ਸਾਉਣ ਮਹੀਨਾ ਦਿਨ ਤੀਆਂ ਦੇ,
ਪਿੱਪਲੀਂ ਪੀਂਘਾਂ ਪਾਈਆਂ।
’ਕੱਠੀਆਂ ਹੋ ਕੇ ਆਈਆਂ ਗਿੱਧੇ ਵਿੱਚ,
ਨਣਦਾਂ ਤੇ ਭਰਜਾਈਆਂ।
ਹਾਸਾ-ਠੱਠਾ ਕਰਦੀਆਂ ਮਿਲ ਕੇ,
ਦਿੰਦੀਆਂ ਖ਼ੂਬ ਵਧਾਈਆਂ।
ਖ਼ੁਸ਼ੀ ਵੱਸੇ ਇਹ ਨਗਰ-ਖੇੜਾ,
ਜਿਸ ਵਿੱਛੜੀਆਂ ਆਣ ਮਿਲਾਈਆਂ।
ਰੰਗ-ਬਿਰੰਗੇ ਘੱਗਰੇ ਪਾਏ,
ਦੇਵੇ ਰੂਪ ਦੁਹਾਈਆਂ।
ਉੱਚੀ-ਉੱਚੀ ਪਾਉਣ ਬੋਲੀਆਂ,
ਅੰਬਰ-ਘਟਾਵਾਂ ਛਾਈਆਂ।
ਆ ਕੇ ਮਿਲ ਜਾ ਹਾਣ ਦਿਆ ਵੇ,
ਅੱਖੀਆਂ ਨੇ ਤ੍ਰਿਹਾਈਆਂ।
ਯਾਦ ਤੇਰੀ ਵਿੱਚ ਦੀਦੇ ਛਲਕਣ,
ਸਹਿ ਨਾ ਸਕਾਂ ਜੁਦਾਈਆਂ।
ਚਾਰੇ ਪਾਸੇ ਢੂੰਡਾਂ, ਜਿਸ ਨਾਲ,
ਵਿੱਚ ਜਵਾਨੀ ਲਾਈਆਂ।
ਬਿਨ ਤੇਰੇ ਤੋਂ ਸਾਰੀਆਂ ਘੜੀਆਂ,
ਬ੍ਰਿਹਾ ਵਿੱਚ ਬਿਤਾਈਆਂ।
ਦਿਲ ਮੇਰੇ ’ਚੋਂ ਛੱਲਾਂ ਉੱਠਣ,
ਕਿਉਂ ਸੀ ਅੱਖੀਆਂ ਲਾਈਆਂ।
ਕਰਕੇ ਚੇਤੇ ਓਸ ਸਮੇਂ ਨੂੰ,
ਅੱਖਾਂ ਨੇ ਭਰ ਆਈਆਂ।