ਜ਼ਿੰਦਗੀ ਅਜਿਹੀ ਅਣਜਾਣੀ ਕਿਤਾਬ ਜਿਹੀ ਹੁੰਦੀ ਹੈ ਜਿਸ ਬਾਰੇ ਪਤਾ ਨਹੀਂ ਹੁੰਦਾ ਕਿ ਇਸ ਦੇ ਕਿਸ ਪੰਨੇ ਤੇ ਕੀ ਲਿਖਿਆ ਹੈ | ਇਨਸਾਨ ਦੀ ਜ਼ਿੰਦਗੀ ਦੀਆਂ ਸੁਖਾਵੀਆਂ ਅਤੇ ਦੁਖਦਾਈ ਘਟਨਾਵਾਂ ਅਕਸਰ ਹੀ ਵਾਪਰਦੀਆਂ ਰਹਿੰਦੀਆਂ ਹਨ ਚਲਦੀ ਜ਼ਿੰਦਗੀ ਵਿਚ ਉਤਾਰ ਚੜਾਅ ਆਓਂਦੇ ਹੀ ਰਹਿੰਦੇ ਹਨ ਅਤੇ ਨਾ ਹੀ ਇਸ ਗੱਲ ਦਾ ਪਤਾ ਹੁੰਦਾ ਹੈ ਆਉਣ ਵਾਲਾ ਕਲ ਆਪਣੇ ਕੋਲ ਸਾਨੂੰ ਦੇਣ ਲਈ ਕਿਹੜੀਆਂ ਸੁਖਦਾਇਕ ਅਤੇ ਦੁਖਦਾਇਕ ਘਟਨਾਵਾਂ ਦੇ ਵਿਸਥਾਰ ਨੂੰ ਸਾਂਭੀ ਬੈਠਾ ਹੈ | ਮੱਦੀ, ਸ਼ੇਰ ਸਿੰਘ ਨਾਲ ਖੇਤਾਂ ਦੇ ਵਿਚ ਕੰਮ ਕਰਵਾਇਆ ਕਰਦਾ ਸੀ | ਉਸ ਤੋਂ ਪਹਿਲਾਂ ਮੱਦੀ ਦਾ ਬਾਪ ਪੂਰਨ ਉਨ੍ਹਾਂ ਨਾਲ ਸੀਰੀ ਸੀ | ਸਾਰਾ ਸਾਰਾ ਦਿਨ ਉਨ੍ਹਾਂ ਦੇ ਘਰ ਕਦੇ ਪਸ਼ੂਆਂ ਦਾ ਗੋਹਾ ਇਕੱਠਾ ਕਰਨਾ ,ਕਦੇ ਪੱਠੇ ਪਸ਼ੂਆਂ ਨੂੰ ਪਾ ਦੇਣੇ ਆਦਿ ਜਿਹੇ ਕੰਮ ਕੰਮ ਕਰਦਾ ਰਹਿੰਦਾ ਸੀ |
ਜਦੋਂ ਖੇਤਾਂ ਵਿਚ ਕੰਮ ਘਟ ਜਾਇਆ ਕਰਦਾ ਸੀ ਤਾਂ ਉਹ ਅਜਿਹੇ ਸਾਰੇ ਕੰਮ ਕਰਦਾ ਸੀ | ਖੇਤਾਂ ਵਿਚ ਹਾੜੀ ,ਸਾਉਣੀ ਵੇਲੇ ਤਾਂ ਉਸ ਨੂੰ ਖੇਤਾਂ ਦੇ ਕੰਮ ਤੋਂ ਕੋਈ ਵੇਹਲ ਹੀ ਨਹੀਂ ਮਿਲਦੀ ਸੀ | ਘਰ ਦੇ ਕੰਮਾਂ ਵਿਚ ਸਰਦਾਰਨੀ ਦੀ ਮਦਦ ਲਈ ਮੱਦੀ ਦੀ ਮਾਂ ਆ ਜਾਇਆ ਕਰਦੀ ਸੀ | ਇਸ ਤਰਾਂ ਉਹ ਘਰ ਦੇ ਖਰਚੇ ਜੋਗੇ ਪੈਸੇ ਕਮਾ ਲਿਆ ਕਰਦੇ ਸਨ | ਕਦੇ ਕਦੇ ਮੱਦੀ ਵੀ ਨਾਲ ਹੀ ਆ ਜਾਂਦਾ ਸੀ ਤੇ ਉਥੇ ਖੇਡਦਾ ਰਹਿੰਦਾ ਸੀ ਤੇ ਆਪਣੀ ਮਾਂ ਦੀ ਮਦਦ ਵੀ ਕਰ ਦਿਆ ਕਰਦਾ ਸੀ |
ਪੂਰਨ ਦਾ ਬਾਪ ਨਿਹਾਲ ਸਿੰਘ ਅਤੇ ਸ਼ੇਰ ਸਿੰਘ ਦਾ ਬਾਪ ਕਰਤਾਰ ਸਿੰਘ ਦੋਵੇਂ ਪੱਗ ਵੱਟ ਭਰਾ ਸਨ | ਦੋਵਾਂ ਕੋਲ ਲਗਭਗ ਇਕੋ ਜਿਹੀ ਜ਼ਮੀਨ ਸੀ | ਨਿਹਾਲ ਸਿੰਘ ਅਤੇ ਕਰਤਾਰ ਸਿੰਘ ਕਦੇ ਕਦੇ ਇਕੱਠੇ ਬੈਠ ਕੇ ਮੂੰਹ ਕੌੜਾ ਕਰ ਲਿਆ ਕਰਦੇ ਸਨ | ਕਰਤਾਰ ਸਿੰਘ ਦਾ ਹਿਸਾਬ ਨਾਲ ਹੀ ਪੀਂਦਾ ਸੀ ਪਰ ਨਿਹਾਲ ਸਿੰਘ ਦੀ ਪੀਣੀ ਬਹੁਤ ਮਾੜੀ ਸੀ | ਕਦੇ ਕਦੇ ਉਹ ਇਤਨੀ ਪੀ ਲੈਂਦਾ ਸੀ ਕਿ ਉਸ ਨੂੰ ਹੋਸ਼ ਹੀ ਨਹੀਂ ਰਹਿੰਦੀ ਸੀ ਤੇ ਪੂਰਨ ਉਸ ਨੂੰ ਆਪਣੇ ਘਰ ਲੈ ਕੇ ਜਾਂਦਾ ਸੀ | ਘਰ ਜਾ ਕੇ ਵੀ ਉਹ ਬੇਸੁਰਤ ਹੋ ਕੇ ਸੌਂ ਜਾਂਦਾ ਸੀ | ਪੂਰਨ ਨੇ ਉਸ ਨੂੰ ਕਈ ਵਾਰ ਸਮਝਾਇਆ ਸੀ ਕਿ ਇਤਨੀ ਨਾ ਪੀਵੇ ਪਰ ਉਸ ਨੇ ਦਾਰੂ ਤਾਂ ਕਿ ਛੱਡਣੀ ਸੀ ਹੋਰ ਨਸ਼ੇ ਵੀ ਕਰਨ ਲੱਗ ਪਿਆ ਸੀ | ਉਹ ਆਪਣੀ ਪੈਲੀ ਨੂੰ ਕਰਤਾਰ ਸਿੰਘ ਨੂੰ ਹੀ ਵੇਚੀ ਜਾ ਰਿਹਾ ਸੀ ਅਤੇ ਪ੍ਰਾਪਤ ਰਕਮ ਨੂੰ ਨਸ਼ੇ ਵਿਚ ਹੀ ਉਡਾਈ ਜਾ ਰਿਹਾ ਸੀ |
