ਕੋਲਕਾਤਾ ਵਿੱਚ 9 ਅਗਸਤ ਨੂੰ ਆਰ ਜੀ ਕਰ ਹਸਪਤਾਲ ਵਿੱਚ ਇੱਕ ਟਰੇਨੀ ਡਾਕਟਰ ਦੇ ਹੋਏ ਬਲਾਤਕਾਰ ਤੇ ਹੱਤਿਆ ਨੇ ਸਮੁੱਚੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਇਸ ਅਣਮਨੁੱਖੀ ਕਾਰੇ ਵਿਰੁੱਧ ਬੰਗਾਲ ਬੁਰੀ ਤਰ੍ਹਾਂ ਤੜਫ਼ ਰਿਹਾ ਹੈ। ਬੁੱਧਵਾਰ ਦੇਸ਼ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਵੀ ਇਸ ਬਲਾਤਕਾਰ ਦੀ ਨਿੰਦਾ ਕਰਕੇ ਆਪਣੀ ਸੰਵੇਦਨਾ ਵਿਅਕਤ ਕੀਤੀ ਹੈ। ਰਾਸ਼ਟਰਪਤੀ ਦੇ ਬਿਆਨ ’ਤੇ ਆਪਣੀ ਪ੍ਰਤੀਕਿਰਿਆ ਪ੍ਰਗਟ ਕਰਨ ਤੋਂ ਪਹਿਲਾਂ ਅਸੀਂ ਪਿਛਲੇ ਇੱਕ ਮਹੀਨੇ ਦੌਰਾਨ ਔਰਤਾਂ ਨਾਲ ਹੋਏ ਬਲਾਤਕਾਰਾਂ ਦੀਆਂ ਘਟਨਾਵਾਂ ਦਾ ਜ਼ਿਕਰ ਕਰਨਾ ਚਾਹਾਂਗੇ। ਉੱਤਰਾਖੰਡ ਦੀ ਇੱਕ 30 ਸਾਲਾ ਨਰਸ ਰੁਦਰਪੁਰ ਦੇ ਇੱਕ ਹਸਪਤਾਲ ਵਿੱਚ ਨੌਕਰੀ ਕਰਦੀ ਸੀ। 30 ਜੁਲਾਈ ਨੂੰ ਉਸ ਨੂੰ ਕੰਮ ਤੋਂ ਵਾਪਸ ਆਉਂਦਿਆਂ ਅਗਵਾ ਕਰ ਲਿਆ ਗਿਆ। ਅਗਲੇ ਦਿਨ ਪਰਵਾਰ ਨੇ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਾਈ। 8 ਅਗਸਤ ਨੂੰ ਉਸ ਦਾ ਪਿੰਜਰ ਯੂ ਪੀ ਦੇ ਰਾਮਪੁਰ ਜ਼ਿਲ੍ਹੇ ਵਿੱਚੋਂ ਮਿਲਿਆ। ਪਿੰਜਰ ਕੋਲੋਂ ਮਿਲੇ ਆਈ ਡੀ ਕਾਰਡ ਤੋਂ ਉਸ ਦੀ ਸ਼ਨਾਖਤ ਹੋਈ। ਪੋਸਟ-ਮਾਰਟਮ ਦੀ ਰਿਪੋਰਟ ਮੁਤਾਬਕ ਪਹਿਲਾਂ ਉਸ ਨਾਲ ਬਲਾਤਕਾਰ ਕੀਤਾ ਗਿਆ ਤੇ ਫਿਰ ਗਲ ਘੁੱਟ ਕੇ ਹੱਤਿਆ ਕਰ ਦਿੱਤੀ ਗਈ। ਪਰਵਾਰ ਤੇ ਲੋਕ ਸੀ ਬੀ ਆਈ ਜਾਂਚ ਦੀ ਮੰਗ ਕਰ ਰਹੇ ਹਨ, ਪਰ ਭਾਜਪਾ ਸਰਕਾਰ ਕੇਸ ’ਤੇ ਮਿੱਟੀ ਪਾਉਣ ਲੱਗੀ ਹੋਈ ਹੈ।
ਉੱਤਰਾਖੰਡ ਦੇ ਦੇਹਰਾਦੂਨ ਦੇ ਬੱਸ ਸਟੈਂਡ ਵਿੱਚ ਪੰਜਾਬ ਤੋਂ ਆਈ ਇੱਕ 16 ਸਾਲਾ ਲੜਕੀ ਨਾਲ 5 ਰੋਡਵੇਜ਼ ਮੁਲਾਜ਼ਮਾਂ ਵੱਲੋਂ ਬਲਾਤਕਾਰ ਕੀਤਾ ਗਿਆ। ਲੜਕੀ ਜ਼ਿੰਦਾ ਸੀ, ਇਸ ਲਈ ਪੰਜੇ ਦੋਸ਼ੀ ਗਿ੍ਰਫ਼ਤਾਰ ਕਰ ਲਏ ਗਏ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਪੁਲਸ ਨੇ ਇਹ ਕਹਿ ਕੇ ਉਸ ਦਾ ਮੈਡੀਕਲ ਹੀ ਨਹੀਂ ਕਰਾਇਆ ਕਿ ਲੜਕੀ ਨੇ ਬਲਾਤਕਾਰ ਦਾ ਜ਼ਿਕਰ ਨਹੀਂ ਸੀ ਕੀਤਾ। ਜਨਤਕ ਦਬਾਅ ਵਧਣ ਬਾਅਦ ਹੁਣ ਮੈਡੀਕਲ ਕਰਾਇਆ ਗਿਆ ਹੈ, ਜਿਸ ਦੀ ਰਿਪੋਰਟ ਆਉਣੀ ਬਾਕੀ ਹੈ। ਮਹਾਰਾਸ਼ਟਰ ਦੇ ਬਦਲਾਪੁਰ ਵਿੱਚ 13 ਅਗਸਤ ਨੂੰ ਚਾਰ-ਚਾਰ ਸਾਲ ਦੀਆਂ ਕਿੰਡਰ ਗਾਰਟਨ ਵਿੱਚ ਪੜ੍ਹਦੀਆਂ ਦੋ ਬੱਚੀਆਂ ਨਾਲ ਸਕੂਲ ਦੇ ਚੌਕੀਦਾਰ ਨੇ ਬਲਾਤਕਾਰ ਕੀਤਾ, ਜਿਸ ਦਾ ਪਤਾ ਪਰਵਾਰਾਂ ਨੂੰ 16 ਅਗਸਤ ਨੂੰ ਲੱਗਾ। ਲੋਕਾਂ ਵੱਲੋਂ ਵਿਰੋਧ ਪ੍ਰਦਰਸ਼ਨ ਤੇ ਤੋੜ-ਫੋੜ ਕਰਨ ਬਾਅਦ ਕੇਸ ਦਰਜ ਕਰਕੇ ਚੌਕੀਦਾਰ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। 24 ਅਗਸਤ ਨੂੰ ਪਾਲਘਰ ਦੇ ਇੱਕ ਨਿੱਜੀ ਸਕੂਲ ਦੀ ਕੰਟੀਨ ਵਿੱਚ ਕੰਮ ਕਰਦੇ ਇੱਕ ਵਿਅਕਤੀ ਵੱਲੋਂ 7 ਸਾਲ ਦੀ ਵਿਦਿਆਰਥਣ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। 24 ਅਗਸਤ ਨੂੰ ਵੀ ਪਾਲਘਰ ਵਿੱਚ ਇੱਕ 42 ਸਾਲਾ ਵਿਅਕਤੀ ਨੇ ਇੱਕ 12 ਸਾਲਾ ਬੱਚੀ ਨੂੰ ਆਪਣੇ ਘਰ ਬੁਲਾ ਕੇ ਬਲਾਤਕਾਰ ਕੀਤਾ।
25 ਅਗਸਤ ਨੂੰ ਧਾਰਾਸ਼ਿਵ ਕਸਬੇ ਵਿੱਚ ਇੱਕ 15 ਸਾਲਾ ਨਾਬਾਲਗ ਨਾਲ ਤਿੰਨ ਵਿਅਕਤੀਆਂ ਨੇ ਬਲਾਤਕਾਰ ਕੀਤਾ ਸੀ। 26 ਅਗਸਤ ਨੂੰ ਰਤਨਾਗਿਰੀ ਵਿੱਚ 19 ਸਾਲਾ ਨਰਸਿੰਗ ਵਿਦਿਆਰਥਣ ਨਾਲ ਇੱਕ ਆਟੋ ਰਿਕਸ਼ਾ ਚਾਲਕ ਨੇ ਬਲਾਤਕਾਰ ਕੀਤਾ। ਪੀੜਤ ਆਟੋ ਵਿੱਚ ਸਵਾਰ ਹੋਈ ਤਾਂ ਚਾਲਕ ਨੇ ਉਸ ਨੂੰ ਪਾਣੀ ਦਿੱਤਾ, ਜਿਸ ਵਿੱਚ ਨਸ਼ੀਲਾ ਪਦਾਰਥ ਸੀ। ਪੀੜਤ ਬੇਹੋਸ਼ ਹੋਈ ਤਾਂ ਉਹ ਉਸ ਨੂੰ ਸੁੰਨਸਾਨ ਥਾਂ ’ਤੇ ਲੈ ਗਿਆ ਤੇ ਬਲਾਤਕਾਰ ਕੀਤਾ। ਇਸ ਘਟਨਾ ਵਿਰੁੱਧ ਰਤਨਾਗਿਰੀ ਵਿੱਚ ਗੁੱਸਾ ਭੜਕ ਗਿਆ। ਨਰਸਿੰਗ ਵਿਦਿਆਰਥਣਾਂ ਸੜਕ ਉਤੇ ਨਿਕਲ ਆਈਆਂ ਤਾਂ ਪੁਲਸ ਨੇ ਐੱਸ ਆਈ ਟੀ ਦਾ ਗਠਨ ਕਰ ਦਿੱਤਾ। ਬਿਹਾਰ ਵਿੱਚ ਮੁਜ਼ੱਫਰਪੁਰ ਜ਼ਿਲ੍ਹੇ ਦੇ ਛਪਰਾ ਪਿੰਡ ਵਿੱਚ 11 ਅਗਸਤ ਨੂੰ ਇੱਕ 14 ਸਾਲਾ ਦਲਿਤ ਲੜਕੀ ਨਾਲ 6 ਵਿਅਕਤੀਆਂ ਵੱਲੋਂ ਬਲਾਤਕਾਰ ਕਰਨ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਪਰਵਾਰ ਮੁਤਾਬਕ ਲੜਕੀ ਨੂੰ ਦਬੰਗਾਂ ਵੱਲੋਂ 11 ਅਗਸਤ ਦੀ ਰਾਤ ਨੂੰ ਮੋਟਰਸਾਈਕਲ ਉਤੇ ਅਗਵਾ ਕੀਤਾ ਗਿਆ ਤੇ ਗੈਂਗਰੇਪ ਬਾਅਦ ਉਸ ਦੀ ਹੱਤਿਆ ਕੀਤੀ ਗਈ। ਅਗਲੇ ਦਿਨ ਪਰਵਾਰ ਨੂੰ ਲੜਕੀ ਦੇ ਫਟੇ ਕੱਪੜੇ, ਵਾਲ ਤੇ ਮਾਸ ਦਾ ਟੁਕੜਾ ਪਿੰਡ ਦੇ ਛੱਪੜ ਕੋਲੋਂ ਮਿਲਿਆ ਸੀ। ਲਾਸ਼ ਦੇ ਪੈਰ ਰੱਸੀਆਂ ਨਾਲ ਬੰਨ੍ਹੇ ਹੋਏ ਸਨ। ਇਸ ਦੇ ਬਾਵਜੂਦ ਪੁਲਸ ਬਲਾਤਕਾਰ ਦੀ ਗੱਲ ਮੰਨਣ ਲਈ ਤਿਆਰ ਨਹੀਂ।
10 ਅਗਸਤ ਦੀ ਸ਼ਾਮ ਨੂੰ ਯੂ ਪੀ ਦੇ ਆਗਰਾ ਵਿੱਚ ਇੱਕ 22 ਸਾਲਾ ਵਿਅਕਤੀ ਨੇ ਇੱਕ 20 ਸਾਲਾ ਇੰਜੀਨੀਅਰਿੰਗ ਦੀ ਵਿਦਿਆਰਥਣ ਨਾਲ ਚਲਦੀ ਕਾਰ ਵਿੱਚ ਬਲਾਤਕਾਰ ਕੀਤਾ। ਵਿਦਿਆਰਥਣ ਨੇ ਅਗਲੇ ਦਿਨ ਐੱਫ ਆਈ ਆਰ ਦਰਜ ਕਰਾਈ, ਪਰ ਕੋਈ ਕਾਰਵਾਈ ਨਾ ਹੋਈ। ਉਹ ਵਾਰ-ਵਾਰ ਥਾਣੇ ਦੇ ਚੱਕਰ ਲਾਉਂਦੀ ਰਹੀ, ਪਰ ਪੁਲਸ ਟੱਸ ਤੋਂ ਮੱਸ ਨਾ ਹੋਈ। ਆਖਰ ਉਸ ਨੇ ਘਟਨਾ ਤੋਂ 17 ਦਿਨ ਬਾਅਦ ਥਾਣੇ ਸਾਹਮਣੇ ਆਪਣੇ ਸਾਰੇ ਕੱਪੜੇ ਲਾਹ ਕੇ ਨਗਨ ਹਾਲਤ ਵਿੱਚ ਆਪਣਾ ਰੋਸ ਪ੍ਰਗਟ ਕਰਦਿਆਂ ਪੁਲਸ ਵਿਰੁੱਧ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਹੀ ਪੁਲਸ ਹਰਕਤ ਵਿੱਚ ਆਈ ਤੇ ਮੁਲਜ਼ਮ ਨੂੰ ਗਿ੍ਰਫ਼ਤਾਰ ਕੀਤਾ ਗਿਆ। ਪੁਲਸ ਮੁਤਾਬਕ ਲੜਕੀ ਨੇ 29 ਜੁਲਾਈ ਨੂੰ ਵੀ ਥਾਣੇ ਵਿੱਚ ਮੁਲਜ਼ਮ ਵੱਲੋਂ ਤੰਗ-ਪ੍ਰੇਸ਼ਾਨ ਕੀਤੇ ਜਾਣ ਦੀ ਸ਼ਿਕਾਇਤ ਕੀਤੀ ਸੀ। ਜਨਮ ਅਸ਼ਟਮੀ ਦੀ ਰਾਤ ਫਰੂਖਾਬਾਦ ਜ਼ਿਲ੍ਹੇ ਦੇ ਇੱਕ ਪਿੰਡ ਦੀਆਂ 15 ਤੇ 18 ਸਾਲ ਦੀਆਂ ਦੋ ਦਲਿਤ ਕੁੜੀਆਂ ਜਨਮ ਅਸ਼ਟਮੀ ਪ੍ਰੋਗਰਾਮ ਦੇਖਣ ਗਈਆਂ ਰਾਤ ਨੂੰ ਵਾਪਸ ਨਾ ਆਈਆਂ। ਅਗਲੇ ਦਿਨ ਉਨ੍ਹਾਂ ਦੇ ਮਿ੍ਰਤਕ ਸਰੀਰ ਇੱਕ ਅੰਬ ਦੇ ਦਰੱਖਤ ਨਾਲ ਲਟਕਦੇ ਮਿਲੇ ਸਨ। ਪੁਲਸ ਇਸ ਨੂੰ ਆਤਮ ਹੱਤਿਆ ਦਾ ਕੇਸ ਦੱਸ ਰਹੀ ਹੈ, ਜਦੋਂ ਕਿ ਪਰਵਾਰ ਬਲਾਤਕਾਰ ਤੋਂ ਬਾਅਦ ਹੱਤਿਆ ਦਾ ਸ਼ੱਕ ਜ਼ਾਹਰ ਕਰਦਾ ਹੈ। ਇੱਕੋ ਚੁੰਨੀ ਨਾਲ ਦੋ ਜਵਾਨ ਕੁੜੀਆਂ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੀ ਗੱਲ ਕਿਸੇ ਦੇ ਵੀ ਹਜ਼ਮ ਨਹੀਂ ਹੋ ਸਕਦੀ। ਅੱਜ ਸਾਡੇ ਦੇਸ਼ ਦੀ ਹਾਲਤ ਇਹ ਹੈ ਕਿ ਹਰ 15 ਮਿੰਟ ਬਾਅਦ ਬਲਾਤਕਾਰ ਦੀ ਇੱਕ ਘਟਨਾ ਵਾਪਰ ਜਾਂਦੀ ਹੈ।
ਹੁਣ ਲਓ ਰਾਸ਼ਟਰਪਤੀ ਨੂੰ ਪਹੁੰਚੇ ਦੁੱਖ ਦੀ ਗੱਲ। ਉਨ੍ਹਾ ਦੇ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਟਿੱਪਣੀਆਂ ਦਾ ਹੜ੍ਹ ਆਇਆ ਹੈ। ਕੋਈ ਪੁੱਛ ਰਿਹਾ ਹੈ, ‘ਰਾਸ਼ਟਰਪਤੀ ਜੀ, ਜਦੋਂ ਮਨੀਪੁਰ ਵਿੱਚ ਅਣਗਿਣਤ ਔਰਤਾਂ ਨਾਲ ਬਲਾਤਕਾਰ ਹੋ ਰਹੇ ਸਨ ਤਾਂ ਉਦੋਂ ਤੁਹਾਡੀ ਜ਼ਮੀਰ ਕਿਉਂ ਨਹੀਂ ਜਾਗੀ। ਤੁਸੀਂ ਕੋਲਕਾਤਾ ਦੀ ਗੱਲ ਕਰ ਰਹੇ ਹੋ, ਠੀਕ ਕਰ ਰਹੇ ਹੋ, ਪਰ ਜਦੋਂ ਭਾਜਪਾ ਸ਼ਾਸਤ ਰਾਜਾਂ ਵਿੱਚ 4-4 ਸਾਲਾਂ ਦੀਆਂ ਬੱਚੀਆਂ ਨਾਲ ਅਣਮਨੁੱਖੀ ਕਾਰੇ ਹੁੰਦੇ ਹਨ ਤਾਂ ਤੁਹਾਡੀ ਸੰਵੇਦਨਾ ਕਿਉਂ ਨਹੀਂ ਜਾਗਦੀ। ਇਹੋ ਨਹੀਂ ਕੋਲਕਾਤਾ ਦੀ ਘਟਨਾ ਦੀ ਯਾਦ ਵੀ ਰਾਸ਼ਟਰਪਤੀ ਨੂੰ 20 ਦਿਨ ਬਾਅਦ ਉਦੋਂ ਆਈ, ਜਦੋਂ ਭਾਜਪਾ ਨੇ ਬੰਗਾਲ ਬੰਦ ਦਾ ਸੱਦਾ ਦਿੱਤਾ ਹੋਇਆ ਸੀ। ਹਕੀਕਤ ਇਹ ਹੈ ਕਿ ਮੌਜੂਦਾ ਹਾਕਮਾਂ ਨੇ ਹਿੰਦੂ-ਮੁਸਲਿਮ ਤੋਂ ਸ਼ੁਰੂ ਕਰਕੇ ਸਮੁੱਚੇ ਸਮਾਜ ਨੂੰ ਹੀ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਹੈ। ਜਿਹੜੇ ਸਾਡੇ ਨਾਲ ਹਨ, ਉਹ ਸਾਡੇ, ਜਿਹੜੇ ਸਾਡੇ ਨਾਲ ਨਹੀਂ, ਉਹ ਪਰਾਏ। ਜਿੱਥੇ ਹਕੂਮਤ ਸਾਡੀ ਹੈ, ਉੱਥੇ ਰਾਮ ਰਾਜ ਹੈ ਤੇ ਜਿੱਥੇ ਵਿਰੋਧੀਆਂ ਦੀ ਉੱਥੇ ਜੰਗਲ ਰਾਜ। ਕੋਲਕਾਤਾ ਵਿੱਚ ਹੋਇਆ ਅਪਰਾਧ ਅਸਹਿਣਯੋਗ ਸੀ। ਪ੍ਰਸ਼ਾਸਨ ਵੱਲੋਂ ਜਿਸ ਤਰ੍ਹਾਂ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਉਹ ਅਤੀ ਨਿੰਦਣਯੋਗ ਸੀ। ਸੀ ਬੀ ਆਈ ਜਾਂਚ ਦੀ ਮੰਗ ਵੀ ਮੰਨ ਲਈ ਗਈ ਸੀ। ਇਸ ਦੇ ਬਾਵਜੂਦ ਸਿਰਫ਼ 10 ਦਿਨ ਪਹਿਲਾਂ ਆਰ ਐੱਸ ਐੱਸ ਦੇ ਵਰਕਰਾਂ ਉੱਤੇ ਅਧਾਰਤ ਨਵੀਂ ਵਿਦਿਆਰਥੀ ਜਥੇਬੰਦੀ ਖੜ੍ਹੀ ਕਰਕੇ ਜਿਸ ਤਰ੍ਹਾਂ ਕੋਲਕਾਤਾ ਵਿੱਚ ਗੁੰਡਾਗਰਦੀ ਦਾ ਨਾਚ ਨੱਚਿਆ ਗਿਆ, ਉਹ ਪੀੜਤ ਪਰਵਾਰ ਨੂੰ ਇਨਸਾਫ਼ ਦਿਵਾਉਣ ਲਈ ਨਹੀਂ, ਆਪਣੀ ਰਾਜਨੀਤੀ ਚਮਕਾਉਣ ਲਈ ਸੀ। ਅਗਲੇ ਦਿਨ ਭਾਜਪਾ ਵੱਲੋਂ ਦਿੱਤਾ ਗਿਆ ਬੰਗਾਲ ਬੰਦ ਦਾ ਸੱਦਾ ਵੀ ਇਸੇ ਦਿਸ਼ਾ ਵਿੱਚ ਸੇਧਤ ਸੀ। ਸਭ ਤੋਂ ਮਾੜੀ ਗੱਲ ਇਹ ਹੈ ਕਿ ਦੇਸ਼ ਦਾ ਰਾਸ਼ਟਰਪਤੀ, ਜਿਹੜਾ ਰਾਸ਼ਟਰ ਦਾ ਨਿਰਪੱਖ ਪ੍ਰਤੀਨਿਧ ਹੁੰਦਾ ਹੈ, ਉਹ ਵੀ ਭਾਜਪਾ ਦੀ ਗੰਦੀ ਸਿਆਸਤ ਦਾ ਮੋਹਰਾ ਬਣ ਗਿਆ ਹੈ। ਇਹੋ ਨਹੀਂ ਨਿਆਂਪਾਲਿਕਾ ਦਾ ਵੀ ਦੋਹਰਾ ਚਰਿੱਤਰ ਹੈ, ਬਦਲਾਪੁਰ ਦੀਆਂ ਮਾਸੂਮ ਬੱਚੀਆਂ ਨੂੰ ਇਨਸਾਫ਼ ਦਿਵਾਉਣ ਲਈ ਮਹਾਰਾਸ਼ਟਰ ਬੰਦ ਦੇ ਸੱਦੇ ਉੱਤੇ ਉਹ ਰੋਕ ਲਾ ਦਿੰਦੀ ਹੈ ਤੇ ਬੰਗਾਲ ਬੰਦ ਨੂੰ ਰੋਕਣ ਦੀ ਮੰਗ ਕਰਨ ਵਾਲੇ ਪਟੀਸ਼ਨਰ ਨੂੰ 50 ਹਜ਼ਾਰ ਦਾ ਜੁਰਮਾਨਾ ਠੋਕ ਦਿੰਦੀ ਹੈ।