ਵਿਦਿਆਰਥੀ ਖੁਦਕੁਸ਼ੀਆਂ ਗੰਭੀਰ ਮਾਮਲਾ

ਮਹਿੰਗਾਈ ਤੇ ਬੇਰੁਜ਼ਗਾਰੀ ਦੀ ਮਾਰ ਹੇਠ ਆਏ ਮੱਧਵਰਗੀ ਤੇ ਨਿਮਨ ਮੱਧਵਰਗੀ ਸਾਰੀ ਉਮਰ ਬੇਹਤਰ ਜ਼ਿੰਦਗੀ ਲਈ ਜੂਝਦੇ ਰਹਿੰਦੇ ਹਨ। ਲਗਾਤਾਰ ਜਿਸਮ ਤੋੜ ਮਿਹਨਤ ਕਰਨ ਦੇ ਬਾਵਜੂਦ ਜਦੋਂ ਉਮੀਦਾਂ ਦੇ ਸੁਫ਼ਨੇ ਚਕਨਾਚੂਰ ਹੁੰਦੇ ਰਹਿੰਦੇ ਹਨ ਤਾਂ ਇਹ ਹੱਡ ਮਾਸ ਦੇ ਪੁਤਲੇ ਜ਼ਿੰਦਗੀ ਤੋਂ ਅਵਾਜ਼ਾਰ ਹੋ ਜਾਂਦੇ ਹਨ। ਅਜਿਹੇ ਨਿਰਾਸ਼ਤਾ ਦੇ ਆਲਮ ਵਿੱਚ ਉਹ ਖੁਦਕੁਸ਼ੀ ਵਰਗਾ ਕਦਮ ਚੁੱਕਣ ਲਈ ਮਜਬੂਰ ਹੋ ਜਾਂਦੇ ਹਨ। ਇਸ ਮਨੋਦਸ਼ਾ ਦਾ ਸ਼ਿਕਾਰ ਅੱਜ ਹਰ ਉਮਰ ਦੇ ਲੋਕ ਹਨ। ਸਭ ਤੋਂ ਖ਼ਤਰਨਾਕ ਪਹਿਲੂ ਇਹ ਹੈ ਕਿ ਸਾਡਾ ਭਵਿੱਖ ਸਾਡੀ ਅਗਲੀ ਪੀੜ੍ਹੀ ਵਿੱਚ ਖੁਦਕੁਸ਼ੀ ਦਾ ਰੁਝਾਨ ਲਗਾਤਾਰ ਵਧ ਰਿਹਾ ਹੈ। ਹੁਣੇ-ਹੁਣੇ ਇੱਕ ਰਿਪੋਰਟ ਆਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਸਾਡੇ ਦੇਸ਼ ਅੰਦਰ ਵਿਦਿਆਰਥੀਆਂ ਵਿੱਚ ਖੁਦਕੁਸ਼ੀਆਂ ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ। ਇਹ ਰਿਪੋਰਟ ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜਿਆਂ ਦੇ ਅਧਾਰ ਉੱਤੇ ਤਿਆਰ ਕੀਤੀ ਗਈ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਵਿੱਚ ਖੁਦਕੁਸ਼ੀਆਂ ਦੀ ਦਰ ਵਿੱਚ ਸਾਲਾਨਾ 2 ਫ਼ੀਸਦੀ ਵਾਧਾ ਹੋ ਰਿਹਾ ਹੈ, ਜਦੋਂ ਕਿ ਵਿਦਿਆਰਥੀਆਂ ਵਿੱਚ ਇਹ 4 ਫ਼ੀਸਦੀ ਦੀ ਨਾਲ ਵਧੀ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ ਅੰਕੜੇ ਵੱਧ ਹੋ ਸਕਦੇ ਹਨ, ਕਿਉਂਕਿ ਸਾਰੇ ਮਾਮਲੇ ਦਰਜ ਨਹੀਂ ਹੁੰਦੇ। ਪੀ ਟੀ ਆਈ ਦੇ ਅਨੁਸਾਰ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਦੋ ਦਹਾਕਿਆਂ ਵਿੱਚ ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਦੀ ਸਾਲਾਨਾ ਦਰ ਵਿੱਚ ਭਾਰੀ ਵਾਧਾ ਹੋਇਆ ਹੈ ਤੇ ਇਹ ਕੌਮੀ ਦਰ ਨਾਲੋਂ ਦੁੱਗਣੀ ਹੋ ਗਈ ਹੈ। 2022 ਵਿੱਚ ਖੁਦਕੁਸ਼ੀਆਂ ਕਰਨ ਵਾਲੇ ਕੁੱਲ ਵਿਦਿਆਰਥੀਆਂ ਵਿੱਚ 53 ਪ੍ਰਤੀਸ਼ਤ ਲੜਕੇ ਸਨ। ਇਹ ਰਿਪੋਰਟ ‘ਵਿਦਿਆਰਥੀ ਖੁਦਕੁਸ਼ੀਆਂ ਭਾਰਤ ਵਿੱਚ ਫੈਲ ਰਹੀ ਮਹਾਂਮਾਰੀ’ ਦੇ ਸਿਰਲੇਖ ਹੇਠ ਤਿਆਰ ਕੀਤੀ ਗਈ ਹੈ। ਇਹ ਰਿਪੋਰਟ ਸਾਲਾਨਾ ਆਈ ਸੀ-3 ਸੰਮੇਲਨ ਤੇ ਐਕਸਪੋ-2024 ਦੌਰਾਨ ਜਾਰੀ ਕੀਤੀ ਗਈ ਸੀ।

ਆਈ ਸੀ-3 ਇੱਕ ਸਵੈਸੇਵੀ ਸੰਸਥਾ ਹੈ, ਜੋ ਦੁਨੀਆ ਭਰ ਦੀਆਂ ਉੱਚ ਸਿੱਖਿਆ ਸੰਸਥਾਵਾਂ ਦਾ ਮਾਰਗ ਦਰਸ਼ਨ ਕਰਦੀ ਹੈ ਤੇ ਟ੍ਰੇਨਿੰਗ ਦੇ ਸਾਧਨ ਮੁਹੱਈਆ ਕਰਵਾਉਂਦੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਦੀ ਖੁਦਕੁਸ਼ੀ ਦਰ ਆਬਾਦੀ ਦੀ ਵਾਧਾ ਦਰ ਨਾਲੋਂ ਵੀ ਅੱਗੇ ਨਿਕਲ ਚੁੱਕੀ ਹੈ। ਇੰਡੀਆ ਟੂਡੇ ਦੀ ਰਿਪੋਰਟ ਅਨੁਸਾਰ ਪਿਛਲੇ ਦਹਾਕੇ ਵਿੱਚ 24 ਸਾਲ ਤੱਕ ਦੇ ਵਿਅਕਤੀਆਂ ਦੀ ਜਨਸੰਖਿਆ 58 ਕਰੋੜ 20 ਲੱਖ ਸੀ, ਜੋ ਘਟ ਕੇ 58 ਕਰੋੜ 10 ਲੱਖ ਹੋ ਗਈ ਹੈ। ਇਸ ਅਰਸੇ ਦੌਰਾਨ ਵਿਦਿਆਰਥੀ ਖੁਦਕੁਸ਼ੀਆਂ 6654 ਤੋਂ ਵਧ ਕੇ 13044 ਹੋ ਗਈਆਂ ਹਨ। ਯੂਨੀਸੈਫ ਦੀ ਰਿਪੋਰਟ ਅਨੁਸਾਰ ਭਾਰਤ ਵਿੱਚ 15 ਤੋਂ 24 ਸਾਲ ਉਮਰ ਵਾਲੇ 9 ਵਿੱਚੋਂ 1 ਵਿਅਕਤੀ ਮਾਨਸਿਕ ਸਿਹਤ ਸਮੱਸਿਆ ਨਾਲ ਜੂਝ ਰਿਹਾ ਹੈ, ਜਿਨ੍ਹਾਂ ਵਿੱਚ ਉਦਾਸੀ ਤੇ ਨਿਰਾਸ਼ਤਾ ਦੇ ਲੱਛਣ ਸ਼ਾਮਲ ਹਨ। ਇਨ੍ਹਾਂ ਵਿੱਚੋਂ ਸਿਰਫ਼ 41 ਫ਼ੀਸਦੀ ਲੋਕਾਂ ਨੇ ਹੀ ਮਾਨਸਿਕ ਸਮੱਸਿਆਵਾਂ ਤੋਂ ਨਿਜਾਤ ਪਾਉਣ ਲਈ ਬਾਹਰੀ ਸਹਾਇਤਾ ਲੈਣ ਦੀ ਲੋੜ ਮਹਿਸੂਸ ਕੀਤੀ ਹੈ। ਪਿਛਲੇ ਸਾਲ ਆਈ ਸੀ-3 ਸੰਸਥਾਨ ਨੇ ਵਿਦਿਆਰਥੀ ਖੁਦਕੁਸ਼ੀਆਂ ਬਾਰੇ ਜਿਹੜੀ ਸਾਲਾਨਾ ਰਿਪੋਰਟ ਪੇਸ਼ ਕੀਤੀ ਸੀ, ਉਸ ਵਿੱਚ ਦੱਸਿਆ ਗਿਆ ਸੀ ਕਿ ਭਾਰਤ ਵਿੱਚ ਹਰ ਸਾਲ 13 ਹਜ਼ਾਰ ਤੋਂ ਵੱਧ ਵਿਦਿਆਰਥੀ ਖੁਦਕੁਸ਼ੀਆਂ ਕਰ ਜਾਂਦੇ ਹਨ। ਮਹਾਰਾਸ਼ਟਰ, ਤਾਮਿਲਨਾਡੂ ਤੇ ਮੱਧ ਪ੍ਰਦੇਸ਼ ਸਭ ਤੋਂ ਵੱਧ ਵਿਦਿਆਰਥੀ ਖੁਦਕੁਸ਼ੀਆਂ ਵਾਲੇ ਰਾਜ ਹਨ। ਦੇਸ਼ ਵਿੱਚ ਹੁੰਦੀਆਂ ਕੁੱਲ ਖੁਦਕੁਸ਼ੀਆਂ ਵਿੱਚ ਤੀਜਾ ਹਿੱਸਾ ਇਨ੍ਹਾਂ ਤਿੰਨ ਰਾਜਾਂ ਦਾ ਹੈ।

ਸਾਂਝਾ ਕਰੋ

ਪੜ੍ਹੋ