ਕਿਸਾਨ ਜਥੇਬੰਦੀਆਂ ਨੇ ਸਦਰ ਥਾਣਾ ਘੇਰਿਆ

ਅੱਜ ਇੱਥੇ ਕਿਸਾਨ ਜਥੇਬੰਦੀਆਂ ਵੱਲੋਂ ਸਦਰ ਥਾਣਾ ਘੇਰਨ ਤੋਂ ਬਾਅਦ ਰਾਜਪੁਰਾ ਰੋਡ ਜਾਮ ਕਰ ਕੇ ਘੰਟੇ ਤੋਂ ਵੱਧ ਸਮਾਂ ਧਰਨਾ ਲਾਇਆ, ਜਿਸ ਕਰਕੇ ਆਮ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਥਾਣੇ ਦੇ ਪੁਲੀਸ ਅਧਿਕਾਰੀਆਂ ’ਤੇ ਦੋਸ਼ ਲਾਇਆ ਕਿ ਉਹ ਦੌਣਕਲਾਂ ਵਿੱਚ ਹੋਏ ਜ਼ਮੀਨੀ ਝਗੜੇ ਦੇ ਮਾਮਲੇ ਵਿੱਚ ਮੁਲਜ਼ਮਾਂ ਦੇ ਕਾਰਵਾਈ ਨਹੀਂ ਕਰ ਰਹੇ, ਲੰਬੀ ਉਡੀਕ ਤੋਂ ਬਾਅਦ ਪ੍ਰੇਸ਼ਾਨ ਹੋ ਕੇ ਅੱਜ ਕਿਸਾਨ ਜਥੇਬੰਦੀਆਂ ਨੇ ਥਾਣਾ ਘੇਰ ਲਿਆ। ਥਾਣੇ ਦੇ ਇੰਚਾਰਜ ਸਬ ਇੰਸਪੈਕਟਰ ਪ੍ਰਦੀਪ ਕੁਮਾਰ ਨੇ ਦੱਸਿਆ ਕ‌ਿ ਕਿਸਾਨ ਜਥੇਬੰਦੀਆਂ ਅਨੁਸਾਰ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਕਿਸਾਨ ਯੂਨੀਅਨ ਭਟੇੜੀਕਲਾਂ ਦੇ ਆਗੂ ਗੁਰਧਿਆਨ ਸਿੰਘ ਸਿਊਣਾ ਆਦਿ ਕਿਸਾਨ ਆਗੂਆਂ ਨੇ ਕਿਹਾ ਕਿ ਦੌਣ ਕਲਾਂ ਦੇ ਪ੍ਰੀਤਇੰਦਰ ਸਿੰਘ ਤੇ ਉਸ ਦੇ ਪਿਤਾ ਜਰਨੈਲ ਸਿੰਘ ’ਤੇ 18 ਜੁਲਾਈ 2022 ਨੂੰ ਜ਼ਮੀਨ ’ਤੇ ਕਬਜ਼ਾ ਕਰਨ ਦੇ ਦੋਸ਼ ਵਿੱਚ ਐਫਆਈਆਰ ਦਰਜ ਹੋਈ ਸੀ, ਪੁਲੀਸ ਨੇ ਦਬਾਅ ਵਿੱਚ ਆਕੇ ਉਹ ਐਫਆਈਆਰ ਰੱਦ ਕਰਨ ਦੀ ਰਿਪੋਰਟ ਭਰ ਦਿੱਤੀ ਸੀ ਪਰ ਕੋਰਟ ਨੇ ਉਹ ਐੱਫਆਈਆਰ ਰੱਦ ਨਾ ਕਰਕੇ ਅਗਲੇਰੀ ਕਾਰਵਾਈ ਕਰਨ ਲਈ ਕਿਹਾ ਸੀ ਪਰ ਪੁਲੀਸ ਨੇ ਕੋਈ ਕਾਰਵਾਈ ਨਾ ਕੀਤੀ।