ਨਸ਼ਾ ਕਦੋਂ ਕਿਸੇ ਦੀ ਲਿਹਾਜ਼ ਕਰਦਾ ਹੈ | ਭਾਵੇਂ ਕਰਤਾਰ ਸਿੰਘ ਉਪਰਲੇ ਮਨੋ ਨਿਹਾਲ ਸਿੰਘ ਨੂੰ ਨਸ਼ੇ ਦੇ ਬਾਰੇ ਸਮਝਾਉਂਦਾ ਰਹਿੰਦਾ ਸੀ ਪਰੰਤੂ ਆਪਣੇ ਮਨ ਵਿਚ ਵੱਧ ਰਹੀ ਜ਼ਮੀਨ ਬਾਰੇ ਖੁਸ਼ੀ ਮਹਿਸੂਸ ਕਰਦਾ ਸੀ ਕਿ ਉਸ ਦੀ ਔਲਾਦ ਲਈ ਵਧੇਰੇ ਜ਼ਮੀਨ ਇਕੱਠੀ ਹੋ ਰਹੀ ਸੀ | ਹੋਲੀ ਹੋਲੀ ਨਿਹਾਲ ਸਿੰਘ ਨੇ ਆਪਣੀ ਸਾਰੀ ਜ਼ਮੀਨ ਨਸ਼ੇ ਵਿਚ ਹੀ ਉਡਾ ਦਿਤੀ | ਪੂਰਨ ਵਿਚਾਰੇ ਕੋਲ ਕੁਝ ਪੈਲੀ ਹੀ ਬੱਚੀ ਸੀ ਕਿ ਨਿਹਾਲ ਸਿੰਘ ਮੰਜੇ ਤੇ ਪੈ ਗਿਆ ਰਹਿੰਦੀ ਖੂਹੰਦੀ ਪੈਲੀ ਉਸ ਦੇ ਇਲਾਜ ਤੇ ਲੱਗ ਗਈ | ਅਖੀਰ ਨਿਹਾਲ ਸਿੰਘ ਰੱਬ ਨੂੰ ਪਿਆਰਾ ਹੋ ਗਿਆ | ਕਰਤਾਰ ਸਿੰਘ ਨੇ ਥੋੜੀ ਬਹੁਤੀ ਪੂਰਨ ਦੇ ਪਰਿਵਾਰ ਦੀ ਮਦਦ ਕਰ ਦਿਤੀ ਅਤੇ ਪੂਰਨ ਨੂੰ ਆਪਣੇ ਨਾਲ ਹੀ ਸੀਰੀ ਰੱਖ ਲਿਆ | ਪੂਰਨ ਵੀ ਸਿਰ ਸੁੱਟ ਕੇ ਕੰਮ ਵਿਚ ਜੁਟ ਗਿਆ ਉਸ ਦਾ ਪਰਿਵਾਰ ਵੀ ਕਰਤਾਰ ਸਿੰਘ ਦੇ ਘਰ ਦੇ ਕੰਮਾਂ ਵਿਚ ਹੱਥ ਵਟਾਉਣ ਲੱਗ ਪਿਆ |
ਇਸ ਤਰਾਂ ਪਰਿਵਾਰ ਦਾ ਗੁਜ਼ਾਰਾ ਹੋਣ ਲੱਗ ਪਿਆ | ਭਾਵੇ ਮੱਦੀ ਵੀ ਕਦੇ ਕਦੇ ਨਾਲ ਆ ਜਾਇਆ ਕਰਦਾ ਸੀ ਪ੍ਰੰਤੂ ਪੂਰਨ ਇਹ ਚਾਹੁੰਦਾ ਸੀ ਕਿ ਮੱਦੀ ਚਾਰ ਅੱਖਰ ਪੜ੍ਹ ਜਾਵੇ ਤਾਂ ਉਹ ਇਸ ਸੀਰ ਦੇ ਕੰਮ ਤੋਂ ਵੱਖ ਹੋ ਸਕਦਾ ਹੈ ਅਤੇ ਇਹ ਵੀ ਸੰਭਵ ਹੈ ਕੇ ਉਸਦਾ ਜੀਵਨ ਵੀ ਕੁਝ ਸੌਖਾ ਹੋ ਜਾਵੇ |
ਇਸ ਆਸ ਨਾਲ ਪੂਰਨ ਨੂੰ ਸਕੂਲ ਵਿਚ ਪੜ੍ਹਨੇ ਪਾ ਦਿਤਾ | ਪੂਰਨ ਤੇ ਉਸ ਦੇ ਘਰ ਵਾਲੀ ਬਚਿੰਤ ਮੱਦੀ ਨੂੰ ਸਕੂਲ ਭੇਜ ਕੇ ਕਰਤਾਰ ਸਿੰਘ ਦੇ ਘਰ ਆ ਜਾਂਦੇ ਪੂਰਨ ਸਾਰਾ ਦਿਨ ਉਥੇ ਕੰਮ ਧੰਦਾ ਕਰਦਾ ਰਹਿੰਦਾ ਅਤੇ ਬਚਿੰਤ ਨੂੰ ਉਸ ਸਮੇਂ ਘਰ ਭੇਜ ਦਿੰਦਾ ਜਦੋਂ ਮੱਦੀ ਨੇ ਸਕੂਲੋਂ ਮੁੜਨਾ ਹੁੰਦਾ ਸੀ | ਸਮਾਂ ਲੰਘਦਾ ਗਿਆ | ਮੱਦੀ ਪੜ੍ਹਾਈ ਵਿਚ ਹੁਸ਼ਿਆਰ ਨਿਕਲਿਆ | ਸਾਰੇ ਅਧਿਆਪਕ ਉਸ ਨੂੰ ਚੰਗਾ ਸਮਝਦੇ ਸੀ | ਹੁਸ਼ਿਆਰ ਹੋਣ ਕਾਰਨ ਉਹ ਹੋਰ ਸਾਥੀਆਂ ਦੀ ਮਦਦ ਕਰ ਦਿੰਦਾ ਸੀ | ਇਸ ਤਰਾਂ ਉਹ ਦਸਵੀਂ ਦਾ ਇਮਤਿਹਾਨ ਦੇ ਕੇ ਆਪਣੇ ਬਾਪ ਨਾਲ ਕਰਤਾਰ ਦੇ ਘਰ ਕੰਮ ਕਰਵਾ ਦਿਆ ਕਰਦਾ ਸੀ | ਪੂਰਨ ਪੂਰੀ ਤਰਾਂ ਖੁਸ਼ ਸੀ ਕਿ ਉਸ ਦੇ ਲਾਡਲੇ ਨੇ ਔਖੇ ਸੌਖੇ ਹੋ ਕੇ ਦਸਵੀਂ ਪਾਸ ਕਰ ਲਈ ਸੀ |
