ਭਾਰਤ ਅਤੇ ਬੰਗਲਾਦੇਸ਼ ਨੇ 10 ਸਮਝੌਤਿਆਂ ’ਤੇ ਹਸਤਾਖਰ ਕੀਤੇ

ਭਾਰਤ ਅਤੇ ਬੰਗਲਾਦੇਸ਼ ਨੇ ਸਨਿਚਰਵਾਰ ਨੂੰ ਨਵੇਂ ਖੇਤਰਾਂ ’ਚ ਸਹਿਯੋਗ ਵਧਾਉਣ ਲਈ ਭਵਿੱਖ ਦੇ ਰੋਡਮੈਪ ’ਤੇ ਸਹਿਮਤੀ ਜਤਾਈ ਅਤੇ ਸਮੁੰਦਰੀ ਖੇਤਰ ਸਮੇਤ ਪ੍ਰਮੁੱਖ ਖੇਤਰਾਂ ’ਚ ਸਬੰਧਾਂ ਨੂੰ ਵਧਾਉਣ ਲਈ 10 ਸਮਝੌਤਿਆਂ ’ਤੇ ਹਸਤਾਖਰ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਬੰਗਲਾਦੇਸ਼ੀ ਹਮਰੁਤਬਾ ਸ਼ੇਖ ਹਸੀਨਾ ਵਿਚਾਲੇ ਵਿਆਪਕ ਗੱਲਬਾਤ ਦੌਰਾਨ ਸਮਝੌਤਿਆਂ ਨੂੰ ਅੰਤਿਮ ਰੂਪ ਦਿਤਾ ਗਿਆ। ਦੋਹਾਂ ਧਿਰਾਂ ਵਲੋਂ ਹਸਤਾਖਰ ਕੀਤੇ ਗਏ ਪ੍ਰਮੁੱਖ ਸਮਝੌਤਿਆਂ ’ਚ ‘ਹਰਿਤ ਸਾਂਝੇਦਾਰੀ’ ਅਤੇ ਡਿਜੀਟਲ ਖੇਤਰ ’ਚ ਡੂੰਘੇ ਸਬੰਧਾਂ ਬਾਰੇ ਇਕ ਸਮਝੌਤਾ ਸ਼ਾਮਲ ਹੈ।

ਦੋਹਾਂ ਧਿਰਾਂ ਨੇ ਰੇਲਵੇ ਕਨੈਕਟੀਵਿਟੀ ’ਤੇ ਇਕ ਸਮਝੌਤੇ ’ਤੇ ਵੀ ਦਸਤਖਤ ਕੀਤੇ। ਹੋਰ ਸਮਝੌਤੇ ਸਮੁੰਦਰੀ ਵਿਗਿਆਨ, ਸਿਹਤ ਅਤੇ ਦਵਾਈ, ਆਫ਼ਤ ਪ੍ਰਬੰਧਨ ਅਤੇ ਮੱਛੀ ਪਾਲਣ ਦੇ ਖੇਤਰਾਂ ’ਚ ਸਨ। ਪ੍ਰਧਾਨ ਮੰਤਰੀ ਨੇ ਇਕ ਬਿਆਨ ’ਚ ਕਿਹਾ, ‘‘ਅੱਜ ਅਸੀਂ ਨਵੇਂ ਖੇਤਰਾਂ ’ਚ ਸਹਿਯੋਗ ਦੇ ਭਵਿੱਖ ਲਈ ਇਕ ਦ੍ਰਿਸ਼ਟੀਕੋਣ ਤਿਆਰ ਕੀਤਾ ਹੈ। ਹਰਿਤ ਭਾਈਵਾਲੀ, ਡਿਜੀਟਲ ਭਾਈਵਾਲੀ, ਨੀਲੀ ਆਰਥਕਤਾ ਅਤੇ ਪੁਲਾੜ ਵਰਗੇ ਖੇਤਰਾਂ ’ਚ ਸਹਿਯੋਗ ਲਈ ਸਹਿਮਤੀ ਪੱਤਰਾਂ ਨਾਲ ਦੋਹਾਂ ਦੇਸ਼ਾਂ ਦੇ ਨੌਜੁਆਨਾਂ ਨੂੰ ਲਾਭ ਹੋਵੇਗਾ।

