ਮੁੜ ਚੈਂਪੀਅਨਜ਼ ਟਰਾਫ਼ੀ ਦਾ ਬਾਦਸ਼ਾਹ ਬਣਿਆ ਭਾਰਤ

ਹੀਰੋ ਪੁਰਸ਼ ਏਸ਼ੀਅਨ ਹਾਕੀ ਚੈਂਪੀਅਨ ਟਰਾਫ਼ੀ-2024 ਦਾ 9ਵਾਂ ਅਡੀਸ਼ਨ ਚੀਨ ਦੇ ਸ਼ਹਿਰ ਹੁਲੁਨਬੂਰ ਦੇ ਮੋਕੀ ਟਰੇਨਿੰਗ ਬੇਸ ਹਾਕੀ ਸਟੇਡੀਅਮ ਦੇ ਮੈਟ ’ਤੇ ਏਸ਼ੀਆ ’ਚ ਨਰੋਈ ਹਾਕੀ ਖੇਡਣ ਵਾਲੇ 6 ਦੇਸ਼ਾਂ ਮੇਜ਼ਬਾਨ ਚੀਨ ਤੋਂ ਇਲਾਵਾ ਡਿਫੈਂਡਿੰਗ ਚੈਂਪੀਅਨ ਇੰਡੀਆ, ਜਪਾਨ, ਮਲੇਸ਼ੀਆ, ਦੱਖਣੀ ਕੋਰੀਆ ਤੇ ਪਾਕਿਸਤਾਨ ਦੀਆਂ ਹਾਕੀ ਟੀਮਾਂ ਦਰਮਿਆਨ ਖੇਡਿਆ ਗਿਆ| ਏਸ਼ੀਅਨ ਚੈਂਪੀਅਨ ਟਰਾਫ਼ੀ ਦਾ ਖ਼ਿਤਾਬੀ ਮੁਕਾਬਲਾ ਮੇਜ਼ਬਾਨ ਚੀਨ ਤੇ ਮਹਿਮਾਨ ਇੰਡੀਅਨ ਦੀਆਂ ਹਾਕੀ ਟੀਮਾਂ ਵਿਚਕਾਰ ਰਾਊਂਡ-ਰੋਬਿਨ ਆਧਾਰ ’ਤੇ ਖੇਡਿਆ ਗਿਆ, ਜਿਸ ’ਚ ਮਹਿਮਾਨ ਹਾਕੀ ਟੀਮ ਦੇ ਖਿਡਾਰੀਆਂ ਨੇ ਘਰੇਲੂ ਚੀਨ ਦੀ ਹਾਕੀ ਟੀਮ ਨੂੰ 1-0 ਗੋਲ ਅੰਤਰ ਦੀ ਫ਼ਸਵੀਂ ਟੱਕਰ ’ਚ ਉਪ-ਜੇਤੂ ਰਹਿਣ ਲਈ ਮਜਬੂਰ ਕਰਦਿਆਂ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ|

