ਸ਼ੇਖ ਹਸੀਨਾ ਖਿਲਾਫ਼ ਕਤਲ ਦੀ ਕੋਸ਼ਿਸ਼ ਦਾ ਕੇਸ ਕੀਤਾ ਗਿਆ ਦਰਜ

ਢਾਕਾ, 16 ਸਤੰਬਰ – ਬੰਗਲਾਦੇਸ਼ ਦੀ ਗੱਦੀਓਂ ਲਾਂਭੇ ਕੀਤੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ (76) ਅਤੇ 58 ਹੋਰਨਾਂ ਖ਼ਿਲਾਫ਼ ਦੇਸ਼ ’ਚ ਪਿਛਲੇ ਮਹੀਨੇ ਹਿੰਸਕ ਝੜਪਾਂ ਦੌਰਾਨ ਇੱਕ ਵਿਦਿਆਰਥੀ ਦੇ ਕਤਲ ਦੀ ਕੋਸ਼ਿਸ਼ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਮੀਡੀਆ ਦੀ ਇੱਕ ਖ਼ਬਰ ’ਚ ਅੱਜ ਇਹ ਜਾਣਕਾਰੀ ਦਿੱਤੀ ਗਈ। ਸਰਕਾਰੀ ਨੌਕਰੀਆਂ ’ਚ ਕੋਟਾ ਪ੍ਰਣਾਲੀ ਖ਼ਿਲਾਫ਼ ਵਿਦਿਆਰਥੀਆਂ ਦੇ ਵੱਡੇ ਪੱਧਰ ’ਤੇ ਪ੍ਰਦਰਸ਼ਨਾਂ ਕਾਰਨ ਸ਼ੇਖ ਹਸੀਨਾ 5 ਅਗਸਤ ਨੂੰ ਅਸਤੀਫ਼ਾ ਦੇਣ ਮਗਰੋਂ ਭਾਰਤ ਚਲੇ ਗਈ ਸੀ, ਜਿਸ ਖ਼ਿਲਾਫ਼ ਇਹ ਨਵਾਂ ਕੇਸ ਦਰਜ ਕੀਤਾ ਗਿਆ ਹੈ। ਹਸੀਨਾ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਕੀਤੇ ਜਾ ਚੁੱਕੇ ਹਨ।

ਅਖਬਾਰ ‘ਦਿ ਡੇਲੀ ਸਟਾਰ’ ਦੀ ਖ਼ਬਰ ਮੁਤਾਬਕ ਫਾਹੀਮ ਫੈਸਲ (22) ਵੱਲੋਂ ਇਹ ਕੇਸ ਸ਼ੁੱਕਰਵਾਰ ਨੂੰ ਦਰਜ ਕਰਵਾਇਆ ਗਿਆ ਜਿਸ ਵਿੱਚ ਉਸ ਨੇ ਦਾਅਵਾ ਕੀਤਾ ਹੈ ਕਿ ਹਸੀਨਾ ਦੀ ਅਗਵਾਈ ਵਾਲੀ ਆਵਾਮੀ ਲੀਗ ਸਰਕਾਰ ਡਿੱਗਣ ਤੋਂ ਇੱਕ ਦਿਨ ਪਹਿਲਾਂ 4 ਅਗਸਤ ਨੂੰ ਦਿਨਾਜਪੁਰ ’ਚ ਸਰਕਾਰ ਵਿਰੋਧੀ ਪ੍ਰਦਰਸ਼ਨ ਦੌਰਾਨ ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ। ਕਤਲ ਦੀ ਕੋਸ਼ਿਸ਼ ਦੇ ਦੋਸ਼ ਹੇਠ ਦਰਜ ਇਸ ਨਵੇਂ ਕੇਸ ’ਚ 59 ਮੁਲਜ਼ਮਾਂ ’ਚ ਹਸੀਨਾ, ਸਾਬਕਾ ਵ੍ਹਿਪ ਇਕਬਾਲੁਰ ਰਹੀਮ ਅਤੇ ਦਿਨਾਜਪੁਰ ਸਦਰ ਉਪ ਜ਼ਿਲ੍ਹਾ ਚੇਅਰਮੈਨ ਇਮਾਦ ਸਰਕਾਰ ਸ਼ਾਮਲ ਹਨ। ਖ਼ਬਰ ਮੁਤਾਬਕ ਇਸ ਨਾਲ ਸ਼ੇਖ ਹਸੀਨਾ ਖ਼ਿਲਾਫ਼ ਦਰਜ ਕੇਸਾਂ ਦੀ ਗਿਣਤੀ 155 ਹੋ ਗਈ ਹੈ ਜਿਸ ਵਿੱਚ ਕਤਲ ਦੇ 136, ਮਨੁੱਖਤਾ ਖ਼ਿਲਾਫ਼ ਅਪਰਾਧ ਤੇ ਨਸਲਕੁਸ਼ੀ ਦੇ ਸੱਤ, ਅਗਵਾ ਦੇ ਤਿੰਨ, ਹੱਤਿਆ ਦੀ ਕੋਸ਼ਿਸ਼ ਦੇ ਅੱਠ ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੇ ਜਲੂਸ ’ਤੇ ਹਮਲੇ ਸਬੰਧੀ ਇੱਕ ਕੇਸ ਸ਼ਾਮਲ ਹੈ।

ਸਾਂਝਾ ਕਰੋ

ਪੜ੍ਹੋ

ਘਾਲਾ-ਮਾਲਾ

ਮਹਾਰਾਸ਼ਟਰ ਅਸੰਬਲੀ ਚੋਣਾਂ ਦੇ ਵੋਟਰ ਡੈਟੇ ਦੇ ਵਿਸ਼ਲੇਸ਼ਣ ਤੋਂ ਪਤਾ...