ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਵਾਨ ਹੋਣ ਤੋਂ ਬਾਅਦ ਹੜਤਾਲ ਖਤਮ

ਪਟਿਆਲਾ, 14 ਸਤੰਬਰ – ਪਾਵਰਕੌਮ ਨੇ ਬਿਜਲੀ ਮੁਲਾਜ਼ਮਾਂ ਦੀਆਂ ਅਹਿਮ ਮੰਗਾਂ ਮੰਨਣ ਦਾ ਐਲਾਨ ਕਰ ਦਿੱਤਾ ਹੈ, ਜਿਸ ਮਗਰੋਂ ਮੁਲਾਜ਼ਮਾਂ ਨੇ ਹੜਤਾਲ ਖਤਮ ਕਰ ਦਿੱਤੀ ਹੈ। ਅੱਜ ਬਿਜਲੀ ਮੰਤਰੀ ਹਰਭਜਨ ਸਿੰਘ ਵੱਲੋਂ ਸਕੱਤਰ ਰਾਹੁਲ ਤਿਵਾੜੀ, ਸੀਐੱਮਡੀ ਬਲਦੇਵ ਸਿੰਘ ਸਰਾ ਤੇ ਹੋਰ ਅਧਿਕਾਰੀਆਂ ਨਾਲ ਕਈ ਗੇੜ ਦੀ ਗੱਲਬਾਤ ਕੀਤੀ ਗਈ। ਇਸ ਮੌਕੇ ਅਹਿਮ ਮੰਗਾਂ ’ਤੇ ਸਹਿਮਤੀ ਬਣੀ ਜਿਸ ਤੋਂ ਬਾਅਦ ਬਿਜਲੀ ਮੁਲਾਜ਼ਮਾਂ ਦਾ ਸੰਘਰਸ਼ ਅੱਜ ਸਮਾਪਤ ਹੋ ਗਿਆ। ਆਗੂਆਂ ਰਤਨ ਸਿੰਘ ਮਜਾਰੀ, ਗੁਰਪ੍ਰੀਤ ਸਿੰਘ ਗੰਡੀਵਿੰਡ, ਗੁਰਵੇਲ ਸਿੰਘ ਬੱਲਪੁਰੀਆਂ ਨੇ ਦੱਸਿਆ ਕਿ ਸਰਕਾਰ ਨੇ ਲਟਕਦੇ ਮਸਲੇ ਹੱਲ ਕਰ ਦਿੱਤੇ ਹਨ।

ਜਥੇਬੰਦੀ ਦੇ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਦੱਸਿਆ ਕਿ ਰੈਗੂਲਰ ਟੀਮੈਟ ਕਰਮਚਾਰੀ ਦੇ ਗਰੁੱਪ 3 ਦੇ ਸਕੇਲ ਵਿੱਚ 1.12.11 ਤੋਂ 9800 ਦੀ ਬਜਾਏ 14300 ਦਾ ਵਾਧਾ ਕੀਤਾ ਜਾਵੇਗਾ, ਪੀਐਸਪੀਸੀਐਲ ਦੇ ਵੰਡ ਸਿਸਟਮ, ਟਰਾਂਸਮਿਸ਼ਨ, ਜਨਰੇਸ਼ਨ ਸਿਸਟਮ ਵਿੱਚ ਕੰਮ ਦੌਰਾਨ ਹਾਦਸਾ ਹੋਣ ਦੀ ਸੂਰਤ ਵਿਚ ਮੌਤ ਐਕਸਗਰੇਸ਼ੀਆ 10 ਲੱਖ ਤੋਂ ਵਧਾ ਕੇ 30 ਲੱਖ ਰੁਪਏ ਅਤੇ ਠੇਕਾ, ਆਊਟ ਸੋਰਸਿਸ ਰਾਹੀਂ ਕੰਮ ਕਰਦੇ ਕਾਮਿਆਂ ਨੂੰ 10 ਲੱਖ ਦੀ ਬਜਾਏ 20 ਲੱਖ ਰੁਪਏ ਅਤੇ 10 ਲੱਖ ਰੁਪਏ ਗਰੁੱਪ ਬੀਮਾ ਇਸ ਤੋਂ ਵੱਖਰਾ ਦਿੱਤਾ ਜਾਵੇਗਾ, 23 ਸਾਲਾ ਐਡਵਾਂਸ ਤਰੱਕੀ ਦਾ ਵਾਧਾ ਤੀਜੀ ਤਰੱਕੀ ਤੱਕ ਜਾਰੀ ਰਹੇਗਾ, ਆਰਟੀਐਮ ਕਰਮਚਾਰੀਆਂ ਦੀ ਤਰੱਕੀ ਕਰ ਕੇ 5 ਸਾਲਾਂ ਬਾਅਦ ਸਹਾਇਕ ਲਾਇਨਮੈਨ ਬਣਾਇਆ ਜਾਵੇਗਾ, ਬਿਜਲੀ ਨਿਗਮ ਦੀ ਮੈਨੇਜਮੈਂਟ ਨੇ 10 ਤੋਂ 13 ਸਤੰਬਰ ਤੱਕ ਮੁਲਾਜ਼ਮਾਂ ਦੀ ਲਗਾਈ ਗੈਰਹਾਜ਼ਰੀ ਨੂੰ ਬਣਦੀ ਛੁੱਟੀ ਤਬਦੀਲ ਕਰਕੇ ਗੈਰਹਾਜ਼ਰੀ ਦਾ ਸਮਾਂ ਨਿਯਮਤ ਕਰਨ ਦਾ ਫੈਸਲਾ ਕੀਤਾ ਹੈ।

