ਮਨੀਪੁਰ ਫਿਰ ਸੜਨਾ ਸ਼ੁਰੂ ਹੋ ਗਿਆ ਹੈ। ਤਾਜ਼ਾ ਹਿੰਸਾ ਸ਼ੁਰੂ ਹੋਣ ਤੋਂ ਬਾਅਦ ਰਾਜਧਾਨੀ ਇੰਫਾਲ ਦੇ ਦੋਹਾਂ ਜ਼ਿਲ੍ਹਿਆਂ ਵਿੱਚ ਕਰਫਿਊ ਲਾਉਣਾ ਪਿਆ ਹੈ। ਕਰਫਿਊ ਦੌਰਾਨ ਕਿਸੇ ਵੀ ਵਿਅਕਤੀ ਦੇ ਘਰ ਵਿੱਚੋਂ ਬਾਹਰ ਨਿਕਲਣ ਦੀ ਮਨਾਹੀ ਕੀਤੀ ਗਈ ਹੈ। ਮਨੀਪੁਰ ਦੇ ਮੁੱਖ ਮੰਤਰੀ ਵੱਲੋਂ ਛੇ ਮਹੀਨਿਆਂ ਅੰਦਰ ਰਾਜ ਵਿੱਚ ਸ਼ਾਂਤੀ ਬਹਾਲ ਕਰਨ ਦੇ ਦਾਅਵੇ ਦੇ ਇੱਕ ਹਫ਼ਤੇ ਦੌਰਾਨ ਹੀ ਸੂਬਾ ਫਿਰ ਹਿੰਸਾ ਦੀ ਲਪੇਟ ਵਿੱਚ ਆ ਗਿਆ ਹੈ। ਹੱਤਿਆਵਾਂ ਦੀਆਂ ਖ਼ਬਰਾਂ ਦੇ ਨਾਲ ਡਰੋਨ ਤੇ ਰਾਕਟ ਹਮਲਿਆਂ ਦੀਆਂ ਰਿਪੋਰਟਾਂ ਵੀ ਆ ਰਹੀਆਂ ਹਨ। ਇੱਕ ਸਤੰਬਰ ਤੋਂ ਹੁਣ ਤੱਕ ਵੱਖ-ਵੱਖ ਘਟਨਾਵਾਂ ਵਿੱਚ 11 ਵਿਅਕਤੀ ਮਾਰੇ ਜਾ ਚੁੱਕੇ ਹਨ। ਬੀਤੇ ਸੋਮਵਾਰ ਮੁਜ਼ਾਹਰਾਕਾਰੀਆਂ ਤੇ ਪੁਲਸ ਵਿਚਾਲੇ ਹੋਈ ਟੱਕਰ ਦੌਰਾਨ 20 ਵਿਅਕਤੀ ਜ਼ਖ਼ਮੀ ਹੋ ਗਏ ਸਨ। ਪੁਲਸ ਵੱਲੋਂ ਅੱਥਰੂ ਗੈਸ ਤੇ ਸਟੰਨ ਗ੍ਰਨੇਡ ਦੀ ਵਰਤੋਂ ਦੇ ਜਵਾਬ ਵਿੱਚ ਪ੍ਰਦਰਸ਼ਨਕਾਰੀਆਂ ਨੇ ਪੱਥਰਬਾਜ਼ੀ ਕੀਤੀ ਸੀ। ਰਾਜਧਾਨੀ ਇੰਫਾਲ ਵਿੱਚ ਪ੍ਰਦਰਸ਼ਨਕਾਰੀਆਂ ਨੇ ਰਾਜਪਾਲ ਤੇ ਮੁੱਖ ਮੰਤਰੀ ਦੇ ਸਰਕਾਰੀ ਘਰਾਂ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਸੀ। ਇਸੇ ਦੌਰਾਨ ਭਾਜਪਾ ਦੇ ਬੁਲਾਰੇ ਮਾਈਕਲ ਲਾਮਜਾਥਾਂਗ ਦੇ ਘਰ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ। ਪਿਛਲੇ ਸਾਲ ਹਿੰਸਾ ਸ਼ੁਰੂ ਹੋਣ ਤੋਂ ਹੁਣ ਤੱਕ 226 ਲੋਕ ਮਾਰੇ ਤੇ 1500 ਦੇ ਕਰੀਬ ਜ਼ਖ਼ਮੀ ਹੋ ਚੁੱਕੇ ਹਨ। 13247 ਘਰ, ਦੁਕਾਨਾਂ ਤੇ ਹੋਰ ਇਮਾਰਤਾਂ ਨਸ਼ਟ ਹੋ ਚੁੱਕੀਆਂ ਹਨ। 60 ਹਜ਼ਾਰ ਲੋਕ ਘਰਾਂ ਵਿੱਚੋਂ ਭੱਜ ਕੇ ਕੈਂਪਾਂ ਵਿੱਚ ਰਹਿ ਰਹੇ ਹਨ। ਮਾਰੇ ਗਏ ਲੋਕਾਂ ਤੋਂ ਇਲਾਵਾ 28 ਲਾਪਤਾ ਹਨ, ਜਿਨ੍ਹਾਂ ਬਾਰੇ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਅਗਵਾ ਕਰਕੇ ਕਤਲ ਕਰ ਦਿੱਤਾ ਗਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆ ਭਰ ਦਾ ਚੱਕਰ ਲਾ ਰਹੇ ਹਨ। ਉਹ ਰੂਸ-ਯੂਕਰੇਨ ਯੁੱਧ ਰੁਕਵਾਉਣ ਦੀ ਪਹਿਲ ਕਰਨ ਦੇ ਦਾਅਵੇ ਕਰਦੇ ਹਨ। ਮਨੀਪੁਰ ਪਿਛਲੇ 16 ਮਹੀਨਿਆਂ ਤੋਂ ਗ੍ਰਹਿ ਯੁੱਧ ਦੀ ਲਪੇਟ ਵਿੱਚ ਆਇਆ ਹੋਇਆ ਹੈ, ਜਿਸ ਦੀ ਉਨ੍ਹਾ ਨੂੰ ਕੋਈ ਚਿੰਤਾ ਨਹੀਂ। ਹੈਰਾਨੀ ਹੈ ਕਿ ਪਿਛਲੇ 14 ਮਹੀਨਿਆਂ ਤੋਂ ਮਨੀਪੁਰ ਹਿੰਸਾ, ਅਗਜ਼ਨੀ ਤੇ ਘਰ ਨਿਕਾਲੇ ਦੇ ਬੁਰੇ ਦੌਰ ’ਚੋਂ ਗੁਜ਼ਰ ਰਿਹਾ ਹੈ, ਪ੍ਰਧਾਨ ਮੰਤਰੀ ਨੂੰ ਇਸ ਬਦਕਿਸਮਤ ਰਾਜ ’ਚ ਜਾਣ ਤੇ ਉਥੋਂ ਦੇ ਲੋਕਾਂ ਨਾਲ ਗੱਲਬਾਤ ਕਰਨ ਦਾ ਮੌਕਾ ਨਹੀਂ ਮਿਲਿਆ। ਇਹ ਸਭ ਜਾਣਦੇ ਹਨ ਕਿ ਰਾਜ ਦੇ ਮੁੱਖ ਮੰਤਰੀ ਆਪਣੇ ਮੈਤੇਈ ਕਬੀਲੇ ਪ੍ਰਤੀ ਪੱਖਪਾਤੀ ਹਨ। ਉਨ੍ਹਾ ’ਤੇ ਇਹ ਵੀ ਦੋਸ਼ ਲੱਗੇ ਹਨ ਕਿ ਉਨ੍ਹਾ ਦੇ ਹੁਕਮ ਉੱਤੇ ਹੀ ਮੈਤੇਈ ਲੋਕਾਂ ਨੂੰ ਸਰਕਾਰੀ ਹਥਿਆਰ ਵੰਡੇ ਗਏ ਸਨ। ਅਜਿਹੇ ਵਿੱਚ ਰਾਜ ਸਰਕਾਰ ਤੋਂ ਇਹ ਆਸ ਨਹੀਂ ਕੀਤੀ ਜਾ ਸਕਦੀ ਕਿ ਉਹ ਮੈਤੇਈ-ਕੁੱਕੀ ਵਿਵਾਦ ਨੂੰ ਸੁਲਝਾ ਸਕੇ। ਇਸ ਲਈ ਸਿਰਫ਼ ਦਿੱਲੀ ਦੀ ਸੱਤਾ ’ਤੇ ਬੈਠੇ ਹੁਕਮਰਾਨਾਂ ਦਾ ਦਖਲ ਹੀ ਮਸਲੇ ਨੂੰ ਨਿਬੇੜਨ ਵਿੱਚ ਸਹਾਈ ਹੋ ਸਕਦਾ ਹੈ। ਤਾਜ਼ਾ ਹਿੰਸਾ ਨੇ ਹਾਲਾਤ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ ਹੈ।