ਮੁਲਜ਼ਮਾਂ ਨੇ ਚਾਰ ਬੰਦੇ ਲਿਆ ਕੇ ਰਣਬੀਰ ਸਿੰਘ ਭਟੇੜੀ ਕਲਾਂ ’ਤੇ ਕਥਿਤ ਹਮਲਾ ਕਰ ਦਿੱਤਾ, ਜਦੋਂ ਉਹ ਖੇਤ ਵਿਚ ਮੋਟਰ ਬਦਲਣ ਦੀ ਕਾਰਵਾਈ ਕਰ ਰਿਹਾ ਸੀ, ਉਨ੍ਹਾਂ ਦੱਸਿਆ ਕਿ ਇਹ ਝਗੜਾ 24 ਵਿੱਘੇ 10 ਵਿਸਵੇ ਜ਼ਮੀਨ ਦਾ ਹੈ, ਜਿਸ ਦਾ ਕਬਜ਼ਾ ਰਣਬੀਰ ਸਿੰਘ ਭਟੇੜੀ ਕਲਾਂ ਕੋਲ ਹੈ ਪਰ ਇਹ ਕਬਜ਼ਾ ਪ੍ਰੀਤਇੰਦਰ ਸਿੰਘ ਕਰਨਾ ਚਾਹੁੰਦੇ ਹਨ। ਅਦਾਲਤ ਨੇ ਰਣਬੀਰ ਸਿੰਘ ਨੂੰ ਸਟੇਅ ਦਿੱਤੀ ਹੋਈ ਹੈ ਪਰ ਫਿਰ ਵੀ ਮੁਲਜ਼ਮ ਪੱਖ ਵਾਰ-ਵਾਰ ਉਸ ਤੇ ਹਮਲੇ ਕਰ ਰਿਹਾ ਹੈ। ਹੁਣ ਉਸ ਤੇ 16 ਜੂਨ ਨੂੰ ਹਮਲਾ ਕੀਤਾ ਤੇ ਰਣਬੀਰ ਸਿੰਘ ਦੀ ਲੱਤ ਤੋੜ ਦਿੱਤੀ ਜੋ ਰਾਜਿੰਦਰਾ ਹਸਪਤਾਲ ਵਿਚ ਜੇਰੇ ਇਲਾਜ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲੀਸ ਕਾਰਵਾਈ ਨਹੀਂ ਕਰਦੀ ਤਾਂ ਉਹ ਹੋਰ ਵੱਡਾ ਐਕਸ਼ਨ ਕਰਨਗੇ।

ਇਹ ਘਿਰਾਓ ਤੇ ਧਰਨਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਤੇ ਭਾਰਤੀ ਕਿਸਾਨ ਯੂਨੀਅਨ ਭਟੇੜੀ ਕਲਾਂ ਦੇ ਦਿੱਤਾ। ਇਸ ਵੇਲੇ ਜ਼ੋਰਾਵਰ ਸਿੰਘ, ਸਿੱਧੂਪੁਰ, ਜ਼ਿਲ੍ਹਾ ਪ੍ਰਧਾਨ, ਜਗਦੀਪ ਸਿੰਘ, ਜੰਗ ਸਿੰਘ ਭਟੇੜੀਕਲਾਂ ਸੂਬਾ ਪ੍ਰਧਾਨ, ਅਵਤਾਰ ਸਿੰਘ ਭਟੇੜੀਕਲਾਂ, ਗੁਰਧਿਆਨ ਸਿੰਘ ਖਰੋੜ ਸਿਊਣਾ ਭਟੇੜੀ ਕਲਾਂ, ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। ਪ੍ਰੀਤਇੰਦਰ ਸਿੰਘ ਦੌਣਕਲਾਂ ਨੇ ਆਪਣਾ ਪੱਖ ਦਿੰਦਿਆਂ ਕਿਹਾ,‘‘ਇਹ ਜ਼ਮੀਨ ਮੇਰੀ ਹੈ, ਕੋਰਟ ਦੀ ਸਟੇਅ ਮੇਰੇ ਕੋਲ ਹੈ, ਇਹ ਮੇਰੀ ਜ਼ਮੀਨ ਤੇ ਕਬਜ਼ਾ ਕਰਨ ਆਏ ਸੀ ਅਸੀਂ ਰੋਕਿਆ ਤਾਂ ਇਨ੍ਹਾਂ 10 ਬੰਦਿਆਂ ਨੇ ਸਾਡੇ ’ਤੇ ਹਮਲਾ ਕਰ ਦਿੱਤਾ, ਹੁਣ ਅਸੀਂ ਵੀ ਹਸਪਤਾਲ ਵਿੱਚ ਭਰਤੀ ਹਾਂ। ਕਿਸਾਨ ਜਥੇਬੰਦੀਆਂ ਨਾਜਾਇਜ਼ ਸਾਡੇ ਤੇ ਧੱਕਾ ਕਰ ਰਹੀਆਂ ਹਨ।

ਸਾਂਝਾ ਕਰੋ