ਇਕ ਦਿਨ ਕਰਤਾਰ ਸਿੰਘ ਪੂਰਨ ਨੂੰ ਨਾਲ ਲੈ ਕੇ ਮੋਟਰਸਾਈਕਲ ਤੇ ਸ਼ਹਿਰ ਵਲ ਜਾ ਰਹੇ ਸੀ | ਮੋਟਰਸਾਈਕਲ ਕਰਤਾਰ ਸਿੰਘ ਆਪ ਚਲਾ ਰਿਹਾ ਸੀ ਪੂਰਨ ਪਿਛੇ ਬੈਠਾ ਸੀ | ਦੂਸਰੇ ਪਾਸਿਓਂ ਇੱਕ ਤੇਜ਼ ਰਫਤਾਰ ਕਾਰ ਮੋਟਰਸਾਈਕਲ ਵਿਚ ਵੱਜੀ | ਮੋਟਰਸਾਈਕਲ ਡਿਗ ਪਿਆ | ਕਰਤਾਰ ਸਿੰਘ ਦਾ ਸਿਰ ਸੜਕ ਤੇ ਵੱਜਾ ਪੂਰਨ ਦੂਰ ਜਾ ਕੇ ਡਿਗਾ ਜਿਥੇ ਕੱਚੀ ਮਿੱਟੀ ਸੀ | ਪੂਰਨ ਦੇ ਮਾਮੂਲੀ ਸੱਟਾਂ ਵਜੀਆਂ ਜਦੋਂ ਕਿ ਕਰਤਾਰ ਸਿੰਘ ਬੇਹੋਸ਼ ਹੋ ਗਿਆ | ਪੂਰਨ ਨੇ ਰੌਲਾ ਪਾਇਆ ਤਾਂ ਲੋਕ ਇਕੱਠੇ ਹੋ ਗਏ | ਲੋਕਾਂ ਦੀ ਸਹਾਇਤਾ ਨਾਲ ਕਰਤਾਰ ਸਿੰਘ ਨੂੰ ਉਸੇ ਕਾਰ ਵਿਚ ਪਾ ਕੇ ਸ਼ਹਿਰ ਹਸਪਤਾਲ ਪੁਚਾਇਆ ਗਿਆ | ਡਾਕਟਰ ਨੇ ਤੁਰੰਤ ਇਲਾਜ ਸ਼ੁਰੂ ਕਰ ਦਿਤਾ | ਘਰ ਵਿਚ ਸੁਨੇਹਾ ਭੇਜਿਆ ਤਾ ਉਸ ਦਾ ਪਰਿਵਾਰ ਵੀ ਪੁੱਜ ਗਿਆ | ਇਲਾਜ ਵਿਚ ਕੋਈ ਕਸਰ ਨਾ ਛੱਡੀ ਗਈ | ਪ੍ਰੰਤੂ ਕਰਤਾਰ ਸਿੰਘ ਨੂੰ ਹੋਸ਼ ਨਾ ਆਇਆ | ਡਾਕਟਰ ਨਾਲ ਸਲਾਹ ਕਰ ਕੇ ਕਿਸੇ ਹੋਰ ਹਸਪਤਾਲ ਵਿਚ ਜਾਣ ਬਾਰੇ ਸੋਚ ਰਹੇ ਸਨ ਕੇ ਇੱਕ ਦਮ ਕਰਤਾਰ ਸਿੰਘ ਦੇ ਸਾਹ ਰੁਕਦੇ ਨਜ਼ਰ ਆਏ | ਡਾਕਟਰ ਨੇ ਆਪਣੀ ਪੂਰੀ ਵਾਹ ਲਾਈ ਪਰ ਕਰਤਾਰ ਸਿੰਘ ਨੂੰ ਬਚਾਇਆ ਨਾ ਜਾ ਸਕਿਆ | ਉਸ ਦਾ ਸਰੀਰ ਘਰ ਲਿਜਾ ਕੇ ਅੰਤਿਮ ਰਸਮਾਂ ਕੀਤੀਆਂ ਗਈਆਂ |
ਸ਼ੇਰ ਸਿੰਘ ਨੇ ਪੂਰਨ ਨੂੰ ਆਪਣੇ ਨਾਲ ਹੀ ਰਖਿਆ | ਉਸ ਨੂੰ ਪਤਾ ਸੀ ਕਿ ਪੂਰਨ ਨੇ ਉਸ ਦੇ ਬਾਪ ਦੀ ਅੰਤਲੇ ਸਮੇਂ ਵਿਚ ਪੂਰੀ ਸੇਵਾ ਕੀਤੀ ਸੀ | ਮੱਦੀ ਦੀ ਮਾਂ ਬਚਿੰਤ ਨੇ ਵੀ ਘਰ ਦਾ ਪੂਰਾ ਧਿਆਨ ਰਖਿਆ ਸੀ | ਇਸ ਤਰਾਂ ਸਮਾਂ ਲੰਘਦਾ ਜਾ ਰਿਹਾ ਸੀ | ਸ਼ੇਰ ਸਿੰਘ ਦੇ ਘਰ ਵਾਹਿਗੁਰੂ ਦੀ ਕਿਰਪਾ ਨਾਲ ਜੌੜੇ ਲੜਕਿਆਂ ਨੇ ਜਨਮ ਲਿਆ | ਇਸ ਮੌਕੇ ਵੀ ਬਚਿੰਤ ਨੇ ਪਾਲ ਕੌਰ ਦੀ ਪੂਰੀ ਸੇਵਾ ਕੀਤੀ | ਬੱਚਿਆਂ ਨੂੰ ਨਵਾਓਣਾ ਆਦਿ ਬਚਿੰਤ ਆਪ ਹੀ ਕਰਵਾਇਆ ਕਰਦੀ ਸੀ | ਭਾਵੇਂ ਇਸ ਸਮੇਂ ਪਾਲ ਕੌਰ ਦੀ ਛੋਟੀ ਭੈਣ ਵੀ ਆਈ ਹੋਈ ਸੀ | ਉਹ ਰੋਟੀ ਪਾਣੀ ਕਰਦੀ ਸੀ ਅਤੇ ਬਚਿੰਤ ਦੋਵੇਂ ਬੱਚਿਆਂ ਦੀ ਦੇਖ ਭਾਲ ਕਰ ਰਹੀ ਸੀ | ਹੋਲੀ ਹੋਲੀ ਬਚੇ ਵੱਡੇ ਹੋਣ ਲੱਗੇ | ਉਨ੍ਹਾਂ ਨੂੰ ਅੰਗਰੇਜ਼ੀ ਸਕੂਲ ਵਿਚ ਦਾਖਲ ਕਰਵਾ ਦਿੱਤਾ ਗਿਆ |
