‘ਗੁਰੂ ਨਾਨਕ ਜਹਾਜ਼’ ਵਾਲਾ ਬਾਬਾ ਗੁਰਦਿੱਤ ਸਿੰਘ

ਜਲ੍ਹਿਆਂਵਾਲੇ ਬਾਗ ਦੇ ਖ਼ੂਨੀ ਸਾਕੇ ਤੋਂ ਪਹਿਲਾਂ ਅਜਿਹਾ ਹੀ ਇਕ ਹੋਰ ਖ਼ੂਨੀ ਸਾਕਾ ਹਿੰਦੁਸਤਾਨ ਦੀ ਧਰਤੀ ਉੱਤੇ ਵਾਪਰਿਆ ਸੀ। ਇਸ ਸਾਕੇ ਨੂੰ ‘ਬਜਬਜ ਘਾਟ ਦਾ ਖ਼ੂਨੀ ਸਾਕਾ’ ਵਜੋਂ ਹਰ ਦੇਸ਼ ਵਾਸੀ ਯਾਦ ਕਰਦਾ ਹੈ। ਇਹ ਖ਼ੂਨੀ ਸਾਕਾ ਹੁਗਲੀ ਨਦੀ ਦੇ ਕਿਨਾਰੇ ਬਜਬਜ ਘਾਟ ਨਾਂ ਦੀ ਬੰਦਰਗਾਹ ਉੱਤੇ 29 ਸਤੰਬਰ 1914 ਨੂੰ ਵਾਪਰਿਆ ਸੀ। ਇਸ ਸਾਕੇ ਦੌਰਾਨ ਜਿਸ ਜੁਝਾਰੂ ਸਿੱਖ ਆਗੂ ਦੀ ਅਗਵਾਈ ਵਿਚ ਦੇਸ਼ ਭਗਤਾਂ ਨੇ ਦੇਸ਼ ਦੀ ਆਜ਼ਾਦੀ ਲਈ ਚੇਤਨਾ ਪੈਦਾ ਕਰਨ ਲਈ ਕੁਰਬਾਨੀਆਂ ਦਿੱਤੀਆਂ, ਉਸ ਮਹਾਨ ਸਿੱਖ ਆਗੂ ਨੂੰ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਦੇ ਨਾਮ ਨਾਲ ਹਰ ਬਸ਼ਰ ਯਾਦ ਕਰਦਾ ਹੈ।

