ਥਾਇਰਾਇਡ ਨੂੰ ਨਜ਼ਰ-ਅੰਦਾਜ਼ ਕਰਨਾ ਸਿਹਤ ਲਈ ਹੋ ਸਕਦਾ ਹਾਨੀਕਾਰਕ

ਭਾਰਤ ਵਿਚ ਅੰਦਾਜ਼ਨ 42 ਮਿਲੀਅਨ ਜਨਸੰਖਿਆ ਥਾਇਰਾਇਡ (Thyroid) ਰੋਗ ਤੋਂ ਪ੍ਰਭਾਵਿਤ ਹੈ। ਹਰ ਦਸਵਾਂ ਵਿਅਕਤੀ ਇਸ ਰੋਗ ਤੋਂ ਗ੍ਰਸਤ ਹੈ। 60 ਸਾਲ ਤੋਂ ਉੱਪਰ ਦੀ ਉਮਰ ਦੀਆਂ ਔਰਤਾਂ ’ਚ ਇਹ ਜ਼ਿਆਦਾ ਹੁੰਦਾ ਹੈ। ਇਸ ਦੀ ਹਾਈਪੋਥਾਇਰੋਡਿਜ਼ਮ (Hypothyroidism) ਕਿਸਮ ਭਾਰਤ ’ਚ ਆਮ ਥਾਇਰਾਇਡ (Thyroid) ਨੁਕਸ ਹੈ। ਇਸ ਰੋਗ ਦੌਰਾਨ ਖ਼ੁਰਾਕ ਕਿਹੋ ਜਿਹੀ ਲਈ ਜਾਵੇ, ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਵਿਅਕਤੀ ਨੂੰ ਕਿਹੜੀ ਕਿਸਮ ਦਾ ਥਾਇਰਾਇਡ ਰੋਗ ਹੈ।

ਕੀ ਹੈ ਥਾਇਰਾਇਡ ਰੋਗ?

ਅਸਲ ’ਚ ਥਾਇਰਾਇਡ ਇਕ ਗ੍ਰੰਥੀ/ਗਲੈਂਡ ਦਾ ਨਾਂ ਹੈ, ਜੋ ਗਰਦਨ ਦੇ ਅਗਲੇ ਹਿੱਸੇ ਵਿਚ ਹੁੰਦੀ ਹੈ। ਇਹ ਗ੍ਰੰਥੀ ਥਾਇਰਾਕਸਨ ਨਾਂ ਦਾ ਹਾਰਮੋਨ (ਰਸ) ਪੈਦਾ ਕਰਦੀ ਹੈ, ਜੋ ਸਰੀਰ ਦੀ ਤੰਦਰੁਸਤੀ ਲਈ ਅਤਿ ਜ਼ਰੂਰੀ ਹੈ। ਇਸ ਗ੍ਰੰਥੀ ਤੋਂ ਪੈਦਾ ਹੋਣ ਵਾਲੇ ਥਾਇਰਾਕਸਨ ਹਾਰਮੋਨ (Thyroxone hormone) ਦੀ ਵੱਧ-ਘਾਟ ਹੀ ਥਾਇਰਾਇਡ (ਗਲਗੰਢ ਜਾਂ ਗਿੱਲੜ੍ਹ) ਰੋਗ ਦਾ ਕਾਰਨ ਬਣਦੀ ਹੈ। ਇਸ ਗ੍ਰੰਥੀ ਦੇ ਨਾਂ ’ਤੇ ਹੀ ਇਸ ਰੋਗ ਨੂੰ ਥਾਇਰਾਇਡ ਰੋਗ ਕਿਹਾ ਜਾਂਦਾ ਹੈ।

