ਤਾਜ਼ਾ ਖ਼ਬਰਾਂ

ਦੂਖ ਰੋਗ ਸਭਿ ਗਇਆ ਗਵਾਇ/ਕਮਲੇਸ਼ ਉੱਪਲ

ਦੁਨੀਆ ਦੀ ਚਹਿਲ-ਪਹਿਲ ਵਿਚੋਂ ਅਛੋਪਲੇ ਹੀ ਚਾਲੇ ਪਾ ਜਾਣ ਵਾਲੀਆਂ ਆਤਮਾਵਾਂ ਨੂੰ ਪਰਮ-ਆਤਮਾ ਨਾਲ ਮਿਲ ਜਾਣ ਦੀ ਪ੍ਰਬਲ ਲਿਵ ਲੱਗੀ ਹੁੰਦੀ ਹੈ। ਸ਼ਾਇਦ ਇਸ ਲਈ ਹੀ ਸਰੀਰ ਰੂਪੀ ਚੋਲਾ ਪਾ ਕੇ ਇਹ ਆਤਮਾਵਾਂ ਕਾਹਲੀ-ਕਾਹਲੀ ਮੁਸਕਰਾਉਂਦਿਆਂ ਖੁਸ਼ੀ-ਖੁਸ਼ੀ ਆਪਣੇ ਕੰਮ ਨਿਬੇੜਦੀਆਂ ਹਨ। ਸੰਸਾਰ ਵਿਚ ਵਿਚਰਦਿਆਂ, ਸਾਰੇ ਕੰਮ ਇਕੋ ਜਿਹੀ ਲਗਨ ਅਤੇ ਫੁਰਤੀ ਨਾਲ ਕਰਦਿਆਂ ਇਹ ਪਵਿੱਤਰ ਆਤਮਾਵਾਂ ਹੱਸ ਹੱਸ ਕੇ ਸਹਿਜਤਾ ਅਤੇ ਨਿਰਲੇਪਤਾ ਨਾਲ ਜ਼ਿੰਮੇਵਾਰੀਆਂ ਸਿਰੇ ਚਾੜ੍ਹਦੀਆਂ ਹਨ। ਇਹ ਰੂਹਾਂ ਆਪ ਤਾਂ ਮੁਕਤ ਹੋ ‘ਉਸ’ ਦੇ ਚਰਨਾਂ ਵਿਚ ਸਮਾ ਜਾਣ ਲਈ ਛੇਤੀ ਤੋਂ ਵੀ ਜਲਦੀ ਚੜ੍ਹਾਈ ਕਰ ਜਾਂਦੀਆਂ ਹਨ ਪਰ ਆਪਣੇ ਸੰਗੀ-ਸਾਥੀਆਂ, ਨਾਤਿਆਂ-ਰਿਸ਼ਤਿਆਂ ਅਤੇ ਸਾਕ-ਸਬੰਧੀਆਂ ਨੂੰ ਅਕਹਿ ਅਤੇ ਅਸਹਿ ਦਰਦ ਅਤੇ ਰੁਦਨ ਦੇ ਵਹਿਣ ਵਿਚ ਛੱਡ ਕੇ ਟੁਰ ਜਾਂਦੀਆਂ ਹਨ। ਜਾਂ ਫਿਰ ਪਰਮਾਤਮਾ ਹੀ ਇਨ੍ਹਾਂ ਦੀ ਚੰਗਿਆਈ ਵੇਖ ਕੇ ਇਨ੍ਹਾਂ ਨੂੰ ਪਹਿਲਾਂ ’ਵਾਜ਼ ਮਾਰ ਲੈਂਦਾ ਹੈ। ਸ਼ਾਇਦ ਉਸ ਨੂੰ ਵੀ ਚੰਗੇ ਬੰਦਿਆਂ ਨੂੰ ਚੁਣ ਕੇ ਲੈ ਜਾਣ ਵਿੱਚ ਮੁਹਾਰਤ ਹਾਸਲ ਹੈ।

