ਕਾਂਗਰਸ ਤੇ ਵੱਖ-ਵੱਖ ਇਲਾਕਾਈ ਪਾਰਟੀਆਂ ’ਤੇ ਪਰਵਾਰਵਾਦ ਦੀ ਸਿਆਸਤ ਕਰਨ ਦਾ ਦੋਸ਼ ਲਾਉਣ ਵਾਲੀ ਭਾਜਪਾ ਨੇ ਹਰਿਆਣਾ ਅਸੰਬਲੀ ਚੋਣਾਂ ਲਈ ਜਿਨ੍ਹਾਂ 67 ਉਮੀਦਵਾਰਾਂ ਦੇ ਨਾਂਅ ਐਲਾਨੇ ਹਨ, ਉਨ੍ਹਾਂ ਵਿਚ ਕਈ ਸਿਆਸੀ ਪਰਵਾਰਾਂ ਨਾਲ ਜੁੜੇ ਹੋਏ ਹਨ। ਉਸ ਨੇ ਸਾਬਕਾ ਕਾਂਗਰਸੀ ਆਗੂ ਵਿਨੋਦ ਸ਼ਰਮਾ ਦੀ ਪਤਨੀ ਤੇ ਰਾਜ ਸਭਾ ਦੇ ਸਾਂਸਦ ਕਾਰਤੀਕੇਯ ਸ਼ਰਮਾ ਦੀ ਮਾਂ ਸ਼ਕਤੀ ਰਾਣੀ ਸ਼ਰਮਾ ਨੂੰ ਕਾਲਕਾ ਤੋਂ ਉਤਾਰਿਆ ਹੈ। ਇਸੇ ਤਰ੍ਹਾਂ ਸਾਬਕਾ ਵਿਧਾਇਕ ਕਰਤਾਰ ਸਿੰਘ ਭੜਾਨਾ ਦੇ ਬੇਟੇ ਮਨਮੋਹਨ ਭੜਾਨਾ ਨੂੰ ਸਮਾਲਖਾ ਤੋਂ ਉਮੀਦਵਾਰ ਬਣਾਇਆ ਹੈ। ਕੇਂਦਰੀ ਮੰਤਰੀ ਰਾਓ ਇੰਦਰਜੀਤ ਸਿੰਘ ਦੀ ਬੇਟੀ ਆਰਤੀ ਨੂੰ ਭਾਜਪਾ ਨੇ ਅਟੇਲੀ ਹਲਕੇ ’ਚ ਉਤਾਰਿਆ ਹੈ। ਸ਼ਰੂਤੀ ਚੌਧਰੀ ਨੂੰ ਤੋਸ਼ਾਮ ਤੋਂ ਉਮੀਦਵਾਰ ਬਣਾਇਆ ਹੈ। ਸ਼ਰੂਤੀ ਮਰਹੂਮ ਮੁੱਖ ਮੰਤਰੀ ਬੰਸੀ ਲਾਲ ਦੀ ਨੂੰਹ ਕਿਰਨ ਚੌਧਰੀ ਦੀ ਬੇਟੀ ਹੈ। ਦੋਨੋਂ ਪਿੱਛੇ ਜਿਹੇ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਈਆਂ ਸਨ। ਕਿਰਨ ਚੌਧਰੀ ਨੂੰ ਭਾਜਪਾ ਨੇ ਰਾਜ ਸਭਾ ਦਾ ਮੈਂਬਰ ਬਣਾਇਆ ਹੈ।
ਇਸੇ ਤਰ੍ਹਾਂ ਮਰਹੂਮ ਮੁੱਖ ਮੰਤਰੀ ਭਜਨ ਲਾਲ ਦੇ ਬੇਟੇ ਕੁਲਦੀਪ ਬਿਸ਼ਨੋਈ ਦੇ ਬੇਟੇ ਭੱਵਯ ਬਿਸ਼ਨੋਈ ਨੂੰ ਭਾਜਪਾ ਨੇ ਆਦਮਪੁਰ ਤੋਂ ਉਮੀਦਵਾਰ ਐਲਾਨਿਆ ਹੈ। ਕੁਲਦੀਪ ਬਿਸ਼ਨੋਈ ਨੇ 2007 ਵਿਚ ਕਾਂਗਰਸ ਛੱਡ ਕੇ ਹਰਿਆਣਾ ਜਨਹਿਤ ਪਾਰਟੀ ਬਣਾਈ ਸੀ ਅਤੇ 2011 ਤੋਂ 2014 ਤੱਕ ਭਾਜਪਾ ਨਾਲ ਗੱਠਜੋੜ ਕੀਤਾ ਸੀ। 