ਵਿਧਾਨ ਸਭਾ ਚੋਣਾਂ ਦੀ ਜੰਮੂ ਕਸ਼ਮੀਰ ਦੀ ਇੱਕ ਦਹਾਕੇ ਤੋਂ ਚਲੀ ਆ ਰਹੀ ਉਡੀਕ ਮੁੱਕ ਗਈ ਹੈ। ਚੋਣ ਕਮਿਸ਼ਨ ਨੇ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਲਈ ਤਿੰਨ ਪੜਾਵਾਂ ਵਿੱਚ ਵਿਧਾਨ ਸਭਾ ਚੋਣਾਂ ਕਰਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਅਰਸੇ ਦੌਰਾਨ ਜੰਮੂ ਕਸ਼ਮੀਰ ਨੇ ਰਾਸ਼ਟਰਪਤੀ ਰਾਜ, ਧਾਰਾ 370 ਦੀ ਮਨਸੂਖੀ, ਰਾਜ ਨੂੰ ਦੋ ਭਾਗਾਂ ਵਿੱਚ ਵੰਡੇ ਜਾਣ ਜਿਹੇ ਬਹੁਤ ਸਾਰੇ ਕਦਮ ਦੇਖ ਲਏ ਹਨ। ਇਸ ਦੇ ਪੁਨਰਗਠਨ ਲਈ ਨਵੇਂ ਸਿਰਿਓਂ ਹੱਦਬੰਦੀ ਦਰਕਾਰ ਸੀ ਜਿਸ ਤਹਿਤ ਇਸ ਦੇ ਸਿਆਸੀ ਧਰਾਤਲ ਵਿੱਚ ਤਬਦੀਲੀ ਵਾਕਿਆ ਹੋ ਗਈ ਹੈ। ਹੁਣ ਜੰਮੂ ਖੇਤਰ ਦੀਆਂ ਵਿਧਾਨ ਸਭਾ ਸੀਟਾਂ ਦੀ ਗਿਣਤੀ 37 ਤੋਂ ਵਧਾ ਕੇ 43 ਕਰ ਦਿੱਤੀ ਗਈ ਹੈ; ਕਸ਼ਮੀਰ ਦੀਆਂ ਸੀਟਾਂ ਦੀ ਗਿਣਤੀ 46 ਤੋਂ 47 ਹੋ ਗਈ ਹੈ। ਇਸ ਨਾਲ ਚੁਣਾਵੀ ਨਤੀਜੇ ਹੀ ਨਹੀਂ ਸਗੋਂ ਚੋਣਾਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਬਣਨ ਵਾਲੇ ਗੱਠਜੋੜ ਅਸਰਅੰਦਾਜ਼ ਹੋਣਗੇ।
ਵਿਧਾਨ ਸਭਾ ਚੋਣਾਂ ਦਾ ਐਲਾਨ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਪਿਛਲੇ ਕੁਝ ਸਮੇਂ ਜੰਮੂ ਖੇਤਰ ਵਿੱਚ ਦਹਿਸ਼ਤਗਰਦ ਹਮਲਿਆਂ ਅਤੇ ਸੁਰੱਖਿਆ ਦਸਤਿਆਂ ਨਾਲ ਮੁਕਾਬਲਿਆਂ ਵਿੱਚ ਕਾਫ਼ੀ ਇਜ਼ਾਫ਼ਾ ਹੋਇਆ ਹੈ। ਦਹਿਸ਼ਤਪਸੰਦਾਂ ਨੇ ਆਪਣਾ ਰੁਖ਼ ਬਦਲ ਲਿਆ ਹੈ ਅਤੇ ਹੁਣ ਉਨ੍ਹਾਂ ਵੱਲੋਂ ਜੰਮੂ ਦੇ ਹਿੰਦੂ ਬਹੁਗਿਣਤੀ ਵਾਲੇ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਦੋਂਕਿ ਕਸ਼ਮੀਰ ਵਿੱਚ ਘਟਨਾਵਾਂ ਕਾਫ਼ੀ ਘਟ ਗਈਆਂ ਹਨ। ਇਸ ਬਦਲੀ ਹੋਈ ਸਥਿਤੀ ਕਰ ਕੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਉੱਪਰ ਚੋਣ ਪ੍ਰਚਾਰ ਅਤੇ ਮੱਤਦਾਨ ਲਈ ਸ਼ਾਂਤੀਪੂਰਨ ਤੇ ਸਾਵਾਂ ਮਾਹੌਲ ਮੁਹੱਈਆ ਕਰਾਉਣ ਲਈ ਕਾਫ਼ੀ ਦਬਾਅ ਹੈ। ਭਾਰਤ ਵਿਰੋਧੀ ਅਨਸਰਾਂ ਵੱਲੋਂ ਚੋਣਾਂ ਦੇ ਮਾਹੌਲ ਵਿੱਚ ਖੜਕਾ ਦੜਕਾ ਕਰਨ ਦੇ ਪੂਰੇ ਆਸਾਰ ਹਨ। ਜੰਮੂ ’ਚ ਭਾਜਪਾ ਤੇ ਕਾਂਗਰਸ ਦਰਮਿਆਨ ਸਪੱਸ਼ਟ ਤੌਰ ’ਤੇ ਸਿੱਧਾ ਮੁਕਾਬਲਾ ਹੋਵੇਗਾ। ਇਸ ਤੋਂ ਉਲਟ ਕਸ਼ਮੀਰ ਵਿੱਚ ਮੈਦਾਨ ਸਾਰਿਆਂ ਲਈ ਖੁੱਲ੍ਹਾ ਹੈ ਜਿੱਥੇ ਅਬਦੁੱਲਾ ਦੀ ਨੈਸ਼ਨਲ ਕਾਨਫਰੰਸ (ਐੱਨਸੀ) ਅਤੇ ਮਹਿਬੂਬਾ ਮੁਫ਼ਤੀ ਦੀ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ), ਸੱਜਾਦ ਲੋਨ ਦੀ ਜੰਮੂ ਕਸ਼ਮੀਰ ਪੀਪਲਜ਼ ਕਾਨਫਰੰਸ, ਅਲਤਾਫ਼ ਬੁਖਾਰੀ ਦੀ ਜੇਐਂਡਕੇ ਅਪਨੀ ਪਾਰਟੀ ਅਤੇ ਸਾਬਕਾ ਕਾਂਗਰਸ ਨੇਤਾ ਗ਼ੁਲਾਮ ਨਬੀ ਆਜ਼ਾਦ ਦੀ ਡੈਮੋਕਰੈਟਿਕ ਪ੍ਰੋਗਰੈਸਿਵ ਆਜ਼ਾਦ ਪਾਰਟੀ ਦੇ ਨਾਲ ਚੋਣ ਮੈਦਾਨ ਵਿੱਚ ਹੋਵੇਗੀ ਜਦੋਂਕਿ ਕੱਟੜਵਾਦੀ ਵਿਚਾਰਧਾਰਾ ਵੱਲ ਝੁਕਾਅ ਰੱਖਦੇ ਆਜ਼ਾਦ ਉਮੀਦਵਾਰ ਮੁਕਾਬਲੇ ਨੂੰ ਹੋਰ ਵੀ ਸਖ਼ਤ ਬਣਾਉਣਗੇ।
ਚੋਣਾਂ ਵਾਲੇ ਦੂਜੇ ਸੂਬੇ ਹਰਿਆਣਾ ’ਚ ਜਿੱਥੇ ਭਾਜਪਾ ਦਹਾਕੇ ਤੋਂ ਸਰਕਾਰ ਚਲਾ ਰਹੀ ਹੈ, ਕਾਂਗਰਸ ਉੱਥੇ ਸੱਤਾ ਵਿਰੋਧੀ ਲਹਿਰ ਦਾ ਲਾਹਾ ਲੈਣ ਦੇ ਰੌਂਅ ਵਿੱਚ ਹੈ। ਕਨਸੋਆਂ ਹਨ ਕਿ ਭਾਜਪਾ ਇਸ ਵਾਰ ਸੂਬੇ ਵਿਚ ਜਿੱਤ ਲਈ ਪਹਿਲੀਆਂ ਦੋ ਵਾਰੀਆਂ ਜਿੰਨੀ ਆਸਵੰਦ ਨਹੀਂ। ਸ਼ਾਇਦ ਇਸੇ ਲਈ ਚੋਣਾਂ ਤੋਂ ਐਨ ਪਹਿਲਾਂ ਮੁੱਖ ਮੰਤਰੀ ਬਦਲ ਦਿੱਤਾ ਗਿਆ। ਭਾਜਪਾ ਨੇ ਅਜਿਹੇ ਤਜਰਬੇ ਪਹਿਲਾਂ ਵੀ ਕਈ ਸੂਬਿਆਂ ਵਿੱਚ ਕੀਤੇ ਪਰ ਬਹੁਤੇ ਰਾਸ ਨਹੀਂ ਆਏ। ਹਾਂ, ਸਿਆਸੀ ਜੋੜ-ਤੋੜ ਜ਼ਰੀਏ ਇਹ ਕੁਝ ਸੂਬਿਆਂ ਵਿਚ ਸਰਕਾਰਾਂ ਬਣਾਉਣ ਵਿੱਚ ਜ਼ਰੂਰ ਕਾਮਯਾਬ ਰਹੀ ਹੈ। ਉਂਝ, ਸੂਬੇ ਅੰਦਰ ਦੋਵੇਂ ਪਾਰਟੀਆਂ ਆਪੋ-ਆਪਣੇ ਮੌਕਿਆਂ ਦਾ ਨਾਪ-ਤੋਲ ਕਰ ਰਹੀਆਂ ਹਨ। ਹਾਲੀਆ ਲੋਕ ਸਭਾ ਚੋਣਾਂ ’ਚ ਭਾਜਪਾ ਤੇ ਕਾਂਗਰਸ ਨੇ ਹਰਿਆਣਾ ’ਚ ਪੰਜ-ਪੰਜ ਸੀਟਾਂ ਉੱਤੇ ਜਿੱਤ ਦਰਜ ਕੀਤੀ ਸੀ। ਜੇਕਰ ਕਿਸੇ ਨੂੰ ਵੀ ਸਪੱਸ਼ਟ ਫ਼ਤਵਾ ਨਹੀਂ ਮਿਲਦਾ ਤਾਂ ਹਾਲਾਤ ਇੰਡੀਅਨ ਨੈਸ਼ਨਲ ਲੋਕ ਦਲ ਅਤੇ ਜਨਨਾਇਕ ਜਨਤਾ ਪਾਰਟੀ ਵਰਗੇ ਦਲਾਂ ਦੇ ਪੱਖ ਵਿਚ ਝੁਕ ਸਕਦੀਆਂ ਹਨ। ਇਸ ਸੂਰਤ ਵਿੱਚ ‘ਕਿੰਗਮੇਕਰਾਂ’ ਦੀ ਭੂਮਿਕਾ ਬੇਹੱਦ ਅਹਿਮ ਹੋ ਜਾਵੇਗੀ।