
ਲਾਡੀ ਚਾਵਾਂ ਨਾਲ਼ ਪਲਦਾ ਹੋਇਆ ਹੁਣ 18 ਸਾਲਾਂ ਦਾ ਹੋ ਗਿਆ ਸੀ। ਉਹ ਇਕੱਲਾ ਪੁੱਤ ਹੋਣ ਕਰਕੇ ਮਾਂ ਵਲੋਂ ਉਸਦੀ ਹਰ ਇੱਛਾ ਪੂਰੀ ਕੀਤੀ ਜਾਂਦੀ। ਪਰ ਮਾਂ ਦੇ ਲਾਡ ਨੇ ਲਾਡੀ ਨੂੰ ਲਾਪਰਵਾਹ ਬਣਾ ਦਿੱਤਾ ਸੀ ਅਤੇ ਆਪਣੀ ਹਰ ਗੱਲ ਮਾਂ ਪਿਉ ਨਾਲ਼ ਜ਼ਿੱਦ ਕਰਕੇ ਪੂਰੀ ਕਰਾ ਲੈਂਦਾ ਸੀ। ਇਸੇ ਚਾਅ ਲਾਡ ਕਰਕੇ ਹੀ ਲਾਡੀ ਵਿਗੜ ਚੁੱਕਾ ਸੀ।ਦਾਦੀ ਦਾਦੇ ਨੇ ਬਹੂ ਨੂੰ ਕਈ ਵਾਰ ਸਮਝਾਇਆ ਸੀ ਬੱਚਿਆਂ ਨਾਲ਼ ਵੱਧ ਤੋਂ ਵੱਧ ਪਿਆਰ ਕਰੋ ਪਰ ਉਸ ਦੀ ਹਰ ਜ਼ਿੱਦ ਪੂਰੀ ਨਾ ਕਰਿਆ ਕਰੋ ਤਾਂ ਕਿ ਉਹ ਜ਼ਿੱਦੀ ਨਾ ਬਣ ਜਾਏ। ਕੱਲ ਨੂੰ ਪਰੇਸ਼ਾਨੀ ਝੱਲਣੀ ਪਏਗੀ। ਪਰ ਬਹੂ ਇਹ ਗੱਲ ਸਮਝਣ ਲਈ ਤਿਆਰ ਹੀ ਨਹੀਂ ਸੀ। ਜਿਸ ਦਾ ਨਤੀਜਾ ਅੱਜ ਸ਼ਾਲੂ ਭੁਗਤ ਰਹੀ ਹੈ। ਇਕ ਦਿਨ ਲਾਡੀ ਰਾਤ ਨੂੰ ਬਹੁਤ ਹੀ ਦੇਰ ਨਾਲ ਨਸ਼ਾ ਕਰਕੇ ਆਇਆ ਤਾਂ ਰਜਿੰਦਰ ਨੇ ਬੜੇ ਗੁੱਸੇ ਵਿਚ ਝਿੜਕਿਆ ਸੀ।ਪਰ ਲਾਡੀ ਨੂੰ ਨਾ ਤਾਂ ਕੁਝ ਪਤਾ ਲੱਗ ਰਿਹਾ ਸੀ ਨਾ ਹੀ ਉਸ ਤੋਂ ਖੜ੍ਹ ਹੋ ਰਿਹਾ ਸੀ।”ਸ਼ਾਲੂ ਦੇਖ, ਇਹਨੇ ਕੀ ਖਾਧਾ ਹੈ? ਇਸਨੂੰ ਤਾਂ ਸੁਰਤ ਹੀ ਨਹੀਂ ਹੈ।” ਰਜਿੰਦਰ ਪੁੱਤ ਨੂੰ ਫੜਕੇ ਮੰਜੇ ਤੇ ਪਾਉਣ ਲੱਗਾ ਤਾਂ ਲਾਡੀ ਪਿਓ ਨੂੰ ਵੀ ਲੈ ਕੇ ਡਿੱਗ ਪਿਆ।ਹੁਣ ਮਾਂ ਤੇ ਪਿਓ ਸਾਰੀ ਰਾਤ ਪੁੱਤ ਦੇ ਕੋਲ਼ ਬੈਠੇ ਰਹੇ ਤੇ ਰਜਿੰਦਰ ਬਹੁਤ ਹੀ ਪਰੇਸ਼ਾਨ ਹੋ ਗਿਆ ਸੀ।ਉਹ ਸਮਝ ਗਿਆ ਸੀ ਕਿ ਲਾਡੀ ਮਾੜੀ ਸੰਗਤ ਵਿਚ ਫਸ ਗਿਆ ਹੈ। ਜੇ ਕਰ ਇਹ ਨਾ ਸੰਭਲ਼ਿਆ ਤਾਂ ਸਾਡਾ ਸਾਰਾ ਟੱਬਰ ਬਰਬਾਦ ਹੇ ਜਾਵੇਗਾ। “ਸ਼ਾਲੂ, ਲਾਡੀ ਪਹਿਲਾਂ ਵੀ ਕਦੇ ਇਸ ਤਰਾਂ ਹੋਇਆ ਸੀ?”