ਮੱਦੀ ਨੂੰ ਦਸਵੀਂ ਤੋਂ ਬਾਅਦ ਕਾਲਿਜ ਵਿਚ ਭੇਜ ਦਿਤਾ ਗਿਆ | ਉਸ ਨੇ ਖੂਬ ਮੇਹਨਤ ਕੀਤੀ ਚੰਗੀ ਪੁਜੀਸ਼ਨ ਨਾਲ ਬੀ ਏ ਪਾਸ ਕਰ ਲਈ | ਆਪਣੇ ਅਧਿਆਪਕਾਂ ਦੀ ਸਲਾਹ ਨਾਲ ਉਸ ਨੇ ਐਮ ਏ ਵਿਚ ਦਖਲ ਹੋ ਕੇ ਉਹ ਵੀ ਚੰਗੀ ਪੁਜੀਸ਼ਨ ਨਾਲ ਪਾਸ ਕਰ ਲਈ | ਹੁਣ ਉਸ ਨੂੰ ਉਸ ਦੇ ਪਿਆਰੇ ਪ੍ਰੋਫੈਸਰ ਦੀ ਸਲਾਹ ਨਾਲ ਪੀ ਸੀ ਐਸ ਦੀ ਤਿਆਰੀ ਸ਼ੁਰੂ ਕਰ ਲਈ ਅਤੇ ਤਿਆਰੀ ਉਪਰੰਤ ਇਮਿਤਿਹਾਨ ਦੇ ਦਿਤਾ ਅਤੇ ਨਤੀਜੇ ਆਉਣ ਤੇ ਉਸ ਨੇ ਸੂਬੇ ਵਿਚੋਂ ਪੰਜਵੀਂ ਪੁਜੀਸ਼ਨ ਹਾਸਲ ਕਰ ਲਈ | ਸਾਰੇ ਪਾਸਿਓਂ ਉਸ ਨੂੰ ਵਧਾਈਆਂ ਮਿਲਣ ਲੱਗੀਆਂ | ਪੂਰਨ ਅਤੇ ਬਚਿੰਤ ਦਾ ਪੈਰ ਤਾਂ ਹੁਣ ਭੁੰਜੇ ਨਹੀਂ ਲੱਗ ਰਿਹਾ ਸੀ | ਭਾਵੇਂ ਉਹ ਕੁਝ ਨਹੀਂ ਪੜ੍ਹ ਸਕੇ ਸਨ ਪ੍ਰੰਤੂ ਉਨ੍ਹਾਂ ਨੂੰ ਇਹ ਸਮਝ ਆ ਗਈ ਸੀ ਕਿ ਮੱਦੀ ਤਾਂ ਹੁਣ ਕੋਈ ਵੱਡਾ ਅਫਸਰ ਲੱਗੇਗਾ | ਹੁਣ ਉਹ ਮੱਦੀ ਸਿੰਘ ਨਹੀਂ ਮਦਨ ਸਿੰਘ ਬਣ ਚੁਕਾ ਸੀ ਅਤੇ ਹੁਣ ਅਫਸਰ ਬਣ ਸਰਦਾਰ ਮਦਨ ਸਿੰਘ ਬਣਨ ਜਾ ਰਿਹਾ ਸੀ | ਹੁਣ ਉਹ ਸਰਕਾਰ ਨੂੰ ਚਲਾਉਣ ਲਈ ਅਫਸਰਸਾਹੀ ਦਾ ਹਿਸਾ ਹਿਸਾ ਬਣਨ ਜਾ ਰਿਹਾ ਸੀ | ਇਹ ਪ੍ਰਬੰਧ ਜ਼ਿਲਾ ਕਚਹਿਰੀਆਂ ਜਾਂ ਰਾਜਾਂ ਦੇ ਸਕੱਤਰੇਤ ਵਿਚ ਚਲਦਾ ਹੈ | ਅਫਸਰਸ਼ਾਹੀ ਦੇ ਕੰਮ ਕਰਨ ਲਈ ਕਾਨੂੰਨ ਬਣੇ ਹੋਏ ਹੁੰਦੇ ਹਨ ਅਤੇ ਉਨ੍ਹਾਂ ਅਨੁਸਾਰ ਹੀ ਉਹ ਕੰਮ ਕਰਦੇ ਹਨ |
ਉਧਰ ਜਦੋਂ ਸ਼ੇਰ ਸਿੰਘ ਨੂੰ ਪਤਾ ਲਗਾ ਤਾਂ ਉਸ ਨੂੰ ਵੀ ਮੱਦੀ ਦੇ ਮਦਨ ਸਿੰਘ ਤੋਂ ਸਰਦਾਰ ਮਦਨ ਸਿੰਘ ਬਣਨ ਤੇ ਸਾਰੇ ਪਿੰਡ ਵਿਚ ਲੱਡੂ ਵੰਡ ਦਿਤੇ | ਪਾਲ ਕੌਰ ਵੀ ਬਹੁਤ ਹੀ ਖੁਸ਼ ਸੀ | ਉਸ ਨੂੰ ਵੀ ਇੰਜ ਲਗਦਾ ਸੀ ਕਿ ਉਸ ਦੇ ਦੋਵੇਂ ਪੁੱਤ ਵੀ ਕੁਝ ਨਾ ਕੁਝ ਜਰੂਰ ਬਣ ਜਾਣਗੇ | ਕਰਮਾ ਤੇ ਧਰਮਾ ਰੋਜ਼ਾਨਾ ਸਕੂਲ ਜਾਂਦੇ ਸਨ | ਕਰਮੇ ਦਾ ਧਿਆਨ ਪੜ੍ਹਾਈ ਵਿਚ ਸੀ ਜਦੋਂ ਕਿ ਧਰਮੇ ਦਾ ਧਿਆਨ ਸ਼ਰਾਰਤਾਂ ਵਿਚ ਰਹਿੰਦਾ ਸੀ ਉਹ ਆਪਣੇ ਜਮਾਤੀਆਂ ਨਾਲ ਲੜਦਾ ਰਹਿੰਦਾ ਸੀ | ਰੋਜ਼ਾਨਾ ਹੀ ਕਿਸੇ ਨਾ ਕਿਸੇ ਦੀ ਕੁੱਟ ਮਾਰ ਕਰ ਦਿਆ ਕਰਦਾ ਸੀ | ਅਧਿਆਪਕ ਉਸ ਨੂੰ ਸਮਝਾਉਂਦੇ ਸਨ ਕੇ ਕਰਮਾ ਪੜ੍ਹਾਈ ਵਿਚ ਕਿਤਨਾ ਹੁਸ਼ਿਆਰ ਹੈ ਤੂੰ ਉਸ ਤੋਂ ਮਦਦ ਲੈ ਕੇ ਆਪਣਾ ਧਿਆਨ ਪੜ੍ਹਾਈ ਵਲ ਲਾਇਆ ਕਰ | ਪ੍ਰੰਤੂ ਉਸ ਦੇ ਕੰਨ ਤੇ ਤਾਂ ਜੂੰ ਨਹੀਂ ਸਰਕਦੀ ਸੀ | ਪ੍ਰੰਤੂ ਜਦੋਂ ਵੀ ਉਸ ਤੋਂ ਸਕੂਲ ਦਾ ਕੰਮ ਨਾ ਹੁੰਦਾ ਉਹ ਕਰਮੇ ਨੂੰ ਡਰਾ ਕੇ ਉਸ ਤੋਂ ਹੀ ਸਕੂਲ ਦਾ ਕੰਮ ਕਰਵਾ ਲੈਂਦਾ ਸੀ | ਇਸ ਤਰਾਂ ਕਰਦਾ ਹੋਇਆ ਧਰਮਾ ਵਿਗੜਦਾ ਜਾ ਰਿਹਾ ਸੀ | ਧਰਮ ਨੇ ਆਪਣੇ ਕੁਝ ਦੋਸਤਾਂ ਨਾਲ ਰਲ ਕੇ ਨਸ਼ੇ ਕਰਨੇ ਸ਼ੁਰੂ ਕਰ ਦਿਤੇ | ਨਸ਼ੇ ਖਰੀਦਣ ਲਈ ਧਰਮੇ ਨੇ ਆਪਣੀ ਜੇਬ ਖਰਚੀ ਲਈ ਮਿਲੇ ਪੈਸੇ ਵਰਤਣੇ ਸਜੂਰੁ ਕਰ ਲਏ | ਜਦੋਂ ਪੈਸੇ ਥੁੜ ਜਾਂਦੇ ਕਰਮੇ ਦੀ ਜੇਬ ਖਰਚੀ ਵਿਚੋਂ ਉਧਾਰੇ ਲੈਣੇ ਸ਼ੁਰੂ ਕਰ ਦਿਤੇ |
ਜੇ ਉਹ ਨਾ ਦਿੰਦਾ ਤਾਂ ਉਸ ਤੋਂ ਖੋਹ ਲੈਂਦਾ ਸੀ | ਉਸ ਨੂੰ ਇਤਨਾ ਡਰਾ ਦਿੰਦਾ ਕਿ ਨਾ ਉਹ ਘਰੇ ਦੱਸਦਾ ਸੀ ਤੇ ਨਾ ਹੀ ਅਧਿਆਪਕਾਂ ਨੂੰ ਦਸਦਾ ਸੀ | ਇਸ ਤਰਾਂ ਕਰਦਾ ਹੋਇਆ ਧਰਮਾ ਵਧੇਰੇ ਨਸ਼ੇ ਕਰਨ ਲੱਗਾ | ਪੈਸੇ ਥੁੜਨ ਲੱਗੇ ਤਾਂ ਉਹ ਘਰੋਂ ਚੋਰੀ ਕਰਨ ਲੱਗ ਪਿਆ | ਕਦੇ ਕਦੇ ਝੂਠ ਦਾ ਸਹਾਰਾ ਲੈ ਕੇ ਆੜ੍ਹਤੀਏ ਤੋਂ ਲੈ ਆਇਆ ਕਰਦਾ ਸੀ | ਜਦੋਂ ਕਾਫੀ ਰਕਮ ਹੋ ਗਈ ਤਾਂ ਆੜ੍ਹਤੀਏ ਨੇ ਸ਼ੇਰ ਸਿੰਘ ਨੂੰ ਦੱਸਿਆ ਤਾਂ ਸ਼ੇਰ ਸਿੰਘ ਨੇ ਆੜ੍ਹਤੀਏ ਨੂੰ ਮਨਾ ਕਰ ਦਿਤਾ ਕਿ ਧਰਮ ਨੂੰ ਕੋਈ ਰਕਮ ਨਾ ਦਿਤੀ ਜਾਣ ਲਈ ਆਖ ਦਿਤਾ | ਜਦੋਂ ਧਰਮ ਨੂੰ ਪੈਸੇ ਦੀ ਲੋੜ ਪਈ ਤਾਂ ਉਸ ਨੇ ਆੜ੍ਹਤੀਏ ਕੋਲ ਜਾ ਰਕਮ ਮੰਗੀ | ਆੜ੍ਹਤੀਏ ਨੇ ਰਕਮ ਦੇਣ ਤੋਂ ਕੋਰਾ ਜਵਾਬ ਦੇ ਦਿਤਾ | ਧਰਮ ਆੜ੍ਹਤੀਏ ਨਾਲ ਲੜਾਈ ਕਰਨ ਲੱਗਾ | ਆੜ੍ਹਤੀਏ ਦੇ ਮੁੰਡਿਆਂ ਨੇ ਧਰਮੇ ਨੂੰ ਕੁੱਟ ਦਿਤਾ | ਧਰਮਾ ਜ਼ਖਮੀ ਹੋ ਗਿਆ ਜਦੋਂ ਕਰਮੇ ਨੂੰ ਪਤਾ ਲੱਗਾ ਤਾਂ ਉਹ ਆਪਣੇ ਭਰਾ ਨੂੰ ਹਸਪਤਾਲ ਲੈ ਗਿਆ ਅਤੇ ਘਰੇ ਖਬਰ ਕਰ ਦਿਤੀ | ਸ਼ੇਰ ਸਿੰਘ ਦਾ ਪਰਿਵਾਰ ਹਸਪਤਾਲ ਪੁੱਜ ਗਿਆ | ਇਲਾਜ ਕਰਵਾਇਆ ਗਿਆ | ਜਦੋਂ ਧਰਮਾ ਠੀਕ ਹੋ ਗਿਆ ਉਸ ਨੂੰ ਘਰੇ ਲਿਜਾਇਆ ਗਿਆ | ਸ਼ੇਰ ਸਿੰਘ ਨੇ ਉਸ ਨੂੰ ਸਮਝਾਇਆ ਕਿ ਨਸ਼ੇ ਛੱਡ ਦਿਤੇ ਜਾਣ | ਉਸ ਸਮੇਂ ਤਾਂ ਧਰਮਾ ਮੰਨ ਗਿਆ | ਪ੍ਰੰਤੂ ਬਾਹਰਲੀ ਜੁੰਡਲੀ ਨਾਲ ਮਿਲ ਕੇ ਫੇਰ ਨਸ਼ੇ ਸ਼ੁਰੂ ਕਰ ਦਿਤੇ | ਹੁਣ ਉਸ ਨੇ ਆਪਣੇ ਸਾਥੀਆਂ ਤੋਂ ਪੈਸੇ ਮੰਗਵਾਣੇ ਸ਼ੁਰੂ ਕਰ ਦਿਤੇ | ਕੁਝ ਦੇਰ ਇਸ ਤਰਾਂ ਚਲਦਾ ਰਿਹਾ |
