ਪੰਜਾਬ ’ਚ ਨਸ਼ਿਆਂ ਦੀ ਸਮੱਸਿਆ ਬਹੁਤ ਗੰਭੀਰ ਹੈ ਅਤੇ ਇਨ੍ਹਾਂ ਦੇ ਖਾਤਮੇ ਵਾਸਤੇ ਕੀਤੇ ਜਾਣ ਵਾਲੇ ਹਰ ਯਤਨ ਦੀ ਸ਼ਲਾਘਾ ਕੀਤੀ ਜਾਣੀ ਬਣਦੀ ਹੈ। ਇਹ ਗੱਲ ਵੀ ਪ੍ਰਸ਼ੰਸਾਯੋਗ ਹੈ ਕਿ ਪੰਜਾਬ ਦੇ ਉੱਘੇ ਅਦਾਕਾਰਾਂ ਅਤੇ ਗਾਇਕਾਂ ਤੋਂ ਲੈ ਕੇ ਖਿਡਾਰੀਆਂ ਤੱਕ ਸਾਰਿਆਂ ਵੱਲੋਂ ਸੂਬੇ ਦੇ ਲੋਕਾਂ ਨੂੰ ਨਸ਼ੇ ਛੱਡਣ ਅਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਸਿਹਤਮੰਦ ਬਣਨ ਲਈ ਪ੍ਰੇਰਿਆ ਜਾ ਰਿਹਾ ਹੈ। ਨਸ਼ਿਆਂ ਖ਼ਿਲਾਫ਼ ਪੁਲੀਸ ਵੱਲੋਂ ਲਗਾਤਾਰ ਕੀਤੀ ਜਾ ਰਹੀ ਕਾਰਵਾਈ ਦੌਰਾਨ ਇਨ੍ਹਾਂ ਉੱਘੀਆਂ ਹਸਤੀਆਂ ਵੱਲੋਂ ਕੀਤੀ ਅਪੀਲ ਤੋਂ ਉਮੀਦ ਬੱਝਦੀ ਹੈ ਕਿ ਇਹ ਇਸ ਬੁਰਾਈ ਖ਼ਿਲਾਫ਼ ਲੜਾਈ ਨੂੰ ਹੁਲਾਰਾ ਦੇਵੇਗੀ ਜੋ ਪਿਛਲੇ ਤਕਰੀਬਨ ਦੋ ਦਹਾਕਿਆਂ ਜਾਂ ਇਸ ਤੋਂ ਵੱਧ ਸਮੇਂ ਤੋਂ ਮਨੁੱਖੀ ਜਾਨਾਂ ਨਿਗਲ ਰਹੀ ਹੈ। ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਅਤੇ ਕ੍ਰਿਕਟਰਾਂ ਹਰਮਨਪ੍ਰੀਤ ਕੌਰ ਅਤੇ ਅਰਸ਼ਦੀਪ ਸਿੰਘ ਦਾ ‘ਨਸ਼ਾ ਮੁਕਤ ਪੰਜਾਬ’ ਮੁਹਿੰਮ ਨੂੰ ਯੋਗਦਾਨ ਦੇਣਾ ਖਾਸਾ ਅਹਿਮੀਅਤ ਰੱਖਦਾ ਹੈ। ਖੇਡਾਂ ਵਿੱਚ ਸਫ਼ਲਤਾ ਹਾਸਿਲ ਕਰਨ ਲਈ ਸਰੀਰਕ ਤੰਦਰੁਸਤੀ ਜ਼ਰੂਰੀ ਹੈ। ਪੰਜਾਬ ਦੇ ਚੈਂਪੀਅਨ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਨੂੰ ਸ਼ੌਕ ਜਾਂ ਕਰੀਅਰ ਵਜੋਂ ਅਪਣਾਉਣ ਲਈ ਪ੍ਰੇਰ ਸਕਦੇ ਹਨ।