ਜੀ ਨਹੀਂ, ਅੱਜ ਪਤਾ ਨਹੀਂ ਕੀ ਹੋਇਆ।” ਮਾਂ ਪਿਓ ਦੀਆਂ ਅੱਖਾਂ ਵਿਚ ਹੀ ਸਾਰੀ ਰਾਤ ਨਿਕਲ ਗਈ। ਸਵੇਰ ਹੋਈ ਤਾਂ ਰਜਿੰਦਰ ਲਾਡੀ ਦੇ ਉੱਠਣ ਤੋਂ ਪਹਿਲਾਂ ਹੀ ਕੰਮ ਤੇ ਜਾ ਚੁੱਕਾ ਸੀ। ਮਾਂ ਖਿੱਝ ਕੇ ਲਾਡੀ ਨੂੰ ਬੋਲਦੀ ਰਹੀ ।”ਦੇਖ ਤੇਰੇ ਪਿਓ ਨੂੰ ਮੈਂ ਝੂਠ ਬੋਲ ਕੇ ਤੋਰ ਦਿੱਤਾ। ਜਿਸ ਦਿਨ ਉਸ ਨੂੰ ਪਤਾ ਲੱਗ ਗਿਆ ਤਾਂ ਉਸ ਦਿਨ ਤੇਰੀ ਛਿੱਤਰ ਪਰੇਡ ਖ਼ੂਬ ਹੋਏਗੀ ਤੇ ਤੇਰੇ ਕਰਕੇ ਮੇਰਾ ਵੀ ਚੰਡ ਨਿਕਲੇਗਾ। ਛੱਡ ਦੇ ਇਹ ਨਸ਼ੇ ਦਾ ਕੋਹੜ । ਚੱਜਦੇ ਕੰਮ ਕਰ ਆਪਣੀ ਜ਼ਿੰਦਗੀ ਨੂੰ ਸੰਭਾਲ਼, ਮੈਂ ਕਿਥੋਂ ਤੱਕ ਤੇਰੀਆਂ ਗਲਤੀਆਂ ‘ਤੇ ਪਰਦਾ ਪਾਉਂਦੀ ਰਹਾਂ।”ਲਾਡੀ ਪੁੱਤਰ, “ਦੇਖ ਬਹੁਤ ਵਾਰ ਤੈਨੂੰ ਕਿਹਾ, ਅਮਲੀ ਕਿਆਂ ਦੇ ਮੁੰਡਿਆਂ ਨਾਲ ਦੋਸਤੀ ਰੱਖਣੀ ਛੱਡ ਦੇ। ਆਪ ਤਾਂ ਉਹਨਾਂ ਨੇ ਨਸ਼ਾ ਖਾ-ਖਾ ਕੇ ਸਾਰੀ ਜਮੀਨ ਨਿਗਲ਼ ਲਈ । ਹੁਣ ਭਿਖਾਰੀ ਬਣੇ ਫਿਰਦੇ ਆ। ਕੋਈ ਵੀ ਨੇੜੇ ਲੱਗਣ ਨਹੀਂ ਦਿੰਦਾ ਉਹਨਾਂ ਨੂੰ। ਹੁਣ ਉਹਨਾਂ ਦੀ ਰੋਟੀ ਵੀ ਚਲਣੀ ਔਖੀ ਆ। ਕਹਿੰਦੇ ,ਜਿਹੜਾ ਬਹੁਤ ਮਹਿੰਗਾ ਨਸ਼ਾ ਹੈ ਇਹ ਮੁੰਡਾ ਉਹ ਨਸ਼ਾ ਕਰਦਾ ਹੈ। ਅੱਗ ਲੱਗਣੇ ਨੂੰ ਪਤਾ ਨੀ ਚਿੱਟਾ ਕਹਿੰਦੇ ਆ ਜਾਂ ਕਾਲਾ । ਕਹਿੰਦੇ ਨੇ ਇਕ ਵਾਰ ਉਹ ਨਸ਼ਾ ਜਿਸ ਦੇ ਗਲੇ ਥੱਲੇ ਉੱਤਰ ਗਿਆ ਉਸ ਬੰਦੇ ਨੇ ਇਕ ਦਿਨ ਮਰਨਾ ਹੀ ਮਰਨਾ ਹੈ”। “ਮਾਂ ਮੇਰੀ ਗੱਲ ਸੁਣ ਲੈ ਮੈਨੂੰ ਬਹੁਤਾ ਲੈਕਚਰ ਨਾ ਦਿਆ ਕਰ।ਜੋ ਇਸ ਨਸ਼ੇ ਵਿਚ ਅਨੰਦ ਹੈ ਨਾ,ਤੁਸੀਂ ਤਾਂ ਜ਼ਿੰਦਗੀ ਵਿੱਚ ਇਹੋ ਜਿਹੇ ਨਜਾਰੇ ਸੁਪਨੇ ਵਿੱਚ ਵੀ ਨਹੀਂ ਦੇਖੇ ਹੋਣੇ। ਤੁਸੀਂ ਤਾਂ ਜ਼ਿੰਦਗੀ ਭਰ ਛੋਟੀ ਜਿਹੀ ਹੀ ਇੱਛਾ ਨੂੰ ਪੂਰੀ ਕਰਨ ਲਈ ਤਰਸਦੇ ਰਹੇ ।