ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਨੇ ਆਪਣੇ 10 ਸਾਲਾਂ ਦੇ ਰਾਜ ਦੌਰਾਨ ਭਾਰਤੀ ਸਮਾਜ ਵਿੱਚ ਜੋ ਫਿਰਕੂ ਨਫ਼ਰਤ ਦੇ ਬੀਜ ਬੀਜੇ ਹਨ, ਉਨ੍ਹਾਂ ਦੀ ਫ਼ਸਲ ਅੱਜ ਲਹਿਲਹਾ ਰਹੀ ਹੈ। ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਇੱਕ ਦਿਨ ਗੱਲ ਹਿੰਦੂ ਖੂਨ ਤੇ ਮੁਸਲਮਾਨ ਖੂਨ ਤੱਕ ਪੁੱਜ ਜਾਵੇਗੀ। ਨਫ਼ਰਤ ਦੀ ਇਸ ਅੱਗ ਵਿੱਚ ਸਾਡੀਆਂ ਸੰਵੇਦਨਾਵਾਂ ਅੱਜ ਸੜ ਕੇ ਰਾਖ ਹੋ ਚੁੱਕੀਆਂ ਹਨ। ਮੱਧ ਪ੍ਰਦੇਸ਼ ਵਿੱਚ ਪੰਨਾ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਦਾ ਤਾਜ਼ਾ ਮਾਮਲਾ ਸੁੰਨ ਕਰ ਦੇਣ ਵਾਲਾ ਹੈ। ਜ਼ਿਲ੍ਹੇ ਦੇ ਪਿੰਡ ਅਜੈਗੜ੍ਹ ਦਾ ਨਿਵਾਸੀ ਪਵਨ ਸੋਨਕਰ ਆਪਣੀ ਬਿਮਾਰ ਮਾਂ ਨੂੰ ਲੈ ਕੇ ਹਸਪਤਾਲ ਜਾਂਦਾ ਹੈ। ਬਿਮਾਰ ਮਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰ ਲਿਆ ਜਾਂਦਾ ਹੈ। ਇਲਾਜ ਦੌਰਾਨ ਮਰੀਜ਼ ਨੂੰ ਖੂਨ ਦੀ ਘਾਟ ਹੋ ਜਾਂਦੀ ਹੈ। ਡਾਕਟਰ ਪਵਨ ਸੋਨਕਰ ਨੂੰ ਖੂਨ ਦਾ ਪ੍ਰਬੰਧ ਕਰਨ ਲਈ ਕਹਿੰਦੇ ਹਨ। ਪਵਨ ਆਪਣੇ ਇੱਕ ਮਿੱਤਰ, ਜੋ ਮੁਸਲਮਾਨ ਹੈ, ਨੂੰ ਲੈ ਕੇ ਹਸਪਤਾਲ ਪਹੁੰਚ ਜਾਂਦਾ ਹੈ। ਬਲੱਡ ਬੈਂਕ ਦੇ ਮੁਲਾਜ਼ਮ ਨੂੰ ਜਦੋਂ ਪਤਾ ਲਗਦਾ ਹੈ ਕਿ ਖੂਨਦਾਨੀ ਇੱਕ ਮੁਸਲਮਾਨ ਹੈ ਤੇ ਮਰੀਜ਼ ਹਿੰਦੂ ਤਾਂ ਉਹ ਖੂਨ ਲੈਣ ਤੋਂ ਇਨਕਾਰ ਕਰ ਦਿੰਦਾ ਹੈ। ਇਸ ਘਟਨਾ ਦਾ 46 ਮਿੰਟ ਦਾ ਵੀਡੀਓ ਵਾਇਰਲ ਹੋ ਚੁੱਕਾ ਹੈ। ਇਸ ਵੀਡੀਓ ਵਿੱਚ ਪਵਨ ਸੋਨਕਰ ਬਲੱਡ ਬੈਂਕ ਦੇ ਮੁਲਾਜ਼ਮ ਸ਼ਰਮਾ ਜੀ ਨੂੰ ਪੁੱਛ ਰਿਹਾ ਹੈ ਕਿ ਕਿਸ ਨੇ ਕਿਹਾ ਹੈ ਕਿ ਇਸ ਦਾ ਖੂਨ ਨਹੀਂ ਚੜੇ੍ਹਗਾ? ਜਵਾਬ ਵਿੱਚ ਬਲੱਡ ਬੈਂਕ ਮੁਲਾਜ਼ਮ ਕਹਿੰਦਾ ਹੈ ਕਿ ਹਾਂ ਅਸੀਂ ਕਿਹਾ ਹੈ, ਉਹ ਹਿੰਦੂ ਹੈ ਤੇ ਇਹ ਮੁਸਲਮਾਨ। ਪਵਨ ਫਿਰ ਕਹਿੰਦਾ ਹੈ ਕਿ ਇਸ ਨਾਲ ਪ੍ਰਾਬਲਮ ਕੀ ਹੈ? ਬਲੱਡ ਬੈਂਕ ਮੁਲਾਜ਼ਮ ਫਿਰ ਕਹਿੰਦਾ ਹੈ-ਪ੍ਰਾਬਲਮ ਹੈ, ਸਾਡੇ ਲੋਕਾਂ ਦੀ ਨੌਕਰੀ ਦਾ ਸਵਾਲ ਹੈ। ਪਵਨ ਫਿਰ ਕਹਿੰਦਾ ਹੈ ਕਿ ਲਿਖ ਕਰ ਦਿਓ ਕਿ ਕਿਸੇ ਮੁਸਲਮਾਨ ਦਾ ਖੂਨ ਹਿੰਦੂ ਨੂੰ ਨਹੀਂ ਚੜੇ੍ਹਗਾ। ਬਲੱਡ ਬੈਂਕ ਮੁਲਾਜ਼ਮ ਲਿਖ ਕੇ ਦੇਣ ਦੇ ਦਬਾਅ ਵਿੱਚ ਗੱਲ ਬਦਲਦਾ ਹੈ ਤੇ ਕਹਿੰਦਾ ਹੈ, ਨਹੀਂ ਮੁਸਲਿਮ-ਹਿੰਦੂ ਦੀ ਗੱਲ ਨਹੀਂ, ਡੋਨਰ ਦੀ ਗੱਲ ਹੈ।
ਇਸ ਦੇ ਜਵਾਬ ਵਿੱਚ ਪਵਨ ਕਹਿੰਦਾ ਹੈ, ਜਦੋਂ ਡੋਨਰ ਖੂਨ ਦੇਣ ਨੂੰ ਤਿਆਰ ਹੈ ਤਾਂ ਫਿਰ…(ਇੱਥੇ ਵੀਡੀਓ ਖ਼ਤਮ ਹੋ ਜਾਂਦੀ ਹੈ)। ਇਸ ਮਾਮਲੇ ਦੀ ਰਿਪੋਰਟ ਕਰਨ ਵਾਲੇ ਪੱਤਰਕਾਰ ਅਰਵਿੰਦ ਯਾਦਵ ਨੇ ਕਿਹਾ ਕਿ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਗਈ, ਪਰ ਕੋਈ ਕਾਰਵਾਈ ਨਹੀਂ ਹੋਈ. ਜਦੋਂ ਪੰਨਾ ਜ਼ਿਲ੍ਹਾ ਹਸਪਤਾਲ ਦੇ ਸੀ ਐੱਮ ਓ ਐੱਮ ਕੇ ਤਿ੍ਰਪਾਠੀ ਨੂੰ ਪੁੱਛਿਆ ਗਿਆ ਤਾਂ ਉਸ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਉਹ ਤਾਂ ਬਦਲੀ ਹੋ ਕੇ ਨਵੇਂ ਆਏ ਹਨ। ਇਹੋ ਨਹੀਂ ਭੀੜਤੰਤਰ ਹੱਤਿਆਵਾਂ ਰਾਹੀਂ ਜਦੋਂ ਕਿਸੇ ਮੁਸਲਮਾਨ ਨੂੰ ਕਤਲ ਕੀਤੇ ਜਾਣ ਤੋਂ ਬਾਅਦ ਸਮਾਜ ਦਾ ਇੱਕ ਹਿੱਸਾ ਕਾਤਲਾਂ ਦੇ ਗੁਣਗਾਨ ਕਰਦਾ ਹੈ ਤਾਂ ਉਨ੍ਹਾਂ ਅੰਦਰਲੀ ਸੰਵੇਦਨਾ ਦਾ ਵੀ ਕਤਲ ਹੋ ਜਾਂਦਾ ਹੈ। ਬਿਲਕਿਸ ਬਾਨੋ ਨਾਲ ਬਲਾਤਕਾਰ ਕਰਨ ਵਾਲੇ ਦਰਿੰਦੇ ਜਦੋਂ ਜੇਲ੍ਹੋਂ ਬਾਹਰ ਆਉਂਦੇ ਹਨ ਤੇ ਪਰਵਾਰ ਦੀਆਂ ਔਰਤਾਂ ਉਨ੍ਹਾਂ ਦੇ ਗਲਾਂ ਵਿੱਚ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕਰਦੀਆਂ ਹਨ ਤਾਂ ਉਨ੍ਹਾਂ ਅੰਦਰਲੀ ਸੰਵੇਦਨਾ ਵੀ ਬਲਾਤਕਾਰ ਦਾ ਸ਼ਿਕਾਰ ਹੋ ਜਾਂਦੀ ਹੈ। ਸੰਵੇਦਨਹੀਣ ਮਨੁੱਖ ਜਾਨਵਰਾਂ ਤੋਂ ਵੀ ਨਖਿੱਧ ਹੁੰਦੇ ਹਨ। ਇਸ ਦੀ ਤਾਜ਼ਾ ਮਿਸਾਲ ਮੱਧ ਪ੍ਰਦੇਸ਼ ਦੇ ਉਜੈਨ ਵਿੱਚ ਵਾਪਰੀ ਘਟਨਾ ਤੋਂ ਸਾਹਮਣੇ ਆ ਜਾਂਦੀ ਹੈ।