ਸਾਡਾ ਚਾਲਕ (ਡਰਾਈਵਰ) ਰਾਜਿੰਦਰ ਸਿੰਘ ਇਕ ਅਜਿਹੀ ਹੀ ਹਰਮਨ ਪਿਆਰੀ ਸ਼ਖ਼ਸੀਅਤ ਸੀ ਜੋ ਆਪਣਿਆਂ-ਬਿਗਾਨਿਆਂ, ਸਾਰਿਆਂ ਨੂੰ ਧਾਹ ਕੇ ਮਿਲਦਾ। ਮੈਂ ਲੋੜ ਪੈਣ ’ਤੇ ਜਦੋਂ ਕਦੇ ਫੋਨ ਕਰਦੀ ਤਾਂ ਹਮੇਸ਼ਾ ਇਕ ਮਿੱਠਾ ਹੁੰਗਾਰਾ ‘ਹਾਂ ਜੀ ਮੈਡਮ ਜੀ’ ਇੰਜ ਮਿਲਦਾ ਜਿਵੇਂ ਉਸ ਨੂੰ ਮੇਰੀ ਹੀ ਸੱਦ ਦੀ ਉਡੀਕ ਹੋਵੇ। ਰਾਜਿੰਦਰ ਦਾ ਬੇਟਾ ਪਰਵਾਸ-ਸ਼ੌਕ ਦਾ ਸ਼ਿਕਾਰ ਹੋਇਆ ਦਹਾਕਾ ਕੁ ਪਹਿਲਾਂ ਕੈਨੇਡਾ ਜਾ ਵੱਸਿਆ ਸੀ। ਅਜੇ ਵਿਆਹਿਆ ਨਹੀਂ ਪਰ ਪੱਕਾ ਕੈਨੇਡਾ ਵਾਸੀ ਬਣ ਚੁੱਕਾ ਹੈ। ਪਿਤਾ ਦੇ ਸਸਕਾਰ ਲਈ ਤਤਕਾਲ ਉਡਾਣ ਭਰ ਕੇ ਆਇਆ ਹੈ। ਨੇਕ ਆਤਮਾ ਰਾਜਿੰਦਰ ਨੂੰ ਕੋਈ ਖ਼ਬਰ ਨਹੀਂ ਕਿ ਜਿਸ ਇਕੋ ਇਕ ਸੰਤਾਨ ਨੂੰ, ਉਸ ਦੀ ਜ਼ਿੱਦ ਵੇਖ ਕੇ, ਬੜੇ ਜੁਗਾੜ ਜੋੜ ਕੇ ਕੈਨੇਡਾ ਭੇਜਿਆ ਸੀ, ਉਸ ਦੇ ਮੋਢਿਆਂ ’ਤੇ ਛੇਤੀ ਹੀ ਪਿਤਾ ਦਾ ਮ੍ਰਿਤਕ ਸਰੀਰ ਟਿਕੇਗਾ।

ਟੁਰ ਜਾਣ ਤੋਂ ਦੋ ਦਿਨ ਪਹਿਲਾਂ ਹੀ ਰਾਜਿੰਦਰ ਮੈਨੂੰ ਬਾਜ਼ਾਰ ਲੈ ਗਿਆ ਸੀ। ਘਰ ਦਾ ਨਿੱਕ-ਸੁੱਕ ਲਿਆਉਣ ਦੀ ਜ਼ਿੰਮੇਵਾਰੀ ਮੈਂ ਜਾਣਬੁੱਝ ਕੇ ਸਾਂਭ ਰੱਖੀ ਹੈ ਤਾਂ ਜੋ ਹੱਡ ਗੋਡੇ ਹਿੱਲਦੇ ਤੇ ਚੱਲਦੇ ਰਹਿਣ। ਮੇਰੀ ਇਸ ਨਿੱਕ-ਸੁੱਕ ਦੀ ਖ਼ਰੀਦਦਾਰੀ ਦਾ ਹੁਣ ਉਹ ਭੇਤੀ ਹੋ ਗਿਆ ਸੀ। ਅਸੀਂ ਕੀ, ਕਿੱਥੋਂ ਲੈਣਾ ਹੈ, ਦੀ ਯੋਜਨਾ ਪਹਿਲਾਂ ਹੀ ਬਣਾ ਕੇ ਤੁਰਦੇ। ਘਰ ਦੀਆਂ ਘੜੀਆਂ ਠੀਕ ਕਰਵਾਉਣੀਆਂ, ਸੈੱਲ ਪੁਆਉਣੇ ਆਦਿ ਵੀ ਮੇਰੇ ਕੰਮਾਂ ਵਿਚ ਸ਼ਾਮਲ ਹੈ। ‘ਤੁਸੀਂ ਬੈਠੇ ਰਹੋ ਮੈਡਮ ਜੀ, ਮੈਂ ਲੈ ਆਉਂਦਾ।’ ਮੈਨੂੰ ਉਹ ‘ਵਾਚ ਗੈਲਰੀ’ ਵਾਲੇ ਦਵਿੰਦਰ ਸਿੰਘ ਦੀ ਦੁਕਾਨ ਕੋਲ ਗੱਡੀ ਵਿਚ ਬਿਠਾ ਕੇ ਫੁਰਤੀ ਨਾਲ ਲੋੜੀਂਦੀਆਂ ਚੀਜ਼ਾਂ ਲੈ ਆਉਂਦਾ। ਇਸ ਛੇਕੜਲੀ ਬਾਜ਼ਾਰ ਫੇਰੀ ਸਮੇਂ ਉਸ ਦਾ ਅੰਦਾਜ਼ ਕ੍ਰਿਸ਼ਮਈ ਸੀ। ਮੇਰੇ ਪੰਜ ਸੌ ਦਾ ਨੋਟ ਫੜਾਉਣ ’ਤੇ ਉਹ ਮਟਰੀ, ਖਜੂਰ ਬਿਸਕੁਟ ਤੇ ਆਟਾ ਬਿਸਕੁਟ ਆਦਿ ਖ਼ਰੀਦ ਕੇ ਬਾਕੀ ਬਚੇ ਪੈਸੇ ਮੁੱਠੀ ਵਿਚੋਂ ਮੈਨੂੰ ਫੜਾ ਕੇ ਵਾਚ ਗੈਲਰੀ ਦੇ ਤਿੰਨ ਉੱਚੇ ਸਟੈੱਪ ਕਾਹਲੀ ਨਾਲ ਚੜ੍ਹਿਆ ਤੇ ਤਿੰਨ ਮਿੰਟ ਮਗਰੋਂ ਹੀ ਹੱਥ ’ਚ ਠੀਕ ਕਰਵਾਕੇ ਲਿਆਂਦਾ ਵਾਲ-ਕਲਾਕ ਫੜੀਂ ਮੁੜ ਆਇਆ। ਮੈਂ ਪੈਸੇ ਪੁੱਛੇ ਤਾਂ ਕਹਿੰਦਾ, ਮੈਂ ਦੇ ਆਇਆ ਡੇਢ ਸੌ। ਤੁਸੀਂ ਮੈਨੂੰ ਦੇ ਦਿਓ, ਮਗਰੋਂ। ਚਾਰ ਕੁ ਦਿਨ ਪਹਿਲਾਂ ਹੀ ਕਾਰ ਦੀ ਸਰਵਿਸ ਵੀ ਕਰਾ ਕੇ ਦੇ ਗਿਆ।