ਪਰ ਮੈਂ ਨਹੀ ਤਰਸਣਾ ਤੁਸੀਂ ਜ਼ਿੰਦਗੀ ਵਿੱਚ ਕਰਦੇ ਕੀ ਰਹੇ। ਨਾ ਚੰਗਾ ਖਾਧਾ ਨਾ ਚੰਗਾ ਪਹਿਨਿਆਂ ਬੱਸ ਦਿਨ ਰਾਤ ਕੰਮ “। “ਹਾਂ, ਹਾਂ, ਅਸੀਂ ਤਾਂ ਕੁਝ ਵੀ ਨਹੀਂ ਕੀਤਾ ,ਆਹ ਐਨੀ ਐਸ਼ਪ੍ਰਸਤੀ ਕੀਹਦੇ ਸਿਰ ‘ਤੇ ਕਰਦਾ ਏ ? ਕਦੇ ਸੋਚਿਆ!” “ਬਸ ਬਸ ਬੰਦ ਕਰੋ ਲੈਕਚਰ, ਮੈਨੂੰ 500 ਰੁਪਏ ਚਾਹੀਦੇ ਨੇ ਮੈਂ ਕਿਸੇ ਦੇ ਦੇਣੇ ਆ।” “ਮੈਂ ਕਿਹੜੇ ਖੂਹ ‘ਚੋਂ ਲੈ ਕੇ ਆਵਾਂ,ਤੇਰਾ ਤਾਂ ਨਿੱਤ ਦਾ ਕੰਮ ਹੈ।” “ਮਾਂ ਪੈਸੇ ਦੇਣੇ ਜਾਂ ਨਹੀਂ ,ਇਕ ਵਾਰ ਦੱਸ ਦੇ”। “ਟੁੱਟ ਪੈਣਿਆਂ ਮੈਂ ਕੀਹਦੇ ਕੋਲੋਂ ਲੈ:ਕੇ ਆਵਾਂ, ਸਾਰੇ ਮੁਹੱਲੇ ਤੋਂ ਲੈ ਚੁੱਕੀ ਹਾਂ । ਕਿਸੇ ਕੋਲ਼ੋਂ ਹਜ਼ਾਰ ਕਿਸੇ ਕੋਲੋਂ ਦੋ ਹਜ਼ਾਰ ਕੋਈ ਘਰ ਨਹੀਂ ਛੱਡਿਆ। ਤੇਰਾ ਨਸ਼ਾ ਨਹੀਂ ਪੂਰਾ ਹੋਇਆ।ਨਾ ਕਿਸੇ ਦੇ ਪੈਸੇ ਮੋੜ ਹੋਏ । ਤੇਰੇ ਪਿਓ ਦੀ ਸਾਰੀ ਕਮਾਈ ਤੂੰ ਧੂੜ ਦੀ ਤਰਾਂ ਉੜਾ ਕੇ ਰੱਖ ਦਿੱਤੀ।”
ਲਾਡੀ ਨੂੰ ਨਸ਼ੇ ਦੀ ਤੋੜ ਨੇ ਤੜਫਾ ਰੱਖਿਆ ਸੀ ਤੇ ਨਸ਼ੇ ਦੀ ਤੋੜ ਤੋਂ ਦੁਖੀ ਹੋਇਆ ਲਾਡੀ ਹੁਣ ਗੁੱਸੇ ਵਿਚ ਚੀਜ਼ਾਂ ਦੀ ਭੰਨ ਤੋੜ ਕਰਨ ਲੱਗਾ। ਛੋਟੀ ਭੈਣ ਨੂੰ ਡੰਡਿਆਂ ਨਾਲ ਕੁੱਟਣ ਲੱਗਾ । ਫਿਰ ਮਾਂ ਨੂੰ ਡੰਡੇ ਨਾਲ਼ ਭੰਨਣ ਲੱਗਾ। ਚੀਕ ਚਿਹਾੜਾ ਪੈਣ ਲੱਗ ਪਿਆ। ਮੁਹੱਲੇ ਵਾਲ਼ੇ ਇਕੱਠੇ ਹੋ ਕੇ ਉਸ ਨੂੰ ਰੋਕਣ ਲੱਗੇ । ਪਰ ਲਾਡੀ ਕਿਸੇ ਤੋਂ ਵੀ ਕਾਬੂ ਨਹੀਂ ਸੀ ਆ ਰਿਹਾ। ਮਾਵਾਂ ਧੀਆਂ ਨੇ ਦੂਜਿਆਂ ਦੇ ਘਰੀਂ ਜਾ ਕੇ ਆਪਣੇ ਆਪ ਨੂੰ ਬਚਾਇਆ। ਦੋਵੇਂ ਮਾਂ ਧੀ ਲਹੂ ਲੁਹਾਨ ਹੋ ਗਈਆਂ ਸੀ। ਉੱਚੀ-ਉੱਚੀ ਰੌਲ਼ਾ ਪਾਉਣ ਲੱਗੀਆਂ । “ਕੋਈ ਹੈ, ਜੋ ਪੁਲੀਸ ਨੂੰ ਫੋਨ ਕਰੇ ,ਸਾਨੂੰ ਇਸ ਕੰਜਰ ਤੋਂ ਬਚਾ ਲਓ।