ਜਦੋਂ ਗੰਨਮੈਨਾਂ ਨੂੰ ਭੱਜਣਾ ਪਿਆ/ਗੁਰਮੀਤ ਸਿੰਘ ਵੇਰਕਾ

ਸਾਲ 1992 ਵਿੱਚ ਜਦੋਂ ਪੰਜਾਬ ਵਿੱਚ ਚੋਣਾਂ ਹੋਈਆਂ ਸਨ ਤਾਂ ਇਹ ਕਾਲਾ ਦੌਰ ਸੀ। ਗਰਮਖਿ਼ਆਲੀਆਂ ਅਤੇ ਅਕਾਲੀ ਦਲ ਨੇ ਚੋਣਾਂ ਦਾ ਬਾਈਕਾਟ ਕੀਤਾ। ਕੋਈ ਡਰਦਾ ਚੋਣਾਂ ਵਿੱਚ ਖਲੋਣ ਦੀ ਹਿੰਮਤ ਨਹੀਂ ਕਰ ਰਿਹਾ ਸੀ। ਚੋਣਾਂ ਲੜਨੀਆਂ, ਹਿੱਸਾ ਲੈਣਾ, ਵੋਟਾਂ ਪਾਉਣੀਆਂ ਮੌਤ ਨੂੰ ਸੱਦਾ ਦੇਣ ਬਰਾਬਰ ਸੀ। ਇਸ ਦੌਰਾਨ ਮੈਂ ਬਾਰਡਰ ਦੇ ਇੱਕ ਥਾਣੇ ਵਿੱਚ ਤਾਇਨਾਤ ਸਾਂ। ਚੋਣ ਅਮਲਾ ਖਾੜਕੂਆਂ ਦੇ ਬਾਈਕਾਟ ਕਾਰਨ ਦਹਿਸ਼ਤ ਵਿੱਚ ਸੀ ਪਰ ਨੌਕਰੀ ਤਾਂ ਕਰਨੀ ਪੈਣੀ ਸੀ! ਚੋਣ ਅਮਲੇ ਨੂੰ ਚੋਣ ਸਮੱਗਰੀ ਦੇ ਕੇ ਵਹੀਕਲ ਰਾਹੀਂ ਬਾਰਡਰ ਦੀਆਂ ਉਨ੍ਹਾਂ ਬੀਐੱਸਐੱਫ ਪਿਕਟਾਂ ’ਤੇ ਰਾਤ ਠਹਿਰਾਇਆ ਗਿਆ ਜਿੱਥੋਂ ਸਕੂਲ ਨਜ਼ਦੀਕ ਪੈਂਦੇ ਸਨ। ਰਾਤ ਦੇ ਖਾਣੇ ਤੇ ਸਵੇਰ ਦੇ ਛਾਹ ਵੇਲੇ ਦਾ ਇੰਤਜ਼ਾਮ ਬੀਐੱਸਐੱਫ ਨੇ ਕੀਤਾ ਸੀ।

ਅਗਲੇ ਦਿਨ ਸਵੇਰੇ ਚੋਣ ਅਮਲਾ ਵੋਟਾਂ ਪੁਆਉਣ ਆਪੋ-ਆਪਣੇ ਸਕੂਲ ਪਹੁੰਚ ਗਿਆ। ਲੋਕਾਂ ਨੇ ਰੋਟੀ ਚਾਹ ਤਾਂ ਕੀ ਛਕਾਉਣੀ ਸੀ, ਪਾਣੀ ਦਾ ਘੁੱਟ ਵੀ ਨਹੀਂ ਪੁੱਛਿਆ। ਮੁਤੱਲਕਾ ਥਾਣੇ ਦੇ ਮੁੱਖ ਅਫਸਰ ਨੇ ਰੋਟੀ ਤੇ ਚਾਹ-ਪਾਣੀ ਬੂਥਾਂ ’ਤੇ ਪਹੁੰਚਾਇਆ। ਦੁਪਹਿਰੇ ਦੋ ਵਜੇ ਤੱਕ ਕੋਈ ਵੋਟ ਨਾ ਪਈ ਤਾਂ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਫਿਰ ਪੁਲੀਸ ਨੇ ਥੋੜ੍ਹੀਆਂ ਬਹੁਤੀਆਂ ਵੋਟਾਂ ਪੁਆਈਆਂ। ਸਭ ਤੋਂ ਘੱਟ ਪ੍ਰਤੀਸ਼ਤ ਨਾ-ਮਾਤਰ ਵੋਟਾਂ ਪੈਣ ਵਾਲੀ ਕਾਂਗਰਸ ਦੀ ਸਰਕਾਰ ਹੋਂਦ ਵਿੱਚ ਆ ਗਈ।

ਇਨ੍ਹਾਂ ਚੋਣਾਂ ਦੌਰਾਨ ਇੱਕ ਆਜ਼ਾਦ ਉਮੀਦਵਾਰ ਖਲੋਤਾ ਸੀ ਜਿਸ ਦੇ ਘਰ ਦਾ ਇੱਕ ਹੀ ਕਮਰਾ ਸੀ। ਉਹਨੂੰ ਸੀਆਰਪੀਐੱਫ ਦੀ ਗਾਰਦ ਅਤੇ ਪੁਲੀਸ ਦੇ ਜਵਾਨ ਰੱਖਿਆ ਵਾਸਤੇ ਮਿਲ ਗਏ। ਸੀਆਰਪੀਐੱਫ ਨੇ ਉਸ ਦੇ ਕਮਰੇ ਦੇ ਬਾਹਰ ਟੈਂਟ ਲਗਾ ਲਿਆ। ਇੱਕ ਦਿਨ ਉਮੀਦਵਾਰ ਨੇ ਬਾਹਰ ਪ੍ਰਚਾਰ ’ਤੇ ਜਾਣਾ ਸੀ। ਉਹ ਸਰਕਾਰੀ ਬੱਸ ਦੀ ਛੱਤ ’ਤੇ ਚੜ੍ਹ ਗਿਆ ਤੇ ਕੰਡਕਟਰ ਨੇ ਸੀਟੀ ਮਾਰ ਦਿੱਤੀ। ਬੱਸ ਚਲ ਪਈ। ਗੰਨਮੈਨ ਭੱਜ ਕੇ ਮਸਾਂ ਬੱਸ ਦੀ ਛੱਤ ’ਤੇ ਚੜ੍ਹੇ, ਉਸ ਦੀ ਹਿਫ਼ਾਜ਼ਤ ਜੁ ਕਰਨੀ ਸੀ। ਲੋਕ ਤਮਾਸ਼ਾ ਦੇਖ ਰਹੇ ਸਨ ਤੇ ਪੁਲੀਸ ਦਾ ਜਲੂਸ ਨਿੱਕਲ ਰਿਹਾ ਸੀ।

ਸਾਂਝਾ ਕਰੋ