ਹਸੀਨਾ ਨੇ ਅਪਣੀ ਟਿਪਣੀ ਵਿਚ ਭਾਰਤ ਨੂੰ ਬੰਗਲਾਦੇਸ਼ ਦਾ ‘ਪ੍ਰਮੁੱਖ ਗੁਆਂਢੀ’ ਅਤੇ ਇਕ ਭਰੋਸੇਮੰਦ ਦੋਸਤ ਦਸਿਆ। ਉਨ੍ਹਾਂ ਕਿਹਾ, ‘‘ਭਾਰਤ ਸਾਡਾ ਪ੍ਰਮੁੱਖ ਗੁਆਂਢੀ, ਭਰੋਸੇਯੋਗ ਦੋਸਤ ਅਤੇ ਖੇਤਰੀ ਭਾਈਵਾਲ ਹੈ। ਬੰਗਲਾਦੇਸ਼ ਭਾਰਤ ਨਾਲ ਅਪਣੇ ਸਬੰਧਾਂ ਨੂੰ ਬਹੁਤ ਮਹੱਤਵ ਦਿੰਦਾ ਹੈ।’’ ਉਨ੍ਹਾਂ ਕਿਹਾ, ‘‘ਮੈਂ 1971 ’ਚ ਬੰਗਲਾਦੇਸ਼ ਦੀ ਆਜ਼ਾਦੀ ’ਚ ਭਾਰਤ ਸਰਕਾਰ ਅਤੇ ਲੋਕਾਂ ਦੇ ਯੋਗਦਾਨ ਨੂੰ ਧੰਨਵਾਦ ਨਾਲ ਯਾਦ ਕਰਦੀ ਹਾਂ।’’ ਹਸੀਨਾ ਨੇ 1971 ਦੀ ਜੰਗ ’ਚ ਅਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਭਾਰਤ ਦੇ ਬਹਾਦਰ ਸ਼ਹੀਦਾਂ ਨੂੰ ਵੀ ਸ਼ਰਧਾਂਜਲੀ ਦਿਤੀ। ਉਨ੍ਹਾਂ ਕਿਹਾ, ‘‘ਅੱਜ ਸਾਡੀਆਂ ਬਹੁਤ ਲਾਭਦਾਇਕ ਬੈਠਕਾਂ ਹੋਈਆਂ, ਜਿੱਥੇ ਅਸੀਂ ਸੁਰੱਖਿਆ, ਵਪਾਰ, ਸੰਪਰਕ, ਸਾਂਝੇ ਦਰਿਆਈ ਪਾਣੀਆਂ ਦੀ ਵੰਡ, ਬਿਜਲੀ ਅਤੇ ਊਰਜਾ ਅਤੇ ਖੇਤਰੀ ਅਤੇ ਬਹੁਪੱਖੀ ਸਹਿਯੋਗ ਦੇ ਖੇਤਰਾਂ ’ਚ ਸਹਿਯੋਗ ’ਤੇ ਚਰਚਾ ਕੀਤੀ।’’ ਹਸੀਨਾ ਨੇ ਕਿਹਾ, ‘‘ਅਸੀਂ ਅਪਣੇ ਲੋਕਾਂ ਅਤੇ ਦੇਸ਼ਾਂ ਦੀ ਬਿਹਤਰੀ ਲਈ ਇਕ-ਦੂਜੇ ਨਾਲ ਸਹਿਯੋਗ ਕਰਨ ਲਈ ਸਹਿਮਤ ਹੋਏ ਹਾਂ।’’ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਹਸੀਨਾ ਨੇ ਸ਼ੁਕਰਵਾਰ ਨੂੰ ਭਾਰਤ ਦੀ ਅਪਣੀ ਦੋ ਦਿਨਾਂ ਯਾਤਰਾ ਸ਼ੁਰੂ ਕੀਤੀ।

ਸਾਂਝਾ ਕਰੋ