ਮੋਦੀ ਤੇ ਯੋਗੀ ਦੇ ਖਤਰਨਾਕ ਪੈਂਤੜੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਹਰਿਆਣਾ ਦੇ ਕੁਰੁਕਸ਼ੇਤਰ ਵਿਚ ਧਾਰਾ 370 ਹਟਾਉਣ ਦੇ ਨਾਂਅ ’ਤੇ ਭਾਜਪਾ ਲਈ ਵੋਟਾਂ ਮੰਗੀਆਂ। ਇਸ ਰੈਲੀ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਡੋਡਾ ਵਿਚ ਕੀਤੀ ਗਈ ਰੈਲੀ ਵਿਚ 370 ਦਾ ਜ਼ਿਕਰ ਨਹੀਂ ਕੀਤਾ। ਕੁਰੁਕਸ਼ੇਤਰ ਵਿਚ ਮੋਦੀ ਨੇ ਕਿਹਾ ਕਿ ਜੇ ਕਾਂਗਰਸ ਨੂੰ ਜਿਤਾਇਆ ਤਾਂ ਉਹ ਜੰਮੂ-ਕਸ਼ਮੀਰ ਵਿਚ ਧਾਰਾ 370 ਫਿਰ ਲਾਗੂ ਕਰ ਦੇਵੇਗੀ। ਚੋਣ ਰੈਲੀਆਂ ਲਈ ਨਿਕਲਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਇਕ ਵੀਡੀਓ ਸ਼ੇਅਰ ਕੀਤੀ, ਜਿਸ ਵਿਚ ਉਹ ਦੁਰਗਾ ਦੀ ਮੂਰਤੀ ਦੇ ਅੱਗੇ ਵੱਛੀ ਨੂੰ ਲਾਡ ਕਰਦੇ ਨਜ਼ਰ ਆਏ। ਉਨ੍ਹਾ ਦੱਸਿਆ ਕਿ ਪ੍ਰਧਾਨ ਮੰਤਰੀ ਨਿਵਾਸ ’ਤੇ ਗਊ ਮਾਤਾ ਦਾ ਅੱਜ ਹੀ ਜਨਮ ਹੋਇਆ ਹੈ। ਇਸੇ ਦਰਮਿਆਨ ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਦਾ ਖੁਦ ਨੂੰ ਕੱਟੜ ਹਿੰਦੂ ਦਰਸਾਉਦਾ ਬਿਆਨ ਸਾਹਮਣੇ ਆਇਆ।

ਦਰਅਸਲ ਲੋਕ ਸਭਾ ਚੋਣਾਂ ਵਿਚ ਯੂ ਪੀ ’ਚ ਮਿਲੀ ਨਾਕਾਮੀ ਤੋਂ ਬਾਅਦ ਭਾਜਪਾ ਆਗੂਆਂ ਵੱਲੋਂ ਉਨ੍ਹਾ ਦੀ ਲੀਡਰਸ਼ਿਪ ਨੂੰ ਚੁਣੌਤੀ ਦੇਣ ਤੋਂ ਬਾਅਦ ਯੋਗੀ ਖੁਦ ਨੂੰ ਸਭ ਤੋਂ ਵੱਧ ਕੱਟੜ ਹਿੰਦੂ ਆਗੂ ਸਾਬਤ ਕਰਨ ਵਿਚ ਲੱਗੇ ਹੋਏ ਹਨ। ਇਹ ਵੀ ਕਹਿ ਸਕਦੇ ਹੋ ਕਿ ਮੋਦੀ ਤੇ ਯੋਗੀ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ ਕਿ ਕੌਣ ਸਭ ਤੋਂ ਵੱਧ ਕੱਟੜ ਹਿੰਦੂ ਆਗੂ ਹੈ। ਯੋਗੀ ਨੇ ਦੀਨਦਿਆਲ ਉਪਾਧਿਆਇ ਗੋਰਖਪੁਰ ਯੂਨੀਵਰਸਿਟੀ ਵਿਚ ‘ਸਮਰਸ ਸਮਾਜ ਦੇ ਨਿਰਮਾਣ ਵਿਚ ਨਾਥ ਪੰਥ ਦਾ ਯੋਗਦਾਨ’ ਵਿਸ਼ੇ ’ਤੇ ਕੌਮਾਂਤਰੀ ਸੈਮੀਨਾਰ ਦਾ ਉਦਘਾਟਨ ਕਰਦਿਆਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਕੁਝ ਲੋਕ ਗਿਆਨਵਾਪੀ ਨੂੰ ਮਸਜਿਦ ਕਹਿੰਦੇ ਹਨ, ਜਦਕਿ ਭਗਵਾਨ ਵਿਸ਼ਵਨਾਥ ਖੁਦ ਅਵਤਾਰ ਹਨ।

