450 ਸਾਲਾ ਸ਼ਤਾਬਦੀ ਸਬੰਧੀ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਵਿਖੇ ਖ਼ਾਲਸਾਈ ਜਾਹੋ-ਜਲਾਲ ਨਾਲ ਹੋਈ ਸਮਾਗਮਾਂ ਦੀ ਅਰੰਭਤਾ

-ਪਹਿਲੇ ਦਿਨ ਸੰਗਤੀ ਰੂਪ ’ਚ 3500 ਸਹਿਜ ਪਾਠਾਂ ਦੇ ਭੋਗ ਪਾਏ ਗਏ
ਸ੍ਰੀ ਗੋਇੰਦਵਾਲ ਸਾਹਿਬ, 16 ਸਤੰਬਰ(ਗਿਆਨ ਸਿੰਘ/ਏ.ਡੀ.ਪੀ.ਨਿਊਜ) – ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਿਆਈ ਦਿਵਸ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੇ 450 ਸਾਲਾ ਸ਼ਤਾਬਦੀ ਸਬੰਧੀ ਅੱਜ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਖ਼ਾਲਸਾਈ ਜਾਹੋ ਜਲਾਲ ਨਾਲ ਸਮਾਗਮਾਂ ਦੀ ਅਰੰਭਤਾ ਹੋਈ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ ਅਤੇ ਚੱਲ ਰਹੇ ਗੁਰਮਤਿ ਸਮਾਗਮਾਂ ਵਿੱਚ ਸ਼ਮੂਲੀਅਤ ਕੀਤੀ। ਚਾਰ ਦਿਨਾਂ ਦੇ ਸ਼ਤਾਬਦੀ ਸਮਾਗਮਾਂ ਦੇ ਪਹਿਲੇ ਦਿਨ ਅੱਜ ਸੰਗਤੀ ਰੂਪ ਵਿੱਚ 3500 ਸਹਿਜ ਪਾਠਾਂ ਦੇ ਭੋਗ ਪਾਏ ਗਏ ਅਤੇ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤਾ ਗਏ।

ਜ਼ਿਕਰਯੋਗ ਹੈ ਕਿ ਤੀਜੇ ਤੇ ਚੌਥੇ ਪਾਤਸ਼ਾਹ ਜੀ ਨਾਲ ਸਬੰਧਤ 450 ਸਾਲਾ ਸ਼ਤਾਬਦੀ ਨੂੰ ਸਮਰਪਿਤ ਧਰਮ ਪ੍ਰਚਾਰ ਕਮੇਟੀ ਅਤੇ ਆਸਟ੍ਰੇਲੀਆ ਦੀ ਸਹਿਜ ਪਾਠ ਸੰਸਥਾ ਵੱਲੋਂ ਸੰਗਤ ਦੇ ਸਹਿਯੋਗ ਨਾਲ ਦੇਸ਼ ਦੁਨੀਆ ਅੰਦਰ ਸ੍ਰੀ ਸਹਿਜ ਪਾਠ ਸਾਹਿਬ ਅਰੰਭ ਕਰਵਾਏ ਗਏ ਸਨ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਮੂਲੀਅਤ ਕਰਕੇ ਪਾਵਨ ਗੁਰਬਾਣੀ ਦੇ ਪਾਠ ਕੀਤੇ ਤੇ ਗੁਰੂ ਸਾਹਿਬਾਨ ਪ੍ਰਤੀ ਸ਼ਰਧਾ ਤੇ ਸਤਿਕਾਰ ਭੇਟ ਕੀਤਾ। ਇਸੇ ਦੌਰਾਨ ਸਰਬ ਹਿੰਦ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਕੇ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ ਗਿਆ।

