ਬਲਾਤਕਾਰ ਦੇ ਦੋਸ਼ ਵਿੱਚ 20 ਸਾਲ ਦੀ ਸਜ਼ਾ ਕੱਟ ਰਿਹਾ ਡੇਰਾ ਸੱਚਾ ਸੌਦਾ ਦਾ ਮੁਖੀ ਗੁਰਮੀਤ ਰਾਮ ਰਹੀਮ 21 ਦਿਨਾਂ ਦੀ ਫਰਲੋ ’ਤੇ ਫਿਰ ਜੇਲ੍ਹ ਤੋਂ ਬਾਹਰ ਆ ਗਿਆ ਹੈ। ਪਿਛਲੇ 4 ਸਾਲਾਂ ਦੌਰਾਨ ਉਹ 10 ਵਾਰ ਜੇਲ੍ਹ ’ਚੋਂ ਬਾਹਰ ਆ ਚੁੱਕਾ ਹੈ। ਉਸ ਦੇ ਬਾਹਰ ਆਉਣ ਦੀ ਖਾਸ ਗੱਲ ਇਹ ਹੈ ਕਿ ਬਹੁਤੀ ਵਾਰ ਉਹ ਉਸ ਸਮੇਂ ਜੇਲ੍ਹ ’ਚੋਂ ਬਾਹਰ ਆਇਆ ਜਾਂ ਲਿਆਂਦਾ ਗਿਆ ਹੈ, ਜਦੋਂ ਹਰਿਆਣਾ, ਪੰਜਾਬ ਜਾਂ ਰਾਜਸਥਾਨ ਵਿੱਚ ਚੋਣਾਂ ਹੋਣੀਆਂ ਹੁੰਦੀਆਂ ਹਨ। ਇਨ੍ਹਾਂ ਤਿੰਨਾਂ ਰਾਜਾਂ ਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਉਸ ਦੇ ਸ਼ਰਧਾਲੂਆਂ ਦੀ ਚੋਖੀ ਗਿਣਤੀ ਹੈ। ਗੁਰਮੀਤ ਰਾਮ ਰਹੀਮ ਆਪਣੀਆਂ ਦੋ ਚੇਲੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ 25 ਅਗਸਤ 2017 ਤੋਂ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਇਸ ਦੇ ਨਾਲ ਹੀ ਉਸ ਨੂੰ ਪੱਤਰਕਾਰ ਰਾਮ ਚੰਦਰ ਛਤਰਪਤੀ ਤੇ ਸਾਬਕਾ ਡੇਰਾ ਮੈਨੇਜਰ ਰਣਜੀਤ ਸਿੰਘ ਦੀਆਂ ਹੱਤਿਆਵਾਂ ਵਿੱਚ ਵੀ ਦੋ ਉਮਰ ਕੈਦ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ ਸਨ। ਇਸ ਸਾਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰਣਜੀਤ ਸਿੰਘ ਕਤਲ ਕੇਸ ਵਿੱਚੋਂ ਉਸ ਨੂੰ ਬਰੀ ਕਰ ਦਿੱਤਾ ਸੀ। ਏਨੇ ਸੰਗੀਨ ਅਪਰਾਧਾਂ ਦਾ ਦੋਸ਼ੀ ਗੁਰਮੀਤ ਰਾਮ ਰਹੀਮ ਹੁਣ ਤੱਕ 255 ਦਿਨ ਜੇਲ੍ਹ ਤੋਂ ਬਾਹਰ ਆ ਚੁੱਕਾ ਹੈ। ਫ਼ਰਵਰੀ 2022 ਵਿੱਚ ਉਸ ਨੂੰ ਉਸ ਵੇਲੇ 21 ਦਿਨ ਦੀ ਪੈਰੋਲ ਮਿਲੀ ਸੀ, ਜਦੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਨ। ਉਸੇ ਸਾਲ ਜੂਨ ਵਿੱਚ ਉਸ ਨੂੰ ਫਿਰ 30 ਦਿਨਾਂ ਦੀ ਪੈਰੋਲ ਮਿਲੀ, ਜਦੋਂ ਹਰਿਆਣਾ ਵਿੱਚ ਮਿਊਂਸਪਲ ਚੋਣਾਂ ਸਨ। ਫਿਰ ਉਹ ਅਕਤੂਬਰ ਵਿੱਚ 40 ਦਿਨਾਂ ਲਈ ਜੇਲ੍ਹ ਤੋਂ ਬਾਹਰ ਆਇਆ, ਜਦੋਂ ਆਦਮਪੁਰ ਵਿਧਾਨ ਸਭਾ ਸੀਟ ਦੀ ਉਪ ਚੋਣ ਸੀ। ਇਸ ਸਾਲ ਉਹ 91 ਦਿਨ ਜੇਲ੍ਹ ਤੋਂ ਬਾਹਰ ਰਿਹਾ ਸੀ।
