ਚਿੱਤ ਜਾਂ ਮਨ ਦੀ ਇਕਾਗਰਤਾ ਜਾਂ ਸਥਿਰਤਾ ਕਿਸੇ ਕੰਮ ਦੇ ਸਿਰੇ ਚੜ੍ਹਨ ਲਈ ਬੇਹੱਦ ਜ਼ਰੂਰੀ ਹੈ। ਇਕਾਗਰ ਚਿੱਤ ਤੋਂ ਭਾਵ ਹੈ ਕਿ ਇਕ ਸਮੇਂ ਸਾਡੇ ਦਿਲੋ-ਦਿਮਾਗ ਵਿਚ ਕੇਵਲ ਇਕ ਹੀ ਵਿਚਾਰ ਮੌਜੂਦ ਰਹੇ। ਇਹ ਵਿਚਾਰ ਵੀ ਸਾਡੇ ਟੀਚੇ ’ਤੇ ਪੂਰੀ ਤਰ੍ਹਾਂ ਕੇਂਦਰਿਤ ਹੋਣਾ ਚਾਹੀਦਾ ਹੈ। ਮਨ ਵਿਚ ਇਕਮਿਕ ਵਿਚਾਰ ਦੀ ਹੋਂਦ ਸਾਨੂੰ ਲਗਾਤਾਰ ਟੀਚੇ ਵੱਲ ਵਧਣ ਲਈ ਪ੍ਰੇਰਿਤ ਕਰਦੀ ਰਹਿੰਦੀ ਹੈ। ਜ਼ਰਾ ਸੋਚ ਕੇ ਦੇਖੋ ਕਿ ਤੁਹਾਡੇ ਮਨ ਵਿਚ ਅਨੇਕ ਵਿਚਾਰ ਇਕੱਠੇ ਘੁੰਮ ਰਹੇ ਹਨ। ਇਹ ਵਿਚਾਰ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਹੋ ਸਕਦੇ ਹਨ। ਅਜਿਹੀ ਹਾਲਤ ਸਦਾ ਮਾਨਸਿਕ ਅਸ਼ਾਂਤੀ ਅਤੇ ਅਸਥਿਰਤਾ ਨੂੰ ਜਨਮ ਦਿੰਦੀ ਹੈ। ਅਜਿਹੀ ਮਨੋ-ਸਥਿਤੀ ਵਿਚ ਤੁਸੀਂ ਕਦੇ ਵੀ ਆਪਣੇ ਟੀਚੇ ਵੱਲ ਕਦਮ ਵਧਾਉਣ ਸਬੰਧੀ ਨਹੀਂ ਸੋਚ ਸਕਦੇ। ਕਾਰਨ ਇਹ ਹੈ ਕਿ ਇਕ ਜ਼ਰੂਰੀ ਵਿਚਾਰ ਦੇ ਨਾਲ ਅਨੇਕ ਗ਼ੈਰ-ਜ਼ਰੂਰੀ ਵਿਚਾਰ ਵੀ ਤੁਹਾਡੇ ਮਨ ਨੂੰ ਘੇਰੀ ਬੈਠੇ ਹੁੰਦੇ ਹਨ ਜੋ ਤੁਹਾਡੇ ਸੁਤੰਤਰ ਚਿੰਤਨ-ਮਨਨ ਦੇ ਰਾਹ ਵਿਚ ਸਭ ਤੋਂ ਵੱਡਾ ਅੜਿੱਕਾ ਹੈ।
ਮਹਾਭਾਰਤ ਵਿਚ ਜਦ ਗੁਰੂ ਦ੍ਰੋਣਾਚਾਰੀਆ ਨੇ ਆਪਣੇ ਪਿਆਰੇ ਸ਼ਗਿਰਦ ਅਰਜੁਨ ਤੋਂ ਟੀਚੇ ਨੂੰ ਹਾਸਲ ਕਰਨ ਸਮੇਂ ਪੁੱਛਿਆ ਕਿ ਤੁਹਾਨੂੰ ਕੀ ਦਿਸ ਰਿਹਾ ਹੈ ਤਾਂ ਅਰਜੁਨ ਦਾ ਉੱਤਰ ਸੀ ਕਿ ਗੁਰੂਦੇਵ, ਮੈਨੂੰ ਤਾਂ ਸਿਰਫ਼ ਚਿੜੀ ਦੀ ਅੱਖ ਹੀ ਦਿਸ ਰਹੀ ਹੈ। ਆਖ਼ਰ ਅਜਿਹਾ ਕਿਵੇਂ ਹੋ ਗਿਆ ਕਿ ਅਰਜੁਨ ਨੂੰ ਸਿਰਫ਼ ਚਿੜੀ ਦੀ ਅੱਖ ਹੀ ਦਿਖਾਈ ਦਿੱਤੀ। ਜਦਕਿ ਉਸ ਅੱਗੇ ਚਿੜੀ ਦਾ ਬਾਕੀ ਸਰੀਰ, ਪੇੜ-ਪੌਦੇ ਅਤੇ ਵਾਤਾਵਰਨ ਦੀਆਂ ਹੋਰ ਬਹੁਤ ਸਾਰੀਆਂ ਸ਼ੈਆਂ ਮੌਜੂਦ ਰਹੀਆਂ ਹੋਣਗੀਆਂ। ਇਸ ਦਾ ਸਿੱਧਾ ਜਿਹਾ ਉੱਤਰ ਹੈ ਕਿ ਉਸ ਸਮੇਂ ਅਰਜੁਨ ਦੇ ਚਿੱਤ ਵਿਚ ਸਿਰਫ਼ ਤੇ ਸਿਰਫ਼ ਇਕ ਵਿਚਾਰ ਸੀ ਅਤੇ ਉਹ ਸੀ ਚਿੜੀ ਦੀ ਅੱਖ ਨੂੰ ਫੁੰਡਣਾ। ਸਿੱਟਾ ਇਹ ਹੈ ਕਿ ਜਦ ਤੱਕ ਚਿੱਤ ਇਕਾਗਰ ਨਹੀਂ ਹੋਵੇਗਾ, ਉਦੋਂ ਤੱਕ ਕਾਮਯਾਬੀ ਦਾ ਸਵਾਦ ਚੱਖ ਸਕਣਾ ਅਸੰਭਵ ਹੈ। ਚਿੱਤ ਦੀ ਇਕਾਗਰਤਾ ਹੀ ਉਹ ਕੁੰਜੀ ਹੈ ਜੋ ਜੇ ਮਿਹਨਤ ਨਾਲ ਰਲਗੱਡ ਹੋ ਜਾਵੇ ਤਾਂ ਫਿਰ ਸਾਡੇ ਲਈ ਕਾਮਯਾਬੀ ਦੇ ਦੁਆਰ ਬੜੀ ਆਸਾਨੀ ਨਾਲ ਖੁੱਲ੍ਹ ਜਾਂਦੇ ਹਨ। ਚਿੱਤ ਨੂੰ ਇਕਾਗਰ ਕਰਨ ਲਈ ਸਾਨੂੰ ਆਪਣੇ ਟੀਚੇ ਤੋਂ ਇਲਾਵਾ ਹਰੇਕ ਹੋਰ ਵਿਸ਼ੇ ਤੋਂ ਆਪਣੇ-ਆਪ ਨੂੰ ਦੂਰ ਕਰਨਾ ਹੋਵੇਗਾ। ਅਜਿਹਾ ਕਰ ਕੇ ਹੀ ਅਸੀਂ ਆਪਣੇ ਟੀਚੇ ਦੇ ਨੇੜੇ ਜਲਦੀ ਪੁੱਜ ਸਕਦੇ ਹਾਂ।