ਤਾਜ਼ਾ ਖ਼ਬਰਾਂ

ਦੇਸ਼ ’ਚ 13 ਕਰੋੜ ਕਿਸਾਨ ਤੇ ਸ਼ੰਭੂ ਬਾਰਡਰ ’ਤੇ ਸਿਰਫ਼ 750

ਨਵੀਂ ਦਿੱਲੀ, 18 ਸਤੰਬਰ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੇਂਦਰ ’ਚ ਭਾਜਪਾ ਦੀ ਅਗਵਾਈ ਹੇਠਲੀ ਐੱਨਡੀਏ ਸਰਕਾਰ ਵੱਲੋਂ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਫਸਲੀ ਉਤਪਾਦਨ ਨੂੰ ਹੁਲਾਰਾ ਦੇਣ ਲਈ ਚੁੱਕੇ ਗਏ ਕਦਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ਵਿੱਚ ਤਕਰੀਬਨ 13 ਕਰੋੜ ਕਿਸਾਨ ਹਨ ਤੇ ਉਨ੍ਹਾਂ ’ਚੋਂ ਸਿਰਫ਼ 750 ਦੇ ਕਰੀਬ ਕਿਸਾਨ ਹੀ ਸ਼ੰਭੂ ਬਾਰਡਰ ’ਤੇ ਧਰਨੇ ’ਤੇ ਬੈਠੇ ਹੋਏ ਹਨ, ਜੇ ਤੁਸੀਂ ਇਸ ਨੂੰ ਅਸ਼ਾਂਤੀ ਕਹੋਗੇ ਤਾਂ ਮੈਨੂੰ ਨਹੀਂ ਪਤਾ ਇਸ ਨੂੰ ਕੀ ਕਹਾਂ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਐੱਨਡੀਏ-3.0 ਸਰਕਾਰ ਦੇ ਪਹਿਲੇ ਸੌ ਦਿਨ ਪੂਰੇ ਹੋਣ ਸਬੰਧੀ ਰੱਖੀ ਪ੍ਰੈੱਸ ਕਾਨਫਰੰਸ ਦੌਰਾਨ ਸਵਾਲਾਂ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸਾਨ ਹਮਾਇਤੀ ਹੈ ਤੇ ਉਨ੍ਹਾਂ ਐੱਮਐੱਸਪੀ ’ਤੇ ਰਿਕਾਰਡ ਖਰੀਦ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿਚਲੀ ਭਾਜਪਾ ਸਰਕਾਰ ਉਨ੍ਹਾਂ ਮੁਜ਼ਾਹਰਾਕਾਰੀ ਕਿਸਾਨਾਂ ਨਾਲ ਗੱਲਬਾਤ ’ਚ ਰੁੱਝੀ ਹੋਈ ਹੈ ਜੋ ਪੰਜਾਬ ਤੇ ਹਰਿਆਣਾ ਨੇੜੇ ਸ਼ੰਭੂ ਬਾਰਡਰ ’ਤੇ ਬੈਠੇ ਹੋਏ ਹਨ। ਉਨ੍ਹਾਂ ਕਿਹਾ ਕਿ ਐੱਨਡੀਏ ਸਰਕਾਰ ਕਾਂਗਰਸ ਦੀ ਅਗਵਾਈ ਹੇਠਲੀ ਯੂਪੀਏ ਸਰਕਾਰ ਦੀ ਤਰ੍ਹਾਂ ਕਿਸਾਨਾਂ ਦਾ ਯਕਮੁਸ਼ਕ ਕਰਜ਼ਾ ਮੁਆਫੀ ਦਾ ਸੌਖਾ ਰਾਹ ਅਪਣਾ ਸਕਦੀ ਸੀ ਪਰ ਉਨ੍ਹਾਂ ਸਮੱਸਿਆ ਦੇ ਹੱਲ ਦਾ ਰਾਹ ਚੁਣਿਆ।

ਪੀਐੱਮ ਨਰਿੰਦਰ ਮੋਦੀ ਤੀਜੇ ਕਾਰਜਕਾਲ ਦੇ ਪਹਿਲੇ ਸੌ ਦਿਨਾਂ ਦੀਆਂ ਪ੍ਰਾਪਤੀਆਂ ਬਾਰੇ ਕਿਤਾਬਚਾ ਜਾਰੀ ਕਰਨ ਲਈ ਰੱਖੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਕੇਂਦਰੀ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦੇ ਪਹਿਲੇ ਸੌ ਦਿਨਾਂ ਅੰਦਰ ਖੇਤੀ ਪੈਦਾਵਾਰ ਤੇ ਬਰਾਮਦ ਵਧਾਉਣ ’ਤੇ ਧਿਆਨ ਕੇਂਦਰਿਤ ਕਰਦਿਆਂ ਕਿਸਾਨਾਂ ਦੇ ਹਿੱਤ ’ਚ ਕਈ ਨੀਤੀਆਂ ਲਾਗੂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਸਾਨਾਂ ਦੀ ਭਲਾਈ ਲਈ ਚੁੱਕੇ ਕਦਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਸਟਾਰਟਅੱਪ ਤੇ ਦਿਹਾਤੀ ਉਦਮਾਂ ਨੂੰ ਹਮਾਇਤ ਦੇਣ ਲਈ ਖੇਤੀ ਬੁਨਿਆਦੀ ਢਾਂਚਾ ਫੰਡ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਦੇ ਜੀਵਨ ਤੇ ਰੁਜ਼ਗਾਰ ਨੂੰ ਬਿਹਤਰ ਬਣਾਉਣ ਲਈ ਸੱਤ ਯੋਜਨਾਵਾਂ ਤਹਿਤ 14,200 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਉਨ੍ਹਾਂ ਪੀਐੱਮ-ਕਿਸਾਨ ਯੋਜਨਾ ਤਹਿਤ 9.3 ਕਰੋੜ ਕਿਸਾਨਾਂ ਨੂੰ 20 ਹਜ਼ਾਰ ਕਰੋੜ ਰੁਪਏ ਵੰਡਣ ਸਮੇਤ ਖੇਤੀ ਖੇਤਰ ਦੀਆਂ ਅਹਿਮ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਸ਼ਾਹ ਨੇ ਕਿਹਾ, ‘ਅਸੀਂ ਪੀਐੱਮ-ਕਿਸਾਨ ਤਹਿਤ 17ਵੀਂ ਕਿਸ਼ਤ ਵੰਡੀ ਹੈ। ਹੁਣ ਤੱਕ 12.33 ਕਰੋੜ ਕਿਸਾਨਾਂ ਨੂੰ ਤਿੰਨ ਲੱਖ ਕਰੋੜ ਰੁਪਏ ਵੰਡੇ ਜਾ ਚੁੱਕੇ ਹਨ।

ਸਾਂਝਾ ਕਰੋ

ਪੜ੍ਹੋ

ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਨੌਜਵਾਨਾਂ

29ਵੇਂ ਆਲ ਇੰਡੀਆ ਜੇ.ਪੀ. ਅਤਰੇ ਕ੍ਰਿਕਟ ਟੂਰਨਾਮੈਂਟ ਦੀਆਂ ਜੇਤੂ ਟੀਮਾਂ...