ਹੜਤਾਲ ਕਾਰਨ ਥਰਮਲ ਪਲਾਂਟ ਦੇ ਛੇ ਨੰਬਰ ਯੂਨਿਟ ਦੀ ਮੁਰੰਮਤ ਰੁਕੀ

ਬੁਆਇਲਰ ਲੀਕੇਜ ਦੀ ਸਮੱਸਿਆ ਕਾਰਨ ਬੰਦ ਹੋਏ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ 6 ਨੰਬਰ ਯੂਨਿਟ ਦੀ ਮੁਰੰਮਤ ਦਾ ਕੰਮ ਕੁਝ ਦਿਨਾਂ ਲਈ ਹੋਰ ਲਟਕ ਗਿਆ ਹੈ ਕਿਉਂਕਿ ਪਾਵਰਕੌਮ ਕਾਮਿਆਂ ਦੀ ਹੜਤਾਲ ਜਾਰੀ ਹੈ। ਜਾਣਕਾਰੀ ਅਨੁਸਾਰ 11 ਸਤੰਬਰ ਨੂੰ ਸ਼ਾਮ ਵੇਲੇ ਪਲਾਂਟ ਦਾ ਯੂਨਿਟ ਨੰਬਰ 6 ਬੁਆਇਲਰ ਲੀਕ ਹੋਣ ਕਾਰਨ ਬੰਦ ਹੋ ਗਿਆ ਸੀ ਤੇ ਅੱਜ ਇਸ ਯੂਨਿਟ ਦੀ ਮੁਰੰਮਤ ਸ਼ੁਰੂ ਕੀਤੀ ਜਾਣੀ ਸੀ ਪਰ ਪਾਵਰਕੌਮ ਮੁਲਾਜ਼ਮਾਂ ਦੀ ਹੜਤਾਲ ਕਾਰਨ ਮੁਰੰਮਤ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਦੂਜੇ ਪਾਸੇ ਸੂਬੇ ਅੰਦਰ ਅੱਜ ਬਿਜਲੀ ਦੀ ਮੰਗ 13000 ਮੈਗਾਵਾਟ ਤੋਂ ਟੱਪ ਗਈ ਹੈ। ਥਰਮਲ ਮੁਲਾਜ਼ਮਾਂ ਦੀ ਹੜਤਾਲ ਕਾਰਨ ਪਲਾਂਟ ਦੇ ਯੂਨਿਟਾਂ ਨੂੰ ਅਧਿਕਾਰੀ ਚਲਾ ਰਹੇ ਹਨ ਅਤੇ ਅਧਿਕਾਰੀਆਂ ਵੱਲੋਂ ਬਾਕੀ ਦੇ ਯੂਨਿਟਾਂ ਵਿੱਚ ਕੋਈ ਨੁਕਸ ਪੈਣ ਦੇ ਡਰੋਂ ਉਨ੍ਹਾਂ ਨੂੰ ਹੌਲੀ ਗਤੀ ਨਾਲ ਚਲਾਇਆ ਜਾ ਰਿਹਾ ਹੈ।

ਸਾਂਝਾ ਕਰੋ

ਪੜ੍ਹੋ

ਮੈਂ/ਕਵਿਤਾ/ਅਰਚਨਾ ਭਾਰਤੀ

  ਮੈਂ ਮੈਂ ਮੈਂ ਹਾਂ, ਮੈਂ ਹੀ ਰਹਾਂਗੀ। ਮੈਂ ਰਾਧਾ...