ਥਾਇਰਾਕਸਨ ਹਾਰਮੋਨ ਦੇ ਕੰਮ

ਸਰੀਰ ਦੇ ਹਰ ਸੈੱਲ ਨੂੰ ਪ੍ਰਭਾਵਿਤ ਕਰਦਾ ਹੈ। ਫੈਟ ਅਤੇ ਕਾਰਬੋਜ਼ ਦੀ ਸਰੀਰ ’ਚ ਵਰਤੋਂ ਦੀ ਦਰ ਨੂੰ ਸਹੀ ਰੱਖਦਾ ਹੈ। ਸਰੀਰਕ ਭਾਰ ਨੂੰ ਸਥਿਰ ਰੱਖਣ ’ਚ ਸਹਾਇਕ ਰਸਾਇਣਿਕ ਕਿਰਿਆਵਾਂ ਨੂੰ ਕੰਟਰੋਲ ਵਿਚ ਰੱਖਦਾ ਹੈ। ਕੈਲਸੀਟੋਨਿਕ ਬਣਾ ਕੇ ਹੱਡੀਆਂ ਦੀ ਸਿਹਤ ਚੰਗੀ ਬਣਾਉਂਦਾ ਹੈ। ਦਿਲ ਦੀ ਧੜਕਣ ਨੂੰ ਤੇਜ਼ੀ ਨਾਲ ਪ੍ਰਭਾਵਿਤ ਕਰਦਾ ਹੈ ਤੇ ਬਲੱਡ ਪ੍ਰੈਸ਼ਰ ਨੂੰ ਸਹੀ ਰੱਖਣ ’ਚ ਮਦਦਗਾਰ ਹੈ।

ਕਿਸਮਾਂ

ਹਾਈਪੋਥਾਇਰੋਡਿਜ਼ਮ।

ਹਾਈਪਰਥਾਇਰੋਡਿਜ਼ਮ।

ਹਾਈਪੋਥਾਇਰੋਡਿਜ਼ਮ

ਇਸ ਰੋਗ ਦੀ ਹਾਈਪੋਥਾਇਰੋਡਿਜ਼ਮ ਕਿਸਮ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹਨ। ਇਸ ਵਿਚ ਥਾਇਰਾਇਡ ਗ੍ਰੰਥੀ ਥਾਇਰਾਕਸਨ ਹਾਰਮੋਨ ਘੱਟ ਬਣਾਉਂਦੀ ਹੈ। ਹਾਈਪੋਥਾਇਰੋਡਿਜ਼ਮ ਉਹ ਅਵਸਥਾ ਹੈ, ਜਿਸ ਵਿਚ ਸਰੀਰ ਲੋੜੀਂਦੀ ਮਿਕਦਾਰ ਵਿਚ ਥਾਇਰਾਕਸਨ ਹਾਰਮੋਨ ਨਹੀਂ ਬਣਾਉਂਦਾ। ਇਸ ਤੋਂ ਪੀੜਤ ਵਿਅਕਤੀਆਂ ’ਚ ਸਿਹਤ ਸਬੰਧੀ ਕਈ ਤਬਦੀਲੀਆਂ ਆਉਂਦੀਆਂ ਹਨ।

ਅਲਾਮਤਾਂ

ਹਾਈਪੋਥਾਇਰੋਡਿਜ਼ਮ ਤੋਂ ਪੀੜਤ ਵਿਅਕਤੀਆਂ ਵਿਚ ਥਕਾਵਟ, ਵਾਲ ਝੜਨਾ, ਭਾਰ ਵਧਣਾ, ਠੰਢ ਬਰਦਾਸ਼ਤ ਨਾ ਹੋਣੀ, ਦਿਲ ਦੀਆਂ ਬਿਮਾਰੀਆਂ ਅਤੇ ਬਾਂਝਪਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਕਾਰਨ

ਬੇਸ਼ੱਕ ਇਸ ਦੇ ਕਈ ਕਾਰਨ ਹਨ ਪਰ ਮੁੱਖ ਤੌਰ ’ਤੇ ਇਹ ਰੋਗ (ਹਾਈਪੋਥਾਇਰੋਡਿਜ਼ਮ) ਖ਼ੁਰਾਕ ਵਿਚ ਆਈਓਡੀਨ ਦੀ ਲੰਮੇ ਸਮੇਂ ਤਕ ਘੱਟ ਮਿਕਦਾਰ ਲੈਣ ਕਾਰਨ ਲੱਗਦਾ ਹੈ। ਭਾਵ ਥਾਇਰਾਇਡ ਗ੍ਰੰਥੀ ਆਇਓਡੀਨ ਦੀ ਘਾਟ ਕਾਰਨ ਥਾਇਰਾਕਸਨ ਨਾਂ ਦਾ ਹਾਰਮੋਨ ਘੱਟ ਬਣਾਉਂਦੀ ਹੈ।