ਉਨ੍ਹਾਂ ਦਾ ਜਨਮ ਪਿੰਡ ਸਰਹਾਲੀ ਜ਼ਿਲ੍ਹਾ ਅੰਮ੍ਰਿਤਸਰ ਵਿਖੇ 1861 ਈਸਵੀ ਨੂੰ ਹੋਇਆ ਸੀ। ਉਨ੍ਹਾਂ ਦੇ ਪਿਤਾ ਸਰਦਾਰ ਹੁਕਮ ਸਿੰਘ ਸੰਧੂ ਖੇਤੀਬਾੜੀ ਦਾ ਧੰਦਾ ਕਰਦੇ ਸਨ। ਬਾਬਾ ਜੀ ਨੇ ਮੁੱਢਲੀ ਸਿੱਖਿਆ ਤੋਂ ਪਿੱਛੋਂ ਪਿਤਾ-ਪੁਰਖੀ ਕਿੱਤਾ ਖੇਤੀਬਾੜੀ ਆਰੰਭ ਕੀਤਾ ਪਰ ਇਹ ਕਿੱਤਾ ਲਾਭਕਾਰੀ ਨਹੀਂ ਸੀ। ਬਾਬਾ ਜੀ ਦੇ ਮਨ ਵਿਚ ਵਪਾਰ ਕਰਨ ਦੀ ਲਗਨ ਸੀ। ਇਸੇ ਲਗਨ ਨੂੰ ਲੈ ਕੇ ਉਹ ਪਹਿਲਾਂ ਮਲਾਇਆ ਪਹੁੰਚੇ ਤੇ ਉਸ ਤੋਂ ਪਿੱਛੇ ਹਾਂਗਕਾਂਗ ਗਏ। ਉਨ੍ਹਾਂ ਨੇ ਵਪਾਰ ਕਰਨ ਦੇ ਆਸ਼ੇ ਨੂੰ ਮੁੱਖ ਰੱਖ ਕੇ ਕੁਝ ਸਮੇਂ ਲਈ ਠੇਕੇਦਾਰੀ ਦਾ ਕਿੱਤਾ ਕੀਤਾ। ਥੋੜ੍ਹਾ ਸਮਾਂ ਠੇਕੇਦਾਰੀ ਕਰਨ ਤੋਂ ਪਿੱਛੋਂ ਉਨ੍ਹਾਂ ਨੇ ਇਕ ਸਮੁੰਦਰੀ ਜਹਾਜ਼ ਕਾਮਾਗਾਟਾਮਾਰੂ ਕਿਰਾਏ ’ਤੇ ਲੈ ਲਿਆ। ਬਾਬਾ ਜੀ ਬੜੇ ਤੇਜ਼-ਤਰਾਰ ਸੁਭਾਅ ਦੇ ਮਾਲਕ ਸਨ। ਉਨ੍ਹਾਂ ਦੇ ਮਨ ਵਿਚ ਪੰਜਾਬੀਆਂ ਅਤੇ ਵਿਸ਼ੇਸ਼ ਕਰਕੇ ਸਿੱਖਾਂ ਦੀ ਆਰਥਿਕ ਮੰਦਹਾਲੀ ਦਾ ਦੁੱਖ ਤੇ ਗ਼ੁਲਾਮੀ ਦੀ ਲਾਹਨਤ ਤੋਂ ਇਲਾਵਾ ਅੰਗਰੇਜ਼ ਸਰਕਾਰ ਵੱਲੋਂ ਕੀਤੀ ਜਾਂਦੀ ਲੁੱਟ-ਖਸੁੱਟ ਦੀ ਮਾਰੂ ਨੀਤੀ ਘਰ ਕਰ ਚੁੱਕੀ ਸੀ। ਬਾਬਾ ਜੀ ਨੇ ਸਾਂਝੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 376 ਮੁਸਾਫਰਾਂ ਸਮੇਤ ਇਸ ਜਹਾਜ਼ ਨੂੰ ਕੈਨੇਡਾ ਲਿਜਾਣ ਦਾ ਪ੍ਰੋਗਰਾਮ ਬਣਾਇਆ।

ਮੁਸਾਫਰਾਂ ਵਿਚ ਕੇਵਲ 30 ਗ਼ੈਰ ਸਿੱਖ ਯਾਤਰੂ ਸਨ ਅਤੇ ਬਾਕੀ ਸਾਰੇ ਸਿੱਖ ਯਾਤਰੀ ਹੀ ਸਨ। ਬਾਬਾ ਗੁਰਦਿੱਤ ਸਿੰਘ ਜੀ ਨੇ ਇਸ ਜਹਾਜ਼ ਦਾ ਨਾਮ ਕਾਮਾਗਾਟਾਮਾਰੂ ਦੀ ਥਾਂ ‘ਗੁਰੂ ਨਾਨਕ ਜਹਾਜ਼’ ਰੱਖਿਆ। ਇਸ ਜਹਾਜ਼ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਵੀ ਕੀਤਾ ਗਿਆ। ਵਪਾਰਕ ਨਜ਼ਰੀਏ ਨਾਲ ਕੁਝ ਕੋਲਾ ਵੀ ਜਹਾਜ਼ ਵਿਚ ਭਰਿਆ ਗਿਆ। ਜਹਾਜ਼ ਨੂੰ ਰਵਾਨਾ ਕਰਨ ਤੋਂ ਪਹਿਲਾਂ ਉੱਥੇ ਹਕੂਮਤ ਕਰ ਰਹੀ ਅੰਗਰੇਜ਼ ਸਰਕਾਰ ਨੇ ਬਹੁਤ ਸਾਰੀਆਂ ਰੁਕਾਵਟਾਂ ਪਾਈਆਂ ਪਰ ਇਨ੍ਹਾਂ ਸਾਰੀਆਂ ਤੰਗੀਆਂ-ਤੁਰਸ਼ੀਆਂ ਨੂੰ ਝੱਲਦਿਆਂ ਆਖ਼ਰ ਇਹ ਜਹਾਜ਼ ਹਾਂਗਕਾਂਗ ਤੋਂ ਵੈਨਕੂਵਰ ਲਈ 4 ਅਪ੍ਰੈਲ 1914 ਨੂੰ ਰਵਾਨਾ ਹੋਇਆ। ਸਮੁੰਦਰੀ ਸਫ਼ਰ ਤੈਅ ਕਰ ਕੇ 22 ਮਈ 1914 ਨੂੰ ਇਹ ਜਹਾਜ਼ (ਵੈਨਕੂਵਰ) ਕੈਨੇਡਾ ਪਹੁੰਚਿਆ ਪਰ ਇਸ ਜਹਾਜ਼ ਨੂੰ ਬੰਦਰਗਾਹ ਤੋਂ ਪਿੱਛੇ ਹੀ ਰੋਕ ਲਿਆ ਗਿਆ। ਜਹਾਜ਼ ਵਿਚ ਸਫ਼ਰ ਕਰ ਰਹੇ ਮੁਸਾਫਰਾਂ ਵਿੱਚੋਂ ਕੇਵਲ ਉਨ੍ਹਾਂ ਨੂੰ ਹੀ ਉਤਰਨ ਦੀ ਆਗਿਆ ਦਿੱਤੀ ਗਈ ਜਿਹੜੇ ਕੈਨੇਡਾ ਦੀ ਨਾਗਰਿਕਤਾ ਸਿੱਧ ਕਰ ਸਕੇ। ਬਾਕੀ ਸਾਰੇ ਮੁਸਾਫਰ ਲਗਪਗ ਦੋ ਮਹੀਨੇ (23 ਜੁਲਾਈ) ਤਕ ਸਮੁੰਦਰ ਵਿਚ ਸਖ਼ਤ ਪਹਿਰੇ ਹੇਠ ਰੋਕੀ ਰੱਖੇ। ਇਨ੍ਹਾਂ ਦੋ ਮਹੀਨਿਆਂ ਦੌਰਾਨ ਸਮੁੰਦਰੀ ਜਹਾਜ਼ ਵਿਚ ਰਾਸ਼ਨ ਆਦਿ ਵੀ ਖ਼ਤਮ ਹੋ ਗਿਆ ਅਤੇ ਸਮੁੰਦਰ ਵਿਚ ਰਹਿਣ ਕਰਕੇ ਬਹੁਤ ਸਾਰੇ ਮੁਸਾਫਰ ਅਨੇਕਾਂ ਬਿਮਾਰੀਆਂ ਦਾ ਸ਼ਿਕਾਰ ਹੋ ਗਏ।

ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਇਹ ਮੁਸਾਫਰ 29 ਸਤੰਬਰ 1914 ਨੂੰ ਬਾਬਾ ਜੀ ਦੀ ਅਗਵਾਈ ਵਿਚ ਹੁਗਲੀ ਬੰਦਰਗਾਹ ’ਤੇ ਪਹੁੰਚੇ। ਇਸ ਘਾਟ ਦਾ ਨਾਂ ਬਜ ਬਜ ਘਾਟ ਵਜੋਂ ਜਾਣਿਆ ਜਾਂਦਾ ਹੈ। ਭਾਰਤ ਵਿਚ ਰਾਜ ਕਰ ਰਹੀ ਅੰਗਰੇਜ਼ ਸਰਕਾਰ ਨੂੰ ਇਹ ਸਾਰੇ ਮਰਜੀਵੜੇ ਵਿਦਰੋਹੀ ਨਜ਼ਰ ਆਉਂਦੇ ਸਨ। ਉਹ ਸਾਰੇ ਲਗਪਗ ਸਾਢੇ ਪੰਜ ਮਹੀਨਿਆਂ ਪਿੱਛੋਂ ਭਾਰਤੀ ਬੰਦਰਗਾਹ ’ਤੇ ਪੁੱਜੇ ਸਨ। ਉਨ੍ਹਾਂ ਨੂੰ ਜਹਾਜ਼ ਤੋਂ ਉਤਾਰਨ ਤੋਂ ਪਹਿਲਾਂ ਸਾਰੇ ਜਹਾਜ਼ ਦੀ ਤਲਾਸ਼ੀ ਲਈ ਗਈ। ਸਰਕਾਰ ਨੇ ਫ਼ੈਸਲਾ ਕੀਤਾ ਕਿ ਇਨ੍ਹਾਂ ਭੁੱਖੇ ਤੇ ਬਿਮਾਰੀਆਂ ਤੋਂ ਪੀੜਤ ਆਏ ਸਾਰੇ ਮੁਸਾਫਰਾਂ ਨੂੰ ਇਕ ਬੰਦ ਰੇਲਗੱਡੀ ਰਾਹੀਂ ਪੰਜਾਬ ਭੇਜਿਆ ਜਾਵੇ। ਸਤਾਰਾਂ ਮੁਸਲਮਾਨ ਮੁਸਾਫਰ ਸਰਕਾਰ ਦਾ ਹੁਕਮ ਮੰਨ ਕੇ ਗੱਡੀ ਵਿਚ ਸਵਾਰ ਹੋ ਗਏ।

