ਗਠਜੋੜ ਲਈ ਸੁਖਬੀਰ ਨੇ ਕੀਤੀਆਂ ਮੋਦੀ ਦੀਆਂ ਮਿੰਨਤਾਂ

ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਮੰਨਣ ਤੋਂ ਇਨਕਾਰ ਕਰਨ ਵਾਲੇ ਆਗੂਆਂ ਵਲੋਂ ਕੀਤੀਆਂ ਗਈਆਂ ਬੈਠਕਾਂ ਦਾ ਸਿੱਟਾ ਇਹ ਨਿਕਲਿਆ ਕਿ ਪਾਰਟੀ ਵਿਚ ਮੁੜ ਤੋਂ ਉਹੀ ਚੀਜ਼ ਸੁਰਜੀਤ ਕੀਤੀ ਜਾਵੇ, ਜਿਸ ਨਾਲ ਪਾਰਟੀ ਵਿਚ ਲੋਕਾਂ ਦਾ ਭਰੋਸਾ ਮੁੜ ਸੁਰਜੀਤ ਕੀਤਾ ਜਾ ਸਕੇ। ਇਨ੍ਹਾਂ ਆਗੂਆਂ ਵਿਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਵੀ ਸ਼ਾਮਲ ਹਨ। ‘ਰੋਜ਼ਾਨਾ ਸਪੋਕਸਮੈਨ’ ਦੇ ਸੀਨੀਅਰ ਪੱਤਰਕਾਰ ਨਵਜੋਤ ਸਿੰਘ ਧਾਲੀਵਾਲ ਨੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਉਨ੍ਹਾਂ ਨਾਲ ਹੋਈ ਗੱਲਬਾਤ ਦੇ ਵਿਸ਼ੇਸ਼ ਅੰਸ਼ :

ਸਵਾਲ: ‘ਪ੍ਰੇਮ’ ਅਕਾਲੀ ਦਲ ਤੋਂ ਘਟਿਆ ਜਾਂ ਸੁਖਬੀਰ ਬਾਦਲ ਦੀ ਪ੍ਰਧਾਨਗੀ ਤੋਂ? 
ਜਵਾਬ: ਸ਼੍ਰੋਮਣੀ ਅਕਾਲੀ ਦਲ ਤੋਂ ਪ੍ਰੇਮ ਘਟਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ, ਅਕਾਲੀ ਦਲ ਨੂੰ ਮਜ਼ਬੂਤ ਕਰਨ ਅਤੇ ਫ਼ਰਸ਼ ਤੋਂ ਅਰਸ਼ ਤਕ ਲਿਜਾਣ ਲਈ ਹੀ ਇਹ ਵਿਉਂਤਬੰਦੀ ਹੋਈ ਹੈ। ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਦੁਨੀਆਂ ਂ ਭਰ ਵਿਚ ਅਕਾਲੀ ਦਲ ਨੂੰ ਪਿਆਰ ਕਰਨ ਵਾਲੇ ਲੋਕ ਚਿੰਤਾ ਵਿਚ ਹਨ। ਅਕਾਲੀ ਦਲ ਦੇਸ਼ ਦੀ ਸੱਭ ਤੋਂ ਪੁਰਾਣੀ ਖੇਤਰੀ ਪਾਰਟੀ ਹੈ, ਅੱਜ ਨਿਘਾਰ ਵਲ ਕਿਉਂ ਜਾ ਰਹੀ ਹੈ, ਲੋਕ ਅਕਾਲੀ ਦਲ ਨੂੰ ਵਾਰ-ਵਾਰ ਕਿਉਂ ਨਕਾਰ ਰਹੇ ਹਨ। ਇਸ ਵਿਚ ਆਉਣ ਵਾਲੀਆਂ ਕੁਤਾਹੀਆਂ ਨੂੰ ਕਿਵੇਂ ਦੂਰ ਕੀਤਾ ਜਾਵੇ?

ਹਰ ਵਿਅਕਤੀ ਦੇ ਮਨ ਵਿਚ ਇਹ ਤੜਫ ਸੀ। ਚੋਣ ਨਤੀਜਿਆਂ ਤੋਂ ਬਾਅਦ ਕੋਰ ਕਮੇਟੀ ਦੀ ਮੀਟਿੰਗ ਵਿਚ ਮੈਂ ਸੁਝਾਅ ਵੀ ਦਿਤਾ, ਜਿਸ ਨੂੰ ਮੰਨਿਆ ਵੀ ਗਿਆ ਕਿ ਵਿਸਥਾਰ ਵਿਚ ਹੱਲ ਕੱਢੇ ਜਾਣ ਅਤੇ ਨੀਤੀ ਤਿਆਰ ਕੀਤੀ ਜਾਵੇ। ਮੇਰੀ ਗੱਲ ਮੰਨੀ ਵੀ ਗਈ ਪਰ ਉਸ ਤੋਂ ਬਾਅਦ ਬਿਨਾਂ ਸਹਿਮਤੀ ਤੋਂ ਇਕ ਮਤਾ ਕਢਿਆ ਗਿਆ, ਜਿਸ ਨੂੰ ਸੁਖਬੀਰ ਬਾਦਲ ਨੇ ਵੀ ਰੋਕਿਆ ਸੀ। ਜਦੋਂ ਭਰੋਸੇ ਅਤੇ ਬੇਭਰੋਸਗੀ ਦੀ ਚਰਚਾ ਹੀ ਨਹੀਂ ਹੋਈ ਫਿਰ ਮਤੇ ਦੀ ਕੀ ਲੋੜ ਸੀ? ਹੋਰ ਕਈ ਸੀਨੀਅਰ ਆਗੂਆਂ ਨੇ ਇਤਰਾਜ਼ ਵੀ ਪ੍ਰਗਟਾਇਆ। ਮੈਂ ਪ੍ਰਧਾਨ ਜੀ ਨੂੰ ਕਿਹਾ ਕਿ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ ਪਰ ਉਨ੍ਹਾਂ ਨੇ ਨੋਟਿਸ ਨਹੀਂ ਲਿਆ।

ਸਗੋਂ ਪ੍ਰਧਾਨ ਜੀ ਨੇ ਲਗਾਤਾਰ ਇਕ ਧੜੇ ਜਾਂ ਕੁੱਝ ਚੋਣਵੇ ਲੋਕਾਂ ਦੀਆਂ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿਤੀਆਂ, ਸਾਨੂੰ ਇਸ ਗੱਲ ਦਾ ਬੁਰਾ ਲਗਿਆ ਪਰ ਉਨ੍ਹਾਂ ਦੀ ਮਰਜ਼ੀ ਸੀ। ਸੁਖਬੀਰ ਸਿੰਘ ਬਾਦਲ ਇਕ ਧੜੇ ਦੇ ਆਗੂ ਬਣ ਗਏ ਅਤੇ ਪਾਰਟੀ ਨੂੰ ਆਪ ਹੀ ਖੇਰੂੰ-ਖਰੂੰ ਕਰਨ ਲੱਗੇ। ਜਦੋਂ ਬੰਦਾ ਅਪਣੇ ਘਰ ਨੂੰ ਆਪ ਹੀ ਲਾਂਬੂ ਲਾਣ ਲੱਗ ਜਾਵੇ ਤਾਂ ਉਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ? ਇਸ ਮਗਰੋਂ ਜਲੰਧਰ ਬੈਠਕ ਸੱਦੀ ਗਈ ਅਤੇ ਸੁਹਿਰਦ ਲੋਕਾਂ ਨੇ ਮਹਿਸੂਸ ਕੀਤਾ ਕਿ ਪਾਰਟੀ ਪਹਿਲਾਂ ਹੀ ਹੇਠਾਂ ਲੱਗੀ ਹੋਈ ਹੈ ਅਤੇ ਪ੍ਰਧਾਨ ਖ਼ੁਦ ਹੀ ਇਸ ਨੂੰ ਖੇਰੂੰ-ਖੇਰੂੰ ਕਰਨ ਲੱਗੇ ਹੋਏ ਸੀ। ਉਹ ਆਪ ਹੀ ਇਕ ਧੜੇ ਦੇ ਆਗੂ ਬਣ ਕੇ ਬੈਠ ਗਏ।

ਸਵਾਲ: ਉਹ ਧੜਾ ਕਿਹੜਾ ਹੈ?
ਜਵਾਬ:
ਮੈਂ ਤਾਂ ਇਹੀ ਕਹਾਂਗਾ ਕਿ ਇਨ੍ਹਾਂ ਵਿਚੋਂ ਬਹੁਤੀ ਗਿਣਤੀ ਅਜਿਹੇ ਲੋਕਾਂ ਦੀ ਹੈ, ਜਿਨ੍ਹਾਂ ਨੇ ਅਕਾਲੀ ਮੋਰਚਿਆਂ ਜਾਂ ਸੰਘਰਸ਼ਾਂ ਵਿਚ ਸ਼ਾਇਦ ਪੰਜ ਮਿੰਟ ਲਈ ਵੀ ਜੇਲ ਨਾ ਕੱਟੀ ਹੋਵੇ। ਜਲੰਧਰ ਇਕੱਠੇ ਹੋਏ ਲੋਕ ਉਹ ਪਰਵਾਰ ਹਨ, ਜਿਹੜੇ ਦੇਸ਼ ਅਤੇ ਸੂਬੇ ਵਿਚ ਅਕਾਲੀ ਦਲ ਦਾ ਰਾਜ ਲਿਆਉਣ ਵਿਚ ਮੋਹਰੀ ਭੂਮਿਕਾਵਾਂ ਵਿਚ ਸਨ। ਮਾਸਟਰ ਤਾਰਾ ਸਿੰਘ ਦੀ ਦੋਹਤੀ ਉਥੇ ਹਾਜ਼ਰ ਸੀ, ਜਥੇਦਾਰ ਟੌਹੜਾ ਜੀ ਦਾ ਦੋਹਤਾ ਉਥੇ ਹਾਜ਼ਰ ਸੀ, ਤਲਵੰਡੀ ਸਾਹਿਬ ਦੀ ਧੀ ਉਥੇ ਹਾਜ਼ਰ ਸੀ, ਵਡਾਲਾ ਸਾਹਿਬ ਦਾ ਬੇਟਾ ਉਥੇ ਹਾਜ਼ਰ ਸੀ, ਢੀਂਡਸਾ ਸਾਹਿਬ ਦਾ ਬੇਟਾ ਉਥੇ ਹਾਜ਼ਰ ਸੀ, ਸੰਤ ਕਰਤਾਰ ਸਿੰਘ ਜੀ ਖ਼ਾਲਸਾ ਦਾ ਬੇਟਾ, ਗੁਲਸ਼ਨ ਸਾਹਿਬ ਦਾ ਜਵਾਈ ਉਥੇ ਸ਼ਾਮਲ ਸੀ। ਇਸ ਤੋਂ ਇਲਾਵਾ ਹੋਰ ਵੀ ਕਈ ਨਾਮ ਹਨ, ਜੋ ਅਕਾਲੀ ਦਲ ਨੂੰ ਅੱਗੇ ਲਿਜਾਣ ਵਿਚ ਅਹਿਮ ਭੂਮਿਕਾ ਅਦਾ ਕਰਦੇ ਰਹੇ ਹਨ।

