ਤਾਜ਼ਾ ਖ਼ਬਰਾਂ

ਬੁੱਧ ਬਾਣ/ਅੱਖਰ ਪੜ੍ਹਦਿਆਂ ਹੋਇਆ ਅੱਖਰ/ਬੁੱਧ ਸਿੰਘ ਨੀਲੋਂ

ਵਿਸ਼ਾਲ ਦੀ ਸੰਪਾਦਕੀ ਹੇਠ ਅੱਖਰ ਆਇਆ। ਪੜ੍ਹ ਤਾਂ ਕੁੱਝ ਦਿਨ ਪਹਿਲਾਂ ਹੀ ਲਿਆ ਸੀ, ਪਰ ਇਸ ਬਾਬਤ ਟਿੱਪਣੀ ਨਾ ਕਰ ਸਕਿਆ। ਪੰਜਾਬੀ ਭਾਸ਼ਾ ਵਿਚ ਸਾਹਿਤਕ ਮੈਗਜ਼ੀਨ ਕੱਢਣਾ ਬੌਕ ਦੇ ਸਿੰਗਾਂ ਨੂੰ ਹੱਥ ਲਾਉਣ ਵਰਗਾ ਕੰਮ ਹੈ। ਇਹੋ ਹਾਲ ਸਾਹਿਤਕ ਮੈਗਜ਼ੀਨ ਕੱਢਣ ਦਾ ਹੈ। ਇਸ ਨੂੰ ਚੱਲਦਾ ਰੱਖਣ ਲਈ ਬੜੇ ਪਾਪੜ ਵੇਲਣੇ ਪੈਂਦੇ ਹਨ। ਵੜੇ ਪਕਾਉਣੇ ਤੇ ਪਕੌੜੇ ਖਾਣੇ ਪੈਂਦੇ ਹਨ। ਆਈਆਂ ਲਿਖਤਾਂ ਨੂੰ ਪੜ੍ਹਨਾ, ਫੇਰ ਉਹਨਾਂ ਵਿੱਚੋਂ ਛਪਣ ਵਾਲੀਆਂ ਦੀ ਛਾਂਟੀ ਕਰਨੀ ਕੋਈ ਸੌਖਾ ਕੰਮ ਨਹੀਂ ਹੈ। ਅੱਖਰ ਦੇ ਪੰਨੇ ਫ਼ਰੋਲ਼ਦਾ ਤਾਂ ਸੰਪਾਦਕ ਦਾ ਕਮਰਾ ਘੇਰ ਲੈਂਦਾ ਹੈ। ਕਮਰੇ ਵਿਚਲਾ ਸ਼ੋਰ ਭਾਰਤ ਦੇ ਦਰਸ਼ਨ ਦੀਦਾਰੇ ਕਰਵਾਉਣ ਲੱਗਦਾ ਹੈ। ਅਨਪੜ੍ਹਤਾ ਤੇ ਅੰਧਵਿਸ਼ਵਾਸ ਦੀ ਬੀਮਾਰੀ ਨਾਲ ਪੀੜਤ ਨੌਜਵਾਨ ਪੀੜ੍ਹੀ ਦਾ ਵਰਤਮਾਨ ਤੇ ਭਵਿੱਖ ਨਜ਼ਰ ਆਉਂਦਾ ਹੈ। ਸੰਪਾਦਕ ਤੜਫਦਾ ਹੈ ਤੇ ਆਪਣੇ ਆਪ ਨੂੰ ਸਵਾਲ ਕਰਦਾ ਹੈ ਕਿ ਉਹ ਕੀ ਹੈ? ਸਾਢੇ ਸੱਤ ਦਹਾਕੇ ਬੀਤ ਜਾਣ ਤੋਂ ਬਾਅਦ ਵੀ ਅਸੀਂ ਉਥੇ ਹੀ ਖੜ੍ਹੇ ਹਾਂ। ਮੀਡੀਆ ਚੀਕਦਾ ਹੈ ਭਾਰਤ ਵਿਸ਼ਵ ਗੁਰੂ ਬਣ ਗਿਆ ਹੈ। ਸੰਪਾਦਕ ਨੂੰ ਇਹਨਾਂ ਸੱਤ ਦਹਾਕਿਆਂ ਦੀ ਚੀਕਾਂ, ਕਤਲ, ਬਲਾਤਕਾਰ ਤੇ ਸਾੜਫੂਕ ਦੀਆਂ ਘਟਨਾਵਾਂ ਸੌਣ ਨਹੀਂ ਦੇਂਦੀਆਂ। ਉਹ ਇਹਨਾਂ ਤੋਂ ਬਚਦਾ ਹੋਇਆ ਮਿਆਰੀ ਸਾਹਿਤਕ ਪਰਚਿਆਂ ਦੇ ਕੀੜੇ ਕੱਢਣ ਲੱਗਦਾ ਹੈ। ਵਿਸ਼ਾਲ ਦੀ ਸੰਪਾਦਕੀ ਵਿੱਚ ਗਹਿਰਾਈ, ਤਿੱਖਾ ਵਿਅੰਗ ਤੇ ਸਾਹਿਤਕ ਚੂੰਡੀਆਂ ਵੀ ਹਨ। ਉਹ ਭਾਸ਼ਾ ਵਿਭਾਗ ਪੰਜਾਬ ਤੇ ਆਰਟ ਕੌਂਸਲ ਚੰਡੀਗੜ੍ਹ ਦੇ ਨਵੇਂ ਅਧਿਕਾਰੀਆਂ ਦੇ ਚੂੰਡੀਆਂ ਵੱਢਣ ਤੋਂ ਲਿਹਾਜ਼ ਨਹੀਂ ਕਰਦਾ। ਅੱਖਰ ਨੂੰ ਵੱਖ ਵੱਖ ਵਿਧਾਵਾਂ ਵਿੱਚ ਵੰਡਿਆ ਹੋਇਆ ਹੈ। ਕਹਾਣੀਆਂ, ਅਨੁਵਾਦ ਕਹਾਣੀਆਂ, ਗ਼ਜ਼ਲਾਂ, ਕਵਿਤਾਵਾਂ, ਅਨੁਵਾਦ ਕਵਿਤਾਵਾਂ, ਮੁਲਾਂਕਣ, ਲੇਖ ਸ਼ਖ਼ਸੀਅਤ, ਲੇਖ, ਸਫ਼ਰਨਾਮਾ, ਪੁਸਤਕ ਸਮੀਖਿਆ।
ਸਣੇ ਮੁੱਖ ਪੰਨੇ ਦੇ 140 ਪੰਨਿਆਂ ਵਿੱਚ ਐਨਾ ਕੁੱਝ ਪਾਠਕਾਂ ਨੂੰ ਪਰੋਸ ਰਿਹਾ ਹੈ। ਸਮੁੱਚੀਆਂ ਰਚਨਾਵਾਂ ਆਪੋ ਆਪਣੀ ਛਾਪ ਛੱਡਣ ਵਿੱਚ ਕਾਮਯਾਬ ਹਨ। ਕਹਾਣੀਆਂ ਪੜ੍ਹੀਆਂ ਤਾਂ ਕਵਿਤਾਵਾਂ ਚੰਗੀਆਂ ਲੱਗਦੀਆਂ। ਗ਼ਜ਼ਲਾਂ ਦੇ ਸ਼ੇਅਰ ਕਾਲਜੇ ਧੂ ਪਾਉਂਦੇ ਹਨ। ਜਦੋਂ ਕੋਈ ਰਚਨਾ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕਰੇ ਤਾਂ ਸਮਝੋ ਕਿ ਉਸ ਵਿੱਚ ਕੋਈ ਗੱਲ ਹੈ। ਅੱਖਰ ਦੀ ਟੀਮ ਵਧਾਈ ਦੀ ਹੱਕਦਾਰ ਹੈ। ਇਹ ਅੰਕ ਸੰਭਾਲਣ ਤੇ ਪੜ੍ਹਨ ਯੋਗ ਹੈ। ਰਚਨਾਵਾਂ ਆਪੋ ਆਪਣੀ ਮੌਲਿਕਤਾ ਦਾ ਮੁੱਲ ਮੋੜ ਦੀਆਂ ਹਨ। ਮੁੱਖ਼ ਪੰਨਾ ਵਿਦਰੋਹ ਦਾ ਗਵਾਹ ਹੈ। ਇਸੇ ਕਰਕੇ ਇਹੋ ਜਿਹੇ ਪਰਚਿਆਂ ਦਾ ਹੋਣਾ ਜ਼ਰੂਰੀ ਹੈ। ਇਹ ਸਾਹਿਤਕ ਪਰਚਿਆਂ ਦੀ ਆਕਸੀਜਨ ਪਾਠਕ ਤੇ ਲੇਖਕ ਹਨ। ਪੜ੍ਹਨ ਵਾਲੇ ਤਾਂ ਧੰਨਵਾਦ ਦੇ ਪਾਤਰ ਹਨ। ਵਧੀਆ ਕਾਰਗੁਜ਼ਾਰੀ ਕਰਨ ਲਈ ਵਿਸ਼ਾਲ ਤੇ ਅੱਖਰ ਪਰਿਵਾਰ ਵਧਾਈ ਦੇ ਯੋਗ ਹਨ।

ਬੁੱਧ ਸਿੰਘ ਨੀਲੋਂ
9464370823

ਸਾਂਝਾ ਕਰੋ

ਪੜ੍ਹੋ

ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਨੌਜਵਾਨਾਂ

29ਵੇਂ ਆਲ ਇੰਡੀਆ ਜੇ.ਪੀ. ਅਤਰੇ ਕ੍ਰਿਕਟ ਟੂਰਨਾਮੈਂਟ ਦੀਆਂ ਜੇਤੂ ਟੀਮਾਂ...