ਹਾਲੇ ਹਫ਼ਤਾ ਵੀ ਨਹੀਂ ਵਾਪਰਿਆ, ਜਦੋਂ ਦਿਨੇ 12 ਵਜੇ ਇਸ ਧਾਰਮਿਕ ਮਹੱਤਵ ਵਾਲੇ ਸ਼ਹਿਰ ਦੇ ਸਭ ਤੋਂ ਵੱਧ ਭੀੜ ਵਾਲੇ ਚੌਕ ਦੇ ਫੁਟਪਾਥ ਉੱਤੇ ਇੱਕ ਦਰਿੰਦਾ ਇੱਕ ਔਰਤ ਨਾਲ ਬਲਾਤਕਾਰ ਕਰਦਾ ਹੈ। ਇੱਕ ਵੀ ਮਨੁੱਖ ਨਹੀਂ ਸੀ, ਜੋ ਉਸ ਨੂੰ ਬਚਾ ਸਕਦਾ। ਇੱਕ ਤਮਾਸ਼ਬੀਨ ਉਸ ਦੀ ਵੀਡੀਓ ਬਣਾਉਂਦਾ ਰਿਹਾ, ਬਾਕੀ ਸਭ ਅੰਨ੍ਹੇ ਨਹੀਂ ਸਨ, ਅੰਨ੍ਹੇ ਕੀਤੇ ਜਾ ਚੁੱਕੇ ਹਨ। ਇੱਥੋਂ ਤੱਕ ਕਿ ਕਿਸੇ ਨੇ ਪੁਲਸ ਨੂੰ ਫੋਨ ਕਰਨ ਦੀ ਹਿੰਮਤ ਨਾ ਕੀਤੀ। ਉਹ ਔਰਤ ਖੁਦ ਪੁਲਸ ਥਾਣੇ ਪੁੱਜੀ। ਇਹ ਔਰਤ ਹਿੰਦੂ ਸੀ ਤੇ ਬਲਾਤਕਾਰੀ ਵੀ ਹਿੰਦੂ। ਇਸੇ ਸ਼ਹਿਰ ਵਿੱਚ ਪਿਛਲੇ ਸਾਲ ਵੀ ਅਜਿਹੀ ਹੀ ਘਟਨਾ ਵਾਪਰੀ ਸੀ। ਇੱਕ 12 ਸਾਲ ਦੀ ਕੁੜੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ। ਉਹ ਕੁੜੀ ਚਿੱਟੇ ਦਿਨ ਅੱਧਨੰਗੀ ਖੂਨ ਨਾਲ ਲੱਥਪੱਥ ਸੜਕ ’ਤੇ ਤੁਰਦੀ ਲੋਕਾਂ ਨੂੰ ਮਦਦ ਲਈ ਵਾਸਤੇ ਪਾਉਂਦੀ ਰਹੀ, ਪਰ ਲੋਕਾਂ ਨੇ ਆਪਣੇ ਘਰਾਂ ਦੇ ਬੂਹੇ ਬੰਦ ਕਰ ਲਏ, ਕੋਈ ਵੀ ਉਸ ਬਾਲੜੀ ਦੀ ਮਦਦ ਲਈ ਨਾ ਬਹੁੜਿਆ। ਉਹ 8 ਕਿਲੋਮੀਟਰ ਤੁਰ ਕੇ ਥਾਣੇ ਪੁੱਜੀ। ਇਹ ਕੁੜੀ ਵੀ ਹਿੰਦੂ ਸੀ ਤੇ ਬਲਾਤਕਾਰ ਕਰਨ ਵਾਲੇ ਵੀ ਹਿੰਦੂ ਸਨ। ਜਦੋਂ ਮਨੁੱਖ ਅੰਦਰਲੀ ਸੰਵੇਦਨਾ ਮਰ ਜਾਂਦੀ ਹੈ ਤਾਂ ਉਹ ਰਾਖਸ਼ ਬਣ ਜਾਂਦਾ ਹੈ ਜਾਂ ਤੁਰਦੀ-ਫਿਰਦੀ ਲਾਸ਼। ਹਾਕਮਾਂ ਨੇ ਜੋ ਸਥਿਤੀ ਅੱਜ ਸਾਡੇ ਸਮਾਜ ਦੀ ਬਣਾ ਦਿੱਤੀ ਹੈ, ਉਸ ਨੂੰ ਸੁਧਾਰਨ ਲਈ ਆਉਣ ਵਾਲੀਆਂ ਪੀੜ੍ਹੀਆਂ ਨੂੰ ਲੰਮੀ ਜੱਦੋ-ਜਹਿਦ ਕਰਨੀ ਪਵੇਗੀ।