ਦਿੱਲੀ-ਐੱਨਸੀਆਰ ’ਚ ਯੋਗ ਦਿਵਸ ਮਨਾਇਆ

ਦਿੱਲੀ ਦੇ ਵੱਖ ਵੱਖ ਇਲਾਕਿਆਂ ਤੋਂ ਇਲਾਵਾ ਐੱਨਸੀਆਰ ਦੇ ਸ਼ਹਿਰਾਂ ਵਿੱਚ ਵੀ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ। ਕੇਂਦਰੀ ਵਿਦੇਸ਼ ਮੰਤਰੀ ਜੈਸ਼ੰਕਰ ਸਣੇ ਹੋਰ ਆਗੂ ਇੰਡੀਆ ਗੇਟ ਵਿੱਚ ਯੋਗ ਸਮਾਗਮ ਵਿੱਚ ਸ਼ਾਮਲ ਹੋਏ। ਦਿੱਲੀ ਵਿੱਚ ਸਥਿਤ ਵਿਦੇਸ਼ੀ ਦੂਤਾਵਾਸਾਂ ਅੰਦਰ ਵੀ ਯੋਗ ਦਿਵਸ ਮਨਾਇਆ ਗਿਆ। ਕੇਂਦਰੀ ਸੱਭਿਆਚਾਰ ਮੰਤਰਾਲੇ ਵੱਲੋਂ ਪੁਰਾਣਾ ਕਿਲ੍ਹਾ ਵਿਖੇ ਯੋਗ ਸਮਾਗਮ ਕਰਵਾਇਆ ਗਿਆ। ਦਿੱਲੀ ਦੇ ਪਾਰਕਾਂ ਵਿੱਚ ਵੀ ਯੋਗ ਹੁੰਦਾ ਦੇਖਿਆ ਗਿਆ। ਐੱਨਸੀਆਰ ਦੇ ਸ਼ਹਿਰ ਫਰੀਦਾਬਾਦ, ਗੁਰੂਗ੍ਰਾਮ, ਗਾਜ਼ੀਆਬਾਦ, ਨੋਇਡਾ, ਗਰੇਟਰ ਨੋਇਡਾ ਤੇ ਪਲਵਲ, ਬੱਲਭਗੜ੍ਹ ਵਿੱਚ ਵੀ ਯੋਗ ਦਿਵਸ ਮਨਾਇਆ ਗਿਆ।

ਇਸੇ ਤਰ੍ਹਾਂ ਦਿੱਲੀ ਯੂਨੀਵਰਸਿਟੀ ’ਚ ਵੀ ਯੋਗ ਦਾ ਸਮਾਗਮ ਕਰਵਾਇਆ। ਯੂਨੀਵਰਸਿਟੀ ’ਚ ਉਪ ਕੁਲਪਤੀ ਪ੍ਰੋ. ਯੋਗੇਸ਼ ਸਿੰਘ ਅਤੇ ਸਥਾਨਕ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਯੋਗ ਅਭਿਆਸ ਕੀਤਾ। ਦਿੱਲੀ ਯੂਨੀਵਰਸਿਟੀ ਦੇ ਸਟੇਡੀਅਮ ਕੈਂਪਸ ਵਿੱਚ ਮਲਟੀਪਰਪਜ਼ ਹਾਲ ਵਿੱਚ ਯੋਗ ਨਾਲ ਸਬੰਧਤ ਸਮਾਗਮ ਕਰਵਾਇਆ ਗਿਆ, ਜਿੱਥੇ ਮਨੋਜ ਤਿਵਾੜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯੋਗ ਨੂੰ ਲੈ ਕੇ ਪਾਏ ਯੋਗਦਾਨ ਦਾ ਜ਼ਿਕਰ ਕੀਤਾ।

ਸਰਕਾਰੀ ਮਾਡਲ ਸੰਸਕ੍ਰਿਤੀ ਸੀਨੀਅਰ ਸੈਕੰਡਰੀ ਸਕੂਲ ਨਰਾਇਣਗੜ੍ਹ ਵਿੱਚ 10ਵੇਂ ਕੌਮਾਂਤਰੀ ਯੋਗ ਦਿਵਸ ਮੌਕੇ ਬਲਾਕ ਪੱਧਰੀ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਨਗਰ ਪਾਲਿਕਾ ਚੇਅਰਪਰਸਨ ਰਿੰਕੀ ਵਾਲੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਯੋਗ ਅਭਿਆਸੀਆਂ ਨਾਲ ਯੋਗ ਆਸਣ ਕੀਤੇ। ਇਸ ਮੌਕੇ ਉਨ੍ਹਾਂ ਨੇ ਸਾਰਿਆਂ ਨੂੰ ਯੋਗ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸਾਲ ਦੇ ਕੌਮਾਂਤਰੀ ਯੋਗ ਦਿਵਸ ਦਾ ਥੀਮ ‘ਸਵੈ ਅਤੇ ਸਮਾਜ ਲਈ ਯੋਗਾ’ ਰੱਖਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਸਾਨੂੰ ਸਿਰਫ ਖੁਦ ਯੋਗਾ ਨਹੀਂ ਕਰਨਾ ਚਾਹੀਦਾ, ਸਗੋਂ ਦੂਜਿਆਂ ਨੂੰ ਵੀ ਯੋਗਾ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਸਤਲੁਜ ਸੀਨੀਅਰ ਸੈਕੰਡਰੀ ਸਕੂਲ ਦੇ ਗਰਾਊਂਡ ਵਿਚ ਅੱਜ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ। ਇਸ ਵਿਚ ਸਕੂਲ ਦੇ ਟੀਚਿੰਗ ਤੇ ਨਾਨ ਟੀਚਿੰਗ ਸਟਾਫ ਨੇ ਹਿੱਸਾ ਲਿਆ। ਸਕੂਲ ਦੇ ਪ੍ਰਿੰਸੀਪਲ ਡਾ. ਆਰਐੱਸ ਘੁੰਮਣ ਨੇ ਯੋਗ ਤੋਂ ਹੋਣ ਵਾਲੇ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਨਿੱਤ ਯੋਗ ਕਰਨ ਨਾਲ ਅਸੀਂ ਆਪਣੀ ਇਮਊਨਿਟੀ ਸਮਰੱਥਾ ਵਧਾ ਕੇ ਆਪਣੀ ਸਿਹਤ ਤੰਦਰੁਸਤ ਕਰ ਸਕਦੇ ਹਾਂ। ਯੋਗ ਨੂੰ ਜੀਵਨ ਦਾ ਅਨਿਖੱੜਵਾਂ ਅੰਗ ਬਣਾਉਣਾ ਚਾਹੀਦਾ ਹੈ, ਯੋਗ ਕਰਨ ਨਾਲ ਮਨ, ਬੁੱਧੀ ਤੇ ਸਰੀਰ ਸਿਹਤਮੰਦ ਰਹਿੰਦਾ ਹੈ। ਡਾ. ਘੁੰਮਣ ਨੇ ਕਿਹਾ ਕਿ ਯੋਗ ਭਾਰਤ ਦੀ ਪ੍ਰਾਚੀਨ ਸੱਭਿਅਤਾ ਦਾ ਕੀਮਤੀ ਤੋਹਫ਼ਾ ਹੈ।