ਬਾਕੀ ਸਾਰੇ ਮੁਸਾਫਰ ਜੁਝਾਰੂ ਸਿੱਖ ਆਗੂ ਬਾਬਾ ਗੁਰਦਿੱਤ ਸਿੰਘ ਦੀ ਅਗਵਾਈ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਨੂੰ ਲੈ ਕੇ ਸਟੇਸ਼ਨ ਵੱਲ ਨੂੰ ਜਲੂਸ ਦੀ ਸ਼ਕਲ ਵਿਚ ਪੈਦਲ ਚੱਲ ਪਏ ਤੇ ਪਲੇਟਫਾਰਮ ’ਤੇ ਬੈਠ ਕੇ ਰਹਿਰਾਸ ਸਾਹਿਬ ਦਾ ਪਾਠ ਆਰੰਭ ਕੀਤਾ। ਇੰਨੇ ਨੂੰ ਫ਼ੌਜ ਅਤੇ ਪੁਲਿਸ ਦੀਆਂ ਟੁਕੜੀਆਂ ਨੇ ਇਨ੍ਹਾਂ ਜੁਝਾਰੂ ਪੰਜਾਬੀਆਂ ’ਤੇ ਗੋਲ਼ੀਆਂ ਦੀ ਬੁਛਾੜ ਸ਼ੁਰੂ ਕਰ ਦਿੱਤੀ। ਸਰਕਾਰੀ ਰਿਕਾਰਡ ਮੁਤਾਬਕ ਇਸ ਦੌਰਾਨ 16 ਮੁਸਾਫਰ ਸ਼ਹਾਦਤ ਦਾ ਜਾਮ ਪੀ ਗਏ ਅਤੇ ਕਰੀਬ 25 ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਇਸੇ ਬਜ ਬਜ ਘਾਟ ਦੇ ਸਾਕੇ ਨੇ ਦੇਸ਼ ਭਗਤਾਂ ਅੰਦਰ ਆਜ਼ਾਦੀ ਦੀ ਲਹਿਰ ਨੂੰ ਹੋਰ ਵੀ ਤਿੱਖਾ ਕਰ ਦਿੱਤਾ। ਇਸ ਖ਼ੂਨੀ ਸਾਕੇ ਸਮੇਂ ਬਾਬਾ ਗੁਰਦਿੱਤ ਸਿੰਘ ਆਪਣੇ ਹੋਰ 28 ਸਾਥੀਆਂ ਸਮੇਤ ਉਸ ਜਗ੍ਹਾ ਤੋਂ ਬਚ ਕੇ ਨਿਕਲ ਜਾਣ ’ਚ ਕਾਮਯਾਬ ਹੋ ਗਏ। ਇਹ ਜੁਝਾਰੂ ਬਾਬਾ ਛੇ ਸਾਲ ਤਕ ਗੁਪਤਵਾਸ ਵਿਚ ਰਿਹਾ। ਇਸ ਤੋਂ ਪਿੱਛੋਂ ਉਹ ਲੋਕਾਂ ਸਾਹਮਣੇ ਆਏ। ਕਈ ਵਾਰ ਇਸ ਦੇਸ਼ ਭਗਤ ਬਾਬੇ ਨੂੰ ਸਖ਼ਤ ਕੈਦ ਕੱਟਣੀ ਪਈ ਅਤੇ ਬਾਬਾ ਜੀ ਹੁਣ ਪੂਰੀ ਤਰ੍ਹਾਂ ਰਾਸ਼ਟਰੀ ਅੰਦੋਲਨ ’ਚ ਸ਼ਾਮਲ ਹੋ ਚੁੱਕੇ ਸਨ।

