ਪ੍ਰਦੇਸੀਂ ਚੋਗ ਚੁਗਣ ਗਏ ਪੰਛੀ/ਸਤਨਾਮ ਸਿੰਘ ਮਾਣਕ

ਪ੍ਰਦੇਸੀਂ ਚੋਗ ਚੁਗਣ ਗਏ ਪੰਛੀ ਹੁਣ ਨਾ ਪਰਤਣਗੇ
ਸੁੰਨਸਾਨ ਘਰਾਂ ਦੇ ਵਾਰਿਸ ਹੁਣ ਨਾ ਪਰਤਣਗੇ
ਮੁੱਦਤਾਂ ਲੰਮੀਆਂ ਔੜਾਂ ਲੱਗੀਆਂ ਹਿਜ਼ਰ ਦੀਆਂ
ਸ਼ਾਇਦ ਵਸਲ ਵਾਲੇ ਮੇਘ ਹੁਣ ਨਾ ਬਰਸਣਗੇ
ਸੁੰਨੀਆਂ ਸੱਥਾਂ, ਗਲੀਆਂ ਭਾਂ ਭਾਂ ਕਰਦੀਆਂ ਨੇ
ਸੋਹਣੀਆਂ ਪੱਗਾਂ ਵਾਲਿਆਂ ਲਈ ਲੋਕ ਤਰਸਣਗੇ।
ਵਸ ਰਸ ਜਾਣਗੇ ਕੁੱਝ ਓਪਰੀਆਂ ਹਵਾਵਾਂ ਵਿਚ
ਕੁੱਝ ਬਦਨਸੀਬਾਂ ਨੂੰ ਪਿੱਛੇ ਛੱਡੇ ਘਰ ਖਟਕਣਗੇ
ਸਮੇਂ ਦੀ ਸਿਤਮਜ਼ਰੀਫੀ ਸੀ, ਕੁੱਝ ਜਾਣ ਦਾ ਸ਼ੌਕ ਵੀ ਸੀ
ਪਰ ‘ਜ਼ਫ਼ਰ’ ਵਾਂਗੂ ਕਈ ਪ੍ਰਦੇਸਾਂ ਦੇ ਵਿਚ ਭਟਕਣਗੇ
———
ਸਤਨਾਮ ਸਿੰਘ ਮਾਣਕ

ਸਾਂਝਾ ਕਰੋ

ਪੜ੍ਹੋ