ਤਾਜ਼ਾ ਖ਼ਬਰਾਂ

ਪੈਰਾਲੰਪਿਕ ਚੈਂਪੀਅਨਾਂ ਦਾ ਵਤਨ ਪਰਤਣ ’ਤੇ ਸਵਾਗਤ

ਨਵੀਂ ਦਿੱਲੀ, 10 ਸਤੰਬਰ – ਪੈਰਿਸ ਵਿੱਚ ਹਾਲ ਹੀ ’ਚ ਸਮਾਪਤ ਹੋਈਆਂ ਪੈਰਾਲੰਪਿਕ ਖੇਡਾਂ ਵਿਚ 29 ਤਗ਼ਮੇ ਜਿੱਤਣ ਵਾਲੇ ਭਾਰਤੀ ਖਿਡਾਰੀਆਂ ਦਾ ਅੱਜ ਇੱਥੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਨਿੱਘਾ ਸਵਾਗਤ ਕੀਤਾ ਗਿਆ। ਖਿਡਾਰੀਆਂ ਦਾ ਸਵਾਗਤ ਕਰਨ ਲਈ ਉਨ੍ਹਾਂ ਦੇ ਪਰਿਵਾਰਕ ਮੈਂਬਰ, ਸਮਰਥਕ ਅਤੇ ਖੇਡ ਪ੍ਰਬੰਧਕ ਪਹੁੰਚੇ। ਜੈਵਲਿਨ ਥ੍ਰੋਅਰ ਸੁਮਿਤ ਅੰਤਿਲ ਨੇ ਇਸ ਬਾਰੇ ਕਿਹਾ, ‘ਇਸ ਸ਼ਾਨਦਾਰ ਸਵਾਗਤ ਲਈ ਬਹੁਤ ਸ਼ੁਕਰੀਆ।’ ਸੁਮਿਤ ਨੇ 70.59 ਮੀਟਰ ਦੀ ਕੋਸ਼ਿਸ਼ ਨਾਲ ਖੇਡਾਂ ਵਿੱਚ ਆਪਣਾ ਹੀ ਰਿਕਾਰਡ ਤੋੜਿਆ ਅਤੇ ਐੱਫ64 ਵਰਗ ’ਚ ਆਪਣਾ ਲਗਾਤਾਰ ਦੂਜਾ ਸੋਨ ਤਗ਼ਮਾ ਜਿੱਤਿਆ। ਉਹ ਵਿਸ਼ਵ ਚੈਂਪੀਅਨ ਨਿਸ਼ਾਨੇਬਾਜ਼ ਅਵਨੀ ਲੇਖਰਾ ਤੋਂ ਬਾਅਦ ਪੈਰਾਲੰਪਿਕ ਖਿਤਾਬ ਦਾ ਬਚਾਅ ਕਰਨ ਵਾਲਾ ਦੂਜਾ ਭਾਰਤੀ ਬਣਿਆ। ਅੰਤਿਲ ਨੇ ਕਿਹਾ, ‘ਜਦੋਂ ਤੁਸੀਂ ਚੰਗੀ ਤਰ੍ਹਾਂ ਤਿਆਰੀ ਕਰਦੇ ਹੋ ਤਾਂ ਤੁਸੀਂ ਆਪਣੇ ਆਪ ਉਤਸ਼ਾਹਿਤ ਮਹਿਸੂਸ ਕਰਦੇ ਹੋ। ਮੈਂ ਜਲਦੀ ਹੀ 75 ਮੀਟਰ ਦਾ ਅੰਕੜਾ ਪਾਰ ਕਰਨ ਦੀ ਕੋਸ਼ਿਸ਼ ਕਰਾਂਗਾ। ਮੈਂ ਕੁਝ ਦਿਨਾਂ ਤੋਂ ਚਾਹ ਨਹੀਂ ਪੀਤੀ, ਮੈਂ ਆਪਣੇ ਪਰਿਵਾਰ ਨਾਲ ਚਾਹ ਪੀਣਾ ਚਾਹਾਂਗਾ।