ਗੁਪਤਵਾਸ ਦੌਰਾਨ ਬਾਬਾ ਜੀ ਆਜ਼ਾਦੀ ਲਈ ਘੋਲ ਕਰ ਰਹੇ ਰਾਸ਼ਟਰੀ ਆਗੂਆਂ ਨਾਲ ਵੀ ਮਿਲਦੇ ਰਹੇ। ਸੰਨ 1926 ਵਿਚ ਹੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਸੈਸ਼ਨ ਵਿੱਚੋਂ 50 ਸਿੱਖ ਡੈਲੀਗੇਟਾਂ ਸਮੇਤ ਵਾਕਆਊਟ ਕੀਤਾ ਕਿਉਂਕਿ ਉਸ ਸਮੇਂ ਸਬਜੈਕਟ ਕਮੇਟੀ ਵੱਲੋਂ ਆਪਣੇ ਪਾਸ ਹੋਣ ਵਾਲੇ ਮਤਿਆਂ ਵਿਚ ਮਹਾਰਾਜਾ ਨਾਭਾ ਰਿਪੁਦਮਨ ਸਿੰਘ ਨੂੰ ਅੰਗਰੇਜ਼ਾਂ ਵੱਲੋਂ ਗੱਦੀ ਤੋਂ ਵੱਖ ਕਰਨ ਦੀ ਬੇਇਨਸਾਫ਼ੀ ਵਿਰੁੱਧ ਮਤਾ ਪਾਸ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਇਸ ਤੋਂ ਪਿੱਛੋਂ ਉਨ੍ਹਾਂ ਨੂੰ 1931 ਤੋਂ 1933 ਤਕ ਰਾਜਨੀਤਕ ਗਤੀਵਿਧੀਆਂ ਕਾਰਨ ਤਿੰਨ ਵਾਰ ਜੇਲ੍ਹ ਜਾਣਾ ਪਿਆ। ਬਾਬਾ ਗੁਰਦਿੱਤ ਸਿੰਘ ਨੇ 1937 ਈਸਵੀ ਵਿਚ ਕਾਂਗਰਸ ਵੱਲੋਂ ਚੋਣ ਲੜੀ ਪਰ ਹਾਰ ਗਏ। ਇਹ ਮਹਾਨ ਜੁਝਾਰੂ ਸਿੱਖ ਆਗੂ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ 94 ਵਰਿ੍ਹਆਂ ਦੀ ਉਮਰ ਭੋਗ ਕੇ ਅੰਮ੍ਰਿਤਸਰ ਵਿਖੇ 24 ਜੁਲਾਈ 1954 ਨੂੰ ਅਕਾਲ ਚਲਾਣਾ ਕਰ ਗਿਆ। ਬਜਬਜ ਘਾਟ ਦੇ ਖ਼ੂਨੀ ਸਾਕੇ ਦੀ ਬਣੀ ਹੋਈ ਸ਼ਹੀਦੀ ਯਾਦਗਾਰ ਬਾਬਾ ਜੀ ਦੀ ਅਗਵਾਈ ਵਿਚ ਵਾਪਰੇ ਇਸ ਖ਼ੂਨੀ ਸਾਕੇ ਦੀ ਯਾਦ ਨੂੰ ਅੱਜ ਵੀ ਤਾਜ਼ਾ ਕਰ ਰਹੀ ਹੈ।

ਸਾਂਝਾ ਕਰੋ

ਪੜ੍ਹੋ

ਕਿਸਾਨ ਖਨੌਰੀ ਬਾਰਡਰ ‘ਤੇ ਭਲਕੇ ਤੋਂ

ਚੰਡੀਗੜ੍ਹ, 25 ਨਵੰਬਰ – ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਮਨਵਾਉਣ...