ਅ-ਧਰਮ-ਤੰਤਰ/ਯਸ਼ ਪਾਲ ਵਰਗ ਚੇਤਨਾ

ਲੋਕ-ਤੰਤਰ ਜਦ
ਗਲਨ ਲਗਦਾ ਹੈ
ਤਾਂ
ਤੰਤਰ ਤੋਂ
ਲੋਕਾਂ ਦਾ ਵਿਸ਼ਵਾਸ
ਮਰਨ ਲਗਦਾ ਹੈ

ਜਦ
ਨਿਆਂ,ਸਿੱਖਿਆ,ਰੱਖਿਆ
ਬਾਜ਼ਾਰ ਦੀ ਗੋਦ ‘ਚ
ਪਲਦੇ ਨੇ
ਤਾਂ
ਮਜ਼ਦੂਰ-ਕਿਸਾਨ
ਤਪਦੀ ਜ਼ਮੀਨ ‘ਤੇ
ਨੰਗੇ-ਪੈਰੀਂ ਚਲਦੇ ਨੇ

ਤੇ
ਅਨਪੜ੍ਹ-ਅਗਿਆਨੀ
ਭਾਵੁਕ ਜਨ
ਕਿਸੇ ਚਮਤਕਾਰ ਦੀ
ਆਸ ‘ਚ
ਧਰਮ-ਤੰਤਰ ਦੇ
ਲੜ ਲਗਦੇ ਨੇ

ਅਖੌਤੀ ਧਰਮ ਦਾ ਵਿਕਾਸ
ਮੌਤ ਹੈ
ਬੁੱਧੀ ਤੇ ਚਿੰਤਨ ਦੀ

ਈਸ਼ਵਰ ਹੀ ਸਭ ਤੋਂ ਵੱਡਾ
ਵੈਰੀ ਹੈ
ਧਰਮ-ਨਿਰਪੱਖ
ਲੋਕ-ਤੰਤਰ ਦਾ

ਜੋ
ਆਪਣੇ ਮਹਿਲ
ਉਸਾਰਦਾ ਹੈ
ਤੇ ਪਰਜਾ ਨੂੰ
ਗਿਰਝਾਂ-ਕੁੱਤਿਆਂ ਤੋਂ
ਦੁਰਕਾਰਦਾ ਹੈ

ਇਸੇ ਧਰਮ ਦੇ
ਠੱਗ-ਦਲਾਲ
ਨਿਤਾਣੇ-ਬੇਬਸ ਲੋਕਾਂ ਦੀ
ਸ਼ਰਧਾ ਨੂੰ ਤੋਲਦੇ ਨੇ
ਆਪਣੀ ਆੜ੍ਹਤ ਦੇ
ਕੰਡੇ ‘ਤੇ

ਬੋਲਦੇ ਨੇ
ਮੂਰਖ-ਹੰਕਾਰੀ ਬੋਲੀ

ਤੇ
ਉਨ੍ਹਾਂ ਦੇ ਚਾਟੜੇ
ਹੱਕ ਲੈਂਦੇ ਨੇ
ਭੇਡਾਂ-ਬਕਰੀਆਂ ਵਾਂਗੂੰ
ਹਜਾਰਾਂ-ਲੱਖਾਂ ਦੀ ਭੀੜ

ਜਿਨ੍ਹਾਂ ਨੂੰ
ਦਿਖਾਏ ਜਾਂਦੇ ਨੇ
ਕਦੇ ਸਾਕਾਰ ਨਾ ਹੋਣ ਵਾਲੇ
ਹਵਾਈ ਸੁਫ਼ਨੇ
ਜਿਸਦੇ ਹੇਠਾਂ
ਦੱਬ ਜਾਂਦੀ ਹੈ
ਕੁੱਝ ਪਲਾਂ ਲਈ ਹੀ ਸਹੀ
ਉਨ੍ਹਾਂ ਦੀ ਉਮਰਾਂ ਦੀ
ਬਦਹਾਲੀ

ਲੁੱਟ,ਅਨਿਆਂ,ਭੁੱਖ
ਸਭ ਰੁੜ੍ਹ ਜਾਂਦੇ ਨੇ
ਪ੍ਰਵਚਨਾਂ ਦੇ ਵਹਿਣ ‘ਚ

ਰਹਿ ਜਾਂਦੇ ਨੇ
ਬੱਸ ਖਾਲੀ ਤੰਬੂ
ਖਿੰਡੀਆਂ ਚੱਪਲਾਂ
ਤੇ
ਮਾਸੂਮ,ਬੇਕਸੂਰ ਲਾਸ਼ਾਂ
ਜਿਨ੍ਹਾਂ ਨੂੰ
ਢਕ ਦਿੱਤਾ ਜਾਂਦਾ ਹੈ
ਸਰਕਾਰੀ ਮੁਆਵਜ਼ੇ ਦੇ
ਚੀਥੜੇ-ਕਫ਼ਨ ਨਾਲ

ਗੱਡ ਦਿੱਤਾ ਜਾਂਦਾ ਹੈ
ਧਰਮ ਦਾ ਝੰਡਾ
ਲੋਕ-ਤੰਤਰ ਦੇ ਤਾਬੂਤ ‘ਚ
ਹਕੂਮਤ ਦੇ ਡੰਡੇ ‘ਤੇ ਚਾੜ੍ਹਕੇ

ਮੂਲ ਲੇਖਕ: ਹੂਬ ਨਾਥ

ਹਿੰਦੀ ਤੋਂ ਪੰਜਾਬੀ ਰੂਪ:
ਯਸ਼ ਪਾਲ ਵਰਗ ਚੇਤਨਾ

(98145 35005)

ਸਾਂਝਾ ਕਰੋ

ਪੜ੍ਹੋ