ਆਨਲਾਈਨ ਹਥਿਆਰਾਂ ਦਾ ਕਾਰੋਬਾਰ

ਵੈੱਬ ਆਧਾਰਿਤ ਐਪਸ ਅਤੇ ਡਾਰਕ ਵੈਬ ਬਾਜ਼ਾਰਾਂ ਦੇ ਉਭਾਰ ਨੇ ਅਪਰਾਧਿਕ ਸਰਗਰਮੀਆਂ ਖ਼ਾਸਕਰ ਗ਼ੈਰ-ਕਾਨੂੰਨੀ ਹਥਿਆਰਾਂ ਦੇ ਵਪਾਰ ਵਿੱਚ ਇੱਕ ਨਵੇਂ ਯੁੱਗ ਦਾ ਆਰੰਭ ਕਰ ਦਿੱਤਾ ਹੈ। ਜਾਂਚ ਤੋਂ ਪਤਾ ਲੱਗਿਆ ਹੈ ਕਿ ਅਪਰਾਧੀਆਂ ਵੱਲੋਂ ਇਨ੍ਹਾਂ ਪਲੈਟਫਾਰਮਾਂ ਦਾ ਇਸਤੇਮਾਲ ਵਧਦਾ ਜਾ ਰਿਹਾ ਹੈ ਤਾਂ ਕਿ ਹਥਿਆਰ ਖਰੀਦ ਕੇ ਅਤੇ ਤਸਕਰੀ ਕਰ ਕੇ ਹੱਤਿਆਵਾਂ ਅਤੇ ਹੋਰ ਸੰਗੀਨ ਅਪਰਾਧ ਕੀਤੇ ਜਾ ਸਕਣ। ਪੰਜਾਬ ਪੁਲੀਸ ਵੱਲੋਂ ਰਾਜਸਥਾਨ ਆਧਾਰਿਤ ਹਥਿਆਰਾਂ ਦੇ ਇੱਕ ਤਸਕਰ ਦੀ ਸ਼ੰਭੂ ਤੋਂ ਗ੍ਰਿਫ਼ਤਾਰੀ ਤੋਂ ਪਤਾ ਲੱਗਦਾ ਹੈ ਕਿ ਇਹ ਗਤੀਵਿਧੀਆਂ ਕਿੰਨੇ ਸੌਖੇ ਢੰਗ ਨਾਲ ਚੱਲ ਰਹੀਆਂ ਹਨ। ਇਹ ਮਸ਼ਕੂਕ, ਜਿਸ ਦਾ ਗ਼ੈਰ-ਕਾਨੂੰਨੀ ਹਥਿਆਰ ਬਠਿੰਡਾ ਲਿਜਾਂਦੇ ਹੋਏ ਖੁਰਾ ਨੱਪਿਆ ਗਿਆ, ਇੱਕ ਵਡੇਰੇ ਨੈੱਟਵਰਕ ਨਾਲ ਜੁੜਿਆ ਹੋਇਆ ਹੈ ਜਿਸ ਵਿੱਚ ਵਿਦੇਸ਼ ਬੈਠੇ ਗੈਂਗਸਟਰ ਅਤੇ ਮੁਕਾਮੀ ਸਪਲਾਇਰ ਸ਼ਾਮਿਲ ਹਨ ਅਤੇ ਇਹ ਸਾਰੇ ਸਿਗਨਲ ਜਿਹੇ ਐਨਕ੍ਰਿਪਟਿਡ ਐਪਸ ਨਾਲ ਆਪਸੀ ਸੰਚਾਰ ਕਰਦੇ ਹਨ।

ਮਾਰਚ ਮਹੀਨੇ ਸਟੇਟ ਸਪੈਸ਼ਲ ਅਪਰੇਟਿੰਗ ਸੈੱਲ (ਐੱਸਐੱਸਓਸੀ) ਮੁਹਾਲੀ ਨੇ ਚਾਰ ਤਸਕਰਾਂ ਕੋਲੋਂ ਕੁਝ ਹਥਿਆਰ ਬਰਾਮਦ ਕੀਤੇ ਸਨ। ਅੰਤਰਰਾਸ਼ਟਰੀ ਪੱਧਰ ’ਤੇ ਡਾਰਕ ਵੈੱਬ ਗ਼ੈਰ-ਕਾਨੂੰਨੀ ਹਥਿਆਰ ਡੀਲਰਾਂ ਲਈ ਇੱਕ ਸਵਰਗ ਬਣ ਗਿਆ ਹੈ ਜਿੱਥੇ ਗੋਪਨੀਅਤਾ ਦੀ ਗਾਰੰਟੀ ਹੈ ਅਤੇ ਲੈਣ ਦੇਣ ਨੂੰ ਫਰੋਲਣਾ ਲਗਭਗ ਅਸੰਭਵ ਹੈ। ਪਤਾ ਲੱਗਿਆ ਹੈ ਕਿ ਹੈਂਡਗੰਨਾਂ ਅਤੇ ਅਰਧ ਸਵੈ-ਚਾਲਿਤ ਹਥਿਆਰਾਂ ਦਾ ਬਹੁਤਾ ਵਪਾਰ ਹੁੰਦਾ ਹੈ ਜਿਨ੍ਹਾਂ ਕਰ ਕੇ ਜਨ ਸੁਰੱਖਿਆ ਲਈ ਖ਼ਤਰਾ ਪੈਦਾ ਹੁੰਦਾ ਹੈ। ਡਾਰਕ ਵੈੱਬ ਦੀ ਪਛਾਣ ਅਤੇ ਲੋਕੇਸ਼ਨ ਛੁਪਾਉਣ ਦੀ ਖੂਬੀ ਕਰ ਕੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਲਈ ਇਨ੍ਹਾਂ ਲੋਕਾਂ ਦਾ ਪਿੱਛਾ ਕਰਨਾ ਚੁਣੌਤੀਪੂਰਨ ਹੁੰਦਾ ਹੈ। ਇਸ ਰੁਝਾਨ ਦੇ ਵਿਆਪਕ ਅਸਰ ਹਨ। ਜਿਵੇਂ-ਜਿਵੇਂ ਤਕਨੀਕ ਤਰੱਕੀ ਕਰਦੀ ਹੈ, ਅਪਰਾਧਿਕ ਕਾਰਵਾਈਆਂ ਵੀ ਗੁੰਝਲਦਾਰ ਹੁੰਦੀਆਂ ਜਾਂਦੀਆਂ ਹਨ। ਪੁਲੀਸ ਤੇ ਹੋਰਨਾਂ ਏਜੰਸੀਆਂ ਨੂੰ ਤੇਜ਼ੀ ਨਾਲ ਸਮੇਂ ਦੇ ਹਾਣ ਦਾ ਬਣਨਾ ਪਏਗਾ, ਇਨ੍ਹਾਂ ਡਿਜੀਟਲ ਖ਼ਤਰਿਆਂ ਦਾ ਜਵਾਬ ਦੇਣ ਲਈ ਨਵੀਆਂ ਰਣਨੀਤੀਆਂ ਘੜਨੀਆਂ ਪੈਣਗੀਆਂ ਤੇ ਨਵੇਂ ਸਾਧਨ ਵਿਕਸਤ ਕਰਨੇ ਪੈਣਗੇ। ਸਰਹੱਦ ਪਾਰੋਂ ਇਸ ਕਿਸਮ ਦੇ ਅਪਰਾਧ ਦਾ ਟਾਕਰਾ ਕਰਨ ਲਈ ਆਲਮੀ ਪੱਧਰ ’ਤੇ ਵੀ ਅਸਰਦਾਰ ਤਾਲਮੇਲ ਦੀ ਲੋੜ ਹੈ। ਖ਼ੁਫੀਆ ਜਾਣਕਾਰੀਆਂ ਸਾਂਝੀਆਂ ਕਰ ਕੇ ਤੇ ਸਰੋਤਾਂ ਦੀ ਆਪਸੀ ਵਰਤੋਂ ਨਾਲ ਹੀ ਪ੍ਰਭਾਵੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਸਕਦੀ ਹੈ। ਵੈੱਬ-ਅਧਾਰਿਤ ਪਲੈਟਫਾਰਮ ਰਾਹੀਂ ਗ਼ੈਰ-ਕਾਨੂੰਨੀ ਹਥਿਆਰਾਂ ਦਾ ਵਪਾਰ ਵਧਣਾ, ਤਕਨੀਕ ਦੀ ਵਰਤੋਂ ਦੇ ਹਨੇਰੇ ਪੱਖ ਵੱਲ ਧਿਆਨ ਦਿਵਾਉਂਦਾ ਹੈ। ਸਮਾਜ ਦੀ ਰਾਖੀ ਲਈ ਇਹ ਜ਼ਰੂਰੀ ਹੈ ਕਿ ਅਸੀਂ ਇਸ ਮੁੱਦੇ ਨਾਲ ਫੌਰੀ ਤੌਰ ’ਤੇ ਗੰਭੀਰਤਾ ਨਾਲ ਸਿੱਝੀਏ। ਇਹ ਯਕੀਨੀ ਬਣਾਈਏ ਕਿ ਆਧੁਨਿਕ ਜੀਵਨ ਦੇ ਇਹ ਸਾਧਨ ਹਿੰਸਾ ਦੇ ਹਥਿਆਰ ਨਾ ਬਣ ਸਕਣ।

ਸਾਂਝਾ ਕਰੋ

ਪੜ੍ਹੋ

ਸੰਪਾਦਕੀ : ਪੰਜਾਬੀ ਕਾਨਫਰੰਸਾਂ ਦਾ ਪੰਜਾਬੀ ਲਈ

       ਵਿਸ਼ਵ ਪੱਧਰ ‘ਤੇ ਅਮਰੀਕਾ,ਕਨੇਡਾ,ਭਾਰਤ,ਪਾਕਿਸਤਾਨ ‘ਚ ਪੰਜਾਬੀ ਬੋਲੀ...