ਪੰਜਾਬ ਕਈ ਮੁੱਦਿਆਂ-ਮਾਮਲਿਆਂ ‘ਚ ਨਿੱਤ ਚਰਚਾ ’ਚ ਰਹਿੰਦਾ ਹੈ । ਨਸ਼ਿਆਂ ਦੀ ਭਰਮਾਰ ਨੇ ਪੰਜਾਬ ਦਾ ਸਾਹ ਸੂਤਿਆ ਹੋਇਆ ਹੈ। ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਕਹਿੰਦੇ ਹਨ। “ਪੰਜਾਬ ਸਮੇਤ ਹੋਰ ਰਾਜਾਂ ਵਿਚ ਨਸ਼ਿਆਂ ਦਾ ਖ਼ਤਰਾ ਹੈ । ਉਹਨਾਂ ਕਿਹਾ ਕਿ ਜਿਥੇ ਚੋਣ ਕਮਿਸ਼ਨ ਦੀ ਮੁੱਖ ਭੂਮਿਕਾ ਚੋਣ ਪ੍ਰਕਿਰਿਆ ਦੀ ਨਿਗਰਾਨੀ ਕਰਨਾ ਹੈ, ਉੱਥੇ ਨਸ਼ਿਆਂ ਦੇ ਵੱਧ ਰਹੇ ਖ਼ਤਰੇ ਲਈ ਵਿਆਪਕ ਧਿਆਨ ਅਤੇ ਕਾਰਵਾਈ ਦੀ ਲੋੜ ਹੈ”। “ਆਇਆ ਰਾਮ-ਗਿਆ ਰਾਮ” ਦੀ ਸਿਆਸਤ ਨੇ ਪੰਜਾਬ ਦੀ ਸਿਆਸੀ ਹਾਲਤ ਗੰਧਲੀ ਕੀਤੀ ਹੋਈ ਹੈ। ਨੇਤਾ ਜਾਂ ਵਿਧਾਇਕ, ਇਕ ਦੂਜੀ ਸਿਆਸੀ ਧਿਰ ਵਲੋਂ ਆਪਣੇ ਪਾਲੇ ‘ਚ ਲਿਆਂਦੇ ਜਾ ਰਹੇ ਹਨ। ਸਿਆਸੀ ਰੌਲ-ਘਚੋਲੇ ਨੇ, ਪੰਜਾਬ ਦੇ ਸਿਆਸਤਦਾਨਾਂ ਦੀ ਦਿੱਖ ਲੋਕਾਂ ‘ਚ ਬੇ-ਭਰੋਸਗੀ, ਬਦ-ਦਿਆਨਤਦਾਰੀ ਵਾਲੀ ਬਣਾ ਦਿੱਤੀ ਹੈ। ਲੋਕਾਂ ਦੀਆਂ ਸਿਆਸਤਦਾਨਾਂ ਤੋਂ ਆਸਾਂ ਲਗਭਗ ਖ਼ਤਰਾ ਹਨ। ਲੋਕਾਂ ਨੂੰ ਨਾ ਹਾਕਮ ਧਿਰ ਵਲੋਂ ਕੋਈ ਆਰਥਿਕ, ਸਮਾਜਿਕ, ਨੈਤਿਕ ਠੁੰਮਣਾ ਮਿਲ ਰਿਹਾ ਹੈ, ਨਾ ਵਿਰੋਧੀ ਧਿਰ ਵਲੋਂ ਕੋਈ ਆਸ ਹੈ। ਕਿਸਾਨ ਖੁਦਕੁਸ਼ੀ ਦੇ ਰਾਹ ਹਨ, ਜਾਂ ਸੜਕਾਂ ‘ਤੇ ਆਪਣੇ ਹੱਕ ਮੰਗ ਰਹੇ ਹਨ। ਮੁਲਾਜ਼ਮ ਅੰਦੋਲਨ ਕਰ ਰਹੇ ਹਨ, ਉਹਨਾਂ ਦੀਆਂ ਛੋਟੀਆਂ-ਛੋਟੀਆਂ ਹੱਕੀ ਮੰਗਾਂ ਵੀ ਮੰਨੀਆਂ ਨਹੀਂ ਜਾ ਰਹੀਆਂ। ਨੌਜਵਾਨ ਬੇਰੁਜ਼ਗਾਰੀ ਦੀ ਮਾਰ ਹੇਠ ਸੂਬੇ ਤੋਂ ਭੱਜ ਰਹੇ ਹਨ। ਅਮਨ ਕਨੂੰਨ ਦੀ ਸਥਿਤੀ ਸੁਖਾਵੀਂ ਨਹੀਂ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣਾ ਸੰਵਿਧਾਨਿਕ ਫਰਜ਼ ਨਿਭਾਵੇ ਅਤੇ ਸੂਬੇ ਦੀ ਸਥਿਤੀ ਸੁਧਾਰਨ ਦਾ ਯਤਨ ਕਰੇ ।
-ਗੁਰਮੀਤ ਸਿੰਘ ਪਲਾਹੀ
-9815802070