
ਹਵਾਈ ਪੱਪੀਆਂ ਘੱਲਦਾ ਰਹਿੰਦੋਂ,
ਕਰ ਲਿਆ ਕਰ ਹੈਲੋ ਮੈਸੇਜ,
ਜਿੰਨੇ ਮਰਜ਼ੀ… ਜੀ ਚਾਹੇ
ਮਨ ਪ੍ਰਚਾਉਣ ਲਈ
ਲਾਈਕ ਵਧਾਉਣ ਲਈ। ”’
ਕਵਿਤਾ ਦੇ ਦਿਨ ਕਵਿਤਾ ਆਈ
ਮੁੜ ਗਈ
ਆਟਾ ਚੌਲ ਦੀ ਥੈਲੀ ਛੱਡ ਕੇ। ”’
ਆਈ ਸੀ ਰਾਤੀਂ ਕਵਿਤਾ
ਮੁੜ ਗਈ
ਬਾਤਾਂ ਚੁਟਕਲੇ ਸੁਣਾ ਕੇ
ਬਿਸਤਰ ਤੇ ਸਿਲਵਟਾਂ ਛੱਡ ਕੇ
ਲਾਰਿਆਂ ਸੁਗੰਧਾਂ ਦੀ ਪਟਾਰੀ ਖਿੰਡਾ ਕੇ। ”’
ਮਾਸਿਕ ਧਰਮ ਦੇ ਦਿਨ
ਤ੍ਰੀਮਤ ਮਲੀਨ ਭ੍ਰਿਸ਼ਟ!
ਸਵਾਲ ਅਸ਼ਲੀਲ ਹੈ!
ਦਿਓ ਜਵਾਬ। ”’
ਕਿਉਂ ਰੋਕਾਂ
ਕਿਵੇਂ ਟੋਕਾਂ ਉਸ ਨੂੰ
ਮੇਰਾ ਹੀ ਪਰਛਾਵਾਂ ਪਿੱਛਾ ਕਰਦਾ ਹੈ।”’
ਟਟੀਹਰੀ
ਉੱਚੀਆਂ ਟੰਗਾਂ ਕਰ ਸੌਂਦੀ,
ਮੇਰੇ ਪੈਰਾਂ ਤੇ ਖੜ੍ਹਾ ਅਸਮਾਨ,
ਕਿਤੇ ਡਿਗ ਨਾ ਪਵੇ।”’
ਭੰਨਿਆ ਸੀ ਘੜਾ ਤੁਸਾਂ
ਸੱਪ ਸੱਪ ਕਹਿਕੇ
ਭਰ ਗਿਆ ਏ ਹੋਰ ਇੱਕ
ਤੁਹਾਡੇ ਨੱਕ ਡੋਬਣ ਵਾਸਤੇ। ”’
ਦਿਓ ਵਧਾਈਆਂ
ਮੈਨੂੰ ਕਵਿਤਾ ਆਈ ਹੈ।”’
ਮੱਖਣ ਚੋਰ ਚੁਣ ਕੇ ਭੇਜੋ
ਪਾਰਲੀਮੈਂਟ ਵਿਚ
ਰੱਜਿਆ ਬੰਦਾ ਹੋਰ ਨਹੀਂ ਖਾਂਦਾ। ”’

(CHARANJIT S PANNU)