2016 ਵਿਚ ਪਾਰਟੀ ਕਾਂਗਰਸ ਵਿਚ ਮਿਲਾ ਦਿੱਤੀ ਸੀ ਤੇ 2022 ’ਚ ਭਾਜਪਾ ਵਿਚ ਸ਼ਾਮਲ ਹੋ ਗਏ ਸੀ। ਭਾਜਪਾ ਨੇ ਸਾਬਕਾ ਇਨੈਲੋ ਵਿਧਾਇਕ ਹਰੀ ਚੰਦ ਮਿੱਢਾ ਦੇ ਬੇਟੇ ਕਿਸ਼ਨ ਮਿੱਢਾ ਨੂੰ ਜੀਂਦ ਤੋਂ ਟਿਕਟ ਦਿੱਤੀ ਹੈ। ਜੇਲ੍ਹਰ ਦੀ ਨੌਕਰੀ ਛੱਡਣ ਵਾਲੇ ਸੁਨੀਲ ਸਾਂਗਵਾਨ ਨੂੰ ਚਰਖੀ ਦਾਦਰੀ ਤੋਂ ਟਿਕਟ ਦਿੱਤੀ ਹੈ। ਉਹ ਸਾਬਕਾ ਸਾਂਸਦ ਸਤਪਾਲ ਸਾਂਗਵਾਨ ਦਾ ਬੇਟਾ ਹੈ ਤੇ ਜੇਲ੍ਹਰ ਹੁੰਦਿਆਂ ਉਸ ਨੇ ਕਤਲ ਤੇ ਬਲਾਤਕਾਰ ਦੇ ਦੋਸ਼ਾਂ ਤਹਿਤ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਮੁਖੀ ਨੂੰ ਕਈ ਵਾਰ ਪੈਰੋਲ ਦਿਵਾਈ। ਭਾਜਪਾ ਵੱਲੋਂ ਚੋਣ ਮੈਦਾਨ ਵਿਚ ਉਤਾਰੇ ਗਏ ਇਕ ਹੋਰ ਵੰਸ਼ਵਾਦੀ ਰਾਓ ਨਰਬੀਰ ਸਿੰਘ ਹਨ, ਜਿਨ੍ਹਾਂ ਨੂੰ ਬਾਦਸ਼ਾਹਪੁਰ ਤੋਂ ਟਿਕਟ ਦਿੱਤੀ ਗਈ ਹੈ। ਉਹ ਸਾਬਕਾ ਮੰਤਰੀ ਰਾਓ ਮਹਾਵੀਰ ਸਿੰਘ ਯਾਦਵ ਦੇ ਬੇਟੇ ਹਨ। ਹਰਿਆਣਾ ਅਸੰਬਲੀ ਦੀਆਂ 90 ਸੀਟਾਂ ਹਨ। ਐਲਾਨੇ ਜਾਣ ਵਾਲੇ ਹੋਰਨਾਂ ਉਮੀਦਵਾਰਾਂ ਵਿਚ ਵੀ ਅਜਿਹੇ ਉਮੀਦਵਾਰ ਸ਼ਾਮਲ ਕੀਤੇ ਗਏ ਤਾਂ ਕੋਈ ਹੈਰਾਨੀ ਨਹੀਂ ਹੋਵੇਗੀ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਜੇ ਵੀ ਹੋਰਨਾਂ ਪਾਰਟੀਆਂ ’ਤੇ ਪਰਵਾਰਵਾਦ ਦੀ ਸਿਆਸਤ ਦੇ ਦੋਸ਼ ਲਾ ਰਹੇ ਹਨ। ਗਾਂਧੀ ਪਰਵਾਰ ਤਾਂ ਉਨ੍ਹਾਂ ਦਾ ਖਾਸ ਨਿਸ਼ਾਨਾ ਹੁੰਦਾ ਹੈ।