ਡੇਢ ਦਰਜਨ ਦੇ ਕਰੀਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਾਜ਼ਰ ਸਨ, ਜਿਨ੍ਹਾਂ ਵਿਚ ਸਾਬਕਾ ਪ੍ਰਧਾਨ ਵੀ ਹਾਜ਼ਰ ਸਨ। ਅੱਧੀ ਦਰਜਨ ਕੋਰ ਕਮੇਟੀ ਮੈਂਬਰ ਹਾਜ਼ਰ ਸਨ। ਇਨ੍ਹਾਂ ਸਾਰਿਆਂ ਨੇ ਪੂਰੀ ਇਮਾਨਦਾਰੀ ਨਾਲ ਵਿਚਾਰਾਂ ਕੀਤੀਆਂ ਕਿ ਅਕਾਲੀ ਦਲ ਅਰਸ਼ ਤੋਂ ਫ਼ਰਸ਼ ਤਕ ਕਿਵੇਂ ਆਇਆ। ਸਗੋਂ ਇਥੋਂ ਤਕ ਸੋਚਿਆ ਕਿ ਸਾਰਿਆਂ ਨੂੰ ਇਕੱਠੇ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਾ ਕੇ ਮੁਆਫ਼ੀ ਮੰਗਣੀ ਚਾਹੀਦੀ ਹੈ ਕਿ ਜਦੋਂ ਇਹ ਕੁਤਾਹੀਆਂ ਹੋਈਆਂ, ਉਸ ਵੇਲੇ ਅਸੀਂ ਵੀ ਚੁੱਪ ਰਹੇ। ਇਸ ਦੀ ਮੁਆਫ਼ੀ ਮੰਗਣੀ ਚਾਹੀਦੀ ਹੈ।

ਸਵਾਲ: ਕਦੋਂ ਜਾ ਰਹੇ ਹੋ ਸ੍ਰੀ ਅਕਾਲ ਤਖ਼ਤ ਸਾਹਿਬ?
ਜਵਾਬ: ਇਸ ਦੇ ਲਈ ਪਹਿਲੀ ਜੁਲਾਈ ਦੀ ਤਰੀਕ ਤੈਅ ਕੀਤੀ ਗਈ ਅਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਭਵਿੱਖ ਵਿਚ ਗੁਰੂ ਸਾਹਿਬ ਸਾਰਿਆਂ ਨੂੰ ਸੁਮੱਤ ਬਖ਼ਸ਼ਣ ਕਿ ਅਸੀਂ ਅਕਾਲੀ ਦਲ ਨੂੰ ਮੁੜ ਬੁਲੰਦੀਆਂ ਵਲ ਲਿਜਾ ਸਕੀਏ। ਮੈਨੂੰ ਬਹੁਤ ਅਫ਼ਸੋਸ ਹੈ ਕਿ ਜਲੰਧਰ ਵਿਚ ਅਕਾਲੀ ਦਲ ਨੂੰ ਬਚਾਉਣ ਲਈ ਮੰਥਨ ਹੋਇਆ ਪਰ ਚੰਡੀਗੜ੍ਹ ਵਿਚ ਇਕ ਵਿਅਕਤੀ ਨੂੰ ਬਚਾਉਣ ਲਈ ਫ਼ੈਸਲੇ ਹੋਏ। ਅਫ਼ਸੋਸ ਇਸ ਗੱਲ ਦਾ ਹੈ ਕਿ ਜਿਸ ਵਿਅਕਤੀ ਨੂੰ ਬਚਾਉਣ ਲਈ ਇਕੱਠੇ ਹੋਏ, ਉਸ ਨੇ ਗੱਲਾਂ ਕਰਨੀਆਂ ਸ਼ੁਰੂ ਕਰ ਦਿਤੀਆਂ ਕਿ ਇਹ ਤਾਂ ਭਾਜਪਾ ਜਾਂ ਕਾਂਗਰਸ ਦੀ ਸਾਜ਼ਸ਼ ਹੈ।

‘ਛੱਜ ਤਾਂ ਬੋਲੇ ਪਰ ਛਾਨਣੀ ਕਿਉਂ ਬੋਲੇ’, ਜਿਹੜੇ ਲੋਕਾਂ ਨੇ ਭਾਜਪਾ ਸਰਕਾਰ ਵਿਚ ਨਜ਼ਾਰੇ ਲਏ ਹੋਣ, ਵਜ਼ੀਰੀਆਂ ਹੰਢਾਈਆਂ ਹੋਣ, ਬਰਨਾਲਾ ਸਾਹਿਬ ਵਰਗੇ ਵਿਅਕਤੀ ਨੂੰ ਪ੍ਰਧਾਨ ਮੰਤਰੀ ਬਣਨ ਤੋਂ ਰੋਕ ਕੇ, ਭਾਜਪਾ ਨਾਲ ਸਾਂਝ ਪਾਈ, ਉਦੋਂ ਤਾਂ ਭਾਜਪਾ ਠੀਕ ਸੀ। ਸੀਨੀਅਰ ਆਗੂਆਂ ਨੂੰ ਪਾਸੇ ਕਰ ਕੇ ਹਰਸਿਮਰਤ ਕੌਰ ਬਾਦਲ ਨੂੰ ਵਜ਼ੀਰ ਬਣਾਇਆ, ਫਿਰ ਵੀ ਭਾਜਪਾ ਠੀਕ ਸੀ। ਰਾਸ਼ਟਰਪਤੀ ਅਤੇ ਚੰਡੀਗੜ੍ਹ ਦੇ ਮੇਅਰ ਲਈ ਵੋਟ ਪਾਉਣ ਵੇਲੇ ਵੀ ਭਾਜਪਾ ਠੀਕ ਸੀ। ਕਾਲੇ ਖੇਤੀ ਕਾਨੂੰਨਾਂ ਨੂੰ ਸੰਸਦ ਵਿਚ ਪੇਸ਼ ਕੀਤੇ ਜਾਣ ਸਮੇਂ ਬੀਬਾ ਹਰਸਿਮਰਤ ਬਾਦਲ ਨੇ ਬਿਲ ਦੇ ਸੋਹਲੇ ਗਾਏ, ਉਦੋਂ ਵੀ ਭਾਜਪਾ ਠੀਕ ਸੀ। ਬਾਦਲ ਸਾਹਿਬ ਤੋਂ ਬਿਲਾਂ ਦੇ ਹੱਕ ਵਿਚ ਬਿਆਨ ਦਿਵਾ ਦਿਤਾ।

ਲੋਕ ਸਭਾ ਚੋਣਾਂ ਤੋਂ ਪਹਿਲਾਂ ਬਿਨਾਂ ਪਾਰਟੀ ਨੂੰ ਦਸਿਆਂ, ‘ਸੁਖਬੀਰ ਸਿੰਘ ਬਾਦਲ, ਮੋਦੀ ਸਾਹਿਬ ਕੋਲ ਚਲੇ ਗਏ ਕਿ ਸਾਡੇ ਨਾਲ ਸਮਝੌਤਾ ਕਰੋ। ਇਹ ਵਖਰੀ ਗੱਲ ਹੈ ਕਿ ਉਹ ਨਹੀਂ ਮੰਨੇ, ਜਿੰਨੀਆਂ ਸੀਟਾਂ ਮੰਗਦੇ ਸੀ ਉਨ੍ਹਾਂ ਨੇ ਨਹੀਂ ਦਿਤੀਆਂ। ਹੁਣ ਇਹ ਪਰਦਾਪੋਸ਼ੀ ਕਰ ਰਹੇ ਨੇ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਅਤੇ ਕਿਸਾਨਾਂ ਦੀ ਗੱਲ ਕੀਤੀ, ਰੌਲਾ ਸਾਰਾ ਸੀਟਾਂ ਦਾ ਸੀ। ਜਿਨ੍ਹਾਂ ਪਰਵਾਰਾਂ ਨੇ ਅਪਣੇ ਪਿੰਡੇ ਉਤੇ ਦਰਦ ਹੰਢਾਏ, ਐਮਰਜੈਂਸੀ ਵਿਚ ਜੇਲਾਂ ਕੱਟੀਆਂ, ਉਨ੍ਹਾਂ ਨੂੰ ਭਾਜਪਾ ਜਾਂ ਕਾਂਗਰਸ ਦੇ ਏਜੰਟ ਦਸਿਆ ਜਾਵੇ, ਇਹ ਸ਼ੋਭਾ ਨਹੀਂ ਦਿੰਦਾ। ਇਹ ਗੱਲਾਂ ਕਹਿਣ ਸਮੇਂ ਉਹ ਅਪਣੇ ਆਪ ਵੀ ਸ਼ਰਮਸਾਰ ਹੁੰਦੇ ਹੋਣਗੇ।