ਯੂ ਪੀ ਦੇ ਕਈ ਹਲਕਿਆਂ ਵਿਚ ਅਗਲੇ ਦੋ ਕੁ ਮਹੀਨਿਆਂ ਵਿਚ ਅਸੰਬਲੀ ਦੇ 10 ਹਲਕਿਆਂ ਦੀਆਂ ਜ਼ਿਮਨੀ ਚੋਣਾਂ ਹੋਣੀਆਂ ਹਨ। ਆਪੋਜ਼ੀਸ਼ਨ ਤੇ ਆਪਣੀ ਹੀ ਪਾਰਟੀ ਦੇ ਵਿਰੋਧੀ ਆਗੂਆਂ ਦੇ ਦਬਾਅ ਹੇਠ ਆਏ ਯੋਗੀ ਆਰ ਐੱਸ ਐੱਸ-ਭਾਜਪਾ ਦੇ ਫਿਰਕੂ ਕਤਾਰਬੰਦੀ ਦੇ ਹਥਿਆਰ ਦੀ ਵਰਤੋਂ ਖੁੱਲ੍ਹ ਕੇ ਕਰ ਰਹੇੇ ਹਨ, ਤਾਂ ਜੋ ਉਹ ਹਿੰਦੂਆਂ ਨੂੰ ਲਾਮਬੰਦ ਕਰਕੇ ਜ਼ਿਮਨੀ ਚੋਣਾਂ ਜਿੱਤ ਕੇ ਆਪਣੀ ਗੱਦੀ ਬਚਾਅ ਸਕਣ। ਅਜਿਹਾ ਕਰਦਿਆਂ ਉਹ ਇਸ ਦੀ ਵੀ ਪਰਵਾਹ ਨਹੀਂ ਕਰ ਰਹੇ ਕਿ ਜਿਸ ਮੁੱਦੇ ’ਤੇ ਉਹ ਬੋਲਦੇ ਹਨ, ਉਹ ਅਦਾਲਤ ’ਚ ਵਿਚਾਰ-ਅਧੀਨ ਹੈ। ਗਿਆਨਵਾਪੀ ਦਾ ਮਾਮਲਾ ਅਦਾਲਤ ਵਿਚ ਚੱਲ ਰਿਹਾ ਹੈ।

ਹਾਲਾਂਕਿ ਲੋਕ ਸਭਾ ਚੋਣਾਂ ਵਿਚ ਵੋਟਰਾਂ ਨੇ ਫੈਜ਼ਾਬਾਦ ਦੀ ਸੀਟ, ਜਿਸ ਵਿਚ ਅਯੁੱਧਿਆ ਦਾ ਇਲਾਕਾ ਵੀ ਆਉਦਾ ਹੈ, ਤੋਂ ਭਾਜਪਾ ਉਮੀਦਵਾਰ ਨੂੰ ਹਰਾ ਦਿੱਤਾ ਸੀ, ਯੋਗੀ ਤੇ ਮੋਦੀ ਸਬਕ ਸਿੱਖਣ ਨੂੰ ਤਿਆਰ ਨਹੀਂ। ਦਰਅਸਲ ਉਨ੍ਹਾਂ ਕੋਲ ਲੋਕਾਂ ਨੂੰ ਇਹ ਦੱਸਣ ਲਈ ਕੁਝ ਨਹੀਂ ਕਿ ਉਨ੍ਹਾਂ ਦੇ ਰਾਜ ਵਿਚ ਉਨ੍ਹਾਂ ਦੀ ਗਰੀਬੀ ਕਿੰਨੀ ਦੂਰ ਹੋਈ। ਉਨ੍ਹਾਂ ਦਾ ਸਾਰਾ ਜ਼ੋਰ ਮੁਸਲਿਮ ਧਰਮ ਅਸਥਾਨਾਂ ਨੂੰ ਹਿੰਦੂ ਧਰਮ ਅਸਥਾਨ ਦੱਸ ਕੇ ਬਹੁਗਿਣਤੀ ਲੋਕਾਂ ਨੂੰ ਗੁੰਮਰਾਹ ਕਰਨ ’ਤੇ ਲੱਗਾ ਹੋਇਆ ਹੈ। ਮੋਦੀ ਸਿੱਧੇ ਤੌਰ ’ਤੇ ਯੋਗੀ ਵਰਗੇ ਬਿਆਨ ਨਹੀਂ ਦਿੰਦੇ, ਪਰ ਅਯੁੱਧਿਆ ਵਿਚ ਰਾਮ ਮੰਦਰ ਦੇ ਉਦਘਾਟਨ ਤੇ ਮੰਦਰਾਂ ਦੇ ਦਰਸ਼ਨ ਦਾ ਪ੍ਰਸਾਰਨ ਕਰਵਾ ਕੇ ਸੰਕੇਤ ਦਿੰਦੇ ਰਹਿੰਦੇ ਰਹਿੰਦੇ ਹਨ ਕਿ ਹਿੰਦੂਆਂ ਦੇ ਸਭ ਤੋਂ ਵੱਡੇ ਆਗੂ ਉਹ ਹਨ।

ਸਾਂਝਾ ਕਰੋ

ਪੜ੍ਹੋ