ਇੱਕ ਤਾਂ ਇਹ ਹਿੰਸਾ ਅਚਾਨਕ ਸ਼ੁਰੂ ਹੋਈ ਹੈ, ਦੂਜਾ ਇਸ ਦੌਰਾਨ ਵਰਤੇ ਗਏ ਰਾਕਟਾਂ, ਡਰੋਨਾਂ ਤੇ ਬੰਬਾਂ ਨੇ ਸੁਰੱਖਿਆ ਏਜੰਸੀਆਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਹਾਲੇ ਤੱਕ ਸੁਰੱਖਿਆ ਬਲਾਂ ਤੇ ਫੌਜ ਤੋਂ ਲੁੱਟੇ ਗਏ ਹਥਿਆਰ ਵੀ ਬਰਾਮਦ ਨਹੀਂ ਹੋਏ। ਇੱਕ ਹੋਰ ਵੱਡੀ ਚਿੰਤਾ ਦਾ ਵਿਸ਼ਾ ਇਹ ਹੈ ਕਿ ਇਸ ਸਮੇਂ ਜਿਰੀਹੋਮ ਜ਼ਿਲ੍ਹਾ ਹਿੰਸਾ ਦਾ ਕੇਂਦਰ ਬਣ ਗਿਆ ਹੈ, ਜਿਸ ਵਿੱਚ ਮੈਤੇਈ, ਕੁੱਕੀ, ਬੰਗਾਲੀ, ਨੇਪਾਲੀ ਤੇ ਨਾਗਾ ਸਮੇਤ ਸਭ ਸਮੂਹਾਂ ਦੇ ਲੋਕ ਮਿਲਜੁਲ ਕੇ ਰਹਿੰਦੇ ਆ ਰਹੇ ਹਨ। ਇਸ ਸਮੇਂ ਭਾਜਪਾ ਦੇ ਮੁੱਖ ਮੰਤਰੀ ਤੇ ਰਾਜ ਸਰਕਾਰ ਲੋਕਾਂ ਵਿੱਚ ਆਪਣਾ ਭਰੋਸਾ ਗੁਆ ਚੁੱਕੇ ਹਨ। ਕੇਂਦਰ ਸਰਕਾਰ ਦੀ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਤਹਿਤ ਕੰਮ ਕਰ ਰਹੇ ਮੁੱਖ ਮੰਤਰੀ ਬਿਰੇਨ ਸਿੰਘ ਨੂੰ ਲਗਾਤਾਰ ਕੇਂਦਰ ਦਾ ਥਾਪੜਾ ਮਿਲ ਰਿਹਾ ਹੈ। ਜੇਕਰ ਸਮਾਂ ਰਹਿੰਦੇ ਕੇਂਦਰੀ ਹਾਕਮ ਮਨੀਪੁਰ ਦੀ ਸਥਿਤੀ ਨਹੀਂ ਸੰਭਾਲਦੇ ਤਾਂ ਇਹ ਅਜਿਹਾ ਨਾਸੂਰ ਬਣ ਜਾਵੇਗੀ, ਜਿਹੜਾ ਲੰਮੇ ਸਮੇਂ ਤੱਕ ਰਿਸਦਾ ਰਹੇਗਾ। ਬੰਗਲਾਦੇਸ਼ ਵਿੱਚ ਹੋਏ ਰਾਜਪਲਟੇ ਨੇ ਸਾਡੇ ਗੁਆਂਢ ਇੱਕ ਹੋਰ ਪਾਕਿਸਤਾਨ ਦੀ ਨੀਂਹ ਰੱਖ ਦਿੱਤੀ ਹੈ। ਕੇਂਦਰ ਦੇ ਹਾਕਮਾਂ ਨੇ ਜੇ ਆਪਣਾ ਰਵੱਈਆ ਨਾ ਬਦਲਿਆ ਤਾਂ ਮਨੀਪੁਰ ਇੱਕ ਹੋਰ ‘ਕਸ਼ਮੀਰ’ ਬਣਨ ਦੇ ਰਾਹ ਪੈ ਸਕਦਾ ਹੈ। ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਏਨਾ ਅੰਤਰਮੁਖੀ ਹੈ ਕਿ ਉਸ ਨੇ ਮਨੀਪੁਰ ਨਾ ਜਾਣ ਦੀ ਜ਼ਿਦ ਫੜ ਲਈ ਹੈ। ਅਜਿਹੀ ਸਥਿਤੀ ਵਿੱਚ ਸਮੁੱਚੀ ਵਿਰੋਧੀ ਧਿਰ ਨੂੰ ਰਲ ਕੇ ਮਜ਼ਬੂਤ ਦਬਾਅ ਬਣਾਉਣਾ ਚਾਹੀਦਾ ਹੈ ਤਾਂ ਜੋ ਮੋਦੀ ਦੀ ਧੌਣ ਦਾ ਕਿੱਲ ਕੱਢਿਆ ਜਾ ਸਕੇ।