ਮੈਡਮ ਦਲੀਪ ਕੌਰ ਟਿਵਾਣਾ ਦੇ ਫ਼ੌਤ ਹੋਣ ਤੱਕ ਰਾਜਿੰਦਰ ਨੇ ਉਨ੍ਹਾਂ ਦੀ ਗੱਡੀ ਵੀ ਚਲਾਈ ਸੀ। ਇਸ ਅੰਤਿਮ ਫੇਰੀ ਸਮੇਂ, ਜਿਸ ਦਾ ਜ਼ਿਕਰ ਕਰ ਰਹੀ ਹਾਂ, ਉਹ ਮੈਨੂੰ ਦੱਸਦਾ ਰਿਹਾ, ‘ਮੈਡਮ ਟਿਵਾਣਾ ਤਾਂ ਮੈਡਮ ਜੀ ਪੈਸੇ ਬੜੇ ਸੁੱਟਣ ਲੱਗ ਪਏ ਸੀ। ਕਾਰ ਤੋਂ ਉਤਰਦੇ ਹੋਏ ਨੋਟ ਡੇਗ ਦਿੰਦੇ। ਕਈ ਵਾਰ ਦੋ ਹਜ਼ਾਰ ਦਾ ਨੋਟ ਦੋ ਸੌ ਦਾ ਸਮਝ ਕੇ ਦੇਣ ਲੱਗ ਪੈਂਦੇ। ਮੈਂ ਉਨ੍ਹਾਂ ਦੇ ਨੋਟ ਈ ਸਾਂਭਦਾ ਰਹਿੰਦਾ ਸੀ। ਫਿਰ ਇਕ ਦਿਨ ਆਪੇ ਕਹਿਣ ਲੱਗੇ, ਰਾਜਿੰਦਰ ਬਈ ਤੂੰ ਹੀ ਚੀਜ਼ਾਂ ਲਿਆ ਦਿਆ ਕਰ।…

ਵਾਪਸੀ ਵੇਲੇ ਰਾਹ ਵਿਚ ਗੰਢਿਆਂ ਦੀ ਰੇਹੜੀ ਵੇਖ ਕੇ ਮੈਨੂੰ ਪੁੱਛਣ ਲੱਗਾ ‘ਪਿਆਜ਼ ਤਾਂ ਨ੍ਹੀਂ ਲੈਣੇ?’

