ਪੰਜਾਬੀਆਂ ਦੀ ਦੁਕਾਨ ’ਤੇ ਲੁੱਟ

ਪੂਜਾ ਜਿਊਲਰਜ਼ ਪਾਪਾਟੋਏਟੋਏ ਵਿਖੇ ਹੋਈ ਲੁੱਟ ਦੀ ਘਟਨਾ-ਲੂਥਰ ਪਰਿਵਾਰ ਦਾ ਸ਼ੋਅਰੂਮ
ਔਕਲੈਂਡ, 23 ਜੂਨ 2024:-(ਹਰਜਿੰਦਰ ਸਿੰਘ ਬਸਿਆਲਾ) ਨਿਊਜ਼ੀਲੈਂਡ ਸਰਕਾਰ ਬਦਲਣ ਦੇ ਬਾਵਜੂਦ ਵੀ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਕੋਈ ਫਰਕ ਨਹੀਂ ਪਿਆ ਲਗਦਾ ਕਿਉਂਕਿ ਦਿਨ ਅਤੇ ਰਾਤ ਵੇਲੇ ਲੁੱਟ ਦੀਆਂ ਵਾਰਦਾਤਾਂ, ਡਾਕੇ ਅਤੇ ਵੱਖ-ਵੱਖ ਅਪਰਾਧਿਕ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ। ਅੱਜ ਸ਼ਾਮ ਸ. ਗੁਰਦੀਪ ਸਿੰਘ ਲੂਥਰ (ਪੂਜਾ ਜਿਊਲਰਜ਼) ਕੋਲਮਾਰ ਰੋਡ, ਪਾਪਾਟੋਏਟੋਏ ਵਿਖੇ ਲੁੱਟ ਦੀ ਘਟਨਾ ਵਾਪਰ ਗਈ। 4-5 ਲੁਟੇਰੇ ਜਿਨ੍ਹਾਂ ਵਿਚ ਛੋਟੀ ਉਮਰ ਦੇ ਇਕ-ਦੋ ਬੱਚੇ ਵੀ ਲੱਗ ਰਹੇ ਸਨ, ਨੇ ਦੁਕਾਨ ਦਾ ਪਹਿਲਾਂ ਬਾਹਰਲਾ ਦਰਵਾਜ਼ਾ ਭੰਨਿਆ, ਫਿਰ ਅਗਲੇ ਲੋਹੇ ਦੇ ਜੰਗਲੇ ਵਾਲਾ ਦਰਵਾਜ਼ਾ ਧੱਕ ਕੇ ਖੋਲ੍ਹ ਲਿਆ ਅਤੇ ਦੁਕਾਨ ਦੇ ਕਾਊਂਟਰ ਉਤੇ ਰੱਖੀਆਂ ਸੋਨੇ ਦੇ ਗਹਿਣਿਆ ਵਾਲੀਆਂ ਟ੍ਰੇਆਂ ਲੁੱਟਣੀਆਂ ਸ਼ੁਰੂ ਕੀਤੀਆਂ। ਸ਼ਾਮ 5 ਵਜੇ ਤੋਂ ਬਾਅਦ ਦਾ ਸਮਾਂ ਸੀ ਅਤੇ ਦੁਕਾਨ ਬੰਦ ਕਰਨ ਦੀ ਤਿਆਰੀ ਹੋ ਰਹੀ ਸੀ, ਇਸ ਦਰਮਿਆਨ ਇਹ ਲੋਕ ਦੁਕਾਨ ਅੰਦਰ ਦਾਖਲ ਹੁੰਦੇ ਹਨ।

ਜਿਸ ਸਮੇਂ ਘਟਨਾ ਘਟੀ ਉਸ ਸਮੇਂ ਦੁਕਾਨ ਅੰਦਰ ਇਕ ਔਰਤ ਗਾਹਕ ਅਤੇ ਤਿੰਨ ਬੱਚੇ ਵੀ ਉਥੇ ਹਾਜ਼ਿਰ ਸਨ। ਦੁਕਾਨ ਮਾਲਕ ਸ. ਗੁਰਦੀਪ ਸਿੰਘ ਨੇ ਉਨ੍ਹਾਂ ਲੁਟੇਰਿਆਂ ਨੂੰ ਦਰਵਾਜ਼ੇ ਦੇ ਬਾਹਰ ਧੱਕ ਕੇ ਲੋਹੇ ਵਾਲਾ ਗੇਟ ਲਗਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਲੁਟੇਰੇ ਚਾਕੂ ਅਤੇ ਹਥੌੜੇ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਜ਼ਖਮੀ ਕਰ ਗਏ। ਉਨ੍ਹਾਂ ਦੇ ਸਪੁੱਤਰ ਨੇ ਉਸ ਵੇਲੇ ਉਨ੍ਹਾਂ ਲੁੱਟੇਰਿਆਂ ਨੂੰ ਇਕ ਤਲਵਾਰ ਨਾਲ ਭਜਾਉਣ ਦੀ ਕੋਸ਼ਿਸ਼ ਕੀਤੀ, ਉਹ ਕੁਝ ਡਰੇ ਅਤੇ ਕਾਫੀ ਬਚਾਅ ਹੋ ਗਿਆ। ਦੁਕਾਨ ਉਤੇ ਪੂਰਾ ਪਰਿਵਾਰ ਸੀ। ਜ਼ਖਮੀ ਸ. ਗੁਰਦੀਪ ਸਿੰਘ ਹੋਰਾਂ ਨੂੰ ਐਂਬੂਲੈਂਸ ਦੇ ਵਿਚ ਹਸਪਤਾਲ ਲਿਜਾਇਆ ਗਿਆ, ਫਿਰ ਟਾਂਕੇ ਲੱਗਣ ਬਾਅਦ ਸਕੈਨਿੰਗ ਆਦਿ ਲਈ ਸਿਟੀ ਹਸਪਤਾਲ ਭੇਜਿਆ ਗਿਆ। ਦੇਰ ਰਾਤ ਰਿਪੋਰਟ ਵਿਚ ਪਤਾ ਲੱਗਾ ਹੈ ਕਿ ਜ਼ਖਮੀ ਸ. ਗੁਰਦੀਪ ਸਿੰਘ ਖਤਰੇ ਤੋਂ ਬਾਹਰ ਹਨ ਅਤੇ ਇਲਾਜ ਅਧੀਨ ਹਨ।

ਸਾਂਝਾ ਕਰੋ