ਕਿੱਧਰ ਨੂੰ ਹੋ ਰਿਹਾ ਹੈ ਫੌਜ ਦਾ ਰੁਖ?/ਯਸ਼ ਪਾਲ

ਯੁੱਧ ਦਾ ਦੌਰ ਤਾਂ ਖ਼ਤਮ ਹੈ
ਹੁਣ ਹੱਦਾਂ ਦੀ ਫੌਜ ਦਾ
ਰੁਖ ਉੱਧਰ ਹੈ
ਮੇਰਾ ਸਕੂਲ-ਕਾਲਜ
ਪਿੰਡ-ਘਰ,ਜੰਗਲ-ਪਹਾੜ
ਜਿੱਧਰ ਹੈ

ਕੌਣ ਸੇਧ ਰਿਹਾ ਹੈ ਹੁਣ
ਚਿੜੀਆਂ ਦੀ ਅੱਖ ‘ਤੇ
ਨਿਸ਼ਾਨਾ?

ਇਸ ਸਮੇਂ ਖ਼ਤਰਨਾਕ ਹੈ
ਸੁਆਲ ਕਰਨਾ
ਤੇ ਜੋ ਹੋ ਰਿਹਾ ਹੈ
ਉਸ ਨੂੰ ਬੁਰਾ ਕਹਿਣਾ
ਕਿਉਂਕਿ
ਸੰਗੀਨਾਂ ਦਾ ਪਹਿਲਾ ਕੰਮ ਹੈ
ਸੁਆਲ ਕਰਦੀ ਜੀਭ ‘ਤੇ
ਨਿਸ਼ਾਨਾ ਲਾਉਣਾ

ਖ਼ਤਮ ਹੋ ਰਹੀ ਹੈ
ਉਨ੍ਹਾਂ ਦੀ
ਗੱਲਾਂ ਕਰਨ ਤੇ ਸੁਣਨ ਦੀ
ਪਰੰਪਰਾ

ਫੌਜ ਦੀ ਕਾਬਲੀਅਤ ਦਾ
ਹੁਣ ਮਤਲਬ ਹੈ
ਪਿੰਡ-ਜੰਗਲ ‘ਤੇ
ਗੋਲੀਆਂ ਚਲਾਉਣਾ
ਤੇ ਸੁਆਲ ਕਰਦੇ
ਵਿਦਿਆਰਥੀਆਂ ‘ਤੇ
ਡਾਂਗਾਂ ਵਰ੍ਹਾਉਣਾ

ਇਹ ਯੁੱਧ
ਦੂਜੀ-ਤਰ੍ਹਾਂ ਦਾ ਹੈ
ਇੱਥੇ ਸੰਭਵ ਹੈ
ਬਹੁਤਿਆਂ ਦਾ ਪਿੰਡਾਂ ‘ਚ’
ਭੁੱਖੇ ਰਹਿ ਜਾਣਾ
ਕਿਸਾਨਾਂ ਦਾ
ਖ਼ੁਦਕੁਸ਼ੀ ਕਰ ਲੈਣਾ

ਤੇ ਸ਼ਹਿਰ ‘ਚ
ਅੱਧੇ ਲੋਕਾਂ ਦਾ
ਖਾ-ਖਾ ਕੇ ਢਿੱਡ ਵਧਾਉਣਾ
ਕਿਸੇ ਦਿਨ ਡਿੱਗ ਜਾਣਾ
ਤੇ ਆਪਣੀ ਹੀ ਦੇਹ ਥੱਲੇ
ਦੱਬ ਕੇ ਮਰ ਜਾਣਾ

ਇਹ ਸ਼ਹਿਰ
ਇਸ ਕਰਕੇ ਨਹੀਂ ਹੈ
ਧੂੰਆਂ-ਧਾਰ
ਕਿ ਯੁੱਧ ‘ਚ
ਕੋਈ ਬੰਬ ਫਟਿਆ ਹੈ
ਇਹ ਤਾਂ
ਵਿਕਾਸ ਦੀ ਨਿਸ਼ਾਨੀ ਹੈ
ਵਿਕਾਸ ਕਰਦੇ ਹੋਏ
ਮੰਗਲ-ਗ੍ਰਹਿ ਹੋ ਜਾਣ ਦੀ
ਕਹਾਣੀ ਹੈ

ਇਸ ਵਿਕਾਸ ‘ਚ
ਨਾ ਬਚੇ ਜੰਗਲ-ਪਹਾੜ
ਨਾ ਮਿਲ ਰਹੀ
ਸਾਹ ਲੈਣ ਲਈ ਸਾਫ਼ ਹਵਾ
ਤੇ ਲੋਕ ਭਾਲ ਰਹੇ ਨੇ
ਕਿੱਥੇ ਸਾਫ਼ ਪਾਣੀ ਹੈ

ਕੋਈ ਯੁੱਧ ਨਾ ਵੀ ਹੋਵੇ
ਫੌਜ ਤਾਂ ਫਿਰ ਵੀ ਰਹੇਗੀ
ਆਖਿਰ ਉਹ ਕੀ ਕਰੇਗੀ?

ਉਹ ਕੈਪਾਂ ਲਈ
ਜੰਗਲ ਖਾਲੀ ਕਰਾਏਗੀ
ਜਾਨਵਰਾਂ ਦੀ ਰਾਖੀ ਲਈ
ਪਿੰਡ ਨੂੰ ਖਦੇੜਕੇ
ਸ਼ਹਿਰ ਲੈ ਜਾਏਗੀ
ਤੇ ਸ਼ਹਿਰ ‘ਚ
ਸੁਆਲ ਪੁਛਦੇ
ਪਿੰਡ ਦੇ ਬੱਚਿਆਂ ‘ਤੇ
ਗੋਲੀ ਚਲਾਏਗੀ

ਆਖ਼ਿਰ
ਕਿਉਂ ਹੱਦਾਂ ਦੀ ਫੌਜ ਦਾ
ਰੁਖ ਉੱਧਰ ਹੈ
ਮੇਰਾ ਸਕੂਲ-ਕਾਲਜ,
ਪਿੰਡ-ਘਰ,ਜੰਗਲ-ਪਹਾੜ
ਜਿੱਧਰ ਹੈ?

ਮੂਲ ਲੇਖਿਕਾ:
ਆਦਿਵਾਸੀ ਕਵਿੱਤਰੀ:
ਜਸਿੰਤਾ ਕਾਰਕੇੱਟਾ

ਹਿੰਦੀ ਤੋਂ ਪੰਜਾਬੀ ਰੂਪ:
ਯਸ਼ ਪਾਲ ਵਰਗ ਚੇਤਨਾ

(98145 35005)

ਸਾਂਝਾ ਕਰੋ

ਪੜ੍ਹੋ