ਪਿਛਲੇ ਦਿਨੀਂ ਕੋਲਕਾਤਾ ਦੇ ਇੱਕ ਹਸਪਤਾਲ ਵਿੱਚ ਇੱਕ ਟਰੇਨੀ ਡਾਕਟਰ ਨਾਲ ਹੋਏ ਬਲਾਤਕਾਰ ਤੇ ਹੱਤਿਆ ਦਾ ਮਾਮਲਾ ਦੇਸ਼ ਭਰ ਦੇ ਲੋਕਾਂ ਲਈ ਗੁੱਸੇ ਤੇ ਚਿੰਤਾ ਦਾ ਕਾਰਨ ਬਣਿਆ ਰਿਹਾ ਸੀ | ਪੱਛਮੀ ਬੰਗਾਲ ਵਿੱਚ ਇਸ ਮਾਮਲੇ ਨੂੰ ਲੈ ਕੇ ਵਿਦਿਆਰਥੀ ਤੇ ਡਾਕਟਰ ਸੜਕਾਂ ਉੱਤੇ ਨਿਕਲ ਆਏ ਸਨ | ਉਹ ਇਸ ਕੇਸ ਦੀ ਜਾਂਚ ਸੀ ਬੀ ਆਈ ਹਵਾਲੇ ਕਰਨ ਦੀ ਮੰਗ ਕਰ ਰਹੇ ਸਨ | ਹਾਈ ਕੋਰਟ ਦੇ ਦਖ਼ਲ ਬਾਅਦ ਜਲਦੀ ਹੀ ਇਹ ਮਾਮਲਾ ਸੀ ਬੀ ਆਈ ਹਵਾਲੇ ਕਰ ਦਿੱਤਾ ਗਿਆ ਸੀ | ਇਸ ਤੋਂ ਬਾਅਦ ਭਾਜਪਾ ਨੇ ਇਸ ਮਾਮਲੇ ਨੂੰ ਲੈ ਕੇ ਸਿਆਸੀ ਲਾਹਾ ਲੈਣ ਲਈ ਪਹਿਲਾਂ ਸਕੱਤਰੇਤ ਤੱਕ ਰੋਸ ਮਾਰਚ ਕਢ ਕੇ ਤੇ ਫਿਰ ਬੰਗਾਲ ਬੰਦ ਦਾ ਸੱਦਾ ਦੇ ਕੇ ਮਹਿਲਾ ਸੁਰੱਖਿਆ ਦੀ ਚੈਂਪੀਅਨ ਬਣਨ ਦੀ ਕੋਸ਼ਿਸ਼ ਕੀਤੀ, ਪਰ ਲੋਕਾਂ ਨੇ ਸਾਥ ਨਹੀਂ ਦਿੱਤਾ | ਸੱਚਾਈ ਇਹ ਹੈ ਕਿ ਕੇਂਦਰ ਵਿੱਚ ਭਾਜਪਾ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਹਰ ਮੌਕੇ ਉੱਤੇ ਭਾਜਪਾ ਆਗੂ ਬਲਾਤਕਾਰੀਆਂ ਦੇ ਹੱਕ ਵਿੱਚ ਭੁਗਤਦੇ ਰਹੇ ਹਨ | ਜੰਮੂ ਦੇ ਕਠੂਆ ਵਿੱਚ ਇੱਕ 8 ਸਾਲਾ ਬੱਚੀ ਦੀ ਇੱਕ ਮੰਦਰ ਵਿੱਚ ਬਲਾਤਕਾਰ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ ਸੀ ਤਾਂ ਦੋਸ਼ੀਆਂ ਨੂੰ ਬਚਾਉਣ ਲਈ ਸਥਾਨਕ ਭਾਜਪਾ ਆਗੂਆਂ ਨੇ ਤਿਰੰਗਾ ਯਾਤਰਾ ਕੱਢੀ ਸੀ | ਇਹੋ ਨਹੀਂ ਉਨਾਵ ਤੋਂ ਹਾਥਰਸ ਤੱਕ ਬਲਾਤਕਾਰ ਦੇ ਹਰ ਕੇਸ ਵਿੱਚ ਭਾਜਪਾ ਦੀ ਭੂਮਿਕਾ ਬਲਾਤਕਾਰੀਆਂ ਨੂੰ ਬਚਾਉਣ ਵਾਲੀ ਰਹੀ ਹੈ | ਬਿਲਕਿਸ ਬਾਨੋ ਕੇਸ ਦੇ ਗੁਨਾਹਗਾਰਾਂ ਨੂੰ ਜੇਲ੍ਹ ‘ਚੋਂ ਕੱਢ ਕੇ ਉਨ੍ਹਾਂ ਦਾ ਮਹਿਮਾਮੰਡਨ ਕਰਨ ਦਾ ਤਮਗਾ ਵੀ ਭਾਜਪਾ ਨੂੰ ਹੀ ਹਾਸਲ ਹੈ |
