ਬਠਿੰਡਾ,17 ਜੁਲਾਈ(ਏ.ਡੀ.ਪੀ ਨਿਊਜ਼) ਸਰਕਾਰੀ ਸਿਹਤ ਕੇਂਦਰ ਬੇਅੰਤ ਨਗਰ ਵਿਖੇ ਪੈਂਦੇ ਖੇਤਰ ਮਾਡਲ ਟਾਊਨ ਫੇਸ- ਵਿਖੇ ਸਥਿੱਤ ਐੱਚ ਪੀ ਸੀ ਐੱਲ ਦੇ ਅਦਾਰੇ ਵਿੱਚ “ਕਰੋਨਾ ਟੀਕਾਕਰਣ ਕੈਂਪ”ਡਾਕਟਰ ਹਸ਼ਨ ਸਰਦਾਰ ਸਿੰਘ ਜੀ ਹੋਰਾਂ ਦੀ ਨਿਗਰਾਨੀ ਵਿੱਚ ਲਾਇਆ ਗਿਆ,ਜਿਸ ਦੌਰਾਨ ਬੇਅੰਤ ਨਗਰ ਬਠਿੰਡਾ ਦੇ ਸਿਹਤ ਕੇਂਦਰ ਦੀ ਟੀਮ ਵੱਲੋਂ ਆਪੋ ਆਪਣੀਆਂ ਸੇਵਾਵਾਂ ਨਿਭਾਈਆਂ ਗਈਆਂ, ਜਿਨ੍ਹਾਂ ਵਿੱਚ ਮਲਕੀਤ ਕੌਰ, ਹਰਜਿੰਦਰ ਕੌਰ, ਊਸ਼ਾ ਕੁਮਾਰੀ, ਰਾਣੀ ਦੇਵੀ, ਨਿਸ਼ਾ ਅਤੇ ਮੰਜੂ ਦੇਵੀ ਸ਼ਾਮਲ ਸਨ। ਇਸੇ ਦੌਰਾਨ ਅਰਪਣ ਸੁਸਾਇਟੀ ਦੇ ਪਰਧਾਨ ਅਰਪਣਾ ਸਮੇਤ ਓਹਨਾ ਦੀ ਸਮੁੱਚੀ ਟੀਮ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।ਇਸ ਮੌਕੇ 140 ਜਣਿਆਂ ਨੂੰ ਟੀਕੇ ਲਾਏ ਗਏ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾਕਟਰ ਮੀਨਾਕਸ਼ੀ ਸਿੰਗਲਾ ਨੇ ਦੱਸਿਆ ਕਿ ਇਹਨਾਂ ਦਿਨਾਂ ਵਿੱਚ ਜਿੱਥੇ ਕਰੋਨਾ ਕੇਸਾਂ ਦੇ ਮਾਮਲਿਆਂ ਵਿੱਚ ਲਗਾਤਾਰ ਹੋ ਰਹੇ ਵਾਧੇ ਨੂੰ ਕਿਸੇ ਹੱਦ ਤੱਕ ਠੱਲ ਪਈ ਹੈ,ਉੱਥੇ ਸਿਹਤ ਵਿਭਾਗ ਵੱਲੋਂ ਵੀ ਇਸ ਬਿਮਾਰੀ ਨਾਲ਼ ਲੜਨ ਲਈ ਵਿਆਪਕ ਰਣਨੀਤੀ ਅਖਤਿਆਰ ਕਰੀ ਜਾ ਰਹੀ ਹੈ,ਜਿਸ ਦੇ ਇੱਕ ਹਿੱਸੇ ਵਜੋਂ ਵੱਡੇ ਪੱਧਰ ‘ਤੇ ਕਰੋਨਾ ਸੈਂਪਲਿੰਗ ਅਤੇ ਕਰੋਨਾ ਟੀਕਾਕਰਣ ਕੈਂਪ ਲਾਏ ਜਾ ਰਹੇ ਹਨ, ਤਾਂ ਜੋ ਕਿ ਇਸ ਬਿਮਾਰੀ ਤੇ ਜਿੰਨਾ ਛੇਤੀ ਹੋ ਸਕੇ ਕਾਬੂ ਪਾਇਆ ਜਾ ਸਕੇ, ਜੋ ਅਜੋਕੇ ਯੁੱਗ ਸਮੇਂ ਅਤੇ ਸਮਾਜ ਦੀ ਲੋੜ ਹੈ।
ਇਸੇ ਦੌਰਾਨ ਜਾਂਣਕਾਰੀ ਸਾਂਝੀ ਕਰਦੇ ਹੋਏ ਡਾਕਟਰ ਮੀਨਾਕਸ਼ੀ ਸਿੰਗਲਾ ਨੇ ਦੱਸਿਆ ਕਿ ਕੋਵਿਡ-19 ਬਹੁਤ ਬਹੁਤ ਹੀ ਮਹੀਨ/ਸੂਖਮ ਕਿਸਮ ਦੇ ਕੀਟਾਣੂੰਆਂ ਨਾਲ਼ ਹੋਣ ਵਾਲਾ ਰੋਗ ਹੈ, ਜਿੰਨ੍ਹਾ ਨੂੰ ਨੰਗੀਆਂ ਅੱਖਾਂ ਨਾਲ ਨਹੀਂ ਵੇਖਿਆ ਜਾ ਸਕਦਾ। ਸਾਹ ਲੈਣ ਵਿੱਚ ਮੁਸ਼ਕਲ, ਲਗਾਤਾਰ ਸ਼ਰੀਰ ਵਿੱਚ ਦਰਦ, ਜੁਕਾਮ-ਬੁਖਾਰ ਅਤੇ ਸ਼ਰੀਰਕ ਕਮਜ਼ੋਰੀ ਆਦਿ ਇਸਦੇ ਲੱਛਣ ਹਨ। ਇਹ ਬਿਮਾਰੀ ਜਿਆਦਾਤਰ ਮਨੁੱਖੀ ਸਰੀਰ ਦੀ ਸਾਹ ਪ੍ਰਣਾਲੀ ਨੂੰ ਪ੍ਰਭਾਵਤ ਕਰਦੀ ਹੈ ਅਤੇ ਜਿਆਦਾਤਰ ਮਾਮਲਿਆਂ ਵਿੱਚ ਇਸਦੀ ਲਾਗ ਖਤਰਨਾਕ ਨਹੀਂ ਹੁੰਦੀ ਬਲਕਿ ਬਹੁਤੇ ਵਾਰੀ ਇਹ ਬਿਮਾਰੀ ਨਮੂਨੀਏਂ ਦੀ ਲਾਗ ਦਾ ਕਾਰਣ ਬਣ ਜਾਂਦੀ ਹੈ ਅਤੇ ਬੇਹੱਦ ਗੰਭੀਰ ਮਾਮਲਿਆਂ ਵਿੱਚ ਖਤਰਨਾਕ ਵੀ ਸਿੱਧ ਹੋ ਸਕਦੀ ਹੈ।
ਡਾਕਟਰ ਮੀਨਾਕਸ਼ੀ ਦਾ ਇਹ ਵੀ ਕਹਿਣਾ ਹੈ ਕਿ ਇਹ ਬਿਮਾਰੀ ਕਿਸੇ ਵੀ ਉਮਰ ਦੇ ਲੋਕਾਂ ਨੂੰ ਹੋ ਸਕਦੀ ਹੈ, ਜਦੋਂ ਕਿ ਜਿਆਦਾਤਰ ਮਾਮਲਿਆਂ ਵਿੱਚ ਬਜ਼ੁਰਗ ਲੋਕਾਂ ਅਤੇ ਪਹਿਲਾਂ ਤੋਂ ਹੀ ਗੰਭੀਰ ਕਿਸਮ ਦੀਆਂ ਬਿਮਾਰੀਆਂ ਜਿਵੇਂ ਕਿ ਸੂਗਰ,ਕੈਂਸਰ ਦਿਲ ਨਾਲ਼ ਸਬੰਧਤ ਬਿਮਾਰੀਆਂ ਆਦਿ ਨਾਲ਼ ਪੀੜ੍ਤ ਲੋਕਾਂ ‘ਤੇ ਇਸ ਦੇ ਵਧੇਰੇ ਗੰਭੀਰ ਪ੍ਰਭਾਵ ਪੈ ਸਕਦੇ ਹਨ।
ਐੱਲ ਐੱਚ ਵੀ ਮਲਕੀਤ ਕੌਰ ਅਤੇ ਬਹੁ ਮੰਤਵੀ ਸਿਹਤ ਵਰਕਰ ਹਰਜਿੰਦਰ ਕੌਰ ਨੇ ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਬਿਮਾਰੀ ਬਾਰੇ ਵੱਧ ਤੋਂ ਵੱਧ ਜਾਣਕਾਰੀ ਖੁਦ ਹਾਸਲ ਕਰਨ ਦੇ ਨਾਲ ਨਾਲ ਹੋਰ ਸਭ ਲੋਕਾਂ ਨੂੰ ਵੀ ਇਸ ਬਾਰੇ ਜਾਗਰੂਕ ਕਰਨ, ਤਾਂ ਜੋ ਕਿ ਇਸ ਦੇ ਪ੍ਰਕੋਪ ਤੋਂ ਹਰ ਕੋਈ ਅਸਾਨੀ ਨਾਲ਼ ਬਚ ਸਕੇ ਜਿਵੇਂ ਕਿ ਸਿਆਣੀਆਂ ਦਾ ਕਹਿਣਾ ਹੈ:-
“ਜਾਣਕਾਰੀ ਅਤੇ ਬਚਾਓ ਹੀ ਇਲਾਜ਼ ਦੀ ਕੁੰਜੀ ਹੈ।”,”ਬਚਾਓ ਵਿੱਚ ਹੀ ਬਚਾਓ ਹੈ।”, ਜਾਨ ਨਾਲ ਹੀ ਜਹਾਨ ਹੈ।”
ਓਹਨਾਂ ਦਾ ਇਹ ਵੀ ਕਹਿਣਾ ਹੈ ਕਿ ਸਾਨੂੰ ਸਭ ਨੂੰ ਆਪਣੀ ਸਿਹਤ ਦਾ ਖ਼ਿਆਲ ਰੱਖਦੇ ਹੋਏ ਬਿਨਾਂ ਕਿਸੇ ਖ਼ਾਸ ਲੋੜ ਤੋਂ ਇੱਧਰ ਉੱਧਰ ਨਹੀਂ ਜਾਣਾ ਚਾਹੀਦਾ।ਘਰੋਂ ਬਾਹਰ ਜਾਣ ਵੇਲੇ ਮਾਸਕ ਜ਼ਰੂਰ ਲਾਉਣਾ ਚਾਹੀਦਾ ਹੈ। ਵਾਰੀ ਵਾਰੀ ਹੱਥ ਧੋਣ ਦੀ ਆਦਤ ਪਾਉਣੀ ਚਾਹੀਦੀ ਹੈ ਅਤੇ ਬਕਾਇਦਾ ਤੌਰ ‘ਤੇ ਨਿਸਚਿਤ ਸਮਾਜਿਕ ਦੂਰੀ ਵੀ ਰੱਖਣੀ ਚਾਹੀਦੀ ਹੈ।