ਖ਼ੁਰਾਕੀ ਪਰਹੇਜ਼

ਜਿਨ੍ਹਾਂ ਵਿਅਕਤੀਆਂ ਨੂੰ ਹਾਈਪੋਥਾਇਰੋਡਿਜ਼ਮ ਕਿਸਮ ਦਾ ਥਾਇਰਾਇਡ ਰੋਗ ਹੈ, ਉਨ੍ਹਾਂ ਨੂੰ ਮੱਖਣ, ਮਿਊਨੀਜ਼, ਫੈਟ ਵਾਲੇ ਮੀਟ, ਖੰਡ ਵਾਲੇ ਖ਼ੁਰਾਕੀ ਪਦਾਰਥ, ਤਲੇ ਹੋਏ, ਪ੍ਰੋਸੈਸ ਕੀਤੇ ਹੋਏ ਅਤੇ ਗਲੂਟਨ ਵਾਲੇ ਭੋਜਨ ਪਦਾਰਥਾਂ ਨੂੰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਚੰਗੀ ਖ਼ੁਰਾਕ ਤੇ ਵਧੀਆ ਜੀਵਨਸ਼ੈਲੀ ਥਾਇਰਾਇਡ ਗ੍ਰੰਥੀ ਦੇ ਕੰਮ ਨੂੰ ਪ੍ਰਭਾਵਿਤ ਕਰ ਸਕਦੀ ਹੈ। ਬਹੁਤ ਸਾਰੀਆਂ ਖੋਜਾਂ ਤੋਂ ਪਤਾ ਚੱਲਦਾ ਹੈ ਕਿ ਥਾਇਰਾਇਡ ਤੋਂ ਪੀੜਤ ਵਿਅਕਤੀਆਂ ਦੀ ਚੰਗੀ ਖ਼ੁਰਾਕ ਚੰਗੀ ਸਿਹਤ ਪ੍ਰਦਾਨ ਕਰਦੀ ਹੈ।

ਖ਼ੁਰਾਕ

ਰੰਗਦਾਰ ਫਲ ਤੇ ਸਬਜ਼ੀਆਂ ਸ਼ਾਮਿਲ ਕਰਨੇ ਚਾਹੀਦੇ ਹਨ, ਜਿਵੇਂ ਸੇਬ, ਕੇਲਾ,ਆੜੂ, ਨਾਸ਼ਪਾਤੀ, ਮੌਸੰਮੀ, ਸੰਤਰਾ, ਕਿਨੂੰ, ਅਨਾਨਾਸ, ਸਟਰਾਬੇਰੀ, ਕਰੇਨਬੇਰੀ, ਬਰੋਕਲੀ, ਗਾਜਰਾਂ, ਚੁਕੰਦਰ, ਆਲੂ, ਸ਼ਿਮਲਾ ਮਿਰਚ, ਪਾਲਕ, ਖੁੰਬਾਂ ਤੇ ਹਰੀਆਂ ਪੱਤੇਦਾਰ ਸਬਜ਼ੀਆਂ। ਸਾਬਤ ਅਨਾਜ, ਪਾਸਤਾ, ਚਾਵਲ ਜੋ ਰੇਸ਼ੇ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋਣ, ਸ਼ਾਮਿਲ ਕਰਨੇ ਚਾਹੀਦੇ ਹਨ। ਇਹ ਹਾਈਪੋਥਾਇਰੋਡਿਜ਼ਮ ਰੋਗ ਦੀ ਆਮ ਸਮੱਸਿਆ ਕਬਜ਼ ਨੂੰ ਘਟਾਉਣ ਵਿਚ ਮਦਦਗਾਰ ਹੋਣਗੇ। ਆਂਡੇ, ਟੋਫੂ, ਬੀਨਜ਼, ਮੱਛੀ, ਦੁੱਧ, ਪਨੀਰ, ਦਹੀਂ ਚੰਗੀ ਪ੍ਰੋਟੀਨ ਲਈ ਖ਼ੁਰਾਕ ਵਿਚ ਸ਼ਾਮਿਲ ਕਰਨੇ ਚਾਹੀਦੇ ਹਨ। ਸਿਹਤਮੰਦ ਫੈਟ, ਜਿਵੇਂ ਅਖਰੋਟ, ਨਾਰੀਅਲ, ਜੈਤੂਨ ਦਾ ਤੇਲ ਸ਼ਾਮਿਲ ਕਰਨਾ ਚਾਹੀਦਾ ਹੈ। ਆਇਓਡਾਈਜ਼ਡ ਲੂਣ ਖ਼ੁਰਾਕ ਵਿਚ ਸ਼ਾਮਿਲ ਕਰੋ।