ਅਗਲੇ ਸਾਲ 2023 ਵਿੱਚ ਵੀ ਉਸ ਨੂੰ 91 ਦਿਨਾਂ ਦੀ ਜੇਲੋ੍ਹਂ ਛੁੱਟੀ ਮਿਲੀ ਸੀ। ਇਸ ਸਾਲ ਜਨਵਰੀ ਵਿੱਚ ਉਸ ਨੂੰ 40 ਦਿਨ ਦੀ ਪੈਰੋਲ ਆਪਣੇ ਗੁਰੂ ਸ਼ਾਹ ਸਤਨਾਮ ਸਿੰਘ ਦੀ ਵਰ੍ਹੇਗੰਢ ਵਿੱਚ ਸ਼ਾਮਲ ਹੋਣ ਲਈ ਮਿਲੀ ਸੀ। ਜੁਲਾਈ ਵਿੱਚ ਫਿਰ 30 ਦਿਨਾਂ ਲਈ ਜੇਲ੍ਹੋਂ ਬਾਹਰ ਆਇਆ, ਜਦੋਂ ਹਰਿਆਣਾ ਵਿੱਚ ਪੰਚਾਇਤ ਚੋਣਾਂ ਹੋਣੀਆਂ ਸਨ। ਉਸ ਸਾਲ ਨਵੰਬਰ ਵਿੱਚ ਉਹ ਉਸ ਵੇਲੇ 21 ਦਿਨਾਂ ਲਈ ਬਾਹਰ ਆਇਆ, ਜਦੋਂ ਰਾਜਸਥਾਨ ਵਿਧਾਨ ਸਭਾ ਦੀਆਂ ਚੋਣਾਂ ਦੇ ਦਿਨ ਸਨ। ਚਾਲੂ ਸਾਲ 2024 ਵਿੱਚ ਵੀ ਹੁਣ ਤੱਕ ਉਹ 71 ਦਿਨ ਲਈ ਜੇਲ੍ਹ ਤੋਂ ਬਾਹਰ ਆ ਚੁੱਕਾ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਰਾਮ ਰਹੀਮ ਨੂੰ 50 ਦਿਨ ਦੀ ਸਭ ਤੋਂ ਵੱਧ ਲੰਮੀ ਛੁੱਟੀ ਦਿੱਤੀ ਗਈ ਸੀ। ਹੁਣ ਜਦੋਂ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਦਾ ਐਲਾਨ ਹੋ ਚੁੱਕਾ ਹੈ, ਰਾਮ ਰਹੀਮ 21 ਦਿਨਾਂ ਦੀ ਫਰਲੋ ਮਾਣ ਰਿਹਾ ਹੈ। ਗੁਰਮੀਤ ਰਾਮ ਰਹੀਮ ਦਾ ਚੋਣਾਂ ਦੇ ਮੌਕੇ ’ਤੇ ਬਾਹਰ ਆਉਣਾ ਕੋਈ ਸੰਯੋਗ ਨਹੀਂ, ਸਗੋਂ ਸੱਤਾਧਾਰੀਆਂ ਦੀ ਸਿਆਸੀ ਲੋੜ ਹੈ। ਪਿਛਲੇ ਰਿਕਾਰਡ ਨੂੰ ਦੇਖਿਆ ਜਾਵੇ ਤਾਂ ਹਰਿਆਣਾ ਵਿਧਾਨ ਸਭਾ ਦੀਆਂ 2014 ਦੀਆਂ ਚੋਣਾਂ ਸਮੇਂ ਭਾਜਪਾ ਦੀ ਚੋਣ ਮੁਹਿੰਮ ਦੇ ਇੰਚਾਰਜ ਕੈਲਾਸ਼ ਵਿਜੈਵਰਗੀਆ ਭਾਜਪਾ ਦੇ 44 ਉਮੀਦਵਾਰਾਂ ਨੂੰ ਲੈ ਕੇ ਗੁਰਮੀਤ ਰਾਮ ਰਹੀਮ ਤੋਂ ਅਸ਼ੀਰਵਾਦ ਲੈਣ ਗਏ ਸਨ। ਚੋਣ ਜਿੱਤਣ ਤੋਂ ਬਾਅਦ ਉਹ ਮੁੜ ਮੰਤਰੀਆਂ ਤੇ ਵਿਧਾਇਕਾਂ ਨੂੰ ਲੈ ਕੇ ਗੁਰਮੀਤ ਰਾਮ ਰਹੀਮ ਦਾ ਧੰਨਵਾਦ ਕਰਨ ਗਏ ਸਨ। ਸਿੱਧੇ ਤੌਰ ’ਤੇ ਰਾਮ ਰਹੀਮ ਭਾਵੇਂ ਕਿਸੇ ਪਾਰਟੀ ਦੇ ਹੱਕ ਵਿੱਚ ਸਮਰਥਨ ਦੇਣ ਦਾ ਐਲਾਨ ਨਹੀਂ ਕਰਦਾ, ਪਰ ਜਿਸ ਸਰਕਾਰ ਦੀ �ਿਪਾ ਨਾਲ ਉਹ ਵਾਰ-ਵਾਰ ਬਾਹਰ ਆ ਰਿਹਾ ਹੈ, ਇਸ ਤੋਂ ਉਸ ਦੇ ਸਿਆਸੀ ਸੰਬੰਧਾਂ ਦਾ ਸਹਿਜੇ ਪਤਾ ਲੱਗ ਜਾਂਦਾ ਹੈ। ਗੁਰਮੀਤ ਰਾਮ ਰਹੀਮ ਦੇ ਵਾਰ-ਵਾਰ ਜੇਲ੍ਹ ਤੋਂ ਬਾਹਰ ਆਉਣ ਬਾਰੇ ਇਕ ਕਾਰਟੂਨਿਸਟ ਨੇ ਵਧੀਆ ਕਾਰਟੂਨ ਬਣਾਇਆ ਹੈ, ਜਿਸ ਵਿੱਚ ਜੇਲ੍ਹਰ ਉਸ ਨੂੰ ਜੇਲ੍ਹ ਦੀਆਂ ਕੁੰਜੀਆਂ ਫੜਾ ਕੇ ਕਹਿ ਰਿਹਾ ਹੈ, ‘ਸੰਤ ਜੀ, ਤੁਸੀਂ ਇਹ ਆਪਣੇ ਕੋਲ ਹੀ ਰੱਖ ਛੱਡੋ।