ਹਾਲਾਂਕਿ ਇਸੇ ਟੂਰਨਾਮੈਂਟ ਦੇ ਲੀਗ ਮੈਚ ’ਚ ਇੰਡੀਅਨ ਹਾਕੀ ਖਿਡਾਰੀਆਂ ਨੇ ਚੀਨ ਨੂੰ 3-1 ਗੋਲ ਅੰਤਰ ਨਾਲ ਹਰਾਉਣ ’ਚ ਕਾਮਯਾਬੀ ਹਾਸਲ ਕੀਤੀ ਸੀ| ਕੌਮੀ ਟੀਮ ਨੇ ਚੀਨ ’ਚ ਏਸ਼ੀਅਨ ਹਾਕੀ ਚੈਂਪੀਅਨ ਟਰਾਫ਼ੀ ਟੂਰਨਾਮੈਂਟ ਦਾ 5ਵਾਂ ਟਾਈਟਲ ਭਾਰਤ ਮਾਤਾ ਦੀ ਝੋਲੀ ’ਚ ਪਾਇਆ| ਗੋਲਡ ਭਾਵ ਪੀਲੇ ਰੰਗੇ ਮੈਡਲ ਲਈ ਮੈਚ ’ਚ ਭਾਰਤੀ ਟੀਮ ਨੂੰ ਜੁਗਰਾਜ ਸਿੰਘ ਵਲੋਂ ਚੌਥੇ ਕੁਆਰਟਰ ਦੇ 10ਵੇਂ ਮਿੰਟ ’ਚ ਲੀਡ ਹਾਸਿਲ ਕਰਵਾਈ ਗਈ| ਜੁਗਰਾਜ ਵਲੋਂ ਮੈਚ ਦੇ 51ਵੇਂ ’ਚ ਕੀਤਾ ਇਕੋ-ਇਕ ਫੀਲਡ ਗੋਲ ਨੇ ਟੀਮ ਜਿੱਤ ਦਿਵਾਈ| ਜੇਤੂ ਟੀਮ ਨੂੰ ਦੋ ਪੈਨਲਟੀ ਕਾਰਨਰਾਂ ਦੇ ਰੂਪ ’ਚ ਦੋ ਸੁਨਹਿਰੇ ਮੌਕੇ ਵੀ ਨਸੀਬ ਹੋਏ ਪਰ ਕਪਤਾਨ ਹਰਮਨਪ੍ਰੀਤ ਸਿੰਘ ਗੋਲਕੀਪਰ ਵੈਂਗ ਕੈਯੂ ਨੂੰ ਝਕਾਨੀ ਦੇ ਗੋਲ ਕਰਨ ’ਚ ਨਾਕਾਮ ਰਿਹਾ| ਚੀਨ ਦੀ ਟੀਮ ਨੂੰ ਮੈਚ ਦੌਰਾਨ 3 ਪੈਨਲਟੀ ਕਾਰਨਰ ਹਾਸਲ ਹੋਏ ਪਰ ਚੀਨੀ ਖਿਡਾਰੀ ਵੀ ਇਨ੍ਹਾਂ ਗੋਲਡਨ ਮੌਕਿਆਂ ਦਾ ਲਾਭ ਨਾ ਲੈ ਸਕੇ|

ਏਸ਼ੀਅਨ ਚੈਂਪੀਅਨਜ਼ ਹਾਕੀ ਟਰਾਫ਼ੀ-2024

ਚੀਨ ਦੇ ਸ਼ਹਿਰ ਹੁਲੁਨਬੂਰ ਦੇ ਮੋਕੀ ਟਰੇਨਿੰਗ ਬੇਸ ਹਾਕੀ ਸਟੇਡੀਅਮ ਦੇ ਮੈਟ ’ਤੇ ਹਾਕੀ ਸਟੇਡੀਅਮ ਦੀ ਮੈਟ ’ਤੇ ਏਸ਼ੀਆ ਦੇ 6 ਦੇਸ਼ਾਂ ਮੇਜ਼ਬਾਨ ਭਾਰਤ ਤੋਂ ਇਲਾਵਾ ਚੀਨ, ਪਾਕਿਸਤਾਨ, ਜਪਾਨ, ਮਲੇਸ਼ੀਆ ਤੇ ਦੱਖਣੀ ਕੋਰੀਆ ਦੀਆਂ ਨਰੋਈਆਂ ਹਾਕੀ ਟੀਮਾਂ ਦਰਮਿਆਨ ਰਾਊਂਡ ਰੋਬਿਨ ਆਧਾਰ ’ਤੇ ਖੇਡੀ ਗਈ 8ਵੀਂ ਏਸ਼ੀਅਨ ਚੈਂਪੀਅਨ ਟਰਾਫ਼ੀ ਵਿਚ ਜਿਥੇ ਚੈਂਪੀਅਨਸ਼ਿਪ ਜਿੱਤਣ ਦਾ ਤਾਜ ਇੰਡੀਅਨ ਹਾਕੀ ਟੀਮ ਦੇ ਸਿਰ ’ਤੇ ਸਜਿਆ ਉੱਥੇ ਮੇਜ਼ਬਾਨ ਹਾਕੀ ਟੀਮ ਨੂੰ ਚਾਂਦੀ ਦਾ ਤਗ਼ਮਾ ਹਾਸਿਲ ਹੋਇਆ| ਪਾਕਿਸਤਾਨੀ ਹਾਕੀ ਖਿਡਾਰੀਆਂ ਨੇ ਦੱਖਣੀ ਕੋਰੀਆ ਦੀ ਟੀਮ ਨੂੰ 5-2 ਗੋਲ ਅੰਤਰ ਨਾਲ ਹਰਾ ਕੇ ਤਾਂਬੇ ਦੇ ਤਗ਼ਮੇ ’ਤੇ ਆਪਣਾ ਕਬਜ਼ਾ ਜਮਾਇਆ| ਜਪਾਨ ਹਾਕੀ ਖਿਡਾਰੀਆਂ ਤੇ ਮਲੇਸ਼ੀਆ ਨੂੰ 6-1 ਗੋਲਾਂ ਨਾਲ ਹਰਾ ਕੇ 5ਵਾਂ ਰੈਂਕ ਤੇ ਚੀਨ ਨੂੰ ਅੰਤਲਾ ਭਾਵ 6ਵਾਂ ਰੈਂਕ ਹਾਸਿਲ ਹੋਇਆ|

