
ਨਵੀਂ ਦਿੱਲੀ, 17 07 2021- ਕੇਂਦਰ ਸਰਕਾਰ ਵਲੋਂ ਲਾਗੂ ਤਿੰਨ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਅੰਦੋਲਨ ਕਿੰਨਾ ਸਮਾਂ ਚਲਦਾ ਰਹੇਗਾ, ਇਸ ਦਾ ਤਾਂ ਸਰਕਾਰ ਦੇ ਰਵਈਏ ‘ਤੇ ਨਿਰਭਰ ਹੈ ਪਰ ਅੰਦੋਲਨ ਕਰ ਰਿਹਾ ਕਿਸਾਨ, ਜਦੋਂ ਤਕ ਕਾਨੂੰਨ ਵਾਪਸ ਨਹੀਂ ਹੁੰਦੇ, ਧਰਨਿਆਂ ਵਾਲੀ ਥਾਂ ‘ਤੇ ਹੀ ਬੈਠੇ ਰਹਿਣ ਤੇ ਅਪਣਾ ਵਿਰੋਧ ਪ੍ਰਦਰਸ਼ਨ ਜਾਰੀ ਰਖਣਗੇ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤੇ ਮਸਲੇ ਦਾ ਜਲਦ ਤੋਂ ਜਲਦ ਹੱਲ ਕਢਣਾ ਚਾਹੀਦਾ ਹੈ ਪਰ ਮੌਜੂਦਾ ਹਾਲਾਤ ਨੂੰ ਦੇਖਦਿਆਂ ਅਜਿਹਾ ਲਗਦਾ ਹੈ ਕਿ ਦੇਸ਼ ‘ਚ ਜੰਗ ਹੋਵੇਗੀ | ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ 5 ਸਤੰਬਰ ਨੂੰ ਵੱਡੀ ਪੰਚਾਇਤ ਸੱਦੀ ਹੈ ਜਿਸ ਅੰਦਰ ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ ਜੋ ਵੀ ਫ਼ੈਸਲਾ ਲਿਆ ਜਾਂਦਾ ਹੈ, ਅਸੀਂ ਲਵਾਂਗੇ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕੋਲ ਵੀ 2 ਮਹੀਨਿਆਂ ਦਾ ਸਮਾਂ ਹੈ ਜਿਸ ਦੌਰਾਨ ਉਨ੍ਹਾਂ ਨੂੰ ਵੀ ਅਪਣਾ ਫ਼ੈਸਲਾ ਲੈਣਾ ਚਾਹੀਦਾ ਹੈ |