ਆਸਾ ਰਾਮ ਤੇ ਗੁਰਮੀਤ ਰਾਮ ਰਹੀਮ ਵਰਗੇ ਦੁਰਾਚਾਰੀਆਂ ਨੂੰ ਵਾਰ-ਵਾਰ ਜ਼ਮਾਨਤ ਤੇ ਫਰਲੋ ਮਿਲਣੀ ਭਾਜਪਾ ਦੇ ਰਾਜ ਵਿੱਚ ਹੀ ਸੰਭਵ ਹੋ ਸਕਦੀ ਹੈ | ਹੁਣ ਤਾਜ਼ਾ ਮਾਮਲਾ ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਹੋਏ ਬਹੁ-ਚਰਚਿਤ ਗੈਂਗਰੇਪ ਦੇ ਦੋ ਮੁਲਜ਼ਮਾਂ ਦਾ ਹੈ, ਜਿਨ੍ਹਾਂ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ | ਜੇਲ੍ਹ ਤੋਂ ਬਾਹਰ ਆਉਣ ਸਮੇਂ ਇਨ੍ਹਾਂ ਦਾ ਪੁਰਜ਼ੋਰ ਸਵਾਗਤ ਹੋਇਆ, ਜਿਵੇਂ ਉਹ ਉਲੰਪਿਕ ‘ਚੋਂ ਮੈਡਲ ਜਿੱਤ ਕੇ ਆਏ ਹੋਣ | ਮਾਮਲੇ ‘ਚ ਤਿੰਨੇ ਮੁਲਜ਼ਮ ਭਾਜਪਾ ਆਈ ਟੀ ਸੈੱਲ ਦੇ ਅਹੁਦੇਦਾਰ ਸਨ | ਆਈ ਆਈ ਟੀ ਬਨਾਰਸ ਹਿੰਦੂ ਯੂਨੀਵਰਸਿਟੀ ਦੀ 20 ਸਾਲਾ ਵਿਦਿਆਰਥਣ 1 ਨਵੰਬਰ 2023 ਨੂੰ ਦੀ ਰਾਤ ਜਦੋਂ ਆਪਣੇ ਹੋਸਟਲ ਨੂੰ ਜਾ ਰਹੀ ਸੀ ਤਾਂ ਬਾਈਕ ਸਵਾਰ 3 ਮੁੰਡਿਆਂ ਨੇ ਉਸ ਨੂੰ ਬੰਧਕ ਬਣਾ ਕੇ ਬਲਾਤਕਾਰ ਕੀਤਾ ਸੀ | ਇਸ ਘਟਨਾ ਵਿਰੁੱਧ ਅਗਲੇ ਦਿਨ ਯੂਨੀਵਰਸਿਟੀ ਦੇ ਵਿਦਿਆਰਥੀ ਉਠ ਖੜ੍ਹੇ ਹੋਏ ਸਨ | ਯੋਗੀ ਦੀ ਪੁਲਸ ਨੇ ਅੰਦੋਲਨਕਾਰੀਆਂ ਉੱਤੇ ਬੇਕਿਰਕੀ ਨਾਲ ਜਬਰ ਕੀਤਾ, ਪਰ ਵਿਦਿਆਰਥੀ ਇਨਸਾਫ਼ ਦੀ ਮੰਗ ਉੱਤੇ ਅੜੇ ਰਹੇ | ਆਖਰ ਦੋ ਮਹੀਨੇ ਬਾਅਦ ਪੁਲਸ ਇਨ੍ਹਾਂ ਮੁਲਜ਼ਮਾ ਨੂੰ ਗਿ੍ਫ਼ਤਾਰ ਕਰਨ ਲਈ ਮਜਬੂਰ ਹੋਈ | ਇਨ੍ਹਾਂ ਤਿੰਨਾਂ ਦੇ ਨਾਂਅ ਕੁਨਾਲ ਪਾਂਡੇ, ਸਕਸ਼ਮ ਪਟੇਲ ਤੇ ਅਭਿਸ਼ੇਕ ਚੌਹਾਨ ਹਨ |
ਗੈਂਗਰੇਪ ਤੋਂ ਬਾਅਦ ਇਹ ਤਿੰਨੇ ਮੁਲਜ਼ਮ ਮੱਧ ਪ੍ਰਦੇਸ਼ ਵਿਧਾਨ ਸਭਾ ਦੀਆਂ ਚੋਣਾਂ ਵਿੱਚ ‘ਮੋਦੀ ਦੀ ਗਰੰਟੀ’ ਵਾਲੇ ਪੈਂਫਲਟ ਵੰਡਦੇ ਰਹੇ ਸਨ | ਇਨ੍ਹਾਂ ਤਿੰਨਾਂ ਦੀਆਂ ਤਸਵੀਰਾਂ ਮੋਦੀ, ਯੋਗੀ ਤੇ ਨੱਢਾ ਵਰਗੇ ਉੱਚ ਭਾਜਪਾ ਆਗੂਆਂ ਨਾਲ ਹਨ | ਇਸ ਲਈ ਬਨਾਰਸ ਪੁਲਸ ਉਨ੍ਹਾਂ ਦੇ ਮੱਧ ਪ੍ਰਦੇਸ਼ ਵਿੱਚ ਚੋਣ ਪ੍ਰਚਾਰ ਤੋਂ ਵਾਪਸੀ ਦਾ ਇੰਤਜ਼ਾਰ ਕਰਦੀ ਰਹੀ | ਇਨ੍ਹਾਂ ਦਾ ਭਾਜਪਾ ਵਿੱਚ ਉੱਚਾ ਕੱਦ ਸੀ, ਇਸ ਲਈ ਬੁਲਡੋਜ਼ਰ ਸਟਾਰਟ ਨਹੀਂ ਹੋ ਸਕਿਆ | ਇਨ੍ਹਾਂ ਤਿੰਨਾਂ ਵਿੱਚੋਂ ਦੋ ਮੁਲਜ਼ਮਾ ਕੁਨਾਲ ਪਾਂਡੇ ਤੇ ਅਭਿਸ਼ੇਕ ਚੌਹਾਨ ਨੂੰ ਇਲਾਹਾਬਾਦ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ | ਤੀਜੇ ਮੁਲਜ਼ਮ ਸਕਸ਼ਮ ਪਟੇਲ ਦੀ ਅਰਜ਼ੀ ਦੀ ਸੁਣਵਾਈ ਅਗਲੀ ਤਰੀਕ ਉੱਤੇ ਹੋਵੇਗੀ | ਅਲਾਹਾਬਾਦ ਹਾਈ ਕੋਰਟ ਨੇ ਜ਼ਮਾਨਤ ਮਨਜ਼ੂਰ ਕਰਦਿਆਂ ਕਿਹਾ ਹੈ ਕਿ ਸਰਕਾਰੀ ਪੱਖ ਮੁਲਜ਼ਮਾਂ ਵਿਰੁੱਧ ਠੋਸ ਸਬੂਤ ਪੇਸ਼ ਨਹੀਂ ਕਰ ਸਕਿਆ | ਅਦਾਲਤ ਦੀ ਇਸ ਟਿਪਣੀ ਨਾਲ ਮੁਲਜ਼ਮਾਂ ਨਾਲ ਪੁਲਸ ਦੀ ਮਿਲੀਭੁਗਤ ਸਾਹਮਣੇ ਆਉਂਦੀ ਹੈ | ਇਹ ਜਾਨਣਾ ਜ਼ਰੂਰੀ ਹੈ ਕਿ ਬਲਾਤਕਾਰ ਦੇ ਕੇਸਾਂ ਵਿੱਚ ਅਦਾਲਤ ਬਿਨਾਂ ਠੋਸ ਸਬੂਤਾਂ ਦੇ ਜ਼ਮਾਨਤ ਨਹੀਂ ਦਿੰਦੀ | ਕਈ ਵਾਰ ਤਾਂ ਮੁਲਜ਼ਮ 4-4 ਸਾਲ ਜੇਲ੍ਹ ਵਿੱਚ ਰਹਿੰਦੇ ਹਨ, ਤਦ ਜਾ ਕੇ ਉਨ੍ਹਾਂ ਦੀ ਜ਼ਮਾਨਤ ਹੁੰਦੀ ਹੈ | ਇਸ ਕੇਸ ਵਿੱਚ ਮੁਲਜ਼ਮ ਸਿਰਫ਼ 8 ਮਹੀਨਿਆਂ ਵਿੱਚ ਹੀ ਬਾਹਰ ਆ ਗਏ ਹਨ | ਭਾਜਪਾ ਸ਼ਾਸਤ ਰਾਜ ਦੀ ਪੁਲਸ ਕੋਲੋਂ ਭਾਜਪਾਈਆਂ ਦੇ ਖ਼ਿਲਾਫ਼ ਠੋਸ ਸਬੂਤ ਪੇਸ਼ ਕਰਨ ਦੀ ਕਿਵੇਂ ਉਮੀਦ ਕੀਤੀ ਜਾ ਸਕਦੀ ਹੈ, ਜਿਹੜੀ ਦੋ ਮਹੀਨੇ ਇਹੋ ਇੰਤਜ਼ਾਰ ਕਰਦੀ ਰਹੀ ਕਿ ਮੱਧ ਪ੍ਰਦੇਸ਼ ਦੀਆਂ ਚੋਣਾਂ ਮੁੱਕ ਜਾਣ ਤਾਂ ਉਹ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਸਕੇ | ਇਹ ਸਾਰੀ ਘਟਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੇ ਮਹਿਲਾ ਸੁਰੱਖਿਆ ਦੇ ਢੌਂਗ ਦਾ ਪੂਰੀ ਤਰ੍ਹਾਂ ਪਰਦਾਫਾਸ਼ ਕਰਦੀ ਹੈ |