ਬੀਬਾ ਹਰਸਿਮਰਤ ਕੌਰ ਬਾਦਲ ਸਾਡੀ ਭੈਣ ਹੈ, ਅਸੀਂ ਮਜੀਠੀਆ ਪ੍ਰਵਾਰ ਦਾ ਬਹੁਤ ਸਤਿਕਾਰ ਕਰਦੇ ਹਾਂ। ਮੈਂ ਉਨ੍ਹਾਂ ਨੂੰ ਅਪੀਲ ਕਰਦਾ ਹਾਂ ਕਿ ਅਪਣੇ ਸ਼ਬਦਾਂ ਉਤੇ ਕਾਬੂ ਰੱਖਣ, ਜਿਨ੍ਹਾਂ ਨਾਲ ਅਸੀਂ ਇਕੱਠੇ ਰਹੇ ਹੋਈਏ, ਉਨ੍ਹਾਂ ਬਾਰੇ ਬੋਲਣ ਤੋਂ 100 ਵਾਰ ਗੁਰੇਜ਼ ਕਰਨ ਦੀ ਲੋੜ ਹੁੰਦੀ ਹੈ। ਜੋ ਗੱਲਾਂ ਪਿਛਲੇ ਸਮੇਂ ਵਿਚ ਹੁੰਦੀਆਂ ਰਹੀਆਂ, ਅਸੀਂ ਉਸ ਬਾਰੇ ਅਪਣਾ ਮੂੰਹ ਨਹੀਂ ਖੋਲ੍ਹਣਾ ਚਾਹੁੰਦੇ।

ਸਵਾਲ: ਜਿਹੜੇ ਪਰਵਾਰ ਇਕੱਠੇ ਹੋਏ ਕਹਿੰਦੇ ਹਰ ਕਿਸੇ ਦੀ ਕੋਈ ਨਾ ਕੋਈ ਪੀੜ ਹੈ, ਕਿਸੇ ਨੂੰ ਅਣਗੌਲਿਆਂ ਕੀਤਾ ਗਿਆ, ਕਿਸੇ ਨੂੰ ਪਿੱਛੇ ਧੱਕ ਦਿਤਾ ਗਿਆ। ਸੁਣਨ ਵਿਚ ਆਇਆ ਕਿ ਤੁਹਾਡਾ ਵੀ ਇਕ ਦਰਦ ਹੈ ਕਿ 2014 ਵਿਚ ਇਕ ਵੇਲਾ ਅਜਿਹਾ ਸੀ ਕਿ ਕੇਂਦਰੀ ਮੰਤਰੀ ਵਜੋਂ ਤੁਹਾਨੂੰ ਵਿਚਾਰਿਆ ਗਿਆ ਪਰ ਰਾਤੋ-ਰਾਤ ਅਜਿਹੀ ਸਿਆਸਤ ਹੋਈ ਕਿ ਤੁਹਾਡਾ ਪੱਤਾ ਕੱਟ ਗਿਆ। ਵਾਕਈ ਇਹ ਗੱਲ ਦਰੁਸਤ ਹੈ?
ਜਵਾਬ: ਇਸ ਵਿਚ ਕੋਈ ਦੋ ਰਾਏ ਨਹੀਂ ਕਿ ਅਸੀਂ ਅਪਣਾ ਦਰਦ ਸੀਨੇ ਵਿਚ ਲੈ ਕੇ ਪਾਰਟੀ ਦੇ ਹਿੱਤਾਂ ਲਈ ਨਾਲ ਚੱਲਦੇ ਰਹੇ। ਹੁਣ ਅਸੀਂ ਇਕ-ਦੂਜੇ ਨੂੰ ਪੁਰਾਣੀਆਂ ਗੱਲਾਂ ਦੇ ਮਿਹਣੇ ਮਾਰੀਏ ਤਾਂ ਉਹ ਚੰਗਾ ਨਹੀਂ ਲਗਦਾ।