ਚੀਨ-2024 ਹੀਰੋ ਪੁਰਸ਼ ਏਸ਼ੀਅਨ ਚੈਂਪੀਅਨ ਟਰਾਫ਼ੀ ਟੂਰਨਾਮੈਂਟ ’ਚ 6 ਹਾਕੀ ਟੀਮਾਂ ਵਿਚਕਾਰ 20 ਮੈਚ ਖੇਡੇ ਗਏ, ਜਿਨ੍ਹਾਂ ’ਚ ਸਾਰੀਆਂ ਟੀਮਾਂ ਵਲੋਂ ਇਕ-ਦੂਜੀ ਵਿਰੁੱਧ 94 ਗੋਲ ਸਕੋਰ ਕੀਤੇ ਗਏ| ਏਸ਼ੀਅਨ ਚੈਂਪੀਅਨਜ਼ ਹਾਕੀ ਟਰਾਫ਼ੀ ਚੀਨ ’ਚ ਖ਼ਿਤਾਬੀ ਜਿੱਤ ਹਾਸਿਲ ਕਰਨ ਵਾਲੀ ਇੰਡੀਅਨ ਹਾਕੀ ਟੀਮ ਦੇ ਖਿਡਾਰੀਆਂ ਵਲੋਂ ਖੇਡੇ ਗਏ 7 ਮੈਚਾਂ ’ਚ ਵਿਰੋਧੀ ਟੀਮਾਂ ਸਿਰ 26 ਗੋਲ ਸਕੋਰ ਕੀਤੇ ਜਦੋਂਕਿ 5 ਵਿਰੋਧੀ ਟੀਮਾਂ ਵਲੋਂ ਫਾਈਨਲ ਜੇਤੂ ਟੀਮ ’ਤੇ 5 ਗੋਲ ਕੀਤੇ ਗਏ| ਭਾਰਤੀ ਟੀਮ ਦੇ ਕਪਤਾਨ ਨੇ ਸਭ ਤੋਂ ਜ਼ਿਆਦਾ 7 ਗੋਲ ਸਕੋਰ ਕੀਤੇ ਜਦੋਂਕਿ ਉੱਤਮ ਸਿੰਘ ਨੇ 4 ਗੋਲ, ਸੁਖਜੀਤ ਸਿੰਘ, ਰਾਜਕੁਮਾਰ ਪਾਲ ਤੇ ਅਰਾਇਜੀਤ ਸਿੰਘ ਹੁੰਦਲ ਨੇ ਕ੍ਰਮਵਾਰ 3-3-3 ਗੋਲ, ਜੁਗਰਾਜ ਸਿੰਘ ਤੇ ਅਭਿਸ਼ੇਕ ਨੇ ਬਰਾਬਰ 2-2 ਗੋਲ ਅਤੇ ਜਰਮਨਪ੍ਰੀਤ ਸਿੰਘ ਤੇ ਸੰਜੈ ਵਲੋਂ 1-1 ਗੋਲ ਸਕੋਰ ਕਰਨ ਦਾ ਵੱਡਾ ਪੁੰਨ ਖਟਿਆ ਗਿਆ| ਇੰਡੀਅਨ ਹਾਕੀ ਖਿਡਾਰੀਆਂ ਵਲੋਂ ਏਸ਼ੀਅਨ ਹਾਕੀ ਚੈਂਪੀਅਨਜ਼ ਹਾਕੀ ਟਰਾਫ਼ੀ ’ਚ ਵਿਰੋਧੀ ਟੀਮਾਂ ਸਿਰ ਕੀਤੇ 26 ਗੋਲਾਂ ’ਚ ਪੈਰਿਸ-2024 ਓਲੰਪਿਕ ’ਚ ਤਾਂਬੇ ਦਾ ਤਗ਼ਮਾ ਜੇਤੂ ਓਲੰਪੀਅਨ ਖਿਡਾਰੀਆਂ ਵਲੋਂ 19 ਗੋਲ ਦਾਗ਼ੇ ਗਏ ਜਦੋਂਕਿ ਪਲੇਠਾ ਕੌਮਾਂਤਰੀ ਹਾਕੀ ਟੂਰਨਾਮੈਂਟ ਜਿੱਤਣ ਵਾਲੇ ਦੋ ਨਵੇਂ ਪਲੇਅਰਾਂ ਉੱਤਮ ਸਿੰਘ ਵਲੋਂ 4 ਤੇ ਅਰਾਇਜੀਤ ਸਿੰਘ ਹੰੁਦਲ ਨੇ 3 ਗੋਲ ਸਕੋਰ ਕੀਤੇ ਗਏ|

