ਮੋਦੀ ਸਰਕਾਰ ਨੇ ਆਰ ਐੱਸ ਐੱਸ ਦੀ ਸੋਚ ਨੂੰ ਲਾਗੂ ਕਰਦਿਆਂ ਪਹਿਲਾਂ ਜੰਮੂ-ਕਸ਼ਮੀਰ ਨੂੰ ਖਾਸ ਰਾਜ ਦਾ ਦਰਜਾ ਦਿੰਦੀ ਧਾਰਾ 370 ਖਤਮ ਕਰਕੇ ਰਾਜ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਅਤੇ ਲੱਦਾਖ ਵਿਚ ਬਦਲਿਆ ਤੇ ਫਿਰ ਉੱਥੇ ਸਿਆਸੀ ਪਕੜ ਮਜ਼ਬੂਤ ਕਰਨ ਲਈ ਕੁਝ ਆਗੂਆਂ ਤੋਂ ਅਖੌਤੀ ਕਸ਼ਮੀਰ-ਪ੍ਰਸਤ ਨਵੀਂਆਂ ਪਾਰਟੀਆਂ ਬਣਵਾਈਆਂ, ਤਾਂ ਕਿ ਨੈਸ਼ਨਲ ਕਾਨਫਰੰਸ, ਪੀਪਲਜ਼ ਡੈਮੋਕਰੇਟਿਕ ਪਾਰਟੀ (ਪੀ ਡੀ ਪੀ) ਤੇ ਕਾਂਗਰਸ ਵਰਗੀਆਂ ਟਕਸਾਲੀ ਪਾਰਟੀਆਂ ਨੂੰ ਥੱਲੇ ਲਾਇਆ ਜਾ ਸਕੇ। ਇਨ੍ਹਾਂ ਪਾਰਟੀਆਂ ਵਿਚ ਅਲਤਾਫ ਬੁਖਾਰੀ ਦੀ ‘ਜੰਮੂ-ਕਸ਼ਮੀਰ ਅਪਨੀ ਪਾਰਟੀ’, ਗੁਲਾਮ ਨਬੀ ਆਜ਼ਾਦ ਦੀ ‘ਡੈਮੋਕਰੇਟਿਕ ਪ੍ਰੋਗਰੈਸਿਵ ਪਾਰਟੀ’ ਅਤੇ ਸੱਜਾਦ ਲੋਨ ਦੀ ‘ਪੀਪਲਜ਼ ਕਾਨਫਰੰਸ’ ਵਰਨਣਯੋਗ ਹਨ। ਇਨ੍ਹਾਂ ਦੀ ਕੇਂਦਰ ਨਾਲ ਨੇੜਤਾ ਕਾਰਨ ਕਸ਼ਮੀਰ ਦੇ ਲੋਕ ਇਨ੍ਹਾਂ ਨੂੰ ਰਾਜੇ ਦੀਆਂ ਪਾਰਟੀਆਂ (ਕਿੰਗ’ਜ਼ ਪਾਰਟੀਜ਼) ਵੀ ਕਹਿੰਦੇ ਹਨ। ਇਨ੍ਹਾਂ ਨੇ ਲੋਕ ਸਭਾ ਚੋਣਾਂ ਲੜੀਆਂ, ਪਰ ਇਨ੍ਹਾਂ ਦੇ ਪੱਲੇ ਕੁਝ ਨਹੀਂ ਪਿਆ। ਸ਼ਰਮਨਾਕ ਹਾਰ ਦਾ ਮੂੰਹ ਦੇਖਣਾ ਪਿਆ। ਹੁਣ ਜੰਮੂ-ਕਸ਼ਮੀਰ ਦੀਆਂ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਇਨ੍ਹਾਂ ਦੀ ਸਥਿਤੀ ਹੋਰ ਹਾਸੋਹੀਣੀ ਹੋ ਰਹੀ ਹੈ। ਭੁਲੇਖੇ ਵਿਚ ਇਨ੍ਹਾਂ ’ਚ ਸ਼ਾਮਲ ਹੋਏ ਟਕਸਾਲੀ ਪਾਰਟੀਆਂ ਦੇ ਆਗੂ ਇਨ੍ਹਾਂ ਵਿੱਚੋਂ ਨਿਕਲਣੇ ਸ਼ੁਰੂ ਹੋ ਗਏ ਹਨ। ਅਪਨੀ ਪਾਰਟੀ ਦੇ ਜਫਰ ਮਨਹਾਸ, ਉਸਮਾਨ ਮਾਜਿਦ, ਨੂਰ ਮੁਹੰਮਦ ਤੇ ਚੌਧਰੀ ਜ਼ੁਲਫੀਕਾਰ, ਪੀਪਲਜ਼ ਕਾਨਫਰੰਸ ਦੇ ਖੁਰਸ਼ੀਦ ਆਲਮ ਅਤੇ ਆਜ਼ਾਦ ਦੀ ਪਾਰਟੀ ਦੇ ਤਾਜ ਮੋਹੀਊਦੀਨ ਇਨ੍ਹਾਂ ਦਾ ਸਾਥ ਛੱਡ ਗਏ ਹਨ। ਮੋਹੀਊਦੀਨ ਕਾਂਗਰਸ ਵਿਚ ਪਰਤ ਗਏ ਹਨ ਤੇ ਆਲਮ ਪੀ ਡੀ ਪੀ ਵਿਚ। ਜ਼ੁਲਫੀਕਾਰ ਅਲੀ ਨੇ ਭਾਜਪਾ ਦਾ ਦਾਮਨ ਫੜਿਆ ਹੈ। ਜਫਰ ਮਨਹਾਸ ਨੇ ਅਪਨੀ ਪਾਰਟੀ ਦੇ ਉਮੀਦਵਾਰ ਵਜੋਂ ਅਨੰਤਨਾਗ ਦੀ ਲੋਕ ਸਭਾ ਸੀਟ ਦੀ ਚੋਣ ਲੜੀ ਸੀ। ਉਨ੍ਹਾ ਦੇ ਕਾਂਗਰਸ ਵਿਚ ਜਾਣ ਦੀ ਚਰਚਾ ਸੀ।
ਸਾਬਕਾ ਮੰਤਰੀ ਅਬਦੁਲ ਹੱਕ ਖਾਨ ਵੀ ਦੋ ਸਾਲ ਬਾਅਦ ਪੀ ਡੀ ਪੀ ਵਿਚ ਪਰਤ ਆਏ ਹਨ। ਦਰਅਸਲ ਰਾਜ ਦਾ ਖਾਸ ਦਰਜਾ ਖਤਮ ਹੋਣ ਤੋਂ ਬਾਅਦ ਪੀ ਡੀ ਪੀ ਨੂੰ ਵੱਡਾ ਨੁਕਸਾਨ ਹੋਇਆ ਸੀ, ਕਿਉਕਿ ਉਸ ਦੇ ਕਈ ਸੀਨੀਅਰ ਆਗੂਆਂ ਨੇ ਪਾਰਟੀ ਛੱਡ ਕੇ ਅਪਨੀ ਪਾਰਟੀ ਬਣਾ ਲਈ ਸੀ ਜਾਂ ਹੋਰਨਾਂ ਪਾਰਟੀਆਂ ਵਿਚ ਸ਼ਾਮਲ ਹੋ ਗਏ ਸਨ। ਪਾਰਟੀ ਦੇ ਸੀਨੀਅਰ ਆਗੂ ਤੇ ਕੁਪਵਾੜਾ ਵਿਚ ਚੰਗੀ ਸਾਖ ਰੱਖਦੇ ਸਾਬਕਾ ਰਾਜ ਸਭਾ ਮੈਂਬਰ ਸ਼ੇਖ ਫਯਾਜ਼ ਤਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਪੀ ਡੀ ਪੀ ਵਿਚ ਪਰਤ ਆਏ ਸਨ ਤੇ ਪੀ ਡੀ ਪੀ ਨੇ ਉਨ੍ਹਾ ਨੂੰ ਬਾਰਾਮੂਲਾ ਤੋਂ ਲੋਕ ਸਭਾ ਚੋਣ ਵੀ ਲੜਾਈ ਸੀ। ਕੁਝ ਹਫਤੇ ਪਹਿਲਾਂ ਸਾਬਕਾ ਮੰਤਰੀ ਬਸ਼ਾਰਤ ਬੁਖਾਰੀ ਪੀ ਡੀ ਪੀ ਵਿਚ ਪਰਤ ਆਏ ਹਨ। ਹਾਲਾਂਕਿ ਜੰਮੂ ਖੇਤਰ ਦੀਆਂ ਦੋ ਲੋਕ ਸਭਾ ਸੀਟਾਂ ਜੰਮੂ ਤੇ ਊਧਮਪੁਰ ਭਾਜਪਾ ਨੇ ਮੁੜ ਜਿੱਤ ਲਈਆਂ ਸਨ, ਪਰ ਕਸ਼ਮੀਰ ਵਿਚ ਉਸ ਦੀ ਉਮੀਦਵਾਰ ਖੜ੍ਹਾ ਕਰਨ ਦੀ ਹਿੰਮਤ ਨਹੀਂ ਸੀ ਪਈ। ਹੁਣ ਵੀ ਉਸ ਨੂੰ ਕਸ਼ਮੀਰ ਵਿਚ ਖੜ੍ਹੇ ਕਰਨ ਲਈ ਉਮੀਦਵਾਰ ਨਹੀਂ ਲੱਭ ਰਹੇ। ਮੋਦੀ ਸਰਕਾਰ ਦੇ ਫੈਸਲਿਆਂ ਖਿਲਾਫ ਲੋਕਾਂ ਵਿਚ ਗੁੱਸਾ ਹੀ ਏਨਾ ਹੈ। ਕਸ਼ਮੀਰ ਦੀ ਫਿਜ਼ਾ ਇਸ ਤਰ੍ਹਾਂ ਦੀ ਬਣ ਚੁੱਕੀ ਹੈ ਕਿ ਉਸ ਦੀਆਂ ਪਿੱਠੂ ਪਾਰਟੀਆਂ ਦੇ ਹੱਥ-ਪੱਲੇ ਵੀ ਕੁਝ ਪੈਂਦਾ ਨਹੀਂ ਲੱਭਦਾ। ‘ਇੰਡੀਆ’ ਗੱਠਜੋੜ ਵਿਚ ਸ਼ਾਮਲ ਕਾਂਗਰਸ, ਨੈਸ਼ਨਲ ਕਾਨਫਰੰਸ, ਪੀ ਡੀ ਪੀ ਤੇ ਖੱਬੀਆਂ ਪਾਰਟੀਆਂ ਲਈ ਜੰਮੂ-ਕਸ਼ਮੀਰ ਦੇ ਲੋਕਾਂ ਦਾ ਦਿਲ ਜਿੱਤਣ ਦਾ ਵਧੀਆ ਮੌਕਾ ਹੈ, ਪਰ ਉਨ੍ਹਾਂ ਨੂੰ ਇਕਜੁਟਤਾ ਦਿਖਾਉਣੀ ਪਵੇਗੀ। ਨੈਸ਼ਨਲ ਕਾਨਫਰੰਸ ਨੂੰ ਪੀ ਡੀ ਪੀ ਨਾਲ ਤਾਲਮੇਲ ਨਾ ਕਰਨ ਦੇ ਪੈਂਤੜੇ ਵਿਚ ਨਰਮੀ ਲਿਆਉਣੀ ਪਵੇਗੀ। ਇਹ ਪਾਰਟੀਆਂ ਜੰਮੂ-ਕਸ਼ਮੀਰ ਦਾ ਪੁਰਾਣਾ ਰੁਤਬਾ ਬਹਾਲ ਕਰਨ ਦੀਆਂ ਗੱਲਾਂ ਕਰ ਰਹੀਆਂ ਹਨ ਤੇ ਇਸ ਨੂੰ ਇਕਜੁੱਟ ਹੋ ਕੇ ਹੀ ਹਾਸਲ ਕੀਤਾ ਜਾ ਸਕਦਾ ਹੈ। ਇਕਜੁੱਟਤਾ ਨਾਲ ਹੀ ਉਹ ਆਰ ਐੱਸ ਐੱਸ ਦੀਆਂ ਗੋਂਦਾਂ ਨੂੰ ਨਾਕਾਮ ਕਰ ਸਕਦੀਆਂ ਹਨ।