ਉਧਰ ਮਦਨ ਸਿੰਘ ਸਰਕਾਰੀ ਅਫਸਰ ਲੱਗ ਗਿਆ | ਉਹ ਆਪਣੇ ਪਰਿਵਾਰ ਨੂੰ ਆਪਣੇ ਕੰਮ ਵਾਲੀ ਥਾਂ ਉਪਰ ਲੈ ਗਿਆ |ਉਸ ਦੀ ਸ਼ੋਭਾ ਇਕ ਇਮਾਨਦਾਰ ਅਫਸਰ ਦੇ ਤੌਰ ਤੇ ਹੋਣ ਲੱਗ ਪਈ ਸੀ | ਉਸ ਲਈ ਰਿਸ਼ਤੇ ਆਉਣੇ ਸ਼ੁਰੂ ਹੋ ਚੁਕੇ ਸਨ | ਇਕ ਡਾਕਟਰ ਲੜਕੀ ਦਾ ਰਿਸ਼ਤਾ ਆਇਆ ਸੀ | ਮਦਨ ਸਿੰਘ ਨੇ ਆਪਣੇ ਮਾਪਿਆਂ ਨਾਲ ਸਲਾਹ ਕਰ ਕੇ ਉਸ ਲੜਕੀ ਦੇ ਮਾਪਿਆਂ ਨਾਲ ਗੱਲ ਕਰਨ ਤੇ ਉਸ ਨੂੰ ਦੇਖਣ ਦਾ ਪ੍ਰੋਗਰਾਮ ਬਣਾਇਆ | ਦੋਵੇਂ ਪਰਿਵਾਰ ਇਕ ਹੋਟਲ ਵਿਚ ਇਕੱਠੇ ਹੋਏ | ਵਿਚਾਰ ਵਟਾਂਦਰਾ ਹੋਇਆ | ਮਦਨ ਅਤੇ ਪ੍ਰੀਤ ਨੇ ਇੱਕ ਦੂਜੇ ਨਾਲ ਗੱਲਾਂ ਕੀਤੀਆਂ ਦੋਵਾਂ ਨੇ ਆਪਣੇ ਵਿਚਾਰ ਆਪੋ ਆਪਣੇ ਮਾਪਿਆਂ ਨੂੰ ਦੱਸ ਦਿਤੇ | ਦੋਵੇਂ ਪਰਿਵਾਰ ਖੁਸ਼ ਹੋ ਗਏ | ਉਨ੍ਹਾਂ ਨੇ ਵਿਆਹ ਲਈ ਤਰੀਕ ਮਿਥ ਲਈ | ਤਿਆਰੀਆਂ ਸ਼ੁਰੂ ਹੋ ਗਈਆਂ | ਪੂਰਨ ਸਿੰਘ ਨੇ ਸ਼ੇਰ ਸਿੰਘ ਨੂੰ ਮਦਨ ਦੇ ਵਿਆਹ ਦਾ ਸੱਦਾ ਭੇਜਿਆ | ਵਿਆਹ ਬਹੁਤ ਸਾਡੇ ਤਰੀਕੇ ਨਾਲ ਕੀਤਾ ਗਿਆ | ਵਿਆਹ ਵਿਚ ਮਦਨ ਅਤੇ ਪ੍ਰੀਤ ਦਾ ਪਰਿਵਾਰ ਅਤੇ ਸ਼ੇਰ ਸਿੰਘ ਦਾ ਪਰਿਵਾਰ ਸ਼ਾਮਿਲ ਹੋਏ | ਧਰਮੇ ਨੂੰ ਵਿਆਹ ਵਿਚ ਸ਼ਾਮਿਲ ਨਾ ਕੀਤਾ ਗਿਆ ਕਿਓਂ ਜੋ ਉਹ ਹਰ ਵੇਲੇ ਨਸ਼ੇ ਵਿਚ ਹੀ ਰਹਿੰਦਾ ਸੀ | ਸ਼ੇਰ ਸਿੰਘ ਨਹੀਂ ਚਾਹੁੰਦਾ ਸੀ ਕਿ ਉਸ ਦੀ ਅਸਲੀਅਤ ਮਦਨ ਸਿੰਘ ਜਾਂ ਉਸ ਦੇ ਪਰਿਵਾਰ ਨੂੰ ਪਤਾ ਲੱਗੇ | ਬਚਿੰਤ ਕੌਰ ਅਤੇ ਪਾਲ ਕੌਰ ਬਹੁਤ ਸਮੇਂ ਬਾਅਦ ਮਿਲੀਆਂ ਸਨ | ਜਦੋਂ ਬਚਿੰਤ ਨੇ ਧਰਮੇ ਬਾਰੇ ਪੁੱਛਿਆ ਤਾਂ ਪਾਲ ਕੌਰ ਦੀਆਂ ਅੱਖਾਂ ਗੰਗਾ-ਜਮਨੀ ਹੋ ਗਈਆਂ | ਵਿਆਹ ਵਿਚ ਪਾਲ ਕੌਰ ਅਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੁੰਦੀ ਸੀ | ਪ੍ਰੰਤੂ ਉਹ ਮਜਬੂਰ ਸੀ | ਉਸ ਨੇ ਸੰਖੇਪ ਵਿਚ ਬਚਿੰਤ ਨੂੰ ਸਾਰੀ ਕਹਾਣੀ ਦੱਸ ਦਿਤੀ ਤੇ ਨਾਲ ਹੀ ਕਹਿ ਦਿਤਾ ਕਿ ਤੂੰ ਇਹ ਕਿਸੇ ਹੋਰ ਨੂੰ ਨਾ ਦੱਸੇ |
ਅਨੰਦ ਕਾਰਜ ਤੋਂ ਬਾਅਦ ਸਾਰੀਆਂ ਨੇ ਰਲ ਕੇ ਲੰਗਰ ਛਕਿਆ | ਸ਼ੇਰ ਸਿੰਘ ਦਾ ਪਰਿਵਾਰ ਰੁਖਸਤ ਲੈ ਕੇ ਚਲਾ ਗਿਆ ਪ੍ਰੀਤ ਦੇ ਪਰਿਵਾਰ ਵਾਲੇ ਆਪਣੇ ਘਰ ਚਲੇ ਗਏ | ਮਦਨ ਅਤੇ ਪ੍ਰੀਤ ਪਰਿਵਾਰ ਸਮੇਤ ਆਪਣੇ ਘਰ ਪੁੱਜ ਗਏ | ਅਗਲੇ ਐਤਵਾਰ ਮਦਨ ਨੇ ਆਪਣੇ ਸਾਰੇ ਸਟਾਫ ਨੂੰ ਚਾਹ ਪਾਰਟੀ ਦਿਤੀ ਉਸ ਪਾਰਟੀ ਵਿਚ ਪ੍ਰੀਤ ਦਾ ਸਟਾਫ ਵੀ ਸ਼ਾਮਿਲ ਹੋਇਆ | ਸਾਰੇ ਹਾਜ਼ਰੀਨ ਜੋੜੀ ਦੀ ਖੂਬ ਸਲਾਹੁਤਾ ਕਰ ਰਹੇ ਸਨ | ਸੁੰਦਰ ਸੁਨੱਖੀ ਜੋੜੀ ਪਾਰਟੀ ਵਿਚ ਖਿੱਚ ਦਾ ਕੇਂਦਰ ਬਣੀ ਹੋਈ ਸੀ |
ਦੋਸਤ ਮਿੱਤਰ ਜੋਡ਼ੀ ਨਾਲ ਫੋਟੋਆਂ ਖਿਚਵਾ ਰਹੇ ਸਨ ਅਤੇ ਪਾਰਟੀ ਦਾ ਆਨੰਦ ਲੈ ਰਹੇ ਸਨ | ਜਦੋਂ ਸਾਰਾ ਕੁਝ ਆਮ ਵਾਂਗ ਚਲਣ ਲੱਗ ਪਿਆ ਭਾਵ ਮਦਨ ਅਤੇ ਪ੍ਰੀਤ ਆਪਣੇ ਆਪਣੇ ਕੰਮ ਤੇ ਜਾਣ ਲੱਗ ਪਏ ਤਾਂ ਬਚਿੰਤ ਕੌਰ ਨੇ ਪੂਰਨ ਸਿੰਘ ਨਾਲ ਪਾਲ ਕੌਰ ਵਲੋਂ ਧਰਮੇ ਦੀ ਦੱਸੀ ਹਾਲਤ ਬਾਰੇ ਪੂਰਨ ਸਿੰਘ ਨਾਲ ਗੱਲ ਕੀਤੀ | ਪੂਰਨ ਸਿੰਘ ਨੂੰ ਹੈਰਾਨਗੀ ਲੱਗੀ ਤੇ ਉਸ ਨੇ ਉਸ ਦੇ ਸੁਧਾਰ ਲਈ ਮਦਨ ਸਿੰਘ ਨਾਲ ਗੱਲ ਕਰਨ ਦੀ ਸਲਾਹ ਬਚਿੰਤ ਕੌਰ ਨਾਲ ਕੀਤੀ | ਕੁਦਰਤੀ ਅਗਲੇ ਦਿਨ ਛੁਟੀ ਸੀ | ਮਦਨ ਸਿੰਘ ਅਤੇ ਪ੍ਰੀਤ ਘਰ ਹੀ ਸਨ | ਸਾਰਾ ਪਰਿਵਾਰ ਨਾਸ਼ਤਾ ਕਰ ਬੈਠਾ ਸੀ ਤਾਂ ਪੂਰਨ ਸਿੰਘ ਨੇ ਧਰਮੇ ਬਾਰੇ ਗੱਲ ਛੇੜ ਲਈ | ਮਦਨ ਸਿੰਘ ਨੂੰ ਚਿੰਤਾ ਹੋ ਗਈ ਅਤੇ ਪ੍ਰੀਤ ਨੇ ਵੀ ਆਪਣੀ ਰਾਏ ਦਿਤੀ ਕਿ ਉਸ ਦਾ ਇਲਾਜ ਹੋ ਸਕਦਾ ਹੈ | ਸਾਰੀਆਂ ਨੇ ਵਿੱਚਾਰ ਕਰ ਧਰਮ ਸਮੇਤ ਪਰਿਵਾਰ ਨੂੰ ਉਨ੍ਹਾਂ ਕੋਲ ਆਉਣ ਲਈ ਸਨੇਹਾ ਭੇਜ ਦਿਤਾ | ਅਗਲੇ ਦਿਨ ਹੀ ਸਾਰਾ ਪਰਿਵਾਰ ਪੁੱਜ ਗਿਆ | ਪ੍ਰੀਤ ਨੇ ਧਰਮ ਦੀ ਹਾਲਤ ਦੇਖੀ ਤੇ ਉਸ ਨੂੰ ਹਸਪਤਾਲ ਦਾਖਿਲ ਕਰਵਾ ਦਿਤਾ | ਅਤੇ ਇਲਾਜ ਸ਼ੁਰੂ ਕਰ ਦਿਤਾ ਗਿਆ | ਪਾਲ ਕੌਰ ਨੂੰ ਉਥੇ ਛੱਡ ਬਾਕੀ ਪਰਿਵਾਰ ਵਾਪਸ ਚਲਾ ਗਿਆ ਕਿਓਂ ਜੋ ਕਰਮੇ ਦਾ ਡਾਕਟਰੀ ਵਿਚ ਦਾਖਲੇ ਸਬੰਧੀ ਇਮਿਤਿਹਾਨ ਅਗਲੇ ਦਿਨ ਸੀ | ਮਦਨ ਨੇ ਵੀ ਕੋਈ ਰੁਕਾਵਟ ਨਾ ਪਾਈ | ਉਸ ਨੇ ਸ਼ੇਰ ਸਿੰਘ ਨੂੰ ਹੌਸਲਾ ਰੱਖਣ ਲਈ ਆਖਿਆ ਅਤੇ ਦੱਸਿਆ ਕਿ ਸਮੇਂ ਨਾਲ ਸਭ ਠੀਕ ਹੋ ਜਾਵੇਗਾ |
