ਹਸਦੀ ਹਸਦੀ ਰੁਕ ਜਾਂਦੀ ਏ ਧੀ ਜੋ ਹੋਈ,
ਦੇਸ ਪਰਾਏ ਲੁਕ ਜਾਂਦੀ ਏ ਧੀ ਜੋ ਹੋਈ।
ਬਾਬਲ ਦੀ ਪੱਗ ਵੀਰ ਦੀ ਇੱਜ਼ਤ ਖ਼ਾਤਰ ਚੰਦਰੀ,
ਟੁੱਟੇ ਨਾ ਤੇ ਝੁਕ ਜਾਂਦੀ ਏ ਧੀ ਜੋ ਹੋਈ।
ਨਿੱਕੀ ਨਿੱਕੀ ਗੱਲ ‘ਤੇ ਰੋਸੇ ਪਾਵਣ ਵਾਲ਼ੀ,
ਇਕ ਦਾਬੇ ਵਿੱਚ ਮੁੱਕ ਜਾਂਦੀ ਏ ਧੀ ਜੋ ਹੋਈ।
ਬੋਹੜਾਂ ਹੇਠਾਂ ਫੁੱਟੀ ਹੋਈ ਬੂਟੀ ਵਾਂਙੂੰ,
ਉਗਦੇ ਉਗਦੇ ਸੁੱਕ ਜਾਂਦੀ ਏ ਧੀ ਜੋ ਹੋਈ।
ਪਿਓ ਦੀ ਕਬਰ ‘ਤੇ ਜਾ ਕੇ ਜ਼ਫ਼ਰੀ ਰੋ ਲੈਂਦੀ ਏ,
ਮਾਲੋ- ਜ਼ਰ ‘ਤੇ ਥੁੱਕ ਜਾਂਦੀ ਏ ਧੀ ਜੋ ਹੋਈ।