ਸਵਾਲ : ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਪਾਰਟੀ ਨੂੰ ਕਮਜ਼ੋਰ ਕੌਣ ਕਰ ਰਿਹਾ ਅਤੇ ਤਕੜਾ ਕੌਣ ਕਰ ਰਿਹੈ? ਕਹਿੰਦੇ ਨੇ ਕਿ ਸਾਰਿਆਂ ਨੇ ਵੱਖ-ਵੱਖ ਡਫ਼ਲੀ ਵਜਾ ਕੇ ਵੇਖ ਲਈ, ਹੁਣ ਇਕੱਠੀ ਵਜਾ ਲੈਣਗੇ ਤੇ ਚਾਰ ਦਿਨ ਬਾਅਦ ਵਿਛੜ ਜਾਣਗੇ। 
ਜਵਾਬ: ਜਦੋਂ ਬੰਦਾ ਤੁਰਦਾ ਹੈ ਤਾਂ ਇਸ ਆਸ ਤੇ ਵਿਸ਼ਵਾਸ ਨਾਲ ਤੁਰਦਾ ਹੈ ਕਿ ਮੈਂ ਜੋ ਕਹਿੰਦਾ ਹਾਂ ਉਹ ਕਰ ਕੇ ਵਿਖਾਉਂਦਾ ਹਾਂ। ਅੱਜ ਜੇ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਦੀ ਲਹਿਰ ਦਾ ਆਗ਼ਾਜ਼ ਕਰਨ ਜਾ ਰਹੇ ਹਾਂ ਤਾਂ ਇਸੇ ਨਿਸ਼ਚੇ ਨਾਲ ਕਰਨ ਜਾ ਰਹੇ ਹਾਂ ਕਿ ਅਕਾਲੀ ਦਲ ਨੂੰ ਜਿਹੜਾ ਖੋਰਾ ਲੱਗਿਆ ਜਾਂ ਜਿਹੜੀਆਂ ਕਮੀਆਂ ਰਹੀਆਂ, ਉਨ੍ਹਾਂ ਨੂੰ ਦੂਰ ਕਰ ਕੇ ਅਕਾਲੀ ਦਲ ਨੂੰ ਅਕਾਲੀ ਦਲ ਬਣਾਈਏ। ਅਕਾਲੀ ਦਲ ਨੂੰ ਪੰਥ ਅਤੇ ਪੰਜਾਬ ਦੀ ਆਵਾਜ਼ ਬਣਾ ਕੇ ਮੁੜ ਬੁਲੰਦੀਆਂ ਉਤੇ ਲੈ ਕੇ ਜਾਈਏ।

ਸਵਾਲ: ਜਿਹੜੇ ਮੀਟਿੰਗ ਵਿਚ ਚਿਹਰੇ ਸਨ, ਉਨ੍ਹਾਂ ਤੋਂ ਇਲਾਵਾ ਕੋਈ ਹੋਰ ਵੀ ਨੇ ਜੋ ਡਰਦੇ ਸਾਹਮਣੇ ਨਾ ਆਉਂਦੇ ਹੋਣ?
ਜਵਾਬ: ਜਲੰਧਰ ਮੀਟਿੰਗ ਤੋਂ ਬਾਅਦ ਕਿੰਨੇ ਲੋਕਾਂ ਦੇ ਫ਼ੋਨ ਆਏ ਅਤੇ ਕਿੰਨਿਆਂ ਨੇ ਸਹਿਯੋਗ ਦੇਣ ਦੀ ਗੱਲ ਕੀਤੀ, ਇਹ ਤਾਂ ਹੁਣ ਸਮਾਂ ਹੀ ਦੱਸੇਗਾ। ਇਕ ਗੱਲ ਜ਼ਰੂਰ ਹੈ ਕਿ ਜਦੋਂ ਕੋਈ ਅਪਣਾ ਰਾਹ ਬਣਾ ਕੇ ਤੁਰਦਾ ਹੈ ਤਾਂ ਉਸ ਨੂੰ ਅਪਣੇ ਰਾਹ ਉਤੇ ਯਕੀਨ ਹੁੰਦਾ ਹੈ, ਸਾਨੂੰ ਅਪਣੇ ਰਾਹ ਉਤੇ ਯਕੀਨ ਹੈ। ਅਸੀਂ ਲੋਕਾਂ ਦੀ ਗੱਲ ਕੀਤੀ ਹੈ। ਸਾਡਾ ਇਤਰਾਜ਼ ਸੁਖਬੀਰ ਸਿੰਘ ਬਾਦਲ ਨਾਲ ਇਹੀ ਹੈ ਕਿ ਕਮਰੇ ਵਿਚ ਬੈਠ ਕੇ ਜਿੰਨੇ ਮਰਜ਼ੀ ਬੰਦੇ 10 ਵਾਰ ਤੁਹਾਡੇ ਹੱਕ ਵਿਚ ਮਤੇ ਪਾ ਦੇਣਗੇ। ਉਹ ਤਾਂ 5-5 ਵਾਰ ਹਾਰਨ ਦੇ ਬਾਵਜੂਦ ਤੁਹਾਨੂੰ ਜਰਨੈਲ ਕਹਿ ਦੇਣਗੇ ਪਰ ਸਾਡੀ ਤ੍ਰਾਸਦੀ ਇਹ ਹੈ ਕਿ ਅਸੀਂ ਲੋਕਾਂ ਦੀ ਭਾਵਨਾ ਨੂੰ ਸਮਝ ਹੀ ਨਹੀਂ ਰਹੇ।
ਸਵਾਲ: ਤੁਹਾਡਾ ਇਕ ਏਜੰਡਾ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਅਤੇ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਦੀ ਕੁਰਸੀ ਤੋਂ ਉਤਾਰਨਾ ਹੈ, ਫਿਰ ਕੁਰਸੀ ਉਤੇ ਬਿਠਾਉਣਾ ਕਿਸ ਨੂੰ ਹੈ?
ਜਵਾਬ: ਸਾਡਾ ਇਹ ਕੋਈ ਏਜੰਡਾ ਨਹੀਂ, ਤੁਹਾਨੂੰ ਭੁਲੇਖਾ ਹੈ। ਸਾਡਾ ਏਜੰਡਾ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਬਣਾਉਣਾ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਬੁਲੰਦੀਆਂ ਉਤੇ ਲਿਜਾਣਾ ਹੈ।

ਸਵਾਲ: ਹੁਣ ਸ਼੍ਰੋਮਣੀ ਅਕਾਲੀ ਦਲ ਕੀ ਹੈ?
ਜਵਾਬ: ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਨਕਾਰ ਰਹੇ ਹਨ। ਲੋਕਾਂ ਨੂੰ ਵਿਸ਼ਵਾਸ ਨਹੀਂ ਰਿਹਾ, ਇਸ ਲਈ ਜ਼ਿੰਮੇਵਾਰ ਗਲਤੀਆਂ ਨੂੰ ਮੰਨ ਕੇ ਭਵਿੱਖ ਲਈ ਗੁਰੂ ਅੱਗੇ ਅਰਦਾਸ ਕਰ ਕੇ ਤੁਰਨ ਦੀ ਲੋੜ ਹੈ। ਲੋਕਾਂ ਦੀ ਭਾਵਨਾ ਦੀ ਕਦਰ ਜ਼ਰੂਰ ਕਰਨੀ ਚਾਹੀਦੀ ਹੈ, ਲੋਕ ਵੱਡੇ ਹੁੰਦੇ ਹਨ, ਲੋਕਾਂ ਨਾਲ ਲੜਿਆ ਨਹੀਂ ਜਾਂਦਾ।

ਸਵਾਲ: ਆਪਸ ਵਿਚ ਕੋਈ ਰਾਏ ਬਣੀ ਕਿ ਕਿਸ ਦੀ ਅਗਵਾਈ ਵਿਚ ਅੱਗੇ ਵਧਿਆ ਜਾਵੇਗਾ?
ਜਵਾਬ: ਹਾਲ ਦੀ ਘੜੀ ਇਹੀ ਸੋਚਿਆ ਕਿ ਪਹਿਲਾਂ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਜਾਵਾਂਗੇ ਅਤੇ ਬਾਅਦ ਵਿਚ ਚੰਗੇ ਵਿਦਵਾਨ, ਪੰਜਾਬ ਹਿਤੈਸ਼ੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਬੁਲੰਦੀਆਂ ਵਲ ਲਿਜਾਣ ਦੇ ਚਾਹਵਾਨ ਲੋਕਾਂ ਕੋਲ ਜਾਵਾਂਗੇ ਅਤੇ ਮਸ਼ਵਰਾ ਕਰਾਂਗੇ। ਹੁਣ ਤਕ ਸਾਰਿਆਂ ਦੀ ਇਕ ਮੱਤ ਹੈ ਕਿ ਅਜਿਹੀ ਨਿਰਪੱਖ ਅਤੇ ਬੇਦਾਗ਼ ਸ਼ਖ਼ਸ਼ੀਅਤ ਦੀ ਤਲਾਸ਼ ਕੀਤੀ ਜਾਵੇ, ਜਿਹੜੀ ਧਰਮ ਅਤੇ ਰਾਜਨੀਤੀ ਦੇ ਸੁਮੇਲ ਨਾਲ ਅਗਵਾਈ ਦੇ ਸਕੇ। ਇਸ ਤਲਾਸ਼ ਵਿਚ ਅਸੀਂ ਵਿਦਵਾਨਾਂ ਕੋਲ ਵੀ ਜਾਵਾਂਗੇ, ਧਾਰਮਕ ਸ਼ਖ਼ਸੀਅਤਾਂ ਅਤੇ ਤਜਰਬੇਕਾਰ ਲੋਕਾਂ ਕੋਲ ਵੀ ਜਾਵਾਂਗੇ ਅਤੇ ਮਸ਼ਵਰਾ ਕਰਾਂਗੇ।

ਸਵਾਲ: ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਾਣ ਤੋਂ ਬਾਅਦ ਕੋਈ ਅਜਿਹਾ ਪ੍ਰੋਗਰਾਮ ਵੀ ਹੈ ਕਿ ਅਕਾਲੀ ਦਲ ਦੇ ਦਫ਼ਤਰ ਵਲ ਰੁਖ਼ ਕੀਤਾ ਜਾਵੇਗਾ? ਦਫ਼ਤਰ ਵਿਚ ਵੀ ਬੈਠਕਾਂ ਹੋਣਗੀਆਂ?
ਜਵਾਬ: ਪਹਿਲਾਂ ਅਕਾਲ ਤਖ਼ਤ ਸਾਹਿਬ ਜਾਵਾਂਗੇ ਫਿਰ ਲੋਕਾਂ ਕੋਲ ਜਾਵਾਂਗੇ। ਜੋ ਲੋਕ ਫ਼ੈਸਲਾ ਕਰਨਗੇ, ਉਸ ਨਾਲ ਖੜਾਂਗੇ।

