ਦਿੱਲੀ ਦੀ ਨਵੀਂ ਮੁੱਖ ਮੰਤਰੀ

ਆਬਕਾਰੀ ਨੀਤੀ ਵਿੱਚ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਜ਼ਮਾਨਤ ’ਤੇ ਰਿਹਾਅ ਹੋ ਕੇ ਆਏ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਮੁੱਖ ਮੰਤਰੀ ਦਾ ਅਹੁਦਾ ਛੱਡਣ ਵਾਲੇ ਅਰਵਿੰਦ ਕੇਜਰੀਵਾਲ ਨੇ ਪਾਰਟੀ ਦੀ ਆਗੂ ਆਤਿਸ਼ੀ ਨੂੰ ਦਿੱਲੀ ਦੇ ਸ਼ਾਸਨ ਨੂੰ ਮੁੜ ਲੀਹ ’ਤੇ ਲਿਆਉਣ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਹੈ। ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਵੱਲੋਂ ਕੇਜਰੀਵਾਲ ਦੀ ਗ੍ਰਿਫ਼ਤਾਰੀ ਕਾਰਨ ਪਿਛਲੇ ਛੇ ਮਹੀਨਿਆਂ ਤੋਂ ਦਿੱਲੀ ਦੀਆਂ ਕਲਿਆਣਕਾਰੀ ਸਕੀਮਾਂ ਅਤੇ ਵਿਕਾਸ ਕਾਰਜ ਲੀਹੋਂ ਲੱਥ ਗਏ ਹਨ। ‘ਆਪ’ ਸਰਕਾਰ ਪ੍ਰਤੀ ਲੋਕਾਂ ਦੇ ਅੰਦਰ ਨਾਰਾਜ਼ਗੀ ਵਧਣ ਕਰ ਕੇ ਕੇਜਰੀਵਾਲ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਵੋਟਰਾਂ ਦੀ ਕਚਹਿਰੀ ਵਿੱਚ ਜਾਣ ਲਈ ਮਜਬੂਰ ਹੋਣਾ ਪਿਆ ਹੈ। ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਾਲੇ ਪੰਜ ਮਹੀਨੇ ਪਏ ਹਨ, ਬਸ਼ਰਤੇ ਮਿੱਥੇ ਸਮੇਂ ਤੋਂ ਪਹਿਲਾਂ ਚੋਣਾਂ ਕਰਾਉਣ ਦਾ ਕੋਈ ਹੋਰ ਫ਼ੈਸਲਾ ਨਹੀਂ ਲਿਆ ਜਾਂਦਾ ਜਿਸ ਦੇ ਮੱਦੇਨਜ਼ਰ ਉਹ ਦਿੱਲੀ ਦੇ ਲੋਕਾਂ ਕੋਲੋਂ ਆਪਣੀ ‘ਬੇਗੁਨਾਹੀ ਦਾ ਪ੍ਰਮਾਣ ਪੱਤਰ’ ਹਾਸਿਲ ਕਰਨਾ ਚਾਹੁੰਦੇ ਹਨ। ਨਾਮਜ਼ਦ ਮੁੱਖ ਮੰਤਰੀ ਆਤਿਸ਼ੀ ਨੂੰ ਇਸ ਥੋੜ੍ਹੇ ਸਮੇਂ ਅੰਦਰ ਵੱਖ-ਵੱਖ ਪ੍ਰਾਜੈਕਟਾਂ ਨੂੰ ਤੇਜ਼ੀ ਨਾਲ ਮੁਕੰਮਲ ਕਰਾਉਣ ਅਤੇ ਕਲਿਆਣਕਾਰੀ ਸਕੀਮਾਂ ਨੂੰ ਲਾਗੂ ਕਰਵਾਉਣ ਲਈ ਕਾਫ਼ੀ ਭੱਜ ਨੱਸ ਕਰਨੀ ਪਵੇਗੀ। ਆਪਣੇ ਬਿਰਤਾਂਤ ਨੂੰ ਮਜ਼ਬੂਤ ਕਰਨ ਲਈ ਕੁਝ ਨਵੇਂ ਵਾਅਦਿਆਂ ਦਾ ਵੀ ਐਲਾਨ ਕੀਤਾ ਜਾ ਸਕਦਾ ਹੈ। ਜਿਸ ਤਰ੍ਹਾਂ ਕੇਜਰੀਵਾਲ ਅਤੇ ਦਿੱਲੀ ਦੇ ਉਪ ਰਾਜਪਾਲ ਵਿਚਕਾਰ ਕਈ ਵਾਰ ਟਕਰਾਅ ਦੇ ਮੌਕੇ ਬਣਦੇ ਰਹੇ ਹਨ, ਉਸ ਦੇ ਮੱਦੇਨਜ਼ਰ ਇਸ ਗੱਲ ਦੀ ਬਹੁਤੀ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਮੁੱਖ ਮੰਤਰੀ ਆਤਿਸ਼ੀ ਨਾਲ ਉਨ੍ਹਾਂ ਦੇ ਸਬੰਧ ਵਧੇਰੇ ਸੁਖਾਵੇਂ ਹੋਣਗੇ ਕਿਉਂਕਿ ਉਹ ਕੇਂਦਰ ਦੇ ਨੁਮਾਇੰਦੇ ਹਨ। ਇਸ ਤੋਂ ਇਲਾਵਾ ਨਵੀਂ ਮੁੱਖ ਮੰਤਰੀ ਲਈ ਇੱਕ ਹੋਰ ਚੁਣੌਤੀ ਆਪਣੀ ਵੱਖਰੀ ਪਛਾਣ ਕਾਇਮ ਕਰਨ ਅਤੇ ਇਹ ਧਾਰਨਾ ਦੂਰ ਕਰਨ ਦੀ ਰਹੇਗੀ ਕਿ ਉਹ ਮਹਿਜ਼ ਇੱਕ ਰਬੜ ਦੀ ਮੋਹਰ ਹੈ।

ਕੇਜਰੀਵਾਲ ਲਈ ਬਿਹਤਰ ਇਹੀ ਹੋਵੇਗਾ ਕਿ ਉਹ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ’ਤੇ ਜ਼ਿਆਦਾ ਧਿਆਨ ਦੇਣ ਕਿਉਂਕਿ ਈਡੀ ਅਤੇ ਸੀਬੀਆਈ ਵੱਲੋਂ ਕਈ ਪਾਰਟੀ ਆਗੂਆਂ ਦੀ ਗ੍ਰਿਫ਼ਤਾਰੀ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਜਾਣ ਕਰ ਕੇ ਉਨ੍ਹਾਂ ਦੀ ‘ਇਮਾਨਦਾਰੀ ਦੀ ਰਾਜਨੀਤੀ’ ਦੀ ਪਛਾਣ ਧੁੰਦਲੀ ਹੋ ਗਈ ਹੈ। ਆਪ ਨੂੰ ਪਿਛਲੇ ਸਾਲ ਰਾਸ਼ਟਰੀ ਪਾਰਟੀ ਵਜੋਂ ਮਾਨਤਾ ਮਿਲ ਗਈ ਸੀ ਅਤੇ ਹੁਣ ਇਹ ਹਰਿਆਣਾ ਵਿੱਚ ਕਿਸਮਤ ਅਜ਼ਮਾ ਰਹੀ ਹੈ ਹਾਲਾਂਕਿ ਇਸ ਸਾਲ ਲੋਕ ਸਭਾ ਦੀਆਂ ਚੋਣਾਂ ਵਿੱਚ ਇਹ ਦਿੱਲੀ ਵਿੱਚ ਇੱਕ ਵੀ ਸੀਟ ਨਹੀਂ ਜਿੱਤ ਸਕੀ ਅਤੇ ਪੰਜਾਬ ਵਿੱਚ ਵੀ ਇਸ ਨੂੰ ਬਹੁਤੀ ਸਫ਼ਲਤਾ ਨਹੀਂ ਮਿਲ ਸਕੀ ਸੀ। ਆਪਣੇ ਆਪ ਨੂੰ ਪੀੜਤ ਵਜੋਂ ਦਰਸਾਉਣ ਅਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਬਦਲੇਖੋਰੀ ਦੀ ਸਿਆਸਤ ਕਰਨ ਦੇ ਦੋਸ਼ਾਂ ਦਾ ਇਸ ਨੂੰ ਤਦ ਹੀ ਫ਼ਾਇਦਾ ਮਿਲ ਸਕਦਾ ਹੈ ਜੇ ਇਹ ਦਿੱਲੀ ਅਤੇ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੋਈ ਠੋਸ ਯੋਜਨਾਵਾਂ ਉੱਪਰ ਕੰਮ ਕਰੇਗੀ। ਹੁਣ ‘ਆਪ’ ਦਾ ਜ਼ੋਰ ਭ੍ਰਿਸ਼ਟਾਚਾਰ ਰਹਿਤ ਸ਼ਾਸਨ ਅਤੇ ਲੋਕਾਂ ਨੂੰ ਖੱਜਲ-ਖੁਆਰੀ ਤੋਂ ਬਿਨਾਂ ਸੇਵਾਵਾਂ ਮੁਹੱਈਆ ਕਰਾਉਣ ’ਤੇ ਹੋਣਾ ਚਾਹੀਦਾ ਹੈ।

ਸਾਂਝਾ ਕਰੋ

ਪੜ੍ਹੋ

ਪੰਜਾਬ ਦੇ ਇਸ ਜ਼ਿਲ੍ਹੇ ’ਚ 23 ਸਤੰਬਰ

ਫਰੀਦਕੋਟ ‘ਚ ਬਾਬਾ ਸ਼ੇਖ ਫਰੀਦ ਜੀ ਦੇ ਅਗਮਨ ਪੁਰਬ-2024 ਮੌਕੇ...