ਸਹਿਜ ਪਾਠ ਕਰਨ ਵਾਲੀਆਂ ਸੰਗਤਾਂ ਨੂੰ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਅਤੇ ਸਹਿਜ ਪਾਠ ਸੰਸਥਾ ਵੱਲੋਂ ਪ੍ਰਸੰਸ਼ਾ ਪੱਤਰ ਵੀ ਦਿੱਤੇ ਗਏ। ਇਸ ਦੌਰਾਨ ਸ੍ਰੀ ਬਾਉਲੀ ਸਾਹਿਬ ਵਿਖੇ ਵੱਖ-ਵੱਖ ਇਲਾਕਿਆਂ ਤੋਂ ਨਗਰ ਕੀਰਤਨਾਂ ਦੀ ਵੀ ਲਗਾਤਾਰ ਆਮਦ ਹੁੰਦੀ ਰਹੀ। ਸਮਾਗਮਾਂ ਦੌਰਾਨ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਰਜਿੰਦਰ ਸਿੰਘ ਮਹਿਤਾ, ਅੰਤ੍ਰਿੰਗ ਮੈਂਬਰ ਸ. ਅਮਰਜੀਤ ਸਿੰਘ ਭਲਾਈਪੁਰ, ਮੈਂਬਰ ਸ. ਗੁਰਬਚਨ ਸਿੰਘ ਕਰਮੂੰਵਾਲਾ, ਸ. ਕੁਲਵੰਤ ਸਿੰਘ ਮੰਨਣ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸ. ਗੁਰਮੀਤ ਸਿੰਘ ਬੂਹ, ਭਾਈ ਅਜਾਇਬ ਸਿੰਘ ਅਭਿਆਸੀ, ਸ. ਮੰਗਵਿੰਦਰ ਸਿੰਘ ਖਾਪੜਖੇੜੀ, ਜਥੇਦਾਰ ਅਮਰੀਕ ਸਿੰਘ ਸ਼ਾਹਪੁਰ, ਸੀਨੀਅਰ ਅਕਾਲੀ ਆਗੂ ਸ. ਗੁਲਜਾਰ ਸਿੰਘ ਰਣੀਕੇ, ਜਿਲ੍ਹਾ ਪ੍ਰਧਾਨ ਸ. ਸੁਰਜੀਤ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਮੀਤ ਸਕੱਤਰ ਸ. ਗੁਰਨਾਮ ਸਿੰਘ, ਸ. ਮਨਜੀਤ ਸਿੰਘ ਤਲਵੰਡੀ, ਇੰਚਾਰਜ ਸ਼ਤਾਬਦੀ ਸ. ਸਤਨਾਮ ਸਿੰਘ ਰਿਆੜ, ਸ. ਕਰਤਾਰ ਸਿੰਘ, ਚੀਫ ਇੰਸਪੈਕਟਰ ਸ. ਜਗਦੀਸ਼ ਸਿੰਘ ਬੁੱਟਰ, ਮੈਨੇਜਰ ਸ. ਨਰਿੰਦਰ ਸਿੰਘ, ਸ. ਗੁਰਾ ਸਿੰਘ, ਹੈੱਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ, ਪ੍ਰਿੰ. ਬੀਬੀ ਮਨਜੀਤ ਕੌਰ, ਪ੍ਰਿੰ. ਰਾਜਪਾਲ ਸਿੰਘ, ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ, ਭਾਈ ਸਰਬਜੀਤ ਸਿੰਘ ਢੋਟੀਆਂ, ਸਹਿਜ ਪਾਠ ਸੰਸਥਾ ਤੋਂ ਸ. ਰਾਜਪਾਲ ਸਿੰਘ, ਸ. ਸਤਨਾਮ ਸਿੰਘ ਸੱਲ੍ਹੋਪੁਰੀ, ਸ. ਦਿਲਬਾਗ ਸਿੰਘ, ਸ. ਦਵਿੰਦਰ ਸਿੰਘ, ਸ. ਮਨਜੀਤ ਸਿੰਘ, ਸ. ਤਜਿੰਦਰ ਸਿੰਘ, ਸ. ਕੁਲਦੀਪ ਸਿੰਘ ਔਲਖ, ਸ. ਪ੍ਰੇਮ ਸਿੰਘ, ਸ. ਕੁਲਦੀਪ ਸਿੰਘ ਲਹੌਰੀਆ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦੇ ਨੁਮਾਇੰਦੇ ਅਤੇ ਸੰਗਤਾਂ ਹਾਜ਼ਰ ਸਨ।

ਸ਼ਤਾਬਦੀ ਸਮਾਗਮਾਂ ਮੌਕੇ ਪਹਿਲੇ ਦਿਨ ਸ੍ਰੀ ਬਾਉਲੀ ਸਾਹਿਬ ਵਿਖੇ ਸੰਗਤ ਦੀ ਵੱਡੀ ਆਮਦ
ਸ਼ਤਾਬਦੀ ਸਮਾਗਮਾਂ ਦੀ ਅਰੰਭਤਾ ਸਮੇਂ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚ ਰਹੀਆਂ ਹਨ। ਸ਼੍ਰੋਮਣੀ ਕਮੇਟੀ ਵੱਲੋਂ ਜਿੱਥੇ ਸੰਗਤ ਦੀ ਆਮਦ ਦੇ ਮੱਦੇਨਜ਼ਰ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਵਿਖੇ ਵੱਡੇ ਪ੍ਰਬੰਧ ਕੀਤੇ ਗਏ ਹਨ ਉੱਥੇ ਹੀ ਸ੍ਰੀ ਗੋਇੰਦਵਾਲ ਸਾਹਿਬ ਨੂੰ ਆਉਂਦੇ ਹਰ ਰਸਤੇ ’ਤੇ ਵੱਖ-ਵੱਖ ਜਥੇਬੰਦੀਆਂ, ਕਾਰ ਸੇਵਾ ਸੰਪ੍ਰਦਾਵਾਂ, ਸਭਾ ਸੁਸਾਇਟੀਆਂ, ਸੰਸਥਾਵਾਂ ਤੇ ਸੰਗਤਾਂ ਵੱਲੋਂ ਵੀ ਵਿਸ਼ੇਸ਼ ਲੰਗਰ ਆਦਿ ਦੇ ਪ੍ਰਬੰਧ ਕਰਕੇ ਸੰਗਤਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੋਇੰਦਵਾਲ ਸਾਹਿਬ ਵੱਲ ਆਉਂਦੇ ਸਾਰੇ ਰਸਤਿਆਂ ਉੱਤੇ ਸੰਗਤ ਦੇ ਸਵਾਗਤ ਲਈ ਵੱਡੇ ਸਵਾਗਤੀ ਗੇਟ ਲਗਾਏ ਗਏ ਹਨ। ਸ਼ਤਾਬਦੀ ਸਮਾਗਮਾਂ ਦੇ ਮੱਦੇਨਜ਼ਰ ਸ੍ਰੀ ਬਾਉਲੀ ਸਾਹਿਬ ਅਤੇ ਸਬੰਧਤ ਗੁਰ ਅਸਥਾਨਾਂ ਉੱਤੇ ਸੁੰਦਰ ਫੁੱਲਾਂ ਤੇ ਲਾਈਟਾਂ ਆਦਿ ਨਾਲ ਸਜਾਵਟ ਕੀਤੀ ਗਈ ਹੈ।