ਪੰਜਾਬ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿੱਚ ਪੀਐੱਚਡੀ ਕਰ ਰਿਹਾ ਤੀਰਅੰਦਾਜ਼ ਹਰਵਿੰਦਰ ਸਿੰਘ ਵੀ ਸਵਾਗਤ ਤੋਂ ਬਹੁਤ ਖ਼ੁਸ਼ ਨਜ਼ਰ ਆਇਆ। ਉਹ ਪੈਰਾਲੰਪਿਕ ਵਿੱਚ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਤੀਰਅੰਦਾਜ਼ ਹੈ। ਉਸ ਨੇ ਕਿਹਾ, ‘ਮੈਂ ਕਿਸੇ ਨਾ ਕਿਸੇ ਚੀਜ਼ ਵਿੱਚ ਰੁੱਝਿਆ ਰਹਿਣਾ ਪਸੰਦ ਕਰਦਾ ਹਾਂ। ਇਹ ਮੈਨੂੰ ਧਿਆਨ ਕੇਂਦਰਿਤ ਕਰਨ ਵਿੱਚ ਮਦਦ ਕਰਦਾ ਹੈ ਅਤੇ ਮੇਰਾ ਮਨ ਘੱਟ ਭਟਕਦਾ ਹੈ। ਜੇ ਕੋਈ ਵੀ ਵਿਅਕਤੀ ਪ੍ਰੇਸ਼ਾਨ ਹੈ ਜਾਂ ਹਾਰਿਆ ਹੋਇਆ ਮਹਿਸੂਸ ਕਰ ਰਿਹਾ ਹੈ ਤਾਂ ਉਹ ਪੈਰਾ ਅਥਲੀਟਾਂ ਤੋਂ ਪ੍ਰੇਰਨਾ ਲੈ ਸਕਦਾ ਹੈ।’ ਜ਼ਿਕਰਯੋਗ ਹੈ ਕਿ ਭਾਰਤੀ ਦਲ ਸੱਤ ਸੋਨ ਤਗ਼ਮਿਆਂ ਸਣੇ ਕੁੱਲ 29 ਤਗ਼ਮਿਆਂ ਨਾਲ ਤਗ਼ਮਾ ਸੂਚੀ ਵਿੱਚ 18ਵੇਂ ਸਥਾਨ ’ਤੇ ਰਹਿ ਕੇ ਵਤਨ ਪਰਤਿਆ ਹੈ।

ਸੋਨ ਤਗ਼ਮਾ ਜੇਤੂਆਂ ਨੂੰ 75 ਲੱਖ ਦਾ ਇਨਾਮ

ਨਵੀਂ ਦਿੱਲੀ: ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਹਾਲ ਹੀ ’ਚ ਖਤਮ ਹੋਈਆਂ ਪੈਰਿਸ ਪੈਰਾਲੰਪਿਕ ਖੇਡਾਂ ’ਚ ਤਗ਼ਮਾ ਜਿੱਤਣ ਵਾਲੇ ਭਾਰਤੀ ਖਿਡਾਰੀਆਂ ਨੂੰ ਅੱਜ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ। ਇਸ ਤਹਿਤ ਸੋਨ ਤਗ਼ਮਾ ਜੇਤੂਆਂ ਨੂੰ 75 ਲੱਖ ਰੁਪਏ, ਚਾਂਦੀ ਦਾ ਤਗ਼ਮਾ ਜੇਤੂਆਂ ਨੂੰ 50 ਲੱਖ ਰੁਪਏ ਅਤੇ ਕਾਂਸੇ ਦਾ ਤਗ਼ਮਾ ਜਿੱਤਣ ਵਾਲਿਆਂ ਨੂੰ 30 ਲੱਖ ਰੁਪਏ ਦਿੱਤੇ ਗਏ। ਤੀਰਅੰਦਾਜ਼ ਸ਼ੀਤਲ ਦੇਵੀ ਵਾਂਗ ਮਿਕਸਡ ਟੀਮ ਮੁਕਾਬਲਿਆਂ ਵਿੱਚ ਤਗ਼ਮੇ ਜਿੱਤਣ ਵਾਲਿਆਂ ਨੂੰ 22.5 ਲੱਖ ਰੁਪਏ ਦਿੱਤੇ ਗਏ। ਮਾਂਡਵੀਆ ਨੇ 2028 ਲਾਸ ਏਂਜਲਸ ਪੈਰਾਲੰਪਿਕ ਵਿੱਚ ਹੋਰ ਤਗ਼ਮੇ ਜਿੱਤਣ ਲਈ ਪੈਰਾ ਅਥਲੀਟਾਂ ਨੂੰ ਪੂਰਾ ਸਹਿਯੋਗ ਅਤੇ ਸਹੂਲਤਾਂ ਦੇਣ ਦਾ ਵਾਅਦਾ ਵੀ ਕੀਤਾ।

ਸਾਂਝਾ ਕਰੋ

ਪੜ੍ਹੋ