ਹਾਈਪਰਥਾਇਰੋਡਿਜ਼ਮ

ਇਸ ਵਿਚ ਥਾਇਰਾਇਡ ਗ੍ਰੰਥੀ ਸਰੀਰਕ ਲੋੜ ਤੋਂ ਵੱਧ ਥਾਇਰਾਕਸਨ ਹਾਰਮੋਨ ਬਣਾਉਂਦੀ ਹੈ। ਥਾਇਰਾਕਸਨ ਹਾਰਮੋਨ ਦੀ ਲੋੜ ਤੋਂ ਜ਼ਿਆਦਾ ਮਿਕਦਾਰ ਵੀ ਸਿਹਤ ਲਈ ਹਾਨੀਕਾਰਕ ਹੈ, ਜਿਸ ਕਰਕੇ ਸਰੀਰ ਕਈ ਅਲਾਮਤਾਂ ਦਾ ਸ਼ਿਕਾਰ ਹੋ ਸਕਦਾ ਹੈ।

ਅਲਾਮਤਾਂ

ਅਚਾਨਕ ਭਾਰ ਘਟਣਾ, ਭੁੱਖ ਵਧਣੀ, ਤਣਾਅ, ਚਿੜਚਿੜਾਪਣ, ਮੂਡ ਬਦਲਣਾ, ਨੀਂਦ ਵਿਚ ਗੜਬੜੀ, ਗਰਮੀ ਜ਼ਿਆਦਾ ਲੱਗਣੀ, ਪਸੀਨਾ ਆਉਣਾ, ਦਿਲ ਦੀ ਧੜਕਣ ਤੇਜ਼ ਹੋਣਾ, ਬਲੱਡ ਪ੍ਰੈਸ਼ਰ ਦਾ ਵਧਣਾ, ਥਕਾਵਟ, ਮਾਸਪੇਸ਼ੀਆਂ ਦੀ ਕਮਜ਼ੋਰੀ, ਚਮੜੀ ਪਤਲੀ ਹੋਣਾ, ਥਾਇਰਾਇਡ ਗ੍ਰੰਥੀ ਦਾ ਆਕਾਰ ਵਧਣਾ ਤੇ ਗਰਦਨ ਦੇ ਅਗਲੇ ਹਿੱਸੇ ਦਾ ਸੁੱਜ ਜਾਣਾ (ਜੋ ਇਲਾਜ ਨਾ ਕਰਵਾਉਣ ’ਤੇ ਕੈਂਸਰ ਦਾ ਕਾਰਨ ਵੀ ਬਣ ਸਕਦੀ ਹੈ) ਵਰਗੀਆਂ ਅਲਾਮਤਾਂ ਨਜ਼ਰ ਆਉਂਦੀਆਂ ਹਨ।

ਕਾਰਨ

ਬਿਨਾਂ ਸ਼ੱਕ ਇਸ ਦੇ ਹੋਰ ਵੀ ਬਹੁਤ ਸਾਰੇ ਕਾਰਨ ਹਨ ਪਰ ਮੁੱਖ ਤੌਰ ’ਤੇ ਹਾਈਪਰਥਾਇਰੋਡਿਜ਼ਮ ਰੋਗ ਲੰਮੇ ਸਮੇਂ ਤਕ ਜ਼ਿਆਦਾ ਆਇਓਡੀਨ ਤੇ ਆਇਓਡੀਨ ਵਾਲੇ ਖ਼ੁਰਾਕੀ ਪਦਾਰਥ ਖਾਣ ਨਾਲ ਜਾਂ ਥਾਇਰਾਇਡ ਗ੍ਰੰਥੀ ਵਿਚ ਵਿਕਾਰ ਪੈਦਾ ਹੋਣ ਨਾਲ ਹੋ ਸਕਦਾ ਹੈ।

ਖ਼ੁਰਾਕੀ ਪਰਹੇਜ਼

ਆਇਓਡੀਨ ਦੀ ਜ਼ਿਆਦਾ ਮਿਕਦਾਰ ਵਾਲੇ ਖ਼ੁਰਾਕੀ ਪਦਾਰਥ, ਜਿਵੇਂ ਆਇਓਡਾਈਜ਼ਡ ਲੂਣ, ਮੱਛੀ, ਸੈਲਫਿਸ਼, ਦੁੱਧ ਦੇ ਉਤਪਾਦ, ਆਂਡੇ ਦਾ ਪੀਲਾ ਹਿੱਸਾ, ਪੈਕਡ ਅਤੇ ਬੇਕ ਕੀਤੇ ਖ਼ੁਰਾਕੀ ਪਦਾਰਥ, ਜਿਨ੍ਹਾਂ ਵਿਚ ਆਇਓਡੀਨ ਪਾਇਆ ਹੋਵੇ, ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਖ਼ੁਰਾਕ

