ਗ਼ਜ਼ਲ/ਗੁਰਸ਼ਰਨ ਸਿੰਘ ਅਜੀਬ

ਗੁਰਸ਼ਰਨ ਸਿੰਘ ਅਜੀਬ

ਗ਼ਜ਼ਲ

ਦਿਲੇ-ਜਜ਼ਬਾਤ ਦੀ ਹੁੰਦੀ ਕਹਾਣੀ ਹੈ ਗ਼ਜ਼ਲ ਯਾਰੋ। 

ਅਦਬ ਦੀ ਮੇਜ਼ਬਾਂ ਮਲਕਾ ਵੀ ਰਾਣੀ ਹੈ ਗ਼ਜ਼ਲ ਯਾਰੋ।

 

ਕਹਾਂ! ਪਾਏ ਬਿਨਾਂ ਨਾਗ਼ਾ ਗ਼ਜ਼ਲ ਅਕਸਰ ਨਵੇਲੀ ਮੈਂ,

ਤਰੀਮਤ ਵਾਂਗ ਇਹ ਸੁੰਦਰ-ਸੁਆਣੀ ਹੈ ਗ਼ਜ਼ਲ ਯਾਰੋ।

 

ਇਦੇ ਨਖ਼ਰੇ ਅਦਾਵਾਂ ਕਰਦੀਆਂ ਘਾਇਲ਼ ਨੇ ਬੰਦੇ ਨੂੰ,

ਨਵੀਂ ਇਹ ਰੀਤ ਨਾ! ਸਦੀਆਂ ਪੁਰਾਣੀ ਹੈ ਗ਼ਜ਼ਲ ਯਾਰੋ।

 

ਹੈ ਯੁੱਗਾਂ ਤੋਂ ਰਹੀ ਦਿਲ ਕੀਲ਼ ਲੋਕਾਂ ਦੇ ਵੀ ਕੀਲ਼ੇਗੀ,

ਸੁਣੀ ਜਾਂਦੀ! ਭਵਿਖ ਵਿਚ ਵੀ ਸੁਣੀ ਜਾਣੀ ਗ਼ਜ਼ਲ ਯਾਰੋ।

 

ਕਿਸੇ ਸੰਜੀਦਡ਼ੇ ਸ਼ਾਇਰ ਦੀ ਵੀ ਇਹ ਹੂਕ ਹੋ ਸਕਦੀ,

ਬਡ਼ੀ ਦਿਲ-ਟੁੰਬਵੀਂ ਸੌਗ਼ਾਤ ਸਚ-ਬਾਣੀ ਗ਼ਜ਼ਲ ਯਾਰੋ।

 

ਮਹੱਲਾਂ ਚੋਂ ਨਿਕਲ ਅਜ ਕਲ ਖ਼ਲਕ ਵਿਚ ਆਣ ਬੈਠੀ ਏ,

ਜੋ ਰਿਡ਼ਕੇ ਦੁਧ ਗ਼ਜ਼ਲ-ਰੂਪੀ ਮਧਾਣੀ ਹੈ ਗ਼ਜ਼ਲ ਯਾਰੋ।

 

‘ਅਜੀਬਾ’ ਚਾਲ਼ ਜੋ ਇਸ ਦੀ ਕਿਸੇ ਹਿਰਨੀ ਤੋਂ ਹੈ ਕਮ ਨਾ,

ਬਡ਼ੀ ਫੁਰਤੀਲਡ਼ੀ ਦੌਡ਼ਾਕ ਮਨ-ਭਾਣੀ ਗ਼ਜ਼ਲ ਯਾਰੋ।

 

ਸਾਂਝਾ ਕਰੋ

ਪੜ੍ਹੋ