ਝਾਰਖੰਡ ’ਚ ਕਾਰਪੋਰੇਟ ਲਾਬੀ ਸਰਗਰਮ

ਕਈ ਦਿਨਾਂ ਦੀ ਜੱਕੋਤੱਕੀ ਤੋਂ ਬਾਅਦ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਚੰਪਈ ਸੋਰੇਨ ਨੇ 30 ਅਗਸਤ ਨੂੰ ਭਾਜਪਾ ਵਿਚ ਸ਼ਾਮਲ ਹੋ ਜਾਣ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਉਨ੍ਹਾ 26 ਅਗਸਤ ਦੀ ਰਾਤ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਚੰਪਈ ਸੋਰੇਨ ਵਰਤਮਾਨ ਮੁੱਖ ਮੰਤਰੀ ਹੇਮੰਤ ਸੋਰੇਨ ਦੇ ਪਿਤਾ ਸ਼ਿੱਬੂ ਸੋਰੇਨ ਨਾਲ ਮਿਲ ਕੇ ਝਾਰਖੰਡ ਦੇ ਲੋਕਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣ ਦੇ ਘੋਲ ਵਿਚ ਸ਼ਾਮਲ ਰਹੇ। ਕੱਦਾਵਰ ਨੇਤਾ ਹੋਣ ਕਾਰਨ ਹੀ ਹੇਮੰਤ ਸੋਰੇਨ ਦੇ ਮਨੀ ਲਾਂਡਰਿੰਗ ਕੇਸ ਵਿਚ ਗਿ੍ਰਫਤਾਰ ਹੋਣ ਤੋਂ ਪਹਿਲਾਂ ਉਨ੍ਹਾ ਨੂੰ ਮੁੱਖ ਮੰਤਰੀ ਦੀ ਕੁਰਸੀ ਸੰਭਾਲੀ ਗਈ। ਹੇਮੰਤ ਸੋਰੇਨ ਦੇ ਜੇਲ੍ਹ ਵਿੱਚੋਂ ਬਾਹਰ ਆਉਣ ’ਤੇ ਉਨ੍ਹਾ ਨੂੰ ਹੇਮੰਤ ਲਈ ਕੁਰਸੀ ਖਾਲੀ ਕਰਨ ਲਈ ਕਿਹਾ ਗਿਆ ਤਾਂ ਉਹ ਨਾਰਾਜ਼ ਹੋ ਗਏ ਤੇ ਨਵਾਂ ਰਾਹ ਤਲਾਸ਼ਣ ਲੱਗੇ। ਪਿੱਛੇ ਜਿਹੇ ਉਨ੍ਹਾ ਨਵੀਂ ਪਾਰਟੀ ਤੱਕ ਬਣਾਉਣ ਦੀ ਗੱਲ ਵੀ ਕਹੀ, ਪਰ ਆਖਰ ਭਾਜਪਾ ਦੀ ਝੋਲੀ ’ਚ ਹੀ ਪੈਣ ਦਾ ਅੰਤਮ ਫੈਸਲਾ ਲਿਆ।
ਚੰਪਈ ਸੋਰੇਨ ਨੇ ਭਾਜਪਾ ਵਿਚ ਜਾਣ ਦਾ ਫੈਸਲਾ ਇਸ ਇਤਿਹਾਸ ਨੂੰ ਜਾਣਦੇ ਹੋਏ ਲਿਆ ਹੈ ਕਿ ਝਾਰਖੰਡ ਮੁਕਤੀ ਮੋਰਚਾ ਛੱਡ ਕੇ ਜਿਹੜੇ ਵੀ ਆਗੂ ਭਾਜਪਾ ’ਚ ਗਏ, ਉਹ ਅੰਤ ਨੂੰ ਹਾਸ਼ੀਏ ’ਤੇ ਚਲੇ ਗਏ। ਦੋ ਵਾਰ ਵਿਧਾਇਕ ਤੇ ਇਕ ਵਾਰ ਸਾਂਸਦ ਰਹੇ ਕੱਦਾਵਰ ਆਗੂ �ਿਸ਼ਣਾ ਮਰਾਂਡੀ 2006 ਵਿਚ ਭਾਜਪਾ ’ਚ ਗਏ ਸਨ ਤੇ ਅੱਜ ਉਨ੍ਹਾ ਦਾ ਕੋਈ ਨਾਂਅ ਨਹੀਂ ਲੈਂਦਾ। ਇਹੀ ਹਾਲ ਸ਼ਿੱਬੂ ਸੋਰੇਨ ਤੋਂ ਬਾਅਦ ਨੰਬਰ ਦੋ ਮੰਨੇ ਜਾਂਦੇ ਸੂਰਜ ਮੰਡਲ, ਮੰਤਰੀ ਤੱਕ ਰਹੇ ਦੁਲਾਲ ਭੁਈਆਂ, ਕੁਣਾਲ ਸ਼ਾਂੜੰਗੀ, ਸੀਤਾ ਸੋਰੇਨ ਵਰਗਿਆਂ ਦਾ ਹੋਇਆ। ਝਾਰਖੰਡ ਵਿਚ ਆਦਿਵਾਸੀਆਂ ਦੀ ਹਮਾਇਤ ਤੋਂ ਬਿਨਾਂ ਭਾਜਪਾ ਦੇ ਸੱਤਾ ਵਿਚ ਆਉਣ ਦੀ ਸੰਭਾਵਨਾ ਨਹੀਂ। ਅਸੰਬਲੀ ਚੋਣਾਂ ਦੋ ਕੁ ਮਹੀਨਿਆਂ ਤੱਕ ਹੋਣ ਵਾਲੀਆਂ ਹਨ। ਇਸ ਲਈ ਭਾਜਪਾ ਝਾਰਖੰਡ ਮੁਕਤੀ ਮੋਰਚਾ ਨੂੰ ਤੋੜਨ ਲਈ ਪੂਰਾ ਜ਼ੋਰ ਲਾ ਰਹੀ ਹੈ। ਇਸ ਵਿਚ ਗੁਜਰਾਤ ਦੀ ਕਾਰਪੋਰੇਟ ਲਾਬੀ ਵੀ ਅਸਿੱਧੇ ਤੌਰ ’ਤੇ ਸਰਗਰਮ ਭੂਮਿਕਾ ਨਿਭਾ ਰਹੀ ਹੈ, ਜਿਸ ਦੀ ਨਜ਼ਰ ਝਾਰਖੰਡ ਦੇ ਖਣਿਜਾਂ ’ਤੇ ਹੈ। ਝਾਰਖੰਡ ਵਿਚ ਹੋਣ ਵਾਲੀ ਸਿਆਸੀ ਟੁੱਟ-ਭੱਜ ਪਿੱਛੇ ਕਾਰਪੋਰੇਟ ਲਾਬੀ ਦਾ ਵੱਡਾ ਰੋਲ ਹੈ। ਛੱਤੀਸਗੜ੍ਹ ਵਿਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਅਡਾਨੀ ਨੂੰ ਹਸਦੇਵ ਕੋਇਲਾ ਖਾਣ ਤੇ ਬੈਲਾਡੀਲਾ ਲੋਹਾ ਖਾਣ ਦੇ ਦਿੱਤੀ ਗਈ। ਹਸਦੇਵ ਦੀ ਦਸ਼ਾ ਪੂਰਾ ਦੇਸ਼ ਦੇਖ ਰਿਹਾ ਹੈ। ਓਡੀਸ਼ਾ ਵਿਚ ਭਾਜਪਾ ਸਰਕਾਰ ਬਣਨ ਤੋਂ ਬਾਅਦ ਅਡਾਨੀ ਨੇ ਬਾਕਸਾਈਟ ਵਿਚ ਪੂੰਜੀ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਸੰਭਵ ਹੈ ਕਿ ਬਹੁਤ ਛੇਤੀ ਹੀ ਭਾਜਪਾ ਸਰਕਾਰ ਆਦਿਵਾਸੀਆਂ ਤੋਂ ਨਿਯਮਗਿਰੀ ਪਹਾੜ ਖੋਹ ਕੇ ਅਡਾਨੀ ਨੂੰ ਦੇ ਦੇਵੇਗੀ। 2014 ਵਿਚ ਜਦੋਂ ਝਾਰਖੰਡ ਵਿਚ ਭਾਜਪਾ ਸਰਕਾਰ ਬਣੀ ਸੀ, ਤਦ ਗੋਡਾ ਵਿਚ ਆਦਿਵਾਸੀਆਂ ਦੇ ਝੋਨੇ ਦੀ ਲਹਿਲਹਾਉਦੀ ਫਸਲ ’ਤੇ ਬੁਲਡੋਜ਼ਰ ਚਲਾ ਕੇ ਅਡਾਨੀ ਦਾ ਕਬਜ਼ਾ ਕਰਵਾ ਦਿੱਤਾ ਗਿਆ ਸੀ। ਹੁਣ ਅਡਾਨੀ ਦੀ ਨਜ਼ਰ ਸਾਰੰਡਾ ਜੰਗਲ ਦੀ ਧਰਤੀ ਹੇਠਲੇ ਲੋਹੇ ’ਤੇ ਹੈ, ਜਿਸ ਲਈ ਝਾਰਖੰਡ ਵਿਚ ਭਾਜਪਾ ਸਰਕਾਰ ਜ਼ਰੂਰੀ ਹੈ। ਝਾਰਖੰਡ ਦੇ ਲੋਕਾਂ ਨੇ ਕਾਰਪੋਰੇਟ ਲਾਬੀ ਦਾ ਸ਼ਿਕਾਰ ਹੋਣ ਵਾਲੇ ਆਗੂਆਂ ਨੂੰ ਕਦੇ ਮੁਆਫ ਨਹੀਂ ਕੀਤਾ ਤੇ ਉਨ੍ਹਾਂ ਆਗੂਆਂ ਦੀ ਲਿਸਟ ਵਿਚ ਹੁਣ ਚੰਪਈ ਸੋਰੇਨ ਵੀ ਸ਼ਾਮਲ ਹੋਣ ਜਾ ਰਹੇ ਹਨ।

ਸਾਂਝਾ ਕਰੋ

ਪੜ੍ਹੋ