ਕੋਲਕਾਤਾ ਕਾਂਡ: ਮੁੱਖ ਮੁਲਜ਼ਮ ਨੂੰ ਛੱਡ ਕੇ ਬਾਕੀ ਛੇ ਦਾ ਹੋਇਆ ਪੌਲੀਗ੍ਰਾਫ਼ ਟੈਸਟ

ਨਵੀਂ ਦਿੱਲੀ/ਕੋਲਕਾਤਾ, 24 ਅਗਸਤ

ਕੋਲਕਾਤਾ ਦੀ ਟਰੇਨੀ ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ ਦੇ ਮਾਮਲੇ ’ਚ ਮੁੱਖ ਮੁਲਜ਼ਮ ਸੰਜੇ ਰਾਏ ਦਾ ਅੱਜ ਪੌਲੀਗ੍ਰਾਫ਼ ਟੈਸਟ ਨਹੀਂ ਹੋ ਸਕਿਆ। ਉਂਜ ਆਰ ਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼, ਚਾਰ ਡਾਕਟਰਾਂ ਤੇ ਇਕ ਵਾਲੰਟੀਅਰ ਦਾ ਕੋਲਕਾਤਾ ’ਚ ਸੀਬੀਆਈ ਦੇ ਦਫ਼ਤਰ ’ਚ ਟੈਸਟ ਹੋਇਆ।