ਸਵਾਲ: ਖ਼ਬਰ ਇਹ ਵੀ ਹੈ ਕਿ ਦਫ਼ਤਰ ਉਤੇ ਦਾਅਵੇ ਦੀ ਗੱਲ ਵੀ ਕੀਤੀ ਜਾਵੇਗੀ?
ਜਵਾਬ: ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਦੀ ਮੁਹਿੰਮ ਦਾ ਆਗ਼ਾਜ਼ ਕਰਨਾ ਹੈ। ਜਿਥੋਂ ਤਕ ਦਫ਼ਤਰ ਦੀ ਗੱਲ ਹੈ ਤਾਂ ਸਾਡਾ ਤਾਂ ਇਤਿਹਾਸ ਹੈ ਕਿ ਘੋੜਿਆਂ ਦੀਆਂ ਕਾਠੀਆਂ ਵੀ ਸਾਡੇ ਦਫ਼ਤਰ ਰਹੀਆਂ ਹਨ। ਲੋਕਾਂ ਨੇ ਜੰਗਲਾਂ ਵਿਚ ਵੀ ਡੇਰੇ ਲਗਾਏ ਸੀ। ਜਦੋਂ ਤੁਸੀਂ ਕੋਈ ਲਹਿਰ ਸ਼ੁਰੂ ਕਰਦੇ ਹੋ ਤਾਂ ਕਮਰਿਆਂ ਵਿਚ ਤਾਂ ਬੈਠਕ ਨਹੀਂ ਹੁੰਦੀ।

ਸਵਾਲ: ਪਾਰਟੀ ਨੂੰ ਖ਼ਤਮ ਕਿਸ ਨੇ ਕੀਤਾ? ਸੁਖਬੀਰ ਸਿੰਘ ਬਾਦਲ ਨੇ ਖ਼ਤਮ ਕੀਤਾ? ਜੇ ਕੀਤਾ ਤਾਂ ਕੀ ਕਿਸੇ ਦੇ ਇਸ਼ਾਰੇ ਉਤੇ ਕੀਤਾ?
ਜਵਾਬ:
ਮੈਂ ਨਹੀਂ ਕਹਿੰਦਾ ਕਿ ਕਿਸੇ ਦੇ ਇਸ਼ਾਰੇ ਉਤੇ ਕੀਤਾ। ਕਈ ਵਾਰ ਬੰਦੇ ਦੇ ਤੌਰ-ਤਰੀਕੇ, ਕੰਮ ਕਰਨ ਦੇ ਤਰੀਕਾ ਜਾਂ ਬੋਲਣ ਦੇ ਤਰੀਕੇ ਕਾਰਨ ਭਰੋਸੇਯੋਗਤਾ ਕਮਜ਼ੋਰ ਹੁੰਦੀ ਜਾਂਦੀ ਹੈ। ਪਿਛਲੇ ਸਮੇਂ ਵਿਚ ਰਾਜ ਸੱਤਾ ਵਿਚ ਆਉਣ ਤੋਂ ਬਾਅਦ ਅਕਾਲੀ ਦਲ ਤੋਂ ਕਿੰਨੀਆਂ ਗੱਲਾਂ ਹੋਈਆਂ, ਜਿਨ੍ਹਾਂ ਕਾਰਨ ਪਾਰਟੀ ਨੂੰ ਖੋਰਾ ਲਗਦਾ ਗਿਆ ਅਤੇ ਲੋਕਾਂ ਦਾ ਮੋਹ ਟੁੱਟਦਾ ਗਿਆ। ਤੁਸੀਂ ਕਦੇ ਸੁਣਿਆ ਸੀ ਕਿ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਗਈ ਹੋਵੇ? ਇਕ ਸੀਟ ਜੁਗਾੜ ਨਾਲ ਜਿੱਤ ਕੇ ਉਸ ਉਤੇ ਕੱਛਾਂ ਮਾਰੀ ਜਾਣਾ ਕਿ ਅਸੀਂ ਜਿੱਤ ਗਏ, ਪਾਰਟੀ ਦੀ ਸਥਿਤੀ ਤਾਂ ਦੇਖੋ।

ਸਵਾਲ: ਬਠਿੰਡਾ ਸੀਟ ਜਿੱਤਣ ਲਈ ਕਿਹੜਾ ਜੁਗਾੜ ਲਗਿਆ?
ਜਵਾਬ:
ਉਹ ਤਾਂ ਸੱਭ ਨੂੰ ਪਤਾ ਹੈ ਪਰ ਇਕ ਸੀਟ ਜਿੱਤਣ ਮਗਰੋਂ ਪਾਰਟੀ ਦੀ ਕੋਈ ਫ਼ਿਕਰ ਨਹੀਂ। ਇਹੀ ਸਾਡੀ ਤ੍ਰਾਸਦੀ ਹੈ।

ਸਾਂਝਾ ਕਰੋ

ਪੜ੍ਹੋ

ਫ਼ਰੀਦਕੋਟ ਵਿਖੇ “ ਬੇਟੀ ਬਚਾਓ ਬੇਟੀ ਪੜ੍ਹਾਓ”

ਫ਼ਰੀਦਕੋਟ 5 ਅਕਤੂਬਰ ( ਗਿਆਨ੍ ਸਿੰਘ) – ਡਿਪਟੀ ਕਮਿਸ਼ਨਰ ਫ਼ਰੀਦਕੋਟ...