ਭਾਰਤੀ ਹੁਕਮਰਾਨ ਦੇਸ਼ ਦੀ ਆਰਥਿਕਤਾ ਦੇ ਦੁਨੀਆ ਦੀ ਤੀਜੀ ਵੱਡੀ ਆਰਥਿਕਤਾ ਬਣ ਜਾਣ ਦੇ ਸੁਫ਼ਨੇ ਦੇਖ ਰਹੇ ਹਨ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਉਸ ਵੱਡੀ ਆਰਥਿਕਤਾ ਵਿੱਚ ਆਮ ਲੋਕਾਂ ਦੀ ਕੀ ਥਾਂ ਹੋਵੇਗੀ। ਬੀਤੀ 24 ਜੁਲਾਈ ਨੂੰ ਸੰਯੁਕਤ ਰਾਸ਼ਟਰ ਦੇ ਖੁਰਾਕ ਤੇ ਖੇਤੀ ਸੰਗਠਨ ਨੇ ਦੁਨੀਆ ਵਿੱਚ ਖੁਰਾਕ ਸੁਰੱਖਿਆ ਤੇ ਪੋਸ਼ਣ ਦੀ ਹਾਲਤ ਬਾਰੇ ਆਪਣੀ ਰਿਪੋਰਟ ਪੇਸ਼ ਕੀਤੀ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਵਿੱਚ 19.5 ਕਰੋੜ ਲੋਕ ਕੁਪੋਸ਼ਣ ਦਾ ਸ਼ਿਕਾਰ ਹਨ। ਇਸ ਸੰਗਠਨ ਅਨੁਸਾਰ ਜਦੋਂ ਕੋਈ ਵਿਅਕਤੀ ਆਪਣੀ ਰੋਜ਼ ਦੀ ਖੁਰਾਕ ਵਿੱਚ ਓਨੀ ਊਰਜਾ ਪ੍ਰਾਪਤ ਨਹੀਂ ਕਰਦਾ, ਜਿੰਨੀ ਉਸ ਦੇ ਸਰੀਰ ਨੂੰ ਲੋੜ ਹੋਵੇ ਤਾਂ ਇਸ ਨੂੰ ਕੁਪੋਸ਼ਣ ਦੀ ਹਾਲਤ ਕਿਹਾ ਜਾਂਦਾ ਹੈ। ‘ਵਿਸ਼ਵ ਵਿੱਚ ਖੁਰਾਕ ਸੁਰੱਖਿਆ ਤੇ ਪੋਸ਼ਣ ਦੀ ਹਾਲਤ’ ਬਾਰੇ ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ 55.6 ਫ਼ੀਸਦੀ ਲੋਕ ਅੱਜ ਸਿਹਤਮੰਦ ਖੁਰਾਕ ਦਾ ਖਰਚਾ ਉਠਾਉਣ ਦੇ ਸਮਰੱਥ ਨਹੀਂ ਹਨ, ਜਦੋਂ ਕਿ ਦੁਨੀਆ ਪੱਧਰ ’ਤੇ ਇਹ ਫੀਸਦੀ 35.4 ਪ੍ਰਤੀਸ਼ਤ ਹੈ। ਇਸ ਦਾ ਭਾਵ ਹੈ ਕਿ ਭਾਰਤ ਦੇ 80 ਕਰੋੜ ਲੋਕ ਉਹ ਹਨ, ਜਿਹੜੇ ਸਿਹਤਮੰਦ ਭੋਜਨ ਦਾ ਖਰਚਾ ਨਹੀਂ ਚੁੱਕ ਸਕਦੇ। ਇਸ ਰਿਪੋਰਟ ਮੁਤਾਬਕ ਔਰਤਾਂ ਦੀ ਹਾਲਤ ਹੋਰ ਵੀ ਖਰਾਬ ਹੈ। ਭਾਰਤ ਵਿੱਚ ਸਿਹਤਮੰਦ ਭੋਜਨ ਨਾ ਮਿਲਣ ਕਾਰਨ 53 ਫ਼ੀਸਦੀ ਔਰਤਾਂ ਅਨੀਮੀਆ ਦੀਆਂ ਸ਼ਿਕਾਰ ਹਨ, ਇਹ ਪੂਰੇ ਸੰਸਾਰ ਵਿੱਚ ਸਭ ਤੋਂ ਵੱਧ ਹੈ।
ਭਾਰਤ ਵਿੱਚ ਲੋੜੀਂਦਾ ਭੋਜਨ ਹੋਣ ਦੇ ਬਾਵਜੂਦ 19 ਕਰੋੜ ਲੋਕ ਉਹ ਹਨ, ਜਿਹੜੇ ਰਾਤ ਨੂੰ ਭੁੱਖੇ ਸੌਂਦੇ ਹਨ। ਇਹੋ ਨਹੀਂ ਪ੍ਰਾਪਤ ਅੰਕੜਿਆਂ ਅਨੁਸਾਰ 2019-20 ਵਿੱਚ ਭਾਰਤ ਵਿੱਚ ਕੁਪੋਸ਼ਣ ਕਾਰਨ 69 ਫ਼ੀਸਦੀ ਬੱਚਿਆਂ ਦੀ ਮੌਤ ਹੋਈ ਸੀ। ਭਾਰਤ ਦੀ 13 ਫ਼ੀਸਦੀ ਅਬਾਦੀ ਤਾਂ ਉਹ ਹੈ, ਜੋ ਲੰਮੇ ਸਮੇਂ ਤੋਂ ਕੁਪੋਸ਼ਣ ਦੀ ਸ਼ਿਕਾਰ ਹੈ। ਮਤਲਬ ਪੀੜ੍ਹੀ ਦਰ ਪੀੜ੍ਹੀ ਕੁਪੋਸ਼ਣ ਦੀ ਮਾਰ ਝਲਦੀ ਆ ਰਹੀ ਹੈ। ਇਸ ਸੰਬੰਧੀ ਪਿੱਛੇ ਜਿਹੇ ਭੁੱਖਮਰੀ ਬਾਰੇ ਰਿਪੋਰਟ ਆਈ ਸੀ। ਉਸ ਵਿੱਚ 125 ਦੇਸਾਂ ਵਿੱਚੋਂ ਭਾਰਤ ਦਾ ਭੁੱਖਮਰੀ ਦੀ ਸਥਿਤੀ ’ਚ 111ਵਾਂ ਨੰਬਰ ਸੀ, ਯਾਨੀ ਸਿਰਫ਼ 14 ਦੇਸ਼ ਹੀ ਸਾਥੋਂ ਬੁਰੀ ਹਾਲਤ ਵਾਲੇ ਸਨ। ਉਸ ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ ਸਾਡੇ ਗੁਆਂਢੀ ਦੇਸ਼ ਪਾਕਿਸਤਾਨ, ਨੇਪਾਲ, ਬੰਗਲਾਦੇਸ਼ ਤੇ ਸ੍ਰੀਲੰਕਾ ਦੀ ਹਾਲਤ ਸਾਥੋਂ ਬੇਹਤਰ ਹੈ। ਇਸ ਰਿਪੋਰਟ ਨੂੰ ਸੰਯੁਕਤ ਰਾਸ਼ਟਰ ਵੱਲੋਂ ਮਾਨਤਾ ਮਿਲ ਜਾਣ ਦੇ ਬਾਵਜੂਦ ਸਾਡੀ ਸਰਕਾਰ ਨੇ ਰੱਦ ਕਰ ਦਿੱਤਾ ਸੀ।
ਅਸਲ ਵਿੱਚ ਹਕੀਕਤ ਵੱਲੋਂ ਮੂੰਹ ਛੁਪਾ ਲੈਣਾ ਸਾਡੀ ਹਕੂਮਤ ਦੀ ਸਭ ਤੋਂ ਵੱਡੀ ਉਪਲਬਧੀ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਭਾਰਤ ਵਿੱਚ ਭੋਜਨ ਦੀ ਭਰਪੂਰ ਹੋਂਦ ਹੋਣ ਦੇ ਬਾਵਜੂਦ ਕੁਪੋਸ਼ਣ ਦੀ ਇਹ ਸਥਿਤੀ ਕਿਉਂ ਹੈ। ਇਸ ਦਾ ਮੁੱਖ ਕਾਰਨ ਬੇਰੁਜ਼ਗਾਰੀ ਤੇ ਮਹਿੰਗਾਈ ਹੈ। ਪਿਛਲੇ ਲਗਾਤਾਰ 4 ਮਹੀਨਿਆਂ ਤੋਂ ਖਾਧ ਵਸਤੂਆਂ ਦੀ ਮਹਿੰਗਾਈ ਦਰ 8.5 ਫੀਸਦੀ ਤੋਂ ਵੱਧ ਉਤੇ ਟਿਕੀ ਹੋਈ ਹੈ। ਸਬਜ਼ੀਆਂ ਦੇ ਭਾਅ ਤਾਂ 32.49 ਫ਼ੀਸਦੀ ਤੱਕ ਵਧ ਚੁੱਕੇ ਹਨ। ਅਜਿਹੇ ਵਿੱਚ ਬੇਰੁਜ਼ਗਾਰੀ ਕਾਰਨ ਜਦੋਂ ਆਦਮੀ ਦੀ ਜੇਬ ਖਾਲੀ ਹੋਵੇ ਤਾਂ ਉਹ ਸਿਹਤਮੰਦ ਭੋਜਨ ਕਿਵੇਂ ਖਰੀਦ ਸਕਦਾ ਹੈ। ਖੁਰਾਕੀ ਵਸਤਾਂ ਦੀ ਮਹਿੰਗਾਈ ਦੂਜੀਆਂ ਵਸਤਾਂ ਦੇ ਉਤਪਾਦਨ ਉੱਤੇ ਵੀ ਅਸਰ ਪਾਉਂਦੀ ਹੈ। ਖੁਰਾਕੀ ਵਸਤਾਂ ਖਰੀਦਣੀਆਂ ਤਾਂ ਹਰ ਇੱਕ ਦੀ ਮਜਬੂਰੀ ਹੈ, ਇਸ ਲਈ ਉਹ ਹੋਰਨਾਂ ਪਾਸਿਓਂ ਤੋਂ ਹੱਥ ਘੁੱਟ ਲੈਂਦਾ ਹੈ। ਸਿੱਟੇ ਵਜੋਂ ਮੰਗ ਘਟਣ ਕਾਰਨ ਉਤਪਾਦਨ ’ਚ ਖੜੋਤ ਆ ਜਾਂਦੀ ਹੈ। ਸਨਅਤਕਾਰ ਕਰਮਚਾਰੀਆਂ ਦੀ ਛਾਂਟੀ ਕਰ ਦਿੰਦਾ ਹੈ। ਗਰੀਬੀ, ਬੇਰੁਜ਼ਗਾਰੀ ਤੇ ਭੁੱਖਮਰੀ ਦਾ ਇਹ ਚੱਕਰ ਭਿਆਨਕ ਰੂਪ ਧਾਰਨ ਕਰਕੇ ਸਮਾਜ ਦਾ ਸੰਤੁਲਨ ਵਿਗਾੜ ਦਿੰਦਾ ਹੈ। ਸਮਾਜ ਵਿੱਚ ਆਏ ਵਿਗਾੜਾਂ ਲਈ ਇਹੋ ਮੁੱਖ ਕਾਰਨ ਹੈ।