ਸੰਖੇਪ ਇਤਿਹਾਸ

ਚੈਂਪੀਅਨਜ਼ ਹਾਕੀ ਟਰਾਫ਼ੀ ਦਾ ਪਲੇਠਾ ਟੂਰਨਾਮੈਂਟ ਚੀਨ ਦੇ ਸ਼ਹਿਰ ਓਰਡੋਸ ’ਚ ਖੇਡਿਆ ਗਿਆ, ਜਿਸ ’ਚ ਇੰਡੀਅਨ ਹਾਕੀ ਖਿਡਾਰੀਆਂ ਨੇ ਪਾਕਿਸਤਾਨੀ ਹਾਕੀ ਟੀਮ ਨੂੰ ਹਰਾ ਕੇ ਜਿਤ ਦਾ ਬਿਗੁਲ ਵਜਾਇਆ ਸੀ| 2012 ’ਚ ਅਰਬ ਦੇਸ਼ ਕਤਰ ਦੇ ਹਾਕੀ ਮੈਦਾਨ ’ਤੇ ਖੇਡੇ ਗਏ ਦੂਜੇ ਚੈਂਪੀਅਨਜ਼ ਹਾਕੀ ਟਰਾਫੀ ਮੁਕਾਬਲੇ ਦੇ ਫਾਈਨਲ ’ਚ ਪਾਕਿਸਤਾਨੀ ਹਾਕੀ ਖਿਡਾਰੀਆਂ ਨੇ ਭਾਰਤੀ ਟੀਮ ਦੀ ਭਾਜੀ ਤਾਰਦਿਆਂ ਚੈਂਪੀਅਨ ਬਣਨ ਦਾ ਜੱਸ ਖਟਿਆ| ਸਾਲ-2013 ’ਚ ਜਪਾਨ ’ਚ ਖੇਡੀ ਗਈ ਤੀਜੀ ਚੈਂਪੀਅਨਜ਼ ਹਾਕੀ ਟਰਾਫ਼ੀ ’ਚ ਪਾਕਿਸਤਾਨੀ ਹਾਕੀ ਟੀਮ ਵਲੋਂ ਮੇਜ਼ਬਾਨ ਜਪਾਨੀ ਹਾਕੀ ਖਿਡਾਰੀਆਂ ਨੂੰ ਉਪ-ਜੇਤੂ ਬਣਨ ਲਈ ਮਜਬੂਰ ਕਰਦਿਆਂ ਦੂਜੀ ਵਾਰ ਟਾਈਟਲ ਜਿੱਤਣ ਦਾ ਕਰਿਸ਼ਮਾ ਕੀਤਾ ਗਿਆ|