ਇਲਾਜ ਠੀਕ ਚਲ ਰਿਹਾ ਸੀ ਪ੍ਰੀਤ ਧਰਮ ਦੇ ਇਲਾਜ ਵਿਚ ਵਿਸ਼ੇਸ਼ ਦਿਲਚਸਪੀ ਲੈ ਰਹੀ ਸੀ | ਹਰ ਰੋਜ਼ ਹਾਲਤ ਸੁਧਰ ਰਹੀ ਸੀ | ਦਵਾਈਆਂ ਦਾ ਅਸਰ ਹੋ ਰਿਹਾ ਸੀ | ਲਗਭਗ ਇਕ ਹਫਤੇ ਪਿੱਛੋਂ ਉਸ ਨੂੰ ਨਸ਼ੇ ਦੀ ਤਲਬ ਘਟ ਗਈ | ਉਹ ਆਮ ਸਧਾਰਨ ਗੱਲਾਂ ਕਰਨ ਲੱਗ ਪਿਆ | ਜਦੋਂ ਹਾਲਤ ਵਿਚ ਸੁਧਾਰ ਹੋਇਆ ਤਾਂ ਹਸਪਤਾਲ ਵਿਚੋਂ ਛੁਟੀ ਦੇ ਦਿਤੀ ਗਈ | ਪੂਰਨ ਸਿੰਘ ਨੇ ਸ਼ੇਰ ਸਿੰਘ ਨੂੰ ਸਾਰੀ ਹਾਲਤ ਦੱਸ ਦਿਤੀ ਅਤੇ ਕਿਹਾ ਕਿ ਹੁਣ ਧਰਮ ਸਾਡੇ ਘਰ ਕੁਝ ਚਿਰ ਲਈ ਰਹੇਗਾ | ਉਧਰ ਕਰਮ ਆਪਣੇ ਨਤੀਜੇ ਨੂੰ ਉਡੀਕ ਰਿਹਾ ਸੀ | ਉਹ ਘਰ ਵੇਹਲਾ ਹੀ ਸੀ | ਖੇਤੀ ਦੇ ਕੰਮ ਦੀ ਦੇਖ ਰੇਖ ਸ਼ੇਰ ਸਿੰਘ ਕਰਵਾ ਰਿਹਾ ਸੀ | ਕਰਮ ਕੁਝ ਦੇਰ ਲਈ ਧਰਮ ਕੋਲ ਆ ਗਿਆ | ਦੋਵੇਂ ਇਕੱਠੇ ਸੈਰ ਕਰਨ ਜਾਂਦੇ | ਕਰਮ ਨੇ ਧਰਮ ਨੂੰ ਸਮੇਂ ਸਿਰ ਦਵਾਈ ਦੇਣੀ ਸ਼ੁਰੂ ਕਰ ਦਿਤੀ | ਪ੍ਰੀਤ ਪੂਰੀ ਨਿਗਰਾਨੀ ਰੱਖ ਰਹੀ ਸੀ | ਉਸ ਦੇ ਖਾਣ ਪੀਣ ਤੇ ਵਿਸ਼ੇਸ਼ ਖਿਆਲ ਰਖਿਆ ਜਾ ਰਿਹਾ ਸੀ | ਧਰਮ ਦੀ ਹਾਲਤ ਦਿਨੋਂ ਦਿਨ ਬੇਹਤਰ ਹੋ ਰਹੀ ਸੀ | ਪਾਲ ਕੌਰ ਪ੍ਰੀਤ ਤੇ ਮਦਨ ਦਾ ਧੰਨਵਾਦ ਕਰਦੀ ਨਹੀਂ ਥੱਕਦੀ ਸੀ | ਮਦਨ ਕਹਿ ਰਿਹਾ ਸੀ ਕਿ ਇਹ ਤਾਂ ਸਾਡਾ ਫਰਜ਼ ਸੀ |
ਮੈਂ ਆਪਣੇ ਛੋਟੇ ਵੀਰ ਦਾ ਧਿਆਨ ਤਾਂ ਰੱਖਣਾ ਹੀ ਸੀ | ਤੁਸੀਂ ਮੈਨੂੰ ਪਹਿਲਾਂ ਖਬਰ ਕਰ ਦਿੰਦੇ ਤਾਂ ਤੁਸੀਂ ਇਤਨੇ ਔਖੇ ਨਹੀਂ ਹੋਣਾ ਸੀ | ਚਲੋ ਹੁਣ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਹੈ | ਆਪਾਂ ਰਲ ਕੇ ਧਰਮ ਨੂੰ ਸਿਧੇ ਰਸਤੇ ਪਾ ਲਿਆ ਹੈ | ਉਮੀਦ ਹੈ ਹੁਣ ਧਰਮ ਨਸ਼ੇ ਵਲ ਮੂੰਹ ਨਹੀਂ ਕਰੇਗਾ | ਤੁਸੀਂ ਸਾਨੂੰ ਇਸ ਦੀ ਖਬਰ ਦਿੰਦੇ ਰਹਿਣਾ | ਸਮੇਂ ਸਮੇਂ ਤੇ ਤੁਸੀਂ ਸਾਡੇ ਵੀ ਗੇੜਾ ਮਾਰਦੇ ਰਹਿਣਾ ਅਤੇ ਅਸੀਂ ਵੀ ਛੁਟੀਆਂ ਆਦਿ ਦਾ ਧਿਆਨ ਰੱਖ ਤੁਹਾਡੇ ਕੋਲ ਆਓਂਦੇ ਰਹਾਂਗੇ | ਹੁਣ ਫਸਲ ਦਾ ਸਮਾਂ ਹੈ ਅਤੇ ਫਸਲ ਸਮੇਂ ਕਿਸਾਨੀ ਵਾਲੇ ਘਰਾਂ ਵਿਚ ਬਹੁਤ ਕੰਮ ਹੋ ਜਾਂਦਾ ਹੈ | ਤੁਸੀਂ ਹੁਣ ਉਨ੍ਹਾਂ ਦੀ ਮਦਦ ਕਰੋ | ਕੁਝ ਦਿਨਾਂ ਪਿੱਛੋਂ ਕਰਮ ਦੇ ਇਮਿਤਿਹਾਨ ਦਾ ਨਤੀਜਾ ਆ ਗਿਆ | ਕਰਮ ਦਾ ਮੈਰਿਟ ਵਿਚ 90ਵਾਂ ਨੰਬਰ ਸੀ | ਉਸੇ ਦਿਨ ਕਰਮ ਸਾਰੇ ਪਰਿਵਾਰ ਨੂੰ ਲੈ ਕੇ ਮਦਨ ਵੀਰੇ ਦੇ ਘਰ ਆ ਗਿਆ | ਮੂੰਹ ਮਿੱਠਾ ਕਰਵਾਇਆ ਗਿਆ ਅਤੇ ਖੁਸ਼ੀ ਮਨਾਈ ਗਈ |
ਡਾਕਟਰ ਅਜੀਤ ਸਿੰਘ ਕੋਟਕਪੂਰਾ