ਮੁੱਖ ਮੁਲਜ਼ਮ ਸੰਜੇ ਰਾਏ ਦਾ ਜੇਲ੍ਹ ’ਚ ਪੌਲੀਗ੍ਰਾਫ਼ ਟੈਸਟ ਹੋਣਾ ਸੀ ਪਰ ਕੁੱਝ ਤਕਨੀਕੀ ਕਾਰਨਾਂ ਅਤੇ ਜੇਲ੍ਹ ’ਚ ਢੁੱਕਵੇਂ ਪ੍ਰਬੰਧ ਨਾ ਹੋਣ ਕਾਰਨ ਉਸ ਦਾ ਟੈਸਟ ਨਹੀਂ ਹੋ ਸਕਿਆ। ਜਾਣਕਾਰੀ ਮੁਤਾਬਕ ਹੁਣ ਉਸ ਦਾ ਭਲਕੇ ਟੈਸਟ ਕੀਤਾ ਜਾ ਸਕਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੈਂਟਰਲ ਫੋਰੈਂਸਿਕ ਸਾਇੰਸ ਲੈਬਾਰਟਰੀ ਦੇ ਪੌਲੀਗ੍ਰਾਫ਼ ਮਾਹਿਰਾਂ ਦੀ ਇਕ ਟੀਮ ਉਚੇਚੇ ਤੌਰ ’ਤੇ ਟੈਸਟਾਂ ਲਈ ਦਿੱਲੀ ਤੋਂ ਕੋਲਕਾਤਾ ਪਹੁੰਚੀ ਸੀ। ਇਸ ਦੌਰਾਨ ਕਲਕੱਤਾ ਹਾਈ ਕੋਰਟ ਦੇ ਹੁਕਮਾਂ ’ਤੇ ਸੀਬੀਆਈ ਨੇ ਘੋਸ਼ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਐੱਫਆਈਆਰ ਦਰਜ ਕੀਤੀ ਹੈ। ਘੋਸ਼ ਲਗਾਤਾਰ ਨੌਵੇਂ ਦਿਨ ਅੱਜ ਸਵੇਰੇ ਸੀਬੀਆਈ ਦੇ ਸਾਲਟ ਲੇਕ ਸਥਿਤ ਸੀਜੀਓ ਕੰਪਲੈਕਸ ਦੇ ਦਫ਼ਤਰ ’ਤੇ ਪੁੱਜਿਆ ਜਿਥੋਂ ਉਸ ਨੂੰ ਪੌਲੀਗ੍ਰਾਫ਼ ਟੈਸਟ ਲਈ ਲਿਜਾਇਆ ਗਿਆ। ਅਧਿਕਾਰੀ ਨੇ ਕਿਹਾ ਕਿ ਝੂਠ ਫੜਨ ਵਾਲਾ ਟੈਸਟ ਪੋਸਟ ਗਰੈਜੂਏਟ ਦੇ ਪਹਿਲੇ ਵਰ੍ਹੇ ਦੇ ਦੋ ਟਰੇਨੀਆਂ ’ਤੇ ਵੀ ਹੋਇਆ ਹੈ ਕਿਉਂਕਿ ਜਾਂਚਕਾਰਾਂ ਨੂੰ ਉਨ੍ਹਾਂ ਦੇ ਫਿੰਗਰਪ੍ਰਿੰਟ ਸੈਮੀਨਾਰ ਹਾਲ ’ਚ ਮਿਲੇ ਹਨ ਜਿਥੇ ਮਹਿਲਾ ਡਾਕਟਰ ਦੀ ਲਾਸ਼ ਮਿਲੀ ਸੀ। ਉਧਰ ਵਿਸ਼ੇਸ਼ ਜਾਂਚ ਟੀਮ ਨੇ ਅੱਜ ਸਵੇਰੇ ਸੀਬੀਆਈ ਦਫ਼ਤਰ ਪਹੁੰਚ ਕੇ ਕੇਸ ਨਾਲ ਸਬੰਧਤ ਅਹਿਮ ਦਸਤਾਵੇਜ਼ ਸੌਂਪੇ। ਸੀਬੀਆਈ ਨੇ ਤੁਰੰਤ ਕਾਰਵਾਈ ਕਰਦਿਆਂ ਘੋਸ਼ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਅਤੇ ਉਸ ਦੀ ਕਾਪੀ ਅਲੀਪੁਰ ਚੀਫ਼ ਜੁਡੀਸ਼ਲ ਮੈਜਿਸਟਰੇਟ ਅਦਾਲਤ ਨੂੰ ਸੌਂਪੀ। ਸੀਬੀਆਈ ਸੂਤਰਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਚਲ ਰਹੀ ਹੈ ਅਤੇ ਸਬੂਤਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸੀਬੀਆਈ ਨੇ ਵੀਰਵਾਰ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਸਥਾਨਕ ਪੁਲੀਸ ਨੇ ਪੋਸਟ ਗਰੈਜੂਏਟ ਡਾਕਟਰ ਦੇ ਕਥਿਤ ਜਬਰ-ਜਨਾਹ ਅਤੇ ਹੱਤਿਆ ਮਗਰੋਂ ਉਸ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦਿਆਂ ਘਟਨਾ ਵਾਲੀ ਥਾਂ ਨਾਲ ਛੇੜਛਾੜ ਕੀਤੀ ਸੀ। ਟਰੇਨੀ ਡਾਕਟਰ ਦੀ ਲਾਸ਼ 9 ਅਗਸਤ ਦੀ ਸਵੇਰ ਹਸਪਤਾਲ ਦੇ ਛਾਤੀ ਰੋਗਾਂ ਬਾਰੇ ਵਿਭਾਗ ਦੇ ਸੈਮੀਨਾਰ ਹਾਲ ਅੰਦਰ ਮਿਲੀ ਸੀ ਅਤੇ ਉਸ ’ਤੇ ਗੰਭੀਰ ਸੱਟਾਂ ਦੇ ਨਿਸ਼ਾਨ ਸਨ। ਰਾਏ ਨੂੰ ਉਸੇ ਦਿਨ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਕਲਕੱਤਾ ਹਾਈ ਕੋਰਟ ਨੇ 13 ਅਗਸਤ ਨੂੰ ਜਾਂਚ ਸੀਬੀਆਈ ਹਵਾਲੇ ਕਰਨ ਦੇ ਹੁਕਮ ਦਿੱਤੇ ਸਨ ਜਿਸ ਨੇ 14 ਅਗਸਤ ਤੋਂ ਜਾਂਚ ਸ਼ੁਰੂ ਕਰ ਦਿੱਤੀ ਸੀ

ਸਾਂਝਾ ਕਰੋ

ਪੜ੍ਹੋ

ਵਿਧਾਇਕ ਰੰਧਾਵਾ ਅਤੇ ਡੀ ਸੀ ਜੈਨ ਨੇ

ਉਨ੍ਹਾਂ ਨੂੰ ਵਾਤਾਵਰਨ ਸੁਰੱਖਿਆ ਦੇ ਦੂਤ ਕਰਾਰ ਦਿੱਤਾ ਹੋਰਨਾਂ ਸਾਨਾਂ...