ਉਨ੍ਹਾਂ ਕਿਹਾ ਕਿ ਯੋਗ ਸਾਨੂੰ ਇਕ ਤਿਉਹਾਰ ਦੀ ਤਰ੍ਹਾਂ ਮਨਾਉਣਾ ਚਾਹੀਦਾ ਹੈ। ਸਕੂਲ ਦੀ ਸਰੀਰਕ ਸਿੱਖਿਆ ਦੇ ਅਧਿਆਪਕ ਮਨਦੀਪ ਕੁਮਾਰ ਤੇ ਮੈਡਮ ਅੰਜਨਾ ਨੇ ਪ੍ਰਾਣਾਯਾਮ, ਤਾੜ ਆਸਨ, ਭਦਰਾਸਨ, ਅਲੋਮ ਵਿਲੋਮ ਆਦਿ ਆਸਨ ਕਰਵਾਏ।ਹਰਿਆਣਾ ਦੇ ਖੇਤੀਬਾੜੀ ਮੰਤਰੀ ਕੰਵਰਪਾਲ ਨੇ 10ਵੇਂ ਕੌਮਾਂਤਰੀ ਯੋਗ ਦਿਵਸ ਮੌਕੇ ਅਨਾਜ ਮੰਡੀ ਜਗਾਧਰੀ ਵਿੱਚ ਕਰਵਾਏ ਗਏ ਯੋਗ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਸ ਮੌਕੇ ਉਨ੍ਹਾਂ ਕਿਹਾ ਕਿ ਯੋਗ ਸਿਹਤਮੰਦ ਜੀਵਨ ਜਿਊਣ ਦਾ ਤਰੀਕਾ ਹੈ। ਇਸ ਪ੍ਰੋਗਰਾਮ ਵਿੱਚ ਹਾਜ਼ਰ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਲਾਈਵ ਸੁਣਿਆ। ਇਸ ਦੌਰਾਨ ਮੁੱਖ ਮੰਤਰੀ ਨੇ ਲਾਈਵ ਹੋ ਕੇ ਜ਼ਿਲ੍ਹੇ ਵਿੱਚ 1 ਕਰੋੜ 80 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਗਏ ਪੰਜ ਜਿਮਾਂ ਦਾ ਉਦਘਾਟਨ ਕੀਤਾ, ਜਦੋਂਕਿ ਖੇਤੀਬਾੜੀ ਮੰਤਰੀ ਕੰਵਰਪਾਲ ਨੇ ਜ਼ਿਲ੍ਹਾ ਪੱਧਰ ’ਤੇ ਜਿਮਾਂ ਦਾ ਉਦਘਾਟਨ ਕੀਤਾ। ਇਸ ਵਿੱਚ ਪਿੰਡ ਅਲੀਪੁਰਾ ਵਿੱਚ 37 ਲੱਖ 10 ਹਜ਼ਾਰ ਰੁਪਏ, ਸਢੌਰਾ ਵਿੱਚ 36 ਲੱਖ 25 ਹਜ਼ਾਰ ਰੁਪਏ, ਰਸੂਲਪੁਰ ਵਿੱਚ 39 ਲੱਖ 98 ਹਜ਼ਾਰ ਰੁਪਏ, ਪੋਟਲੀ ਵਿੱਚ 31 ਲੱਖ 10 ਹਜ਼ਾਰ ਰੁਪਏ ਅਤੇ ਸ਼ਿਆਮਪੁਰ ਵਿੱਚ 39 ਲੱਖ 98 ਹਜ਼ਾਰ ਰੁਪਏ ਦੀ ਲਾਗਤ ਨਾਲ ਬਣਾਈਆਂ ਗਈਆਂ ਜਿਮਾਂ ਸ਼ਾਮਲ ਹਨ।

ਸਾਂਝਾ ਕਰੋ