ਜਿੱਥੋਂ ਤੱਕ ਪੰਜਾਬੀ ਕਲਾਕਾਰਾਂ ਦਾ ਸਬੰਧ ਹੈ ਤਾਂ ਉਨ੍ਹਾਂ ਨੂੰ ਅਜਿਹੇ ਗਾਇਕਾਂ, ਅਦਾਕਾਰਾਂ ਤੇ ਫਿਲਮਸਾਜ਼ਾਂ ਦੀ ਖੁੱਲ੍ਹ ਕੇ ਨਿੰਦਾ ਕਰਨੀ ਚਾਹੀਦੀ ਹੈ ਜੋ ਹਿੰਸਾ ਅਤੇ ਸ਼ਰਾਬ ਦੀ ਵਰਤੋਂ ਨੂੰ ਸ਼ਹਿ ਦਿੰਦੇ ਹਨ। ਜਿਹੜੇ ਕਲਾਕਾਰ ਆਪਣੀ ਕਲਾ ਰਾਹੀਂ ਹਥਿਆਰਾਂ ਅਤੇ ਨਸ਼ਿਆਂ ਦੀ ਵਰਤੋਂ ਨੂੰ ਥਾਪੜਾ ਦਿੰਦੇ ਹਨ ਉਨ੍ਹਾਂ ਦੀ ਵੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਇਸ ਸੁਧਾਰ ਦੀ ਸ਼ੁਰੂਆਤ ਪੰਜਾਬੀ ਫਿਲਮਾਂ ਅਤੇ ਸੰਗੀਤ ਸਨਅਤ ਤੋਂ ਹੋਣੀ ਚਾਹੀਦੀ ਹੈ। ਹਿੰਦੀ ਫਿਲਮ ‘ਉੜਤਾ ਪੰਜਾਬ’ (2016) ਨੇ ਇਸ ਸਰਹੱਦੀ ਸੂਬੇ ’ਚ ਨਸ਼ਿਆਂ ਦੀ ਸਮੱਸਿਆ ਵੱਲ ਪੂਰੇ ਦੇਸ਼ ਦਾ ਧਿਆਨ ਖਿੱਚਿਆ ਹੈ। ਉਦੋਂ ਤਤਕਾਲੀ ਸੂਬਾਈ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਫਿਲਮ ’ਚ ਜਾਣਬੁੱਝ ਕੇ ਪੰਜਾਬ ਦਾ ਮਾੜਾ ਤੇ ਗੁੰਮਰਾਹਕੁਨ ਅਕਸ ਪੇਸ਼ ਕੀਤਾ ਗਿਆ ਹੈ ਪਰ ਕਈ ਹੋਰਾਂ ਨੂੰ ਲੱਗਦਾ ਸੀ ਕਿ ਇਹ ਜ਼ਮੀਨੀ ਹਕੀਕਤ ਦੇ ਕਾਫ਼ੀ ਨੇੜੇ ਦੀ ਝਲਕ ਪੇਸ਼ ਕਰਦੀ ਸੀ। ਉਸ ਤੋਂ ਅੱਠ ਸਾਲ ਬਾਅਦ ਹੁਣ ਵੀ ਕਿਸਾਨਾਂ ਅਤੇ ਜਵਾਨਾਂ ਦੀ ਇਹ ਧਰਤੀ ਨਸ਼ਿਆਂ ਦਾ ਦਾਗ਼ ਧੋਣ ਅਤੇ ਇਨ੍ਹਾਂ ਦੇ ਖ਼ਾਤਮੇ ਲਈ ਸੰਘਰਸ਼ ਕਰ ਰਹੀ ਹੈ। ਕਲਾਕਾਰਾਂ ਅਤੇ ਖੇਡ ਖਿਡਾਰੀਆਂ ਦੇ ਸਮਰਥਨ ਤੋਂ ਇਲਾਵਾ ਪੰਜਾਬ ਨੂੰ ਨਸ਼ਿਆਂ ਦੇ ਖਾਤਮੇ ਲਈ ਕੇਂਦਰੀ ਮਦਦ ਦੀ ਵੀ ਲੋੜ ਹੈ। ਇਸ ਦਿਸ਼ਾ ਵੱਲ ਅੱਗੇ ਵਧਦਿਆਂ ਸਰਹੱਦ ਪਾਰੋਂ ਨਸ਼ਿਆਂ ਦੀ ਸਪਲਾਈ ਚੇਨ ਤੋੜਨੀ ਜ਼ਰੂਰੀ ਹੈ। ਨਸ਼ਿਆਂ ਦੇ ਖਾਤਮੇ ਲਈ ਬਹੁਪੱਖੀ ਨੀਤੀ ਹੋਵੇ ਅਤੇ ਇਸ ਮੰਤਵ ਲਈ ਲੋਕਾਂ ਤੋਂ ਵੀ ਸਹਿਯੋਗ ਲਿਆ ਜਾਵੇ।