ਭਲਕੇ 16 ਸਤੰਬਰ ਨੂੰ ਹੋਣਗੇ ਧਾਰਮਿਕ ਤੇ ਗੱਤਕਾ ਮੁਕਾਬਲੇ
ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਤਾਬਦੀ ਸਮਾਗਮਾਂ ਦੇ ਚਲਦਿਆਂ ਦੂਸਰੇ ਦਿਨ 16 ਸਤੰਬਰ ਨੂੰ ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਤਿ ਦਿਵਸ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਹੋਵੇਗੀ। ਸ. ਕਾਹਲਵਾਂ ਨੇ ਦੱਸਿਆਂ ਕਿ 16 ਸਤੰਬਰ ਨੂੰ ਜਿੱਥੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਸਿੱਖ ਮਿਸ਼ਨਰੀ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਗੁਰਬਾਣੀ ਕੀਰਤਨ ਕੀਤਾ ਜਾਵੇਗਾ ਉੱਥੇ ਹੀ ਵਿਦਿਅਕ ਅਦਾਰਿਆਂ ਦੇ ਬੱਚਿਆਂ ਦੇ ਗੁਰਬਾਣੀ ਕੀਰਤਨ, ਕਵਿਸ਼ਰੀ, ਢਾਡੀ, ਕਵਿਤਾ ਅਤੇ ਭਾਸ਼ਣ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਸੰਧਿਆ ਵੇਲੇ ਨੈਸ਼ਨਲ ਗੱਤਕਾ ਟੀਮਾਂ ਵਿਚਕਾਰ ਮੁਬਾਲਕੇ ਵੀ ਹੋਣਗੇ।

ਉਨ੍ਹਾਂ ਕਿਹਾ ਕਿ ਗੱਤਕਾ ਮੁਕਾਬਲਿਆਂ ਵਿੱਚ ਸ਼੍ਰੋਮਣੀ ਕਮੇਟੀ ਦੀ ਗੱਤਕਾ ਟੀਮ ਤੋਂ ਇਲਾਵਾ ਨਿਰਵੈਰ ਖ਼ਾਲਸਾ ਗੱਤਕਾ ਅਖਾੜਾ ਰਾਜਪੁਰਾ, ਮਿਸ਼ਲ ਸ਼ਹੀਦਾਂ ਬਾਬਾ ਦੀਪ ਸਿੰਘ ਜੀ ਇੰਟਰਨੈਸ਼ਨਲ ਗੱਤਕਾ ਅਖਾੜਾ ਰੋਪੜ, ਮਾਤਾ ਸਾਹਿਬ ਕੌਰ ਗਲਰਜ਼ ਕਾਲਜ ਤਲਵੰਡੀ ਸਾਬ੍ਹੋ ਅਤੇ ਫ਼ਤਿਹ ਸਿੰਘ ਕੇ ਜਥੇ ਸਿੰਘ ਗੱਤਕਾ ਅਖਾੜਾ ਲੁਧਿਆਣਾ ਦੀਆਂ ਟੀਮਾਂ ਮੁਕਾਬਲੇ ਦੌਰਾਨ ਆਪਣੇ ਜੌਹਰ ਦਿਖਾਉਣਗੀਆਂ।

ਸਾਂਝਾ ਕਰੋ

ਪੜ੍ਹੋ

ਮੈਂ/ਕਵਿਤਾ/ਅਰਚਨਾ ਭਾਰਤੀ

  ਮੈਂ ਮੈਂ ਮੈਂ ਹਾਂ, ਮੈਂ ਹੀ ਰਹਾਂਗੀ। ਮੈਂ ਰਾਧਾ...