‘ਲੈਣੇ ਨੇ, ਮੈਂ ਤਾਂ ਭੁੱਲ ਹੀ ਗਈ ਸੀ ਕਿ ਘਰ ਵਿਚ ਇਕ ਵੀ ਗੰਢਾ ਨਹੀਂ।’ ਉਸ ਨੇ ਪਿਆਜ਼ ਵੀ ਖ਼ਰੀਦ ਦਿੱਤੇ।

ਰਾਜਿੰਦਰ ਚਾਲੇ ਪਾ ਗਿਆ। ਗੰਢੇ ਅਜੇ ਵੀ ਚੱਲ ਰਹੇ ਨੇ। ਹਰ ਵਾਰ ਗੰਢਾ ਚੁੱਕ ਕੇ ਵਰਤਣ ਲੱਗਿਆਂ ਮੇਰਾ ਰੋਣ ਨਿਕਲ ਜਾਂਦਾ ਹੈ। ਕਿਵੇਂ ਇਕ ਇਕ ਪਿਆਜ਼ ਚੁਣ ਕੇ ਉਸ ਨੇ ਤੱਕੜੀ ’ਚ ਪਾਇਆ ਸੀ।… ਉਹ ਇਹ ਵੀ ਦੱਸਣ ਲੱਗਾ, ‘ਕੱਲ੍ਹ ਮੈਂ ਆਪਣੇ ਸਾਰੇ ਟੈਸਟ ਕਰਾਏ।’ ‘ਕਿਉਂ ਕੀ ਹੋਇਆ?’ ਬਸ ਐਵੇਂ ਦਰਦ ਜਿਹਾ ਉਠ ਖੜ੍ਹਿਆ ਛਾਤੀ ’ਚ। ਮੈਂ ਬੇਟੇ ਨਾਲ ਗੱਲ ਕੀਤੀ ਤਾਂ ਉਹ ਕਹਿੰਦਾ ਡੈਡੀ ਜਾ ਕੇ ਟੈਸਟ ਕਰਾ ਆਓ। ਸਾਰੇ ਟੈਸਟ ਕਰਕੇ ਡਾਕਟਰ ਨੇ ਠੀਕ ਰਿਪੋਰਟ ਦੇ ਦਿੱਤੀ। ਕਹਿੰਦਾ ਤੈਨੂੰ ਕੁਝ ਨ੍ਹੀਂ ਹੋਇਆ। ਇਹ ਦਰਦ ਪੇਟ ਵਿਚ ਗੈਸ ਕਰਕੇ ਹੋਇਆ ਹੋਊ, ਤੂੰ ਪਾਣੀ ਪੀ ਲਿਆ ਕਰ…’ ਸ਼ਾਇਦ ਚੌਥੇ ਹੀ ਦਿਨ ਇਕ ਵਾਰੀ ਫਿਰ ਅਜਿਹਾ ਦਰਦ ਉੱਠਿਆ ਕਿ ਕੋਈ ਵੀ ਡਾਕਟਰ ਕੁਝ ਨਹੀਂ ਕਰ ਸਕਿਆ। ਰਾਜਿੰਦਰ ਦਾ ਦਿਲ ‘ਕਾਰਡੀਅਕ ਅਰੈਸਟ’ ਕਰਕੇ ਰੁਕ ਹੀ ਗਿਆ ਸੀ। ਰਾਜਿੰਦਰ ਦੀ ਇਸ ਅਚਨਚੇਤੀ ਦੁੱਖ ਭਰੀ ਮੌਤ ਦੀ ਖ਼ਬਰ ਸੁਣ ਕੇ ਹਰ ਬਸ਼ਰ ਨੂੰ ਧਰਤੀ ਪੈਰਾਂ ਹੇਠੋਂ ਖਿਸਕਦੀ ਜਾਪੀ ਤੇ ਕਲੇਜਾ ਮੂੰਹ ਨੂੰ ਆਇਆ। ਸਭ ਨੂੰ ਸੁਖੀ ਰੱਖਣ ਵਾਲਾ ਇਹ ਕੇਹਾ ਦੁੱਖ ਦੇ ਗਿਆ? ਸਭ ਨੂੰ ਹਰ ਸਮੇਂ ਸੁੱਖ ਦੇਣ ਵਾਲਾ ਇਕੋ ਵਾਰ ਆਪਣੇ ਸਾਰੇ ਦੁੱਖਾਂ ਤੇ ਰੋਗਾਂ ਤੋਂ ਮੁਕਤ ਹੋ ਗਿਆ।

ਸਾਂਝਾ ਕਰੋ

ਪੜ੍ਹੋ

ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਨੌਜਵਾਨਾਂ

29ਵੇਂ ਆਲ ਇੰਡੀਆ ਜੇ.ਪੀ. ਅਤਰੇ ਕ੍ਰਿਕਟ ਟੂਰਨਾਮੈਂਟ ਦੀਆਂ ਜੇਤੂ ਟੀਮਾਂ...