ਨਵੀਂ ਦਿੱਲੀ 29 ਅਗਸਤ ਗ੍ਰਹਿ ਮੰਤਰਾਲੇ ਨੇ ਰਾਸ਼ਟਰੀ ਸੋਇਮਸੇਵਕ ਸੰਘ (ਆਰ ਐੱਸ ਐੱਸ) ਮੁਖੀ ਮੋਹਨ ਭਾਗਵਤ ਦੀ ਸੁਰੱਖਿਆ ਨੂੰ ਅੱਪਗ੍ਰੇਡ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਰਾਬਰ ਕਰ ਦਿੱਤਾ ਹੈ। ਮੋਦੀ ਤੇ ਸ਼ਾਹ ਨੂੰ ਐਡਵਾਂਸ ਸਕਿਉਰਟੀ ਲਾਇਜ਼ਾਂ (ਏ ਐੱਸ ਐੱਲ) ਸੁਰੱਖਿਆ ਮੁਹੱਈਆ ਹੈ। ਇੰਟੈਲੀਜੈਂਸ ਬਿਊਰੋ ਵੱਲੋਂ ਦਿੱਤੇ ਸੁਝਾਅ ਬਾਅਦ ਅਜਿਹਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਜ਼ੈੱਡ ਪਲੱਸ ਸੁਰੱਖਿਆ ਪ੍ਰਬੰਧ ਅਧੀਨ ਉਹ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੀ ਨਿਗਰਾਨੀ ਹੇਠ ਸਨ। ਸੂਤਰਾਂ ਮੁਤਾਬਕ ਇੰਟੈਲੀਜੈਂਸ ਬਿਊਰੋ ਨੇ ਕਿਹਾ ਸੀ ਕਿ ਖਾਸਕਰ ਗੈਰ-ਭਾਜਪਾ ਰਾਜਾਂ ਵਿਚ ਉਨ੍ਹਾ ਦੀ ਸੁਰੱਖਿਆ ’ਚ ਗੈਪ ਰਹਿ ਜਾਂਦੇ ਹਨ। ਮੰਨਿਆ ਜਾਂਦਾ ਹੈ ਕਿ ਭਾਗਵਤ ਕਈ ਭਾਰਤ-ਵਿਰੋਧੀ ਤੇ ਅੱਤਵਾਦੀ ਇਸਲਾਮੀ ਗਰੁੱਪਾਂ ਦੇ ਨਿਸ਼ਾਨੇ ’ਤੇ ਹਨ। ਨਵੀਂ ਸੁਰੱਖਿਆ ਪੋ੍ਰਟੋਕੋਲ ਤਹਿਤ ਜ਼ਿਲ੍ਹਾ ਪ੍ਰਸ਼ਾਸਨ, ਪੁਲਸ ਤੇ ਸਿਹਤ ਵਿਭਾਗ ਸਣੇ ਵੱਖ-ਵੱਖ ਏਜੰਸੀਆਂ ਉਨ੍ਹਾ ਦੀ ਸੁਰੱਖਿਆ ਵਿਚ ਅਹਿਮ ਰੋਲ ਨਿਭਾਉਣਗੀਆਂ। ਉਨ੍ਹਾ ਦੇ ਕਿਤੇ ਪਹੁੰਚਣ ਤੋਂ ਪਹਿਲਾਂ ਰਿਹਰਸਲ ਹੋਵੇਗੀ, ਐਂਟੀ-ਸਾਬੋਤਾਜ ਕਦਮ ਚੁੱਕੇ ਜਾਣਗੇ ਅਤੇ ਉਨ੍ਹਾ ਦੁਆਲੇ ਕਈ ਪਰਤੀ ਸੁਰੱਖਿਆ ਘੇਰਾ ਬਣਾਇਆ ਜਾਵੇਗਾ। ਸੂਤਰਾਂ ਮੁਤਾਬਕ ਸਫਰ ਤੇ ਕਿਆਮ ਦੌਰਾਨ ਉਨ੍ਹਾ ਦੀ ਸੁਰੱਖਿਆ ਦਾ ਵੱਧ ਤੋਂ ਵੱਧ ਖਿਆਲ ਰੱਖਿਆ ਜਾਵੇਗਾ।