ਮਰੀਜ਼ਾਂ ਨੂੰ ਆਇਓਡੀਨ ਦੀ ਘੱਟ ਮਿਕਦਾਰ ਵਾਲੇ ਭੋਜਨ ਲੈਣੇ ਚਾਹੀਦੇ ਹਨ। ਇਸ ਨਾਲ ਹਾਰਮੋਨ ਘੱਟ ਬਣੇਗਾ। ਜ਼ਿਆਦਾ ਆਇਓਡੀਨ ਵਾਲੇ ਭੋਜਨ ਖਾਣ ਨਾਲ ਹਾਈਪਰਥਾਇਰੋਡਿਜ਼ਮ ਦੀ ਸਮੱਸਿਆ ਵੱਧ ਸਕਦੀ ਹੈ। ਐੱਨਆਈਐੱਚ ਅਨੁਸਾਰ ਇਕ ਚਮਚ ਆਇਓਡਾਈਜ਼ਡ ਨਮਕ ਵਿਚ 304 ਮਾਈਕ੍ਰੋਗ੍ਰਾਮ ਆਇਓਡੀਨ ਹੁੰਦਾ ਹੈ। ਆਇਓਡੀਨ ਦੀ ਰੋਜ਼ਾਨਾ ਲੋੜ 150 ਮਾਈਕ੍ਰੋਗ੍ਰਾਮ ਜਾਂ .15 ਮਿਲੀਗ੍ਰਾਮ ਹੈ। ਮਤਲਬ ਘੱਟ ਆਇਓਡੀਨ ਵਾਲੀ ਖ਼ੁਰਾਕ ਵੀ ਬਹੁਤ ਥੋੜ੍ਹੀ ਲੈਣੀ ਚਾਹੀਦੀ ਹੈ। ਆਇਓਡੀਨ ਤੋਂ ਬਿਨਾਂ ਲੂਣ, ਬਿਨਾਂ ਦੁੱਧ ਦੇ ਕਾਫੀ ਜਾਂ ਚਾਹ, ਆਂਡੇ ਦਾ ਚਿੱਟਾ ਹਿੱਸਾ, ਬਿਨਾਂ ਲੂਣ ਤੋਂ ਨਟਸ, ਘਰ ਦੀ ਬਣੀ ਬਿਨਾਂ ਲੂਣ ਤੋਂ ਬਰੈੱਡ, ਓਟਸ, ਚੌਲ, ਬੀਨਜ਼, ਆਲੂ, ਫਲ, ਜੂਸ, ਸਬਜ਼ੀਆਂ, ਸੋਇਆ ਤੇ ਬਦਾਮ ਦੇ ਦੁੱਧ ਦਾ ਸੇਵਨ ਗੁਣਕਾਰੀ ਹੁੰਦਾ ਹੈ। ਹਲਦੀ, ਹਰੀ ਮਿਰਚ ,ਕਾਲੀ ਮਿਰਚ ਇਹ ਐਂਟੀਇੰਫਲਾਮੇਟਰੀ ਹੁੰਦੇ ਹਨ, ਜੋ ਥਾਇਰਾਇਡ ਦੇ ਕੰਮ ਨੂੰ ਸੰਤੁਲਿਤ ਰੱਖਦੇ ਹਨ। ਇਨ੍ਹਾਂ ਦਾ ਸੇਵਨ ਵੀ ਚੰਗਾ ਹੈ। ਇਸ ਨਾਲ ਹੱਡੀਆਂ ਵੀ ਕਮਜ਼ੋਰ ਹੋ ਸਕਦੀਆਂ ਹਨ। ਇਸ ਲਈ ਕੈਲਸ਼ੀਅਮ ਤੇ ਵਿਟਾਮਿਨ-ਡੀ ਭਰਪੂਰ ਖ਼ੁਰਾਕ ਸ਼ਾਮਿਲ ਕਰਨੀ ਚਾਹੀਦੀ ਹੈ।

ਸਾਂਝਾ ਕਰੋ

ਪੜ੍ਹੋ

ਪੰਜਾਬੀ ਯੂਨੀਵਰਸਿਟੀ ’ਚ ਰੈਗੂਲਰ ਵੀਸੀ ਤਾਇਨਾਤ ਕਰਨ

ਪਟਿਆਲਾ, 22 ਨਵੰਬਰ – ਪੰਜਾਬੀ ਯੂਨੀਵਰਸਿਟੀ ਵਿਖੇ ਰੈਗੂਲਰ ਵਾਈਸ ਚਾਂਸਲਰ...