ ਹਨ। ਵਿਭਾਗ ਦੇ ਡਾਇਰੈਕਟਰ ਨੀਰੂ ਕਟਿਆਲ ਦੀ ਦੇਖ ਰੇਖ ’ਚ ਪਿਛਲੇ ਕੁਝ ਸਾਲਾਂ ਤੋਂ ਇਸ ਵਿਭਾਗ ਵਿਖੇ ਪਏ ਰਿਕਾਰਡ ਨੂੰ ਡਿਜੀਟਲ ਕਰਨ ਦਾ ਅਸੰਭਵ ਜਾਪਣ ਵਾਲਾ ਕੰਮ ਪੰਜਾਬ ਡਿਜੀਟਲ ਲਾਈਬ੍ਰੇਰੀ ਰਾਹੀਂ ਸੰਭਵ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਕੁਝ ਸਾਲਾਂ ਵਿੱਚ ਇਹ ਰਿਕਾਰਡ ਲੋਕ ਆਪਣੇ ਘਰ ਬੈਠ ਕੇ ਦੇਖਣ ਦਾ ਆਨੰਦ ਮਾਣ ਸਕਣਗੇ।

ਇਸ ਸਮੇਂ ਵਿਭਾਗ ਵਿੱਚ 9,61,000 ਦੇ ਕਰੀਬ ਫਾਈਲਾਂ ਮੌਜੂਦ ਹਨ। ਸਦੀਆਂ ਪੁਰਾਣੇ ਰਿਕਾਰਡ ਦੀ ਸਾਂਭ ਸੰਭਾਲ ਭਾਰਤ ਸਰਕਾਰ ਦੇ ਨੈਸ਼ਨਲ ਆਰਕਾਈਵਜ਼ ਤੋਂ ਅਪਣਾਈਆਂ ਗਈਆਂ ਵਿਗਿਆਨਕ ਤਕਨੀਕਾਂ ਅਤੇ ਢੰਗਾਂ ਨਾਲ ਕੀਤੀ ਜਾਂਦੀ ਹੈ। ਇਥੇ ਜ਼ਿਕਰਯੋਗ ਹੈ ਕਿ ਹੁਣ ਇਹ ਵਿਭਾਗ ਦੇਸ ਵਿਦੇਸ਼ਾਂ ਤੋਂ ਪੀਐੱਚਡੀ ਕਰਨ ਆਉਂਦੇ ਵਿਦਿਆਰਥੀ ਲਈ ਖਿੱਚ ਦਾ ਕੇਂਦਰ ਬਣ ਚੁੱਕਾ ਹੈl

36 ਹਜ਼ਾਰ ਦੁਰਲੱਭ ਇਤਿਹਾਸਕ ਕਿਤਾਬਾਂ

ਪਟਿਆਲਾ ਸਥਿੱਤ ਪੁਰਾਲੇਖ ਦਫ਼ਤਰ ਵਿਖੇ ਅੱਠ ਰਿਆਸਤਾਂ (ਪਟਿਆਲਾ, ਨਾਭਾ, ਨਾਲਾਗੜ੍ਹ, ਕਲਸੀਆ, ਫਰੀਦਕੋਟ, ਕਪੂਰਥਲਾ, ਜੀਂਦ ਅਤੇ ਮਲੇਰਕੋਟਲਾ) ਦਾ ਰਿਕਾਰਡ ਉਪਲੱਬਧ ਹੈ। ਇਹ ਸਾਰਾ ਰਿਕਾਰਡ ਊਰਦੂ, ਅੰਗਰੇਜ਼ੀ, ਫਾਰਸੀ ਅਤੇ ਪੰਜਾਬੀ ਭਾਸ਼ਾ ਵਿੱਚ ਹੈ। ਇਸ ਤੋਂ ਇਲਾਵਾ ਪੁਰਾਲੇਖ ਵਿਭਾਗ, ਪੰਜਾਬ ਵਿੱਚ ਫੋਟੋਆਂ, ਪੇਂਟਿੰਗ, ਸਿੱਕੇ ਅਤੇ ਮੈਡਲ ਵੀ ਸੰਭਾਲੇ ਹੋਏ ਹਨ ਅਤੇ ਇਸ ਦਾ ਇੱਕ ਆਪਣਾ ਪੁਸਤਕਾਲਾ ਵੀ ਹੈ ਅਤੇ ਜਿਸ ਵਿੱਚ ਪੁਰਾਣੇ ਇਤਿਹਾਸ ਨਾਲ ਸਬੰਧਤ ਤਕਰੀਬਨ 36000 ਕਿਤਾਬਾਂ ਹਨ।

ਸਾਂਝਾ ਕਰੋ

ਪੜ੍ਹੋ

ਭਾਰਤ ਰਤਨ ਪੰਡਿਤ ਰਵੀ ਸ਼ੰਕਰ ਜੀ ਦੀ

*ਭਾਰਤ ਰਤਨ ਪੰਡਿਤ ਰਵੀ ਸ਼ੰਕਰ ਜੀ ਦੀ ਯਾਦ ’ਚ ਸੰਗੀਤਮਈ...