ਭਾਰਤੀ ਹਾਕੀ ਟੀਮ

ਦੇਸ਼ ਦੀ ਮੇਜ਼ਬਾਨੀ ’ਚ ਏਸ਼ੀਅਨ ਹਾਕੀ ਚੈਂਪੀਅਨ ਟਰਾਫ਼ੀ ਚੀਨ-2024 ਖੇਡਣ ਵਾਲੀ ਕੌਮੀ ਹਾਕੀ ਟੀਮ ਦੇ 20 ਮੈਂਬਰੀ ਦਸਤੇ ਵਿਚ ਕਪਤਾਨ ਅਤੇ ਡਿਫੈਂਡਰ ਹਰਮਨਪ੍ਰੀਤ ਸਿੰਘ ਤੋਂ ਇਲਾਵਾ ਸਟਰਾਈਕਰ ਅਰਾਇਜੀਤ ਸਿੰਘ ਹੁੰਦਲ, ਫੁਲ ਬੈਕ ਜਰਮਨਪ੍ਰੀਤ ਸਿੰਘ, ਹਾਫ ਬੈਕ ਮਨਪ੍ਰੀਤ ਸਿੰਘ, ਗੁਰਜੋਤ ਸਿੰਘ, ਅਮਿਤ ਰੋਹੀਦਾਸ, ਉੱਤਮ ਸਿੰਘ, ਰਹੀਲ ਮੁਹੰਮਦ, ਸੈਂਟਰ ਫਾਰਵਰਡ ਸੁਖਜੀਤ ਸਿੰਘ, ਸੁਮਿਤ, ਸੰਜੈ, ਰਾਜਕੁਮਾਰ ਪਾਲ, ਜੁਗਰਾਜ ਸਿੰਘ, ਵਿਵੇਕ ਸਾਗਰ ਪ੍ਰਸਾਦ, ਨੀਲਕਾਂਤਾ ਸ਼ਰਮਾ, ਅਭਿਸ਼ੇਕ, ਅਲੀ ਅਮੀਰ, ਵਿਸ਼ਨੂਕਾਂਤ ਸਿੰਘ ਅਤੇ ਦੋ ਗੋਲਕੀਪਰ ਕ੍ਰਿਸ਼ਨ ਬਹਾਦਰ ਪਾਠਕ ਤੇ ਕਾਰਕੇਰਾ ਸੂਰਜ ਆਿਦ ਖਿਡਾਰੀ ਸ਼ਾਮਿਲ ਸਨ|

ਗੋਲ ਸਕੋਰ ਕਰਨ ਵਾਲਾ ਜੁਗਰਾਜ ਸਿੰਘ

ਚੀਨ ਦੇ ਘਰੇਲੂ ਹਾਕੀ ਮੈਦਾਨ ’ਤੇ ਖੇਡੀ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਦੇ ਫਾਈਨਲ ਮੈਚ ’ਚ ਚੀਨ ਦੇ ਖਿਡਾਰੀਆਂ ਨਾਲ ਫਾਈਨਲ ਦੇ ਚੌਥੇ ਕੁਆਰਟਰ ਦੇ 51ਵੇਂ ਮਿੰਟ ’ਚ ਮੈਚ ਦਾ ਇੱਕੋ-ਇੱਕ ਜੇਤੂ ਗੋਲ ਸਕੋਰ ਕਰਨ ਵਾਲੇ ਜੁਗਰਾਜ ਸਿੰਘ ਨੂੰ 56 ਕੌਮਾਂਤਰੀ ਹਾਕੀ ਮੈਚਾਂ ਵਿਚ 16 ਗੋਲ ਸਕੋਰ ਕਰਨ ਦਾ ਮਾਣ ਹਾਸਲ ਹੈ ਜੋ ਕਿ ਜੁਗਰਾਜ ਦੀ ਵੱਡੀ ਪ੍ਰਾਪਤੀ ਹੈ।

ਸਾਂਝਾ ਕਰੋ

ਪੜ੍ਹੋ

ਭਾਰਤ ਰਤਨ ਪੰਡਿਤ ਰਵੀ ਸ਼ੰਕਰ ਜੀ ਦੀ

*ਭਾਰਤ ਰਤਨ ਪੰਡਿਤ ਰਵੀ ਸ਼ੰਕਰ ਜੀ ਦੀ ਯਾਦ ’ਚ ਸੰਗੀਤਮਈ...