ਪਾਪੀ ਨੇ ਸਾਨੂੰ ਮਾਰ ਦੇਣਾ। ਅਖੀਰ ਲਾਡੀ ਨੂੰ ਆਪੇ ਤੋਂ ਬਾਹਰ ਹੁੰਦਾ ਦੇਖ ਇਕ ਪੰਚ ਨੇ ਪੁਲੀਸ ਨੂੰ ਫੋਨ ਕਰਕੇ ਸਾਰੀ ਘਟਨਾ ਬਾਰੇ ਦੱਸਿਆ ਅਤੇ ਜਲਦੀ ਪਹੁੰਚਣ ਦੀ ਬੇਨਤੀ ਕੀਤੀ।
ਜਲਦੀ ਹੀ ਏ.ਐੱਸ.ਆਈ. ਸਣੇ ਤਿੰਨ ਪੁਲਸ ਵਾਲੇ ਪਹੁੰਚ ਗਏ। ਸ਼ਾਲੂ ਦਾ ਹੁਣ ਸਾਹ ਵਿੱਚ ਸਾਹ ਆਇਆ ਅਤੇ ਪੁੱਤ ਤੋਂ ਡਰਦੀ- ਡਰਦੀ ਸਾਰੀ ਹਕੀਕਤ ਪੁਲੀਸ ਨੂੰ ਦੱਸ ਦਿੱਤੀ। ਮਾਂ ਧੀ ਨੇ ਆਪਣੇ ਲੱਗੀਆਂ ਹੋਈਆਂ ਸੱਟਾਂ ਵੀ ਦਿਖਾਈਆਂ। ਪਿੰਡ ਵਾਲਿਆਂ ਨੇ ਵੀ ਦੱਸਿਆ ਲਾਡੀ ਦਾ ਨਿੱਤ ਦਾ ਕੰਮ ਹੈ।ਇਸ ਨੂੰ ਕਿਸੇ ਵੀ ਤਰਾਂ ਸੁਧਾਰੋ। ਸ਼ਾਲੂ ਰੋਂਦੀ ਹੋਈ ਤਰਲੇ ਪਾਉਣ ਲੱਗੀ। ਸਾਹਿਬ ਇਸ ਨੂੰ ਜੇਲ ਭੇਜ ਦਿਓ ਸਾਨੂੰ ਇਸ ਤੋਂ ਬਹੁਤ ਖਤਰਾ ਹੈ। ਮਾਵਾਂ-ਧੀਆਂ ਦੀ ਹਾਲਤ ਦੇਖ ਠਾਣੇਦਾਰ ਨੂੰ ਗੁੱਸਾ ਆ ਗਿਆ। “ਪਾਓ ਲੰਮਾ ਇਸ ਵੱਡੇ ਬਦਮਾਸ਼ ਨੂੰ ,ਕੱਢੋ ਇਹਦੀ ਬਦਮਾਸ਼ੀ ਬਾਹਰ।” ਲਾਡੀ ਦੌੜਨ ਹੀ ਲੱਗਾ ਸੀ ਇੰਨੇ ਨੂੰ ਇਕ ਸਿਪਾਹੀ ਨੇ ਉੱਥੇ ਹੀ ਦਬੋਚ ਲਿਆ ਅਤੇ ਢਿੱਡ ਭਾਰ ਲੰਮਾ ਪਾ ਕੇ ਡੰਗਰਾਂ ਦੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ। ਪੁਲੀਸ ਦਾ ਕੁੱਟਣਾ ਅਤੇ ਲਾਡੀ ਦੇ ਤੜਫਣ ਨੂੰ ਦੇਖ ਰਹੇ ਸਾਰੇ ਲੋਕ ਕੰਬ ਗਏ ਸੀ। ਕਈ ਡਰ ਕੇ ਉਥੋਂ ਖਿਸਕ ਗਏ। ਹੁਣ ਲਾਡੀ ਹਾੜੇ ਕੱਢ ਰਿਹਾ ਸੀ । ਮੈਨੂੰ ਮਾਫ਼ ਕਰੋ ਮੈ ਫੇਰ ਗ਼ਲਤੀ ਨਹੀਂ ਕਰਾਂਗਾ। ਪਰ ਸਿਪਾਹੀ ਥਾੜ ਥਾੜ ਲਾਠੀ ਚਲਾ ਰਿਹਾ ਸੀ । ਸ਼ਾਲੂ ਇਹ ਸੀਨ ਦੇਖ ਕੇ ਰੋਣ ਲੱਗ ਜਾਂਦੀ ਹੈ ਅਤੇ ਹੁਣ ਉਸ ਤੋਂ ਪੁੱਤ ਦੇ ਮਾਰ ਪੈਂਦੀ ਝੱਲ ਨਹੀਂ ਸੀ ਹੋ ਰਹੀ। ਉਸ ਦੀ ਮਮਤਾ ਫਿਰ ਜਾਗ ਪਈ ਅਤੇ ਦੌੜ ਕੇ ਲਾਡੀ ਉਪਰ ਲੰਮੀ ਪੈ ਗਈ। ਠਾਣੇਦਾਰ ਦੇ ਤਰਲੇ ਕਰਨ ਲੱਗੀ।ਸਾਹਿਬ ਹੋਰ ਨਾ ਮਾਰੋ ਮੇਰੇ ਪੁੱਤ ਨੂੰ, ਇਹ ਸੁਧਰ ਜਾਏਗਾ। ਮਾਤਾ ਪਿੱਛੇ ਹਟ ਜਾ। ਆਪੇ ਫੋਨ ਕਰਕੇ ਪੁਲੀਸ ਨੂੰ ਬੁਲਾਉਂਦੇ ਹੋ ਤੇ ਬੋਲਦੇ ਹੋ, “ਅਸੀਂ ਮੁੰਡੇ ਤੋਂ ਤੰਗ ਬਹੁਤ ਹਾਂ ,ਇਸ ਨੂੰ ਸੁਧਾਰੋ।” ਮਾਤਾ ਇਹਨਾਂ ਨਸ਼ੇੜੀਆਂ ਨੂੰ ਇੰਨੀ ਮਾਰ ਨਾਲ਼ ਕੋਈ ਫ਼ਰਕ ਨਹੀਂ ਪੈਂਦਾ। ਸ਼ਾਲੂ ਦੇ ਤਰਲੇ ਕਰਨ ਤੇ ਪੁਲਸ ਵਾਲਿਆਂ ਨੇ ਲਾਡੀ ਨੂੰ ਬਹੁਤ ਸਮਝਾਇਆ। “ਕਾਕਾ ਨਸ਼ਾ ਖੋਰੀ ਛੱਡ ਦੇ ਨਹੀਂ ਤਾਂ ਮੌਤ ਸਮਝ ਨੇੜੇ ਹੀ ਹੈ।”ਲਾਡੀ ਹੁਣ ਚੁੱਪ-ਚਾਪ ਸਾਹਮਣੇ ਖੜਾ ਰੋਈ ਜਾ ਰਿਹਾ ਸੀ। ਠਾਣੇਦਾਰ ਫਿਰ ਬੋਲਿਆ,”ਕਾਕਾ ਬੋਲ ਇਸ ਕੋਹੜ ਨੂੰ ਛੱਡਣ ਲਈ ਤਿਆਰ ਹੈ ਜਾਂ ਨਹੀਂ।”ਜੀ ਮੈਂ ਛੱਡ ਦਿਆਂਗਾ ਪਰ ਹੌਲ਼ੀ- ਹੌਲ਼ੀ, ਨਾਲ਼ੇ ਮੰਮੀ ਹੁਣਾ ਨੂੰ ਵੀ ਤੰਗ ਨਹੀਂ ਕਰਾਂਗਾ।” “ਠੀਕ ਹੈ,ਜੇ ਤੂੰ ਇਹ ਕੋਹੜ ਛੱਡੇਂਗਾ ਤਾਂ ਤੈਨੂੰ ਆਪਣਾ ਕੰਮ ਚਲਾਉਣ ਲਈ ਅਸੀਂ ਤੇਰੀ ਮਦਦ ਵੀ ਕਰਾਂਗੇ। ਤੇ ਪੁਲੀਸ ਵਾਲੇ ਵਾਰਨਿੰਗ ਦੇ ਕੇ ਚਲੇ ਗਏ।
ਹੁਣ ਸ਼ਾਲੂ ਲਾਡੀ ਨੂੰ ਲੈਕੇ ਘਰ ਅੰਦਰ ਚਲੀ ਗਈ। ਘੰਟਾ ਭਰ ਘਰ ਵਿਚ ਖਾਮੋਸ਼ੀ ਛਾਈ ਰਹੀ।ਲਾਡੀ ਚੁਬਾਰੇ ਵਿਚ ਚਲਾ ਗਿਆ ਅਤੇ ਮਾਂ ਧੀ ਹੇਠ ਵਾਲੇ ਕਮਰੇ ਵਿਚ ਚੁੱਪੀ ਧਾਰ ਕੇ ਬੈਠ ਗਈਆਂ। ਅਚਾਨਕ ਅੱਧੇ ‘ਕ ਘੰਟੇ ਬਾਅਦ ਲਾਡੀ ਥੱਲੇ ਉੱਤਰ ਕੇ ਮਾਂ ਦੇ ਗੋਡੇ ਫੜਕੇ ,”ਮਾਂ ਮੈਂ ਹੁਣ ਮਨ ਬਣਾ ਲਿਆ ਹੈ ,ਮੈਂ ਹਮੇਸ਼ਾਂ ਲਈ ਇਸ ਕੋਹੜ ਦਾ ਫਾਹਾ ਵੱਢ ਦੇਣਾ ਹੈ। ਪਰ ਮੈਨੂੰ ਇਕ ਵਾਰ 500 ਰੁ ਦੇ ਦੇ, ਫੇਰ ਨਹੀਂ ਮੰਗਾਂਗਾ, ਬੱਸ ਆਖਰੀ ਵਾਰ। ਦੋਵੇਂ ਕੰਨ ਫੜ ਕੇ “ਮੇਰੀ ਤੋਬਾ ਹੈ ਮਾਂ! ਹੁਣ ਮਮਤਾ ਫਿਰ ਪਿਘਲ ਗਈ। ਲਾਡੀ ਵੱਲ ਕਿੰਨਾ ਚਿਰ ਤੱਕਦੀ ਰਹੀ ।ਅਖੀਰ ਹੌਲ਼ੀ – ਹੌਲ਼ੀ ਉੱਠਕੇ ਗੁਆਂਢਣ ਪਾਸ ਗਈ ਤੇ 500 ਰੁਪਏ ਦਾ ਸਵਾਲ ਪਾਇਆ ।ਪਰ ਉਸ ਨੇ ਜਵਾਬ ਦੇ ਦਿੱਤਾ ,”ਸ਼ਾਲੂ ਦੇਖ ਪਹਿਲਾਂ ਵੀ ਤੂੰ ਦੇਣੇ ਆ, ਵਾਪਸ ਤਾਂ ਦਿੰਦੀ ਨਹੀਂ,ਕਿੰਨੀ ਵਾਰ ਤੂੰ ਲਏ ਨੇ ,ਹੁਣ ਵੀ ਤੂੰ ਮੂੰਡੇ ਨੂੰ ਦੇਣੇ, ਫਿਰ ਤੁਹਾਡੀਆਂ ਲੱਤਾਂ ਭੰਨੇਗਾ।ਨਾ ਬਾਬਾ ਨਾ।”ਸ਼ਾਲੂ ਚੁੱਪ-ਚਾਪ ਚਲੀ ਗਈ। ਕਿਸੇ ਹੋਰ ਕੋਲ਼ੋਂ ਤਰਲਾ ਕਰ ਕੇ ਲੈ ਆਈ ਅਤੇ ਲਾਡੀ ਦੇ ਹੱਥ ਫੜਾਏ।”ਮੁੜਕੇ ਮੇਰੇ ਕੋਲੋਂ ਨਾ ਮੰਗੀਂ ਘਰ ਦਾ ਬਹੁਤ ਉਜਾੜਾ ਕਰ ਛੱਡਿਆ ਹੈ।”500 ਰੁਪਏ ਲੈ ਕੇ ਲਾਡੀ ਬਾਹਰ ਨੂੰ ਚਲਾ ਗਿਆ ਤੇ ਮਾਵਾਂ ਧੀਆਂ-ਮੰਜੇ ਤੇ ਚੁੱਪ ਚਾਪ ਬੈਠੀਆਂ ਰਹੀਆਂ। ਧੀ (ਰਾਣੋ) ਨੇ ਕਿਹਾ, “ਮੰਮੀ ਵੀਰ ਨੂੰ ਤੂੰ ਪੈਸੇ ਨਹੀਂ ਸੀ ਦੇਣੇ। ਮੈਨੂੰ ਤਾਂ ਡਰ ਲਗਦਾ ਹੈ।” ਕੀ ਕਰਦੀ, ਮਰਦਾ ਜਾਂਦਾ ਸੀ ,ਕਹਿੰਦਾ ਫੇਰ ਨਹੀਂ ਮੰਗਦਾ।
ਗੱਲਾਂ ਕਰਦੀਆਂ ਨੂੰ ਘੰਟੇ ਤੋੰ ਉੱਪਰ ਹੋ ਚੁੱਕਾ ਸੀ। ਜਦ ਅਚਾਨਕ ਲਾਡੀ ਨੇ ਜ਼ੋਰ ਨਾਲ ਦਰਵਾਜ਼ਾ ਖੋਲਿਆ।ਮਾਵਾਂ ਧੀਆਂ ਵੱਲ ਦੇਖਿਆ, ਚੁੱਪ-ਚਾਪ ਪੌੜੀਆਂ ਚੜੵ ਕੇ ਚੁਬਾਰੇ ਚਲਾ ਗਿਆ ।ਮਾਂ-ਧੀ ਨੇ ਚੁੱਪ-ਚਾਪ ਚਾਹ ਬਣਾ ਕੇ ਪੀਤੀ।ਮੰਜੇ ‘ਤੇ ਅਰਾਮ ਕਰਨ ਲੱਗ ਪਈਆਂ। ਦੋ ‘ਕ ਘੰਟੇ ਤੱਕ ਕੋਈ ਵੀ ਚੁਬਾਰੇ ਨਹੀਂ ਗਿਆ। ਸ਼ਾਮੀਂ ਲਾਡੀ ਦਾ ਛੋਟਾ ਭਰਾ (ਤੋਖੀ) ਕੰਮ ਤੋਂ ਛੁੱਟੀ ਕਰਕੇ ਆਇਆ ਤਾਂ ਆਉਂਦਾ ਹੀ ਕਿਸੇ ਚੀਜ਼ ਲਈ ਚੁਬਾਰੇ ਚੜੵ ਗਿਆ। ਕਮਰੇ ਦਾ ਦਰਵਾਜ਼ਾ ਢੋਇਆ ਹੋਇਆ ਸੀ। ਜਿਉਂ ਹੀ ਤੋਖੀ ਨੇ ਦਰ ਖੋਲਿਆ ਤਾਂ ਅੰਦਰਲਾ ਸੀਨ ਦੇਖ ਕੇ ਜ਼ੋਰ ਨਾਲ ਚੀਕ ਮਾਰੀ ਤਾਂ ਸਾਰਾ ਕਮਰਾ ਕੰਬ ਗਿਆ।ਚੀਕ ਚਿਹਾੜਾ ਪਾਉਂਦਾ ਹੋਇਆ ਆ ਕੇ ਮਾਂ ਦੇ ਮੰਜੇ ਤੇ ਡਿੱਗ ਪਿਆ। ਰੋਂਦਾ ਹੋਇਆ, “ਮਾਂ-ਮਾਂ ਉਪਰ ਵੀਰਾ ਮਾਂ! ਭੈਣ ਦੌੜੀ-ਦੌੜੀ ਉਪਰ ਗਈ ਤਾਂ ਉਹ ਵੀ ਇਕ ਦਮ ਥੱਲੇ ਮਾਂ ਕੋਲ ਆ ਕੇ ਡਿੱਗ ਪਈ ਤੇ ਚੀਕਾਂ ਮਾਰਨੀਆਂ ਸ਼ੁਰੁ ਕਰ ਦਿੱਤੀਆਂ। ਮਾਂ ਦੋਨਾਂ ਨੂੰ ਵਾਰ ਵਾਰ ਪੁੱਛੀ ਜਾ ਰਹੀ , “ਕੀ ਹੋਇਆ,ਕੀ ਹੋਇਆ”।ਪਰ ਭੈਣ ਭਰਾ ਦੀ ਜ਼ੁਬਾਨੋਂ ਸਿਵਾਏ ਚੀਕਾਂ ਤੋਂ ਕੁੱਝ ਨਹੀਂ ਸੀ ਨਿਕਲ਼ ਰਿਹਾ। ਰੌਲ਼ਾ ਸੁਣਕੇ ਆਂਢ-ਗੁਆਂਢ ਸਭ ਇਕੱਠੇ ਹੋ ਗਏ। ਭੈਣ-ਭਰਾ ਨੇ ਚੁਬਾਰੇ ਵੱਲ ਇਸ਼ਾਰਾ ਕਰਕੇ, “ਸਾਡਾ ਵੀਰ”। ਫਟਾ ਫਟ ਕੁੱਝ ਆਦਮੀ ਉਪਰ ਗਏ ਤਾਂ ਦੇਖ ਕੇ ਖਾਮੋਸ਼ ਹੋ ਗਏ। ਲਾਡੀ ਹੁਣ ਇਸ ਦੁਨੀਆ ਵਿਚ ਨਹੀਂ ਰਿਹਾ। ਉਸਨੇ ਰੱਸੀ ਨਾਲ ਛੱਤ ਦੇ ਪੱਖੇ ਨਾਲ ਲਟਕ ਕੇ ਫਾਹਾ ਲੈ ਲਿਆ ਸੀ। ਮਾਂ ਨੂੰ ਪਤਾ ਲੱਗਣ ਤੇ ਇਕ ਦਮ ਬੇਹੋਸ਼ ਹੋ ਗਈ । ਖਬਰ ਅੱਗ ਦੀ ਤਰਾਂ ਸਾਰੇ ਪਿੰਡ ਵਿਚ ਫੈਲ ਗਈ ।ਪਿੰਡ ਦੇ ਲੋਕਾਂ ਦੀ ਭੀੜ ਘਰ ਵਿਚ ਜਮਾਂ ਹੋ ਗਈ। ਪਿੰਡ ਦੇ ਮੋਹਤਵਾਰ ਬੰਦਿਆਂ ਨੇ ਆ ਕੇ ਲਾਡੀ ਨੂੰ ਪੱਖੇ ਨਾਲੋਂ ਲਾਹਿਆ ਜੋ ਹੁਣ ਤੱਕ ਇਕ ਲਾਸ਼ ਬਣ ਚੁੱਕਾ ਸੀ। ਪੁਲੀਸ ਨੂੰ ਖਬਰ ਦਿੱਤੀ ਗਈ ਅਤੇ ਉਸੇ ਵੇਲੇ ਉਹੀ ਏ.ਐੱਸ.ਆਈ ਆ ਗਿਆ। ਲਾਸ਼ ਦੇਖਕੇ ,ਇਹ ਲੜਕਾ ਤਾਂ ਸਵੇਰ ਵਾਲਾ ਹੀ ਹੈ। ਸਾਰੀ ਪੁੱਛ ਪੜਤਾਲ ਤੋਂ ਬਾਅਦ ਪੁਲੀਸ ਨੇ ਜਿਆਦਾ ਚੱਕਰਾਂ ਤੋਂ ਬਚਦਿਆਂ ,ਪੰਚਾਇਤ ਨੂੰ ਦਾਗ ਦੇਣ ਲਈ ਇਜਾਜ਼ਤ ਦੇ ਦਿੱਤੀ। ਇਸ ਬੁਰੀ ਖਬਰ ਨੇ ਸਾਰੇ ਪਿੰਡ ਵਿੱਚ ਹਾਹਾਕਾਰ ਮਚਾ ਦਿੱਤੀ। ਨਸ਼ੇ ਨੇ ਪਿੰਡ ਵਿਚ ਪਹਿਲੀ ਜ਼ਿੰਦਗੀ ਨਹੀਂ ਸੀ ਲਈ । ਇਹ ਦੋ ‘ਕ ਸਾਲਾਂ ਵਿਚ ਸੱਤਵੀਂ ਅੱਠਵੀਂ ਮੌਤ ਸੀਅਤੇ ਇਸੇ ਤਰ੍ਹਾਂ ਏ.ਐੱਸ.ਆਈ ਨੇ ਦੱਸਿਆ ਕਿ ਤੁਹਾਡੇ ਪਿੰਡ ਵਿੱਚ 18-20 ਨੌਜਵਾਨ ਜੋ ਇਸ ਤਰਾਂ ਦੇ ਨਸ਼ੇ ਵਿੱਚ ਪੱਕੇ ਹੋ ਚੁੱਕੇ ਹਨ। ਪਰ ਕੋਈ ਵੀ ਪਿੰਡ ਦਾ ਬੰਦਾ ਦੱਸਣ ਲਈ ਤਿਆਰ ਹੀ ਨਹੀਂ ਕੌਣ ਸਪਲਾਇਰ ਹੈ।
ਲਾਡੀ ਦੇ ਭੋਗ ਤੋਂ ਬਾਅਦ ਪਿੰਡ ਦੇ ਸੂਝਵਾਨ ਸੱਜਣਾਂ ਨੇ ਇਕ ਨਸ਼ਾ ਰੋਕੂ ਕਮੇਟੀ ਬਣਾ ਦਿੱਤੀ ਪਰ ਉਸ ਕਮੇਟੀ ਦੇ ਅੱਧੇ ਮੈਂਬਰ ਹੀ ਨਸ਼ਾ ਕਰਦੇ ਸੀ। ਇਕ ਸਾਲ ਬਾਅਦ ਫਿਰ ਹੀਰੇ ਵਰਗਾ ਨੌਜਵਾਨ ਚਿੱਟੇ ਦੀ ਭੇਂਟ ਚੜੵ ਗਿਆ ਪ੍ਰਸਾਸ਼ਨ ਸੁੱਤਾ ਪਿਆ ਹੈ। ਨਸ਼ੇ ਦੇ ਵਪਾਰੀ ਸ਼ਰੇਆਮ ਵਪਾਰ ਕਰ ਰਹੇ ਹਨ।ਅਸੀਂ ਕੁਝ ਵੀ ਨਹੀਂ ਕਰ ਰਹੇ ਕੱਲ ਨੂੰ ਕੋਈ ਹੋਰ ਮਾਪਿਆਂ ਦਾ ਲਾਡਲਾ ਨਸ਼ੇ ਦੀ ਭੇਂਟ ਚੜੵ ਜਾਏਗਾ। ਫਿਰ ਸੱਥਰ ਵਿਛੇਗਾ । ਅਸੀਂ ਸੱਥਰਾਂ ਤੇ ਬੈਠ ਕੇ ਅਫ਼ਸੋਸ ਕਰਾਂਗੇ। ਉਠ ਕੇ ਆ ਜਾਵਾਂਗੇ।ਲੀਡਰ ਆ ਕੇ ਨਸ਼ਾਬੰਦੀ ਦਾ ਭਾਸ਼ਨ ਦੇਣਗੇ।ਅਸੀਂ ਦੇਖਦੇ ਰਹਾਂਗੇ । ਪਰ ਅਸੀਂ ਟੱਸੋਂ ਮੱਸ ਨਹੀਂ ਹੋਵਾਂਗੇ। ਇਸੇ ਤਰਾਂ ਸੱਥਰ ਤੇ ਸੱਥਰ ਵਿਛਦਾ ਰਹੇਗਾ।ਇਹ ਸਿਲਸਿਲਾ ਇਸੇ ਤਰਾਂ ਚੱਲਦਾ ਰਹੇਗਾ ਉਦੋਂ ਤੱਕ ਜਦੋਂ ਤੱਕ ਅਸੀਂ ਇਸ ਅੱਗ ਨੂੰ ਸਮਝਾਂਗੇ ਨਹੀਂ।
ਜਾਗੋ ਵੀਰੋ ! ਇਹ ਕਹਾਣੀ ਕੋਈ ਮਨਘੜਤ ਨਹੀਂ ਹੈ।ਇਹੋ ਜੇਹੀਆਂ ਘਟਨਾਵਾਂ ਆਮ ਵਾਪਰ ਰਹੀਆਂ ਹਨ।
“ਬਚਨ ਗੁੜਾ”
ਮੋਬਾ. 9872107195