ਫਿਲਮੀ ਦੁਨੀਆ ਤੋਂ ਦੂਰੀ ਬਣਾ ਕੇ ਖੇਡਾਂ ਵੱਲ ਧਿਆਨ ਦੇਵੇਗੀ ਮਨੂ ਭਾਕਰ

ਝੱਜਰ 28 ਅਗਸਤ ਪੈਰਿਸ ਓਲੰਪਿਕ ਵਿਚ ਦੋ ਮੈਡਲ ਜਿੱਤਣ ਵਾਲੀ ਸ਼ੂਟਰ ਮਨੂ ਭਾਕਰ ਨੇ ਆਪਣੇ ਵਿਆਹ ਨਾਲ ਜੁੜੀ ਹਰ ਤਰ੍ਹਾਂ ਦੀ ਚਰਚਾ ’ਤੇ ਰੋਕ ਲਾਉਂਦੇ ਹੋਏ ਕਿਹਾ ਹੈ ਕਿ ਉਹ ਹੁਣ ਪੂਰੀ ਤਰ੍ਹਾਂ ਖੇਡਾਂ ਵੱਲ ਧਿਆਨ ਦੇ ਰਹੀ ਹੈ। ਉਸ ਨੇ ਕਿਹਾ ਕਿ ਹਾਲੇ ਜ਼ਿੰਦਗੀ ਵਿਚ ਅੱਗੇ ਵਧਣ ਦੇ ਮੌਕੇ ਮੌਜੂਦ ਹਨ। ਹਾਲਾਂਕਿ ਵਿਆਹ ਬਾਰੇ ਸਵਾਲ ਪੁੱਛਿਆ ਤਾਂ ਉਹ ਸ਼ਰਮਾ ਗਈ। ਫਿਰ ਗੱਲ ਬਦਲ ਕੇ ਕਹਿਣ ਲੱਗੀ, ‘ਵਿਆਹ ਦਾ ਸਵਾਲ ਕਿੱਥੋਂ ਆ ਗਿਆ? ਹਾਲੇ ਇਸ ਬਾਰੇ ਨਹੀਂ ਸੋਚਿਆ, ਭਗਵਾਨ ਜੋ ਚਾਹੁਣਗੇ, ਉਹੀ ਹੋਵੇਗਾ’। ਨਿਸ਼ਾਨੇਬਾਜ਼ੀ ਤੋਂ ਇਲਾਵਾ ਫਿਲਮਾਂ ਵਿਚ ਕੰਮ ਕਰਨ ਦੇ ਸਵਾਲ ’ਤੇ ਉਸ ਨੇ ਸਾਫ਼ ਕਿਹਾ ਕਿ ਇਹੋ-ਜਿਹਾ ਕੋਈ ਇਰਾਦਾ ਨਹੀਂ ਹੈ। ਮੈਡਲ ਜਿੱਤਣ ਮਗਰੋਂ ਮਨੂ ਅੱਜ ਪਹਿਲੀ ਵਾਰ ਝੱਜਰ ਪੁੱਜੀ ਸੀ। ਪਿੰਡ ਗੋਰੀਆ ਵਿਚ ਸਨਮਾਨ ਤੋਂ ਪਹਿਲਾਂ ਗੁਰੂਗ੍ਰਾਮ ਰੋਡ ਸਥਿਤ ਗੁਕੁਲ ਧਾਮ ਸੇਵਾ ਮਹਾਤੀਰਥ ਚੌਕ ’ਤੇ ਪ੍ਰਸ਼ਾਸਨ ਵੱਲੋਂ ਡੀਸੀ ਕੈਪਟਨ ਸ਼ਕਤੀ, ਏਡੀਸੀ ਸਲੋਨੀ ਸਮੇਤ ਹੋਰ ਅਫ਼ਸਰਾਂ ਨੇ ਉਸ ਦਾ ਸਵਾਗਤ ਕੀਤਾ।

ਮਨੂ ਨੇ ਪਰਿਵਾਰ ਦੀ ਹਾਜ਼ਰੀ ਵਿਚ ਇੱਥੇ ਸੰਸਥਾ ਸੰਚਾਲਕ ਸੁਨੀਲ ਨਿਮਾਣਾ ਦੀ ਮੌਜੂਦਗੀ ਵਿਚ ਕਾਮਧੇਨੂ ਗਊ ਮਾਤਾ ਦੀ ਪੂਜਾ ਕੀਤੀ। ਇਸ ਦੌਰਾਨ ਮਨੂੰ ਦੀ ਮਾਂ ਸੁਮੇਧਾ ਤੇ ਪਿਤਾ ਰਾਮ ਕਿਸ਼ਨ ਮੌਜੂਦ ਸਨ। ਗੱਲਬਾਤ ਦੌਰਾਨ ਮਨੂੰ ਨੇ ਕਿਹਾ ਕਿ ਮੈਨੂੰ ਆਪਣੀ ਖੇਡ ਬਹੁਤ ਪਸੰਦ ਹੈ ਤੇ ਬਾਅਦ ਵਿਚ ਕੋਚਿੰਗ ਵੀ ਕਰਾਂਗੀ। ਉਸ ਨੇ ਕਿਹਾ ਕਿ ਹਾਲੇ ਤਾਂ ਮੈਂ ਮੈਡਲ ਦਾ ਰੰਗ ਬਦਲਣਾ ਹੈ, ਉੰਝ ਇਸ ਓਲੰਪਿਕ ਵਿਚ ਵੀ ਤਿਆਰੀ ਕਾਫ਼ੀ ਕੀਤੀ ਸੀ। ਮੁਕਾਬਲਾ ਨਜ਼ਦੀਕੀ ਸੀ। ਕਾਬਿਲੇ ਜ਼ਿਕਰ ਹੈ ਕਿ ਮਨੂੰ ਫ਼ਿਲਹਾਲ ਤਿੰਨ ਮਹੀਨਿਆਂ ਦੇ ਬ੍ਰੇਕ ’ਤੇ ਹੈ। ਆਉਣ ਵਾਲੇ ਸਮੇਂ ਵਿਚ ਜਿਹੜੇ ਵੀ ਮੁਕਾਬਲੇ ਹੋਣਗੇ, ਉਸ ਵਿਚ ਉਹ ਹਿੱਸਾ ਲਵੇਗੀ। ਨਾਲ ਹੀ ਉਸ ਨੇ ਆਪਣੇ ਪਹਿਲੇ ਮੈਡਲ ਤੋਂ ਲੈ ਕੇ ਓਲੰਪਿਕ ਵਿਚ ਪੁੱਜਣ ਤੱਕ ਮਿਲੇ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ। ਉਸ ਨੇ ਕਿਹਾ ਕਿ ਇਸ ਮੁਕਾਮ ਤੱਕ ਪੁੱਜਣ ਲਈ ਪਿੰਡ ਦੇ ਲੋਕਾਂ, ਪਰਿਵਾਰ ਤੋਂ ਲੈ ਕੇ ਦੇਸ਼ ਦੇ ਹਰ ਵਿਅਕਤੀ ਤੋਂ ਸਹਿਯੋਗ ਮਿਲਿਆ ਹੈ। ਇਸ ਦੌਰਾਨ ਮਨੂ ਦੀ ਦਾਦੀ ਨੇ ਵਾਅਦੇ ਮੁਤਾਬਕ ਪੋਤੀ ਨੂੰ ਸੋਨੇ ਦੀ ਚੇਨੀ ਭੇਟ ਕੀਤੀ।

ਸਾਂਝਾ ਕਰੋ

ਪੜ੍ਹੋ

ਵਿਧਾਇਕ ਰੰਧਾਵਾ ਅਤੇ ਡੀ ਸੀ ਜੈਨ ਨੇ

ਉਨ੍ਹਾਂ ਨੂੰ ਵਾਤਾਵਰਨ ਸੁਰੱਖਿਆ ਦੇ ਦੂਤ ਕਰਾਰ ਦਿੱਤਾ